ਅਫ਼ਗ਼ਾਨ ਵਿਦਿਆਰਥਣ ਦਾ ਡਰ, ‘ਸ਼ਾਇਦ ਉਹ ਸਾਡੇ ਨਾਲ ਬਲਾਤਕਾਰ ਕਰਨਗੇ ਤੇ ਸਾਨੂੰ ਮਾਰ ਦੇਣਗੇ’

ਤਸਵੀਰ ਸਰੋਤ, AFP
ਕਾਬੁਲ ਵਿੱਚ ਇਸ ਸਮੇਂ, ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਪਣੇ ਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਤਿਆਰੀ ਕਰਨੀ ਚਾਹੀਦੀ ਹੈ। ਇਸਦੇ ਉਲਟ, ਬਹੁਤ ਸਾਰੇ ਲੋਕ ਆਪਣੀ ਪਿਛਲੀ ਜ਼ਿੰਦਗੀ ਨਾਲ ਜੁੜੇ ਸਬੂਤ ਮਿਟਾਉਣ ਵਿੱਚ ਲੱਗੇ ਹਨ।
ਵਜ੍ਹਾ ਹੈ ਉਨ੍ਹਾਂ ਦੇ ਘਰਾਂ ਬਾਹਰ ਗਲੀਆਂ ਅਤੇ ਸੜਕਾਂ 'ਤੇ ਗਸ਼ਤ ਕਰਦੇ ਤਾਲਿਬਾਨ।
ਹਾਲ ਦੇ ਕੁਝ ਸਾਲਾਂ ਵਿੱਚ, ਘੱਟ ਗਿਣਤੀ ਸਮਾਜ ਹਜ਼ਾਰਾ ਨੂੰ ਬਹੁਤ ਸਤਾਇਆ ਗਿਆ ਹੈ। ਤਾਲਿਬਾਨ ਵੱਲੋਂ ਉਨ੍ਹਾਂ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।
ਇੱਕ ਵਿਦਿਆਰਥਣ ਜੋ ਕਿ ਇਸ ਘੱਟ ਗਿਣਤੀ ਸਮਾਜ ਦੀ ਮੈਂਬਰ ਹੋਵੇ ਅਤੇ ਮਹਿਲਾ ਵੀ ਹੋਵੇ, ਉਸਦੇ ਲਈ ਬਾਹਰ ਘੁੰਮਦੇ ਇਹ ਮਰਦ ਹੋਰ ਵੀ ਜ਼ਿਆਦਾ ਖ਼ਤਰਨਾਕ ਹਨ।
ਇੱਥੇ ਉਹ ਵਿਦਿਆਰਥਣਾਂ, ਬੀਬੀਸੀ ਨੂੰ ਦੱਸਦੀਆਂ ਹਨ ਕਿ ਕਿਵੇਂ ਕੁਝ ਹੀ ਦਿਨਾਂ ਵਿੱਚ ਭਵਿੱਖ ਲਈ ਦੇਖੇ ਗਏ ਉਨ੍ਹਾਂ ਦੇ ਸੁਪਨਿਆਂ ਦੀ ਥਾਂ ਹੁਣ ਡਰ ਨੇ ਲੈ ਲਈ ਹੈ।
ਇਹ ਵੀ ਪੜ੍ਹੋ:
ਇਮਾਨਦਾਰੀ ਨਾਲ ਕਹਾਂ ਤਾਂ ਇਹ ਕੁਝ ਅਜਿਹਾ ਹੈ ਜਿਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਉਹ ਸਭ ਕੁਝ ਜਿਸਦਾ ਮੈਂ ਸੁਫ਼ਨਾ ਵੇਖਿਆ, ਉਹ ਸਭ ਕੁਝ ਜਿਸ ਲਈ ਕਦੇ ਮੈਂ ਕੰਮ ਕੀਤਾ।
ਮੇਰੀ ਇੱਜ਼ਤ, ਮੇਰਾ ਮਾਣ, ਇੱਥੋਂ ਤੱਕ ਕਿ ਇੱਕ ਕੁੜੀ ਦੇ ਰੂਪ ਵਿੱਚ ਮੇਰੀ ਹੋਂਦ, ਮੇਰੀ ਜ਼ਿੰਦਗੀ - ਇਹ ਸਭ ਖਤਰੇ ਵਿੱਚ ਹਨ।
ਕੌਣ ਜਾਣਦਾ ਹੈ ਕਿ ਉਨ੍ਹਾਂ ਨੂੰ ਘਰ-ਘਰ ਜਾ ਕੇ ਕੁੜੀਆਂ ਨੂੰ ਚੁੱਕ ਕੇ ਆਉਣ ਵਿੱਚ ਕਿੰਨਾ ਸਮਾਂ ਲੱਗੇਗਾ - ਸ਼ਾਇਦ ਉਨ੍ਹਾਂ ਨਾਲ ਬਲਾਤਕਾਰ ਵੀ ਕੀਤਾ ਜਾਵੇ। ਸ਼ਾਇਦ ਜਦੋਂ ਉਹ ਮੇਰੇ ਘਰ ਆਉਣ ਤਾਂ ਮੈਨੂੰ ਆਪਣੇ ਆਪ ਨੂੰ ਮਾਰਨਾ ਪਵੇ।
ਮੈਂ ਆਪਣੇ ਦੋਸਤਾਂ ਨਾਲ ਗੱਲ ਕਰਦੀ ਰਹਿੰਦੀ ਹਾਂ, ਤੇ ਅਸੀਂ ਸਾਰੇ ਦੇ ਸਾਰੇ ਅਜਿਹਾ ਕਰਨ ਦੀ ਹੀ ਸੋਚ ਰਹੇ ਹਾਂ। ਉਨ੍ਹਾਂ ਵੱਲੋਂ ਚੁੱਕ ਲਏ ਜਾਣ ਨਾਲੋਂ ਮੌਤ ਕਿਤੇ ਜ਼ਿਆਦਾ ਬਿਹਤਰ ਹੈ।
‘ਡਰ ਸਾਡੇ ਅੰਦਰ ਘਰ ਕਰ ਰਿਹਾ ਹੈ’
ਅਸੀਂ ਸਾਰੇ ਡਰੇ ਹੋਏ ਹਾਂ ਅਤੇ ਇਹ ਡਰ ਸਾਡੇ ਅੰਦਰ ਘਰ ਕਰ ਰਿਹਾ ਹੈ।
ਦੋ ਮਹੀਨੇ ਪਹਿਲਾਂ ਮੇਰਾ ਸਾਰਾ ਧਿਆਨ ਸਿਰਫ ਮੇਰੀ ਡਿਗਰੀ ਵੱਲ ਸੀ। ਮੈਂ ਸੋਚ ਰਹੀ ਸੀ ਕਿ ਆਉਣ ਵਾਲੇ ਸਮੈਸਟਰ ਲਈ ਕਿਵੇਂ ਪੜ੍ਹਨਾ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ, ਸਮਾਂ-ਸਾਰਣੀ ਬਣਾਉਣੀ, ਸਭ ਕੁਝ ਸਹੀ-ਸਹੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਜਿਵੇਂ-ਜਿਵੇ ਤਾਲਿਬਾਨ ਸੂਬਿਆਂ 'ਤੇ ਕਬਜ਼ਾ ਕਰ ਰਹੇ ਸਨ, ਲੋਕਾਂ ਵਿੱਚ ਖੌਫ਼ ਪੈਦਾ ਹੋ ਰਿਹਾ ਸੀ ਪਰ ਮੈਂ ਅਤੇ ਹੋਰਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਕਾਬੁਲ ਉੱਤੇ ਵੀ ਕਬਜ਼ਾ ਕਰ ਲੈਣਗੇ।
ਮੇਰੀ ਜ਼ਿੰਦਗੀ ਉਦੋਂ ਤੱਕ ਬਿਲਕੁਲ ਸਹੀ ਚੱਲ ਰਹੀ ਸੀ ਜਦੋਂ ਤੱਕ ਉਨ੍ਹਾਂ ਨੇ ਮਜ਼ਾਰ-ਏ-ਸ਼ਰੀਫ (ਕਾਬੁਲ ਦੇ ਉੱਤਰ-ਪੱਛਮ ਵਿੱਚ ਇੱਕ ਵੱਡਾ ਸ਼ਹਿਰ, ਜੋ ਕਿ ਤਾਲਿਬਾਨ ਵਿਰੋਧੀ ਗੜ੍ਹ ਸੀ) 'ਤੇ ਕਬਜ਼ਾ ਨਹੀਂ ਕੀਤਾ ਸੀ।
ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਅਸੀਂ ਖਤਮ ਹੋ ਗਏ ਹਾਂ। ਫਿਰ ਉਹ ਕਾਬੁਲ ਆ ਵੜੇ। ਸ਼ਹਿਰ ਵਿੱਚ ਕੁਝ ਗੋਲੀਆਂ ਚੱਲੀਆਂ ਅਤੇ ਅਸੀਂ ਸੁਣਿਆ ਕਿ ਤਾਲਿਬਾਨ ਹੁਣ ਹਰ ਇਲਾਕੇ ਵਿੱਚ ਸਨ।
ਇਸ ਤੋਂ ਬਾਅਦ ਕੁਝ ਵੀ ਠੀਕ ਨਹੀਂ ਰਿਹਾ।

ਤਸਵੀਰ ਸਰੋਤ, EPA
ਮੇਰਾ ਸਾਰਾ ਪਰਿਵਾਰ ਘਰ ਦੇ ਅੰਦਰ ਹੀ ਰਿਹਾ। ਦੁਕਾਨਾਂ ਬੰਦ ਹੋ ਗਈਆਂ ਸਨ, ਕੀਮਤਾਂ ਹਰ ਘੰਟੇ ਵੱਧ ਰਹੀਆਂ ਸਨ ਅਤੇ ਐਕਸਚੇਂਜ ਰੇਟ ਤੇਜ਼ੀ ਨਾਲ ਬਦਲ ਰਿਹਾ ਸੀ।
ਮੈਂ, ਆਪਣੇ ਯੂਨੀਵਰਸਿਟੀ ਦੇ ਸਾਰੇ ਕਾਗਜ਼ ਅਤੇ ਦਸਤਾਵੇਜ਼ ਸਾੜ ਦਿੱਤੇ। ਮੈਂ ਆਪਣੀਆਂ ਪ੍ਰਾਪਤੀਆਂ ਦੇ ਸਾਰੇ ਕਾਗਜ਼ ਅਤੇ ਸਰਟੀਫਿਕੇਟ ਅੱਗ ਦੇ ਹਵਾਲੇ ਕਰ ਦਿੱਤੇ।
ਮੈਂ ਇਹ ਸਭ ਕੁਝ ਆਪਣੇ ਘਰ ਦੀ ਬਾਲਕਨੀ ਵਿੱਚ ਕੀਤਾ। ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਹਨ, ਬਹੁਤ ਪਿਆਰੀਆਂ ਕਿਤਾਬਾਂ, ਜਿਨ੍ਹਾਂ ਨੂੰ ਮੈਂ ਪੜ੍ਹਿਆ ਕਰਦੀ ਸੀ।
ਮੈਂ ਉਹ ਸਾਰੀਆਂ ਲੁਕਾ ਦਿੱਤੀਆਂ ਹਨ।
ਮੈਂ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਨੂੰ ਬੰਦ ਕਰ ਦਿੱਤਾ ਹੈ। ਮੈਨੂੰ ਦੱਸਿਆ ਗਿਆ ਸੀ ਕਿ ਹੁਣ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣਾ ਜਾਂ ਸੋਸ਼ਲ ਮੀਡੀਆ 'ਤੇ ਹੋਣਾ ਬਹੁਤ ਖਤਰਨਾਕ ਹੈ।
ਇਹ ਵੀ ਪੜ੍ਹੋ:
ਜ਼ਾਹਰ ਤੌਰ 'ਤੇ ਤਾਲਿਬਾਨ ਅਜਿਹੀਆਂ ਪੋਸਟਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਰਾਹੀਂ ਸਾਨੂੰ ਲੱਭਦੇ ਹਨ।
ਫੇਸਬੁੱਕ ਮੁੱਖ ਸਮੱਸਿਆ ਸੀ ਕਿਉਂਕਿ ਮੈਂ ਉੱਥੇ ਸਰਗਰਮ (ਐਕਟਿਵ) ਸੀ।
ਉੱਥੇ ਮੇਰੀਆਂ ਕੁਝ ਪੁਰਾਣੀਆਂ ਪੋਸਟਾਂ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਤਾਲਿਬਾਨ ਕੁਝ ਨਹੀਂ ਕਰ ਸਕਦਾ, ਮੈਂ ਉਨ੍ਹਾਂ ਦੇ ਖਿਲਾਫ ਖੜ੍ਹੀ ਹੋਵਾਂਗੀ, ਕਿ ਉਹ ਮੇਰੇ ਸਿੱਖਿਆ ਦੇ ਅਧਿਕਾਰ 'ਤੇ ਰੋਕ ਨਹੀਂ ਲਗਾ ਸਕਦੇ, ਉਹ ਮੈਨੂੰ ਘਰ ਵਿੱਚ ਬੰਦ ਨਹੀਂ ਕਰ ਸਕਦੇ।
ਮੈਂ ਉਨ੍ਹਾਂ ਨੂੰ ਅੱਤਵਾਦੀ ਕਿਹਾ ਸੀ। ਉਹ ਪੋਸਟਾਂ ਯਕੀਨਨ ਉਨ੍ਹਾਂ ਲਈ ਅਪਮਾਨ ਭਰੀਆਂ ਸਨ।
ਸਪੱਸ਼ਟ ਹੈ ਕਿ ਉਨ੍ਹਾਂ ਨੇ ਕੁਝ ਹੀ ਦਿਨਾਂ ਵਿੱਚ, ਇਹ ਸਭ ਕੀਤਾ ਹੈ। ਇਹ ਮੈਨੂੰ ਤਬਾਹੀ, ਘਬਰਾਹਟ, ਉਦਾਸੀ ਮਹਿਸੂਸ ਕਰਾਉਂਦਾ ਹੈ।
ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਔਰਤਾਂ ਨੂੰ ਰਵਾਇਤੀ ਢੰਗ ਨਾਲ ਪਹਿਰਾਵੇ ਪਾਉਣੇ ਚਾਹੀਦੇ ਹਨ ਅਤੇ ਹਿਜਾਬ ਪਾਉਣਾ ਚਾਹੀਦਾ ਹੈ। ਲੋਕ ਡਰ ਦੇ ਮਾਰੇ ਬੁਰਕਾ ਅਤੇ ਹਿਜਾਬ ਪਾ ਵੀ ਰਹੇ ਹਨ।
ਮੈਂ ਤਾਂ ਇਹ ਵੀ ਸੁਣਿਆ ਹੈ ਕਿ ਕੁਝ ਥਾਵਾਂ 'ਤੇ ਯੂਨੀਵਰਸਿਟੀਆਂ ਵਿੱਚ ਕਲਾਸਾਂ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਵਿਚਕਾਰ ਪਰਦਾ ਲਗਾ ਦਿੱਤਾ ਗਿਆ ਹੈ।
ਕੁਝ ਪਰਿਵਾਰ ਆਪਣੀਆਂ ਧੀਆਂ ਨੂੰ ਕਲਾਸਾਂ ਵਿੱਚ ਨਹੀਂ ਜਾਣ ਦੇ ਰਹੇ। ਕਿਉਂਕਿ ਹਰ ਕੋਈ ਜਾਣਦਾ ਹੈ ਕਿ ਤਾਲਿਬਾਨ ਨੇ ਅਜੇ ਤੱਕ ਆਪਣਾ ਅਸਲੀ ਚਿਹਰਾ ਨਹੀਂ ਦਿਖਾਇਆ ਹੈ ਪਰ ਉਹ ਆਪਣਾ ਇਹ ਚਿਹਰਾ ਦਿਖਾਉਣਗੇ ਜ਼ਰੂਰ।
ਲੋਕ ਨਹੀਂ ਚਾਹੁੰਦੇ ਕਿ ਤਾਲਿਬਾਨ ਦਾ ਆਲਸੀ ਚਿਹਰਾ ਸਾਹਮਣੇ ਆਉਣ 'ਤੇ ਉਨ੍ਹਾਂ ਨੂੰ ਕੋਈ ਸਮੱਸਿਆ ਪੇਸ਼ ਆਵੇ।
ਬੀਬੀਸੀ ਪੰਜਾਬੀ ਨੂੰ ਇੰਝ ਲੈ ਕੇ ਆਓ ਆਪਣੇ ਮੋਬਾਈਲ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੈਂ ਤਾਲਿਬਾਨ ਦੀ ਪ੍ਰੈੱਸ ਕਾਨਫ਼ਰੰਸ ਵੇਖੀ ਹੈ (ਮੰਗਲਵਾਰ ਨੂੰ - ਜਿੱਥੇ ਉਨ੍ਹਾਂ ਨੇ ਔਰਤਾਂ ਦੇ ਹੱਕਾਂ ਦਾ ਵਾਅਦਾ ਕੀਤਾ ਸੀ)। ਉਹ ਝੂਠ ਬੋਲ ਰਹੇ ਹਨ, ਮੈਨੂੰ ਪੂਰਾ ਯਕੀਨ ਹੈ ਕਿ ਉਹ ਝੂਠ ਬੋਲ ਰਹੇ ਹਨ।
ਮੰਗਲਵਾਰ ਨੂੰ ਮੈਂ ਆਪਣੇ ਪਿਤਾ ਨਾਲ ਦਵਾਈ ਲੈਣ ਲਈ ਘਰ ਤੋਂ ਬਾਹਰ ਗਈ ਸੀ। ਸਭ ਕੁਝ ਬੰਦ ਸੀ। ਮੈਨੂੰ ਪੂਰਾ ਹਿਜਾਬ ਪਹਿਨਣਾ ਪਿਆ।
ਲੋਕ ਤਾਂ ਬੁਰਕਾ ਵੀ ਪਾ ਰਹੇ ਹਨ, ਇੱਥੋਂ ਤੱਕ ਕਿ 13 ਅਤੇ 14 ਸਾਲ ਦੀਆਂ ਕੁੜੀਆਂ ਵੀ। ਇੱਥੇ ਪਹਿਲਾਂ ਵਰਗਾ ਕੁਝ ਨਹੀਂ ਹੈ। ਤੁਹਾਨੂੰ ਲਗਦਾ ਹੈ ਜਿਵੇਂ ਸ਼ਹਿਰ ਖਤਮ ਹੋ ਗਿਆ ਹੈ। ਸ਼ਹਿਰ ਮਰ ਗਿਆ ਹੈ।
ਤਾਲਿਬਾਨ ਹਰ ਪਾਸੇ ਘੁੰਮ ਰਹੇ ਸਨ। ਉਹ ਤੁਹਾਡੇ ਵੱਲ ਵੇਖਦੇ ਹਨ - ਭਾਵੇਂ ਤੁਸੀਂ ਪੂਰਾ ਹਿਜਾਬ ਪਾਇਆ ਹੋਵੇ - ਜਿਵੇਂ ਕਿ ਤੁਸੀਂ ਇੱਕ ਸਧਾਰਨ ਇਨਸਾਨ ਨਹੀਂ ਹੋ, ਜਿਵੇਂ ਉਹ ਤੁਹਾਡੀ ਜ਼ਿੰਦਗੀ ਦੇ ਮਾਲਕ ਹਨ, ਜਿਵੇਂ ਤੁਸੀਂ ਕੂੜਾ-ਕਰਕਟ ਹੋ ਜਿਸ ਨੂੰ ਸੁੱਟ ਦੇਣਾ ਚਾਹੀਦਾ ਹੈ। ਉਹ ਇਸੇ ਤਰ੍ਹਾਂ ਨਾਲ ਤੁਹਾਨੂੰ ਗਲੀਆਂ ਵਿੱਚ ਘੂਰਦੇ ਹਨ।
ਜਦੋਂ ਮੈਂ ਪੜ੍ਹ ਰਹੀ ਸੀ ਤਾਂ ਮੈਂ ਬਹੁਤ ਸਾਰੀਆਂ ਚੀਜ਼ਾਂ, ਜੀਵਨ ਦੀਆਂ ਯੋਜਨਾਵਾਂ ਅਤੇ ਆਪਣੇ ਟੀਚਿਆਂ ਬਾਰੇ ਸੁਫ਼ਨੇ ਵੇਖਿਆ ਕਰਦੀ ਸੀ।

ਤਸਵੀਰ ਸਰੋਤ, EPA
ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਦੇਸ਼ ਛੱਡਣਾ ਪਏਗਾ, ਕਿਉਂਕਿ ਮੈਂ ਹਜ਼ਾਰਾ ਹਾਂ। ਉਹ ਪਹਿਲਾਂ ਵੀ ਹਜ਼ਾਰਾ ਕੁੜੀਆਂ ਦੇ ਸਕੂਲਾਂ 'ਤੇ ਹਮਲਾ ਕਰ ਚੁੱਕੇ ਹਨ, ਅਤੇ ਸੈਂਕੜੇ ਕਤਲ ਕਰ ਚੁੱਕੇ ਹਨ।
ਇਸ ਲਈ ਉਹ ਯਕੀਨੀ ਤੌਰ 'ਤੇ ਸਾਨੂੰ ਵੀ ਮਾਰ ਦੇਣਗੇ, ਸ਼ਾਇਦ ਸਾਡੇ ਨਾਲ ਬਲਾਤਕਾਰ ਕਰਨਗੇ, ਸਾਨੂੰ ਮਾਰ ਦੇਣਗੇ। ਇੱਕ ਕੁੜੀ ਹੋਣ ਦੇ ਨਾਤੇ ਅਤੇ ਇੱਕ ਘੱਟ ਗਿਣਤੀ ਸਮਾਜ ਦੀ ਕੁੜੀ ਹੋਣ ਦੇ ਨਾਤੇ, ਮੇਰੇ ਲਈ ਹੁਣ ਮੇਰੇ ਆਪਣੇ ਦੇਸ਼ ਵਿੱਚ ਹੀ ਕੋਈ ਜਗ੍ਹਾ ਨਹੀਂ ਹੈ।
ਮੇਰਾ ਸਾਰਾ ਪਰਿਵਾਰ ਡਰਿਆ ਹੋਇਆ ਹੈ। ਜਦੋਂ ਤੋਂ ਤਾਲਿਬਾਨ ਨੇ ਕਬਜ਼ਾ ਕੀਤਾ ਹੈ ਅਸੀਂ ਉਸੇ ਦਿਨ ਤੋਂ ਕਾਨੂੰਨੀ ਜਾਂ ਗੈਰਕਨੂੰਨੀ ਤਰੀਕੇ ਨਾਲ ਇੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ।
ਹਵਾਈ ਅੱਡਿਆਂ 'ਤੇ ਭਾਰੀ ਭੀੜ ਲੱਗੀ ਹੈ, ਬਾਹਰ ਨਿੱਕਲਣ ਲਈ ਕੋਈ ਥਾਂ ਨਹੀਂ ਹੈ, ਹੋਰ ਦੇਸ਼ ਸਾਨੂੰ ਠੁਕਰਾ ਰਹੇ ਹਨ, ਅਤੇ ਹਰ ਕੋਈ, ਹਰ ਕੋਈ ਬਸ ਇਸ ਤਰ੍ਹਾਂ ਵੇਖ ਰਿਹਾ ਹੈ ਜਿਵੇਂ ਕੁਝ ਹੋ ਹੀ ਨਹੀਂ ਰਿਹਾ।
ਇੱਕ ਚੀਜ ਜੋ ਮੈਂ ਵਿਦੇਸ਼ੀ ਸਰਕਾਰਾਂ ਤੋਂ ਮੰਗਣਾ ਚਾਉਂਦੀ ਹਾਂ ਉਹ ਇਹ ਹੈ ਕਿ ਉਹ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਦੀ ਸਰਕਾਰ ਵਜੋਂ ਮਾਨਤਾ ਨਾ ਦੇਣ। ਕਿਉਂਕਿ ਜੇ ਉਹ ਅਜਿਹਾ ਕਰਦੇ ਹਨ, ਤਾਂ ਸਾਡਾ ਮਰਨਾ ਨਿਸ਼ਚਿਤ ਹੈ, ਸ਼ਾਇਦ ਮਰਨ ਨਾਲੋਂ ਵੀ ਕੁਝ ਬਹੁਤ ਬੁਰਾ, ਕੌਣ ਜਾਣਦਾ ਹੈ।
ਇਸ ਤੋਂ ਜ਼ਿਆਦਾ ਵਿਨਾਸ਼ਕਾਰੀ ਹੋਰ ਕੀ ਹੋਵੇਗਾ ਕਿ ਜਿਸ ਸ਼ਹਿਰ ਨੂੰ ਮੈਂ ਦਿਲੋਂ ਪਿਆਰ ਕਰਦੀ ਹਾਂ ਉਹ ਖਤਮ ਹੋ ਗਿਆ ਹੈ - ਮੈਂ ਇੱਥੇ ਭਾਵੁਕ ਨਹੀਂ ਹੋਣਾ ਚਾਹੁੰਦੀ - ਪਰ ਸਭ ਤੋਂ ਜ਼ਿਆਦਾ ਦੁਖੀ ਕਰਨ ਵਾਲੀ ਗੱਲ ਇਹ ਹੈ ਕਿ ਦੁਨੀਆ ਬਿਲਕੁਲ ਚੁੱਪ ਹੈ। ਹਰ ਕੋਈ ਬਿਲਕੁਲ ਚੁੱਪ ਹੈ।
ਅਤੇ ਉਹ ਲੋਕ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਇੰਝ ਵਿਵਹਾਰ ਕਰ ਰਹੇ ਹਨ ਜਿਵੇ ਕਿ ਅਫ਼ਗ਼ਾਨ ਲੋਕ ਇਨਸਾਨ ਹੀ ਨਹੀਂ ਹਨ। ਅਤੇ ਇਸ ਨਾਲ ਮੇਰਾ ਦਿਲ ਟੁੱਟ ਗਿਆ ਹੈ। ਉਹ ਮੁਹਾਵਰਾ ਹੈ ਨਾ.. "ਸਾਰਿਆਂ ਲਈ ਮਾਨਵਤਾ"।
ਮੇਰਾ ਖਿਆਲ ਹੈ ਕਿ ਇਹ ਸ਼ਾਇਦ ਇਸ ਤਰ੍ਹਾਂ ਹੋਣਾ ਚਾਹੀਦਾ ਹੈ.. "ਅਫ਼ਗ਼ਾਨਾਂ ਨੂੰ ਛੱਡ ਕੇ, ਸਾਰਿਆਂ ਲਈ ਮਾਨਵਤਾ"। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਅਹਿਜੀ ਸਥਿਤੀ ਵਿੱਚ ਖੜ੍ਹੀ ਹੋਵਾਂਗੀ।
ਇਹ ਦਿਲ ਦਹਿਲਾ ਦੇਣ ਵਾਲੀ ਗੱਲ ਹੈ ਕਿ ਕੇਵਲ ਕੁਝ ਹੀ ਦਿਨਾਂ ਵਿੱਚ, ਹਰ ਉਹ ਚੀਜ਼ ਜਿਸਦਾ ਮੈਂ ਕਦੇ ਸੁਪਨਾ ਵੇਖਿਆ ਸੀ, ਉਹ ਸਭ ਕੁਝ ਜੋ ਮੈਂ ਕਦੇ ਸੋਚਿਆ ਸੀ ਕਿ ਮੇਰੇ ਕੋਲ ਹੋਵੇਗਾ, ਸਭ ਕੁਝ ਖਤਮ ਹੋ ਗਿਆ।
ਲੇਖਿਕਾ ਦੀ ਸੁਰੱਖਿਆ ਲਈ ਬੀਬੀਸੀ ਉਨ੍ਹਾਂ ਦਾ ਨਾਮ ਨਾਂ ਨਹੀਂ ਦੱਸ ਰਿਹਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















