ਅਫ਼ਗਾਨਿਸਤਾਨ: ਭਾਰਤ ਵਾਪਸੀ ਦੀ ਉਡੀਕ ਕਰ ਰਹੇ ਸੈਂਕੜੇ ਲੋਕਾਂ ਨੂੰ ਲਿਆਉਣ 'ਚ ਕਿੰਨੀ ਔਖਿਆਈ - ਪ੍ਰੈੱਸ ਰਿਵੀਊ

ਤਸਵੀਰ ਸਰੋਤ, EPA
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਲਗਭਗ 450 ਭਾਰਤੀ ਨਾਗਰਿਕ ਵਤਨ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ।
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੀ ਪੱਤਰਕਾਰ ਸੁਹਾਸਿਨੀ ਹੈਦਰ ਦੀ ਖਬਰ ਅਨੁਸਾਰ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਕਾਬੁਲ ਵਿੱਚ ਭਾਰਤੀ ਦੂਤਾਵਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਰ ਤਾਲਿਬਾਨ ਦੀ ਮੌਜੂਦਗੀ ਕਰਕੇ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ।
ਸੋਮਵਾਰ ਨੂੰ ਭਾਰਤੀ ਦੂਤਾਵਾਸ ਵਿੱਚ ਮੌਜੂਦ ਕਰਮਚਾਰੀਆਂ ਨੂੰ ਵੀ ਹਵਾਈ ਅੱਡੇ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਕਾਬੁਲ ਤੋਂ ਦਿੱਲੀ ਉਡਾਣ ਵਿੱਚ ਕੇਵਲ 40 ਯਾਤਰੀ ਹੀ ਮੌਜੂਦ ਸਨ।
ਖਬਰ ਮੁਤਾਬਕ ਅਮਰੀਕੀ ਅਧਿਕਾਰੀ ਭਾਰਤੀ ਅਧਿਕਾਰੀਆਂ ਦੀ ਮਦਦ ਕਰ ਰਹੇ ਹਨ। ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੰਟਰੋਲ ਵੀ ਅਮਰੀਕੀ ਸੁਰੱਖਿਆ ਬਲਾਂ ਨੇ ਆਪਣੇ ਹੱਥ ਲੈ ਲਿਆ ਸੀ ਜਿਸ ਤੋਂ ਬਾਅਦ ਮੰਗਲਵਾਰ ਨੂੰ 140 ਅਧਿਕਾਰੀ ਅਤੇ ਯਾਤਰੀ ਭਾਰਤ ਪੁੱਜੇ ਸਨ।
ਇਹ ਵੀ ਪੜ੍ਹੋ:-
ਭਾਰਤੀ ਦੂਤਾਵਾਸ ਨੂੰ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ ਕਈ ਅਫ਼ਗਾਨ ਨਾਗਰਿਕਾਂ ਦੇ ਪਾਸਪੋਰਟ ਵੀ ਭਾਰਤੀ ਦੂਤਾਵਾਸ ਵਿੱਚ ਹਨ ਜਿਸ ਕਾਰਨ ਉਹ ਦੇਸ਼ ਨਹੀਂ ਛੱਡ ਸਕਦੇ।
ਵਿਦੇਸ਼ ਮੰਤਰਾਲੇ ਵੱਲੋਂ ਅਫ਼ਗਾਨਿਸਤਾਨ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਸਪੈਸ਼ਲ ਅਫ਼ਗਾਨਿਸਤਾਨ ਸੈੱਲ ਵੀ ਗਠਿਤ ਹੋਇਆ ਹੈ।
ਕਰੀਬ 4 ਕਰੋੜ ਲੋਕਾਂ ਨੇ ਸਮੇਂ ਸਿਰ ਨਹੀਂ ਲਗਵਾਈ ਕੋਵਿਡ ਵੈਕਸੀਨ ਦੀ ਦੂਜੀ ਡੋਜ਼- ਭਾਰਤ ਸਰਕਾਰ
ਭਾਰਤ ਸਰਕਾਰ ਵੱਲੋਂ ਇੱਕ ਆਰਟੀਆਈ ਦੇ ਜਵਾਬ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 3.86 ਕਰੋੜ ਤੋਂ ਵੱਧ ਲੋਕਾਂ ਨੇ ਸਮੇਂ ਸਿਰ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਨਹੀਂ ਲਈ।
ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਆਰਟੀਆਈ ਵਿੱਚ ਪੁੱਛਿਆ ਗਿਆ ਸੀ ਕਿ ਕਿੰਨੇ ਲੋਕਾਂ ਨੇ ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ ਪਰ ਦੂਸਰੀ ਖੁਰਾਕ ਸਮੇਂ ਸਿਰ ਨਹੀਂ ਲਗਵਾਈ।
ਕੇਂਦਰੀ ਸਿਹਤ ਮੰਤਰਾਲੇ ਦੇ ਟੀਕਾਕਰਨ ਨਾਲ ਸਬੰਧਤ ਵਿਭਾਗ ਵੱਲੋਂ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਕੋਵਿਸ਼ੀਲਡ ਦੀ ਦੂਜੀ ਖ਼ੁਰਾਕ ਪਹਿਲੀ ਖ਼ੁਰਾਕ ਤੋਂ 84-112 ਦਿਨ ਦੇ ਵਿੱਚ-ਵਿੱਚ ਲੈਣੀ ਚਾਹੀਦੀ ਹੈ ਜਦਕਿ ਕੋਵੈਕਸੀਨ ਦੀ ਦੂਜੀ ਖ਼ੁਰਾਕ ਪਹਿਲੀ ਖੁਰਾਕ ਤੋਂ 28-42 ਦਿਨ ਦੇ ਵਿੱਚ- ਵਿੱਚ ਲੈਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਜਾਣਕਾਰੀ ਮੁਤਾਬਿਕ ਕੋਵੀਸ਼ੀਲਡ ਦੀ ਦੂਸਰੀ ਖ਼ੁਰਾਕ ਸਮੇਂ ਸਿਰ ਨਾ ਲੈਣ ਵਾਲੇ ਲੋਕ 3.40 ਕਰੋੜ ਤੋਂ ਵੱਧ ਹਨ ਜਦਕਿ ਕੋਵੈਕਸਿਨ ਲਈ ਇਹ ਗਿਣਤੀ 46.78 ਲੱਖ ਹੈ। ਇਹ ਅੰਕੜੇ ਕੋਵਿਨ ਪੋਰਟਲ 'ਤੇ 17 ਅਗਸਤ ਤੱਕ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵੀ ਸਰਕਾਰ ਮੁਤਾਬਕ 25 ਲੱਖ ਤੋਂ ਵੱਧ ਲੋਕਾਂ ਦੀ ਦੂਸਰੀ ਖ਼ੁਰਾਕ ਦਾ ਸਮਾਂ ਹੋ ਗਿਆ ਹੈ ਪਰ ਟੀਕਿਆਂ ਦੀ ਕਮੀ ਕਾਰਨ ਉਨ੍ਹਾਂ ਨੂੰ ਦੂਸਰੀ ਖ਼ੁਰਾਕ ਨਹੀਂ ਮਿਲ ਪਾ ਰਹੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨਾਲ ਇਸ ਬਾਰੇ ਬੈਠਕ ਵੀ ਕੀਤੀ ਸੀ ਅਤੇ ਕੇਂਦਰੀ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਨੂੰ ਛੇਤੀ ਹੀ ਟੀਕੇ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ।
ਮੌਸਮ ਬਦਲਾਅ ਕਾਰਨ ਇੱਕ ਅਰਬ ਤੋਂ ਵੱਧ ਬੱਚੇ ਹੋ ਰਹੇ ਹਨ ਪ੍ਰਭਾਵਿਤ:ਯੂਨੀਸੈੱਫ
ਸੰਯੁਕਤ ਰਾਸ਼ਟਰ ਦੀ ਏਜੰਸੀ ਯੂਨੀਸੈੱਫ਼ ਵੱਲੋਂ ਕਿਹਾ ਗਿਆ ਹੈ ਇਹ ਦੁਨੀਆ ਭਰ ਵਿੱਚ ਪ੍ਰਦੂਸ਼ਣ ਅਤੇ ਮੌਸਮ ਵਿੱਚ ਹੋ ਰਹੇ ਬਦਲਾਅ ਕਾਰਨ ਇੱਕ ਅਰਬ ਤੋਂ ਵੱਧ ਬੱਚੇ ਪ੍ਰਭਾਵਿਤ ਹੋ ਰਹੇ ਹਨ।
ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਖਬਰ ਅਨੁਸਾਰ ਵਧ ਰਹੀ ਗਰਮੀ,ਹੜ੍ਹ, ਤੂਫਾਨ, ਬਿਮਾਰੀਆਂ, ਸੋਕਾ, ਪ੍ਰਦੂਸ਼ਨ ਜਾਂ ਬੱਚਿਆਂ ਉੱਪਰ ਤੇਜ਼ੀ ਨਾਲ ਪ੍ਰਭਾਵ ਪੈ ਰਿਹਾ ਹੈ।
ਪਰ ਦੁਨੀਆਂ ਦੇ 33 ਦੇਸ਼ਾਂ ਵਿੱਚ ਵਸਦੇ ਇੱਕ ਅਰਬ ਤੋਂ ਵੱਧ ਬੱਚੇ ਇਨ੍ਹਾਂ ਵਿਚੋਂ 3-4 ਕਾਰਨਾਂ ਕਰ ਕੇ ਇਕ ਸਮੇਂ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ। ਬਾਕੀ ਦੇਸ਼ਾਂ ਵਿੱਚ ਨਾਇਜੀਰੀਆ, ਫਿਲੀਪੀਨਜ਼ ਅਤੇ ਅਫ਼ਰੀਕਾ ਦੇ ਕੁਝ ਦੇਸ਼ ਸ਼ਾਮਿਲ ਹਨ।

ਤਸਵੀਰ ਸਰੋਤ, Getty Images
ਯੂਨੀਸੈੱਫ ਐਗਜ਼ੈਕਟਿਵ ਡਾਇਰੈਕਟਰ ਹੈਨਰੀਟਾ ਫੌਰ ਅਨੁਸਾਰ ਰਿਪੋਰਟ ਵਿੱਚ ਪਹਿਲੀ ਵਾਰ ਵੇਰਵੇ ਸਮੇਤ ਮੌਸਮ ਦੇ ਬਦਲਾਅ ਦਾ ਬੱਚਿਆਂ ਉੱਪਰ ਪ੍ਰਭਾਵ ਦੱਸਿਆ ਗਿਆ ਹੈ।
ਰਿਪੋਰਟ ਅਨੁਸਾਰ 92 ਕਰੋੜ ਬੱਚੇ ਪਾਣੀ ਦੀ ਕਮੀ ਤੋਂ , 82 ਕਰੋੜ ਵਧ ਰਹੀ ਗਰਮੀ ਅਤੇ 60 ਕਰੋੜ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਦੇ ਖਤਰੇ ਤੋਂ ਪ੍ਰਭਾਵਿਤ ਹਨ। ਮੌਸਮ ਵਿੱਚ ਬਦਲਾਅ ਕਾਰਨ ਇਨ੍ਹਾਂ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।
ਇਹ ਵੀ ਪੜ੍ਹੋ:-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












