ਓਲੰਪਿਕ ਖੇਡਾਂ ਟੋਕੀਓ 2020: ਹਾਕੀ ਦੇ ਸੈਮੀਫਾਈਨਲ ਵਿੱਚ ਬੈਲਜੀਅਮ ਤੋਂ ਭਾਰਤ ਦੀ ਹਾਰ ਦੇ ਕੀ ਕਾਰਨ ਰਹੇ

ਹਾਕੀ ਵਿੱਚ ਪੁਰਸ਼ਾਂ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਬੈਲਜੀਅਮ ਨੇ ਭਾਰਤ ਉੱਤੇ 5-2 ਨਾਲ ਜਿੱਤ ਦਰਜ ਕਰਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।

ਸ਼ੁਰੂਆਤ ਵਿੱਚ ਭਾਰਤ ਨੇ ਬੈਲਜੀਅਮ ਉਤੇ 2-1 ਨਾਲ ਬੜ੍ਹਤ ਬਣਾਈ ਹੋਈ ਸੀ ਪਰ ਦੂਸਰੇ ਅੱਧ ਵਿੱਚ ਬੈਲਜੀਅਮ ਦੇ ਖਿਡਾਰੀਆਂ ਨੇ ਤਿੰਨ ਗੋਲ ਕਰਕੇ ਭਾਰਤ ਦੀ ਮੈਚ ਵਿੱਚ ਵਾਪਸੀ ਮੁਸ਼ਕਿਲ ਕਰ ਦਿੱਤੀ।

ਹਾਲਾਂਕਿ ਭਾਰਤ ਮੈਚ ਹਾਰ ਗਿਆ ਹੈ, ਪਰ ਤਮਗੇ ਦੀ ਉਮੀਦ ਬਰਕਰਾਰ ਹੈ ਕਿਉਂਕਿ ਭਾਰਤ ਦੀ ਟੀਮ ਹੁਣ ਕਾਂਸੀ ਦੇ ਤਮਗੇ ਲਈ ਖੇਡੇਗੀ।

ਭਾਰਤ ਵੱਲੋਂ ਮਨਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ ਹਨ।

ਇਹ ਵੀ ਪੜ੍ਹੋ:-

ਪੀਐਮ ਮੋਦੀ ਦਾ ਟਵੀਟ

ਭਾਰਤ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਵੀ ਭਾਰਤ ਤੇ ਬੈਲਜੀਅਮ ਵਿਚਕਾਰ ਹੋ ਰਿਹਾ ਸੈਮੀਫਾਈਨਲ ਮੁਕਾਬਲਾ ਦੇਖ ਰਹੇ ਹਨ।

'ਭਾਰਤ ਨੂੰ ਆਪਣੇ ਖਿਡਾਰੀਆਂ 'ਤੇ ਹੈ ਮਾਣ'

ਸੈਮੀ ਫਾਈਨਲ ਵਿਚ ਟੀਮ ਇੰਡੀਆ ਭਾਵੇਂ ਹਾਰ ਗਈ ਹੈ ਪਰ ਚਾਰ ਦਹਾਕਿਆਂ ਬਾਅਦ ਸੈਮੀਫਾਈਨਲ ਵਿਚ ਪਹੁੰਚਣ ਲਈ ਟੀਮ ਦੀ ਸ਼ਲਾਘਾ ਅਤੇ ਅਗਲੇ ਮੈਚ ਲਈ ਹੌਸਲਾ ਅਫ਼ਜ਼ਾਈ ਹੋ ਰਹੀ ਹੈ।

ਭਾਰਤ ਅਤੇ ਬੈਲਜੀਅਮ ਵਿਚਕਾਰ ਸੈਮੀਫਾਈਨਲ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਵਿੱਚ ਲਿਖਿਆ ਕਿ ਜਿੱਤ ਅਤੇ ਹਾਰ ਜ਼ਿੰਦਗੀ ਦਾ ਹਿੱਸਾ ਹਨ। ਅਗਲੇ ਮੈਚ ਲਈ ਵੀ ਪ੍ਰਧਾਨ ਮੰਤਰੀ ਨੇ ਸ਼ੁਭਕਾਮਨਾਵਾਂ ਦਿੱਤੀਆਂ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੈਮੀਫਾਈਨਲ ਵਿੱਚ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ।

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਟਵੀਟ ਕਰਦਿਆਂ ਆਖਿਆ ਹੈ ਕਿ ਅਸੀਂ ਕਦੇ ਹੌਸਲਾ ਨਹੀਂ ਹਾਰਦੇ ਅਤੇ ਤੁਸੀਂ ਬਹੁਤ ਵਧੀਆ ਖੇਡੇ ਹੋ ਸਾਡੇ ਕੋਲ ਇੱਕ ਮੈਚ ਬਾਕੀ ਹੈ।

ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਆਖਿਆ ਹੈ ਕਿ ਵਿਸ਼ਵ ਚੈਂਪੀਅਨ ਬੈਲਜੀਅਮ ਵਿਰੁੱਧ ਭਾਰਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਖਿਡਾਰੀਆਂ ਨੂੰ ਪ੍ਰੇਰਨਾ ਦੇਵੇਗਾ। ਜ਼ਿਕਰਯੋਗ ਹੈ ਕਿ ਓਡਿਸ਼ਾ ਸਰਕਾਰ ਭਾਰਤ ਦੀ ਹਾਕੀ ਟੀਮ ਦੀ ਸਪਾਂਸਰ ਹੈ।

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਜਗਬੀਰ ਸਿੰਘ ਨੇ ਵੀ ਟਵੀਟ ਕਰਦਿਆਂ ਆਖਿਆ ਹੈ ਕਿ ਭਾਰਤ ਦੀ ਟੀਮ ਉੱਪਰ ਉਨ੍ਹਾਂ ਨੂੰ ਮਾਣ ਹੈ ਤੇ ਭਾਰਤ ਕੋਲ ਇੱਕ ਮੈਚ ਬਾਕੀ ਹੈ।

ਕਾਂਸੀ ਦਾ ਤਗਮਾ ਜਿੱਤਣ ਲਈ ਭਾਰਤ ਨੂੰ ਰੱਖਣਾ ਹੋਵੇਗਾ ਇਨ੍ਹਾਂ ਦੋ ਗੱਲਾਂ ਦਾ ਧਿਆਨ

ਭਾਰਤ-ਬੈਲਜੀਅਮ ਹਾਕੀ ਸੈਮੀਫਾਈਨਲ ਵਿੱਚ ਭਾਰਤ ਦੇ ਪ੍ਰਦਰਸ਼ਨ ਬਾਰੇ ਖੇਡ ਪੱਤਰਕਾਰ ਸੌਰਭ ਦੁੱਗਲ ਨੇ ਆਖਿਆ ਕਿ ਭਾਰਤ ਦੇ ਪਹਿਲੇ ਕੁਆਰਟਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਬੈਲਜੀਅਮ ਤੋਂ 2-1 ਨਾਲ ਅੱਗੇ ਸਨ।

ਬੈਲਜੀਅਮ ਦੀ ਟੀਮ ਸ਼ੁਰੂਆਤ ਵਿੱਚ ਪਛੜ ਗਈ ਪਰ ਉਨ੍ਹਾਂ ਨੇ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪੈਨਲਟੀ ਕਾਰਨਰ ਦੀ ਸਹਾਇਤਾ ਨਾਲ ਗੋਲ ਕੀਤੇ।

ਭਾਰਤ ਵੱਲੋਂ ਹੋਈਆਂ ਗ਼ਲਤੀਆਂ ਬਾਰੇ ਵਿਸ਼ਲੇਸ਼ਣ ਕਰਦਿਆਂ ਸੌਰਭ ਦੁੱਗਲ ਨੇ ਕਿਹਾ ਕਿ ਭਾਰਤ ਨੂੰ ਆਪਣੀ ਡਿਫੈਂਸ ਅਤੇ ਪਨੈਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਨ ਦੀ ਵਿਧੀ ਉੱਤੇ ਕੰਮ ਕਰਨਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਬੈਲਜੀਅਮ ਦੀ ਟੀਮ ਨੇ ਆਪਣੇ 5 ਵਿੱਚੋਂ 4 ਗੋਲ ਪਨੈਲਟੀ ਕਾਰਨਰ ਦੀ ਸਹਾਇਤਾ ਨਾਲ ਕੀਤੇ ਹਨ ਅਤੇ ਯੂਰੋਪੀਅਨ ਟੀਮਾਂ ਅਕਸਰ ਪਨੈਲਟੀ ਕਾਰਨਰ 'ਤੇ ਨਿਰਭਰ ਰਹਿੰਦੀਆਂ ਹਨ।

ਬੈਲਜੀਅਮ ਦੀ ਟੀਮ ਹੁਣ ਫਾਈਨਲ ਵਿੱਚ ਸੋਨ ਤਗਮੇ ਲਈ ਖੇਡੇਗੀ ਅਤੇ ਭਾਰਤ ਦੀ ਟੀਮ ਹੁਣ ਕਾਂਸੀ ਦੇ ਤਮਗੇ ਲਈ ਆਸਟਰੇਲੀਆ ਜਾਂ ਜਰਮਨੀ ਵਿੱਚੋਂ ਕਿਸੇ ਇੱਕ ਨਾਲ ਆਪਣਾ ਅਗਲਾ ਮੈਚ ਖੇਡੇਗੀ।

ਓਲੰਪਿਕਸ ਹਾਕੀ ਰਾਹੀਂ ਭਾਰਤ ਨੇ ਆਪਣਾ ਆਖ਼ਰੀ ਤਮਗਾ 1980 ਵਿੱਚ ਮਾਸਕੋ ਵਿਖੇ ਜਿੱਤਿਆ ਸੀ। ਭਾਰਤ ਨੇ ਇਸ ਵਿੱਚ ਸੋਨ ਤਮਗਾ ਜਿੱਤਿਆ ਸੀ। ਭਾਰਤ ਨੇ ਆਖ਼ਰੀ ਸੈਮੀਫਾਈਨਲ 1972 ਵਿੱਚ ਮਿਊਨਿਖ਼ ਓਲੰਪਿਕਸ 'ਚ ਖੇਡਿਆ ਸੀ ਅਤੇ ਕਾਂਸੀ ਦਾ ਤਮਗਾ ਜਿੱਤਿਆ ਸੀ।

1980 ਓਲੰਪਿਕਸ ਵਿੱਚ ਫਾਰਮੈਟ ਅਲੱਗ ਹੋਣ ਕਰਕੇ ਟੀਮਾਂ ਨੇ ਲੀਗ ਸਟੇਜ ਦੀਆਂ ਮੋਹਰੀ ਟੀਮਾਂ ਨੇ ਗੋਲਡ ਅਤੇ ਸਿਲਵਰ ਮੈਡਲ ਲਈ ਮੈਚ ਖੇਡੇ ਸਨ।

ਭਾਰਤ ਵਿੱਚੋਂ ਉਨ੍ਹਾਂ ਨੇ ਅਮਿਤ ਰੋਹਿਦਾਸ ਦੀ ਤਾਰੀਫ਼ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਅੱਜ ਕਈ ਪੈਨਲਟੀ ਕਾਰਨਰ ਬਚਾਏ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਸਾਬਕਾ ਹਾਕੀ ਖਿਡਾਰੀ ਜੁਗਰਾਜ ਸਿੰਘ ਦੀ ਯਾਦ ਆ ਗਈ।

ਭਾਰਤ ਦੀ ਮਹਿਲਾ ਹਾਕੀ ਟੀਮ ਵੀ ਸੈਮੀਫਾਈਨਲ ਵਿੱਚ ਅਰਜਨਟੀਨਾ ਦੇ ਖ਼ਿਲਾਫ਼ ਬੁੱਧਵਾਰ ਨੂੰ ਖੇਡੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)