You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ : ਤਾਲਿਬਾਨ ਨੇ ਅਮਨ-ਸ਼ਾਂਤੀ ਲਈ ਰੱਖੀ ਇਹ ਸ਼ਰਤ, ਪਰ ਅਮਰੀਕਾ ਦਾ ਕੀ ਹੈ ਰੁਖ
ਤਾਲਿਬਾਨ ਦਾ ਕਹਿਣਾ ਹੈ ਕਿ ਉਹ ਅਫਗਾਨਿਸਤਾਨ ਦੀ ਸੱਤਾ 'ਤੇ ਏਕਾਅਧਿਕਾਰ ਨਹੀਂ ਚਾਹੁੰਦੇ।
ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦੇਕੇ ਕਿਹਾ ਹੈ ਕਿ ਜਦੋਂ ਤੱਕ ਕਾਬੁਲ ਵਿਚ ਨਵੀਂ ਸਰਕਾਰ ਨਹੀਂ ਬਣ ਜਾਂਦੀ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ, ਦੇਸ਼ ਵਿਚ ਸ਼ਾਂਤੀ ਸਥਾਪਤ ਨਹੀਂ ਹੋ ਸਕਦੀ।
ਐਸੋਸੀਏਟਡ ਪ੍ਰੈਸ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਅਫਗਾਨਿਸਤਾਨ ਦੇ ਭਵਿੱਖ ਬਾਰੇ ਤਾਲਿਬਾਨ ਦੇ ਸਟੈਂਡ ਨੂੰ ਸਪੱਸ਼ਟ ਕੀਤਾ ਹੈ।
ਸੁਹੇਲ ਸ਼ਾਹੀਨ ਵੱਖ-ਵੱਖ ਦੇਸ਼ਾਂ ਨਾਲ ਗੱਲਬਾਤ ਕਰਨ ਵਾਲੇ ਤਾਲਿਬਾਨ ਦੇ ਵਫ਼ਦ ਦਾ ਹਿੱਸਾ ਵੀ ਹਨ।
ਅਮਰੀਕੀ ਅਤੇ ਨਾਟੋ ਫੌਜਾਂ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਤਾਲਿਬਾਨ ਮੁਲਕ ਦੇ ਵੱਖ-ਵੱਖ ਹਿੱਸਿਆਂ 'ਤੇ ਲਗਾਤਾਰ ਕੰਟਰੋਲ ਕਰ ਰਹੇ ਹਨ।
ਇਹ ਵੀ ਪੜ੍ਹੋ :
ਇਸ ਹਫ਼ਤੇ ਅਮਰੀਕਾ ਦੇ ਇੱਕ ਸੀਨੀਅਰ ਸੈਨਿਕ ਜਨਰਲ ਮਾਰਕ ਮਿਲਿਏ ਨੇ ਪੈਂਟਾਗਨ ਦੀ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਦੱਸਿਆ ਕਿ ਤਾਲਿਬਾਨ ਦੀ ਸਿਆਸੀ ਉੱਤੇ ਬਹੁਤ ਮਜ਼ਬੂਤ ਹੈ।
ਜਨਰਲ ਮਾਰਕ ਮਿਲੀਏ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਤਾਲਿਬਾਨ ਉਨ੍ਹਾਂ ਦੇ ਦਖ਼ਲ ਅਧੀਨ ਪੂਰੇ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ ਵਿਚ ਲੈ ਸਕਦੇ ਹਨ।
ਤਾਲਿਬਾਨ ਨੇ ਕੀ ਸ਼ਰਤ ਰੱਖੀ ਹੈ
ਸੁਹੇਲ ਸ਼ਾਹੀਨ ਨੇ ਏਪੀ ਨਿਊਜ਼ ਏਜੰਸੀ ਨੂੰ ਦੱਸਿਆ, "ਜਦੋਂ ਗੱਲਬਾਤ ਤੋਂ ਬਾਅਦ ਕਾਬੁਲ ਵਿਚ ਅਜਿਹੀ ਸਰਕਾਰ ਬਣੇਗੀ ਜਿਸ ਨੂੰ ਸਾਰੀਆਂ ਪਾਰਟੀਆਂ ਸਵੀਕਾਰ ਕਰ ਲੈਣਗੀਆਂ ਅਤੇ ਅਸ਼ਰਫ ਗਨੀ ਦੀ ਸਰਕਾਰ ਚਲੀ ਜਾਂਦੀ ਹੈ, ਤਦ ਤਾਲਿਬਾਨ ਆਪਣੀ ਬਾਂਹ ਫੜਨ ਦੇਣਗੇ।"
"ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਸੱਤਾ ਉੱਤੇ ਏਕਾਅਧਿਕਾਰ ਨਹੀਂ ਚਾਹੁੰਦੇ ਕਿਉਂਕਿ ਸਰਕਾਰਾਂ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਅਫਗਾਨਿਸਤਾਨ ਵਿੱਚ ਸਾਰੀ ਤਾਕਤ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ, ਉਹ ਅਸਫਲ ਸਰਕਾਰਾਂ ਰਹੀਆਂ ਹਨ।"
ਸੁਹੇਲ ਸ਼ਾਹੀਨ ਨੇ ਉਨ੍ਹਾਂ ਅਸਫ਼ਲ ਸਰਕਾਰਾਂ ਵਿਚ ਤਾਲਿਬਾਨ ਦੇ ਰਾਜ ਨੂੰ ਵੀ ਗਿਣਿਆ ਹੈ। ਉਸਨੇ ਸਪੱਸ਼ਟ ਕੀਤਾ ਕਿ "ਅਸੀਂ ਦੁਬਾਰਾ ਉਹੀ ਫਾਰਮੂਲਾ ਦੁਹਰਾਉਣਾ ਨਹੀਂ ਚਾਹੁੰਦੇ।"
ਪਰ ਤਾਲਿਬਾਨ ਨੇ ਇਕ ਹੋਰ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਦੇ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ।
ਗਨੀ ਨੇ ਦਿੱਤੀ ਸੀ ਹਮਲੇ ਦੀ ਚੇਤਾਵਨੀ
ਮੰਗਲਵਾਰ ਨੂੰ ਬਕਰੀਦ ਦੇ ਮੌਕੇ ਉੱਤੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਆਪਣੇ ਭਾਸ਼ਣ ਵਿੱਚ ਤਾਲਿਬਾਨ ਉੱਤੇ ਹਮਲਾ ਬੋਲਣ ਦੀ ਗੱਲ ਕਹੀ ਸੀ। ਇਸ ਦੇ ਜਵਾਬ ਵਿਚ ਤਾਲਿਬਾਨ ਨੇ ਅਸ਼ਰਫ ਗਨੀ ਨੂੰ ਯੁੱਧ ਦਾ ਵਪਾਰੀ ਕਿਹਾ।
ਸੁਹੇਲ ਸ਼ਾਹੀਨ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ 'ਤੇ ਸ਼ਾਸਨ ਕਰਨ ਦਾ ਅਧਿਕਾਰ ਗੁਆ ਦਿੱਤਾ ਹੈ। ਇਸ ਤੋਂ ਇਲਾਵਾ ਤਾਲਿਬਾਨ ਨੇ ਉਸ 'ਤੇ ਸਾਲ 2019 ਵਿਚ ਚੋਣ ਧਾਂਦਲੀ ਕਰਕੇ ਜਿੱਤ ਹਾਸਲ ਕਰਨ ਦਾ ਦੋਸ਼ ਲਾਇਆ ਹੈ।
ਪਿਛਲੀ ਚੋਣਾਂ ਦਾ ਮਸਲਾ
ਪਿਛਲੀਆਂ ਆਮ ਚੋਣਾਂ ਤੋਂ ਬਾਅਦ ਅਸ਼ਰਫ ਗਨੀ ਅਤੇ ਉਸ ਦੇ ਵਿਰੋਧੀ ਅਬਦੁੱਲਾ, ਦੋਵਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਸੀ।
ਬਾਅਦ ਵਿਚ ਦੋਵਾਂ ਵਿਚਕਾਰ ਇਕ ਸਮਝੌਤਾ ਹੋਇਆ ਸੀ, ਜਿਸ ਤੋਂ ਬਾਅਦ ਅਬਦੁੱਲਾ ਨੂੰ ਸਰਕਾਰ ਵਿਚ ਨੰਬਰ ਦੋ ਦਾ ਦਰਜਾ ਦਿੱਤਾ ਗਿਆ ਸੀ ਅਤੇ ਸੁਲ੍ਹਾ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ.
ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਸਕੀ ਨੇ ਸ਼ੁੱਕਰਵਾਰ ਨੂੰ ਏਪੀ ਨਿਊਜ਼ ਏਜੰਸੀ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਜੋਅ ਬਾਇਡਨ ਦਾ ਸਮਰਥਨ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਹੈ।
ਵੀਹ ਸਾਲ ਪਹਿਲਾਂ, ਜਦੋਂ ਤਾਲਿਬਾਨ ਅਫਗਾਨਿਸਤਾਨ ਵਿੱਚ ਸੱਤਾ ਵਿੱਚ ਸੀ, ਲੜਕੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਤੇ ਪਾਬੰਦੀ ਸੀ, ਸ਼ਰੀਆ ਕਾਨੂੰਨ ਲਾਗੂ ਸੀ।
ਬਹੁਤ ਸਾਰੇ ਲੋਕ ਤਾਲਿਬਾਨ ਦੇ ਉਸ ਦੌਰ ਦੇ ਵਾਪਸੀ ਤੋਂ ਡਰਦੇ ਹਨ। ਉਹ ਅਫਗਾਨ ਲੋਕ ਜੋ ਚੰਗੀ ਵਿੱਤੀ ਸਥਿਤੀ ਵਿੱਚ ਹਨ, ਅਫਗਾਨਿਸਤਾਨ ਛੱਡਣ ਲਈ ਵੀਜ਼ਾ ਲਈ ਬਿਨੈ ਕਰ ਰਹੇ ਹਨ।
ਅਮਰੀਕਾ ਅਤੇ ਨਾਟੋ ਫੌਜਾਂ ਦੀ 95 ਪ੍ਰਤੀਸ਼ਤ ਵਾਪਸੀ ਪੂਰੀ ਹੋ ਚੁੱਕੀ ਹੈ ਅਤੇ ਇਹ ਕੰਮ 31 ਅਗਸਤ ਤੱਕ ਪੂਰਾ ਹੋ ਜਾਵੇਗਾ।