ਯੂਰਪ 'ਚ ਹੜ੍ਹ: ਇਸ ਕੁਦਰਤੀ ਆਫ਼ਤ ਲਈ ਇਹ ਦੇਸ਼ ਕਿਉਂ ਤਿਆਰ ਨਹੀਂ ਸਨ

ਜਰਮਨੀ ਅਤੇ ਬੈਲਜੀਅਮ ਵਿੱਚ ਵਧਦੀਆਂ ਮੌਤਾਂ ਅਤੇ ਉਦਾਸੀ ਵਿਚਾਲੇ, ਇਹ ਸਵਾਲ ਉੱਠ ਰਹੇ ਹਨ ਕਿ ਅਜਿਹੀ ਆਫ਼ਤ ਕਿਵੇਂ ਆ ਸਕਦੀ ਹੈ।

ਪੱਛਮੀ ਯੂਰਪ ਦੇ ਕੁਝ ਹਿੱਸਿਆਂ ਵਿੱਚ ਰਿਕਾਰਡ ਤੋੜ ਬਰਸਾਤ ਕਾਰਨ ਨਦੀਆਂ ਦੇ ਕੰਢੇ ਟੁੱਟ ਗਏ ਹਨ।

ਯੂਰਪੀਅਨ ਫਲੱਡ ਅਵੈਅਰਨੈੱਸ ਸਿਸਟਮ ਦੀ ਸਥਾਪਨਾ ਕਰਨ ਵਾਲੀ ਜਲ ਵਿਗਿਆਨੀ ਪ੍ਰੋਫੈਸਰ ਹੈਨਾ ਕਲੌਕ ਨੇ ਕਿਹਾ ਕਿ ਹਫ਼ਤੇ ਦੇ ਅਖ਼ੀਰ ਦੇ ਵਿੱਚ ਯੂਰਪੀਅਨ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ, "ਜਿਹੜੀ ਚਿਤਾਵਨੀ ਦਿੱਤੀ ਗਈ ਸੀ, ਉਸ ਵਿੱਚ ਕਿਹਾ ਗਿਆ ਸੀ ਕਿ ਭਾਰੀ ਬਰਸਾਤ ਅਤੇ ਹੜ੍ਹ ਆ ਰਿਹਾ, ਸਾਵਧਾਨ ਰਹੋ।"

"ਇਹ ਕੌਮੀ ਅਧਿਕਾਰੀਆਂ 'ਤੇ ਸੀ ਕਿ ਇਹ ਜਾਣਕਾਰੀ ਲੈਂਦੇ ਅਤੇ ਉਸ 'ਤੇ ਅੱਗੇ ਕੰਮ ਕਰਦੇ।"

ਪ੍ਰੋਫੈਸਰ ਕਲੌਕ ਨੇ ਕਿਹਾ ਕਿ ਅਜਿਹੀਆਂ ਕੁਝ ਥਾਵਾਂ ਹਨ ਜਿੱਥੇ "ਸਿਸਟਮ ਨੇ ਉਹੀ ਕੰਮ ਕੀਤਾ ਜਿਸ ਲਈ ਉਹ ਤਿਆਰ ਕੀਤਾ ਗਿਆ ਸੀ,", ਜਿਵੇਂ ਹੜ੍ਹ ਦੀ ਪੂਰਵ ਚਿਤਾਵਨੀ।

ਪਰ "ਅਜਿਹੀਆਂ ਵੀ ਕੁਝ ਥਾਵਾਂ ਹਨ ਜਿੱਥੇ ਚਿਤਾਵਨੀ ਨੂੰ ਲੋਕਾਂ ਤੱਕ ਨਹੀਂ ਪਹੁੰਚਾਇਆ ਗਿਆ ਅਤੇ ਉਨ੍ਹਾਂ ਨੂੰ ਨਹੀਂ ਪਤਾ ਲੱਗ ਸਕਿਆ ਕਿ ਕੀ ਹੋਣ ਵਾਲਾ ਹੈ।"

ਸਾਲ 2002 ਵਿੱਚ ਯੂਰਪ ਵਿੱਚ ਆਏ ਮਾਰੂ ਹੜ੍ਹ ਤੋਂ ਬਾਅਦ ਪ੍ਰੋਫੈਸਰ ਕਲੌਕ ਨੇ ਸਿਸਟਮ ਦੀ ਸਥਾਪਨਾ ਇਸ ਆਸ ਨਾਲ ਕੀਤੀ ਸੀ ਕਿ ਅੱਗੇ ਤੋਂ ਅਜਿਹੀ ਆਫ਼ਤ ਤੋਂ ਬਚਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਇਸ ਹੜ੍ਹ ਨੇ "ਲੜੀ 'ਚ ਵਿਗਾੜ" ਦਾ ਪਰਦਾਫ਼ਾਸ਼ ਕੀਤਾ ਹੈ।

"ਸਾਨੂੰ 2021 ਵਿੱਚ ਆਈ ਇਸ ਹੜ੍ਹ ਕਾਰਨ ਮੌਤਾਂ ਦੇ ਇੰਨੇ ਅੰਕੜੇ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਸੀ। ਸਿਸਟਮ 'ਚ ਕੁਝ ਖ਼ਰਾਬੀ ਹੈ।"

ਹੜ੍ਹ ਦੀ ਭਵਿੱਖਬਾਣੀ ਅਤੇ ਚਿਤਾਵਨੀ ਲਈ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਢਾਂਚੇ ਸਥਾਪਿਤ ਹਨ।

ਪ੍ਰੋਫੈਸਰ ਕਲੌਕ ਦਾ ਕਹਿਣਾ ਹੈ ਕਿ ਜਰਮਨੀ ਵਿੱਚ ਇੱਕ "ਖੰਡਿਤ" ਪ੍ਰਣਾਲੀ ਹੈ, ਜੋ ਵੱਖ-ਵੱਖ ਸੂਬਿਆਂ ਦੀ ਓਥੋਰਿਟੀਆਂ ਵਿੱਚ ਸ਼ਾਮਿਲ ਹੈ, ਜਿਸ ਕਾਰਨ ਵੱਖ-ਵੱਖ ਪ੍ਰਤੀਕਿਰਿਆਵਾਂ ਆਉਂਦੀਆਂ ਹਨ।

ਚਿਤਾਵਨੀ ਜਾਰੀ ਕੀਤੀ ਸੀ

ਜਰਮਨੀ ਦੀ ਮੌਸਮ ਸਬੰਧੀ ਸੇਵਾ ਡਿਊਸ਼ਰ ਵੈਟਰਡੀਐਨਸਟ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰੀ ਬਰਸਾਤ ਦੀਆਂ ਕਈ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ।

ਉਨ੍ਹਾਂ ਨੇ ਕਿਹਾ ਕਿ ਇਹ ਹੋਰਨਾਂ ਓਥੋਰਿਟੀਸ 'ਤੇ ਨਿਰਭਰ ਕਰਦਾ ਹੈ ਕਿ ਉਹ ਚਿਤਾਵਨੀ ਨੂੰ ਕਿਵੇਂ ਲੈਂਦੇ ਹਨ, ਲੋਕਾਂ ਦੇ ਬਚਾਅ ਲਈ ਕੀ ਕਦਮ ਪੁੱਟਦੇ ਹਨ ਤੇ ਹੋਰ ਕੀ ਉਪਾਅ ਕਰਦੇ ਹਨ।

ਹੈਗਨ ਸ਼ਹਿਰ ਵਿੱਚ, ਐਂਗਲਾ ਮਰਕਲ ਦੀ ਥਾਂ ਲੈਣ ਵਾਲੇ ਮੁੱਖ ਉਮੀਦਵਾਰ ਆਰਮਿਨ ਲਾਸਕੈਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਤੇ ਉਨ੍ਹਾਂ ਨੇ ਪ੍ਰਬੰਧ ਕੀਤੇ ਸਨ।

ਜਰਮਨੀ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਰਾਈਨਲੈਂਡ ਪਲਾਟੀਨੇਟ 'ਚ ਵਾਤਾਵਰਨ ਸਬੰਧੀ ਮੰਤਰੀ ਨੇ ਕਿਹਾ ਕਿ ਵੱਡੀਆਂ ਨਦੀਆਂ ਲਈ ਚਿਤਾਵਨੀ ਦਿੱਤੀ ਗਈ ਸੀ।

ਪਰ ਸਹਾਇਕ ਨਦੀਆਂ ਅਤੇ ਛੋਟੀਆਂ ਨਦੀਆਂ ਦੀ ਜਾਣਕਾਰੀ ਵਿਸਥਾਰ ਵਿੱਚ ਨਹੀਂ ਸੀ, ਇਸ ਲਈ ਹੜ੍ਹ ਨੂੰ ਹਮੇਸ਼ਾ ਨਹੀਂ ਰੋਕਿਆ ਜਾ ਸਕਦਾ।

ਪ੍ਰੋਫੈਸਰ ਕਲੌਕ ਨੇ ਕਿਹਾ ਕੁਝ ਅਜਿਹੀਆਂ ਵੀ ਥਾਵਾਂ ਹਨ ਜਿੱਥੇ ਲੋਕਾਂ ਨੂੰ ਹੜ੍ਹ ਆਉਣ ਬਾਰੇ ਨਹੀਂ ਪਤਾ ਸੀ ਜਾਂ ਉਹ ਇਹ ਨਹੀਂ ਜਾਣਦੇ ਸਨ ਕਿ ਖ਼ੁਦ ਨੂੰ ਤੇ ਆਪਣੇ ਘਰ ਨੂੰ ਬਚਾਉਣ ਲਈ ਕੀ ਕੀਤਾ ਜਾਵੇ।

ਉਨ੍ਹਾਂ ਨੇ ਅੱਗੇ ਕਿਹਾ, "ਉਨ੍ਹਾਂ ਨੇ ਆਪਣੇ ਆਪ ਨੂੰ ਜੋਖ਼ਮ ਵਿੱਚ ਪਾ ਲਿਆ, ਉਹ ਹੜ੍ਹ ਵਾਲੇ ਰਸਤੇ ਚੱਲ ਪਏ।"

ਇਹ ਵੀ ਪੜ੍ਹੋ-

'ਤੁਰੰਤ ਸਿੱਖਿਆ'

ਆਕਸਫੋਰਡ ਯੂਨੀਵਰਸਿਟੀ ਵਿੱਚ ਐਨਵਾਇਰਮੈਂਟਲ ਚੇਂਜ ਇੰਸਟੀਚਿਊਟ ਵਿੱਚ ਐਸੋਸੀਏਟ ਪ੍ਰੋਫੈਸਰ ਫਰੀਡਰਿਕ ਓਟੋ ਦਾ ਕਹਿਣਾ ਹੈ ਕਿ ਹੜ੍ਹ ਦੇ ਜੋਖ਼ਮ ਲਈ 'ਤੁੰਰਤ ਸਿੱਖਿਆ' ਦੀ ਲੋੜ ਹੈ।

ਉਨ੍ਹਾਂ ਦਾ ਕਹਿਣਾ ਹੈ, "ਮੈਨੂੰ ਲਗਦਾ ਹੈ ਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਮੌਸਮ ਮਾਰੂ ਵੀ ਹੋ ਸਕਦਾ ਹੈ।"

"ਤੱਥ ਇਹ ਹੈ ਕਿ ਕਈ ਮਿੱਟੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ, ਜੇ ਪਾਣੀ ਨੂੰ ਕਿਤੇ ਨਿਕਾਸੀ ਨਾ ਮਿਲੇ ਤਾਂ ਪ੍ਰਭਾਵ ਹੋਰ ਵੀ ਡੂੰਘਾ ਪੈਂਦਾ ਹੈ।"

ਮਿੱਟੀ ਉਦੋਂ ਸੀਲ ਹੁੰਦੀ ਹੈ ਜਦੋਂ ਘਰ ਬਣਾਏ ਜਾਂਦੇ, ਸੜਕਾਂ ਬਣਦੀਆਂ ਹਨ ਜਾਂ ਨਿਰਮਾਣ ਕਾਰਜ ਚੱਲਦੇ ਹਨ।

ਜਰਮਨੀ ਮੌਸਮ ਸਬੰਧੀ ਸੇਵਾ ਦੇ ਬੁਲਾਰੇ ਐਂਡਰੈਸ ਫਰੀਡਰਿਚ ਨੇ ਕਿਹਾ ਕਿ ਕਈ ਲੋਕ ਨਹੀਂ ਜਾਣਦੇ ਕਿ ਜਦੋਂ ਮੌਸਮੀ ਚਿਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਹਾਲਾਤ ਕਿੰਨੇ ਗੰਭੀਰ ਹੋ ਸਕਦੇ ਹਨ।

65 ਸਾਲਾਂ ਪੈਨਸ਼ਨ ਲੈਣ ਵਾਲੇ ਐਨੇਮਰੀ ਮਿਊਲਰ ਨੇ ਏਐੱਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੇਅਨ ਸ਼ਹਿਰ ਵਿਨਾਸ਼ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ।

ਉਨ੍ਹਾਂ ਨੇ ਯਾਦ ਕਰਦਿਆਂ ਦੱਸਿਆ, "ਇੰਨੀ ਬਰਸਾਤ ਕਿਥੋਂ ਆਈ? ਕਮਾਲ ਹੈ, ਪਾਣੀ ਦੀ ਤੇਜ਼ ਆਵਾਜ਼ ਅਤੇ ਤੇਜ਼ੀ ਨਾਲ ਹੇਠਾਂ ਡਿੱਗਦਾ ਪਾਣੀ, ਇੰਝ ਲੱਗਾ ਜਿਵੇਂ ਦਰਵਾਜ਼ਾ ਤੋੜ ਦੇਵੇਗਾ।"

ਪ੍ਰੋਫੈਸਰ ਕਲੌਕ ਨੇ ਕਿਹਾ ਕਿ ਆਉਣ ਵਾਲੇ ਹੜ੍ਹ ਦੇ ਜੋਖ਼ਮਾਂ ਦੀ ਭਵਿੱਖਬਾਣੀ ਅਤੇ ਅਧਿਕਾਰੀਆਂ ਨੂੰ ਸਮੇਂ ਨਾਲ ਸੰਦੇਸ਼ ਮਿਲ ਜਾਣ ਨੂੰ ਬਿਹਤਰ ਕਰਨ ਦੀ ਲੋੜ ਹੈ।

ਗ੍ਰਹਿ ਮੰਤਰੀ ਹੋਰਸਟ ਸੀਹੋਫਰ ਨੇ ਕਿਹਾ ਕਿ ਜਰਮਨੀ ਨੂੰ "ਭਵਿੱਖ ਵਿੱਚ ਬਿਹਤਰ ਤਿਆਰੀ ਕਰਨੀ ਚਾਹੀਦੀ ਹੈ, ਇਹ ਵਾਤਾਵਰਨ ਤਬਦੀਲੀ ਦਾ ਸਿੱਟਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਵਾਤਾਵਰਨ ਤਬਦੀਲੀ

ਹੜ੍ਹ ਵਿੱਚ ਕਈ ਕਾਰਨ ਯੋਗਦਾਨ ਪਾਉਂਦੇ ਹਨ, ਪਰ ਵਾਤਾਵਰਨ ਤਬਦੀਲੀ ਕਾਰਨ ਗਰਮ ਵਾਤਾਰਵਰਨ ਵਿੱਚ ਬਰਸਾਤ ਦੀ ਸੰਭਾਵਨਾ ਵਧੇਰੇ ਹੈ।

ਉਦਯੋਗਿਕਰਨ ਸ਼ੁਰੂ ਹੋਣ ਤੋਂ ਬਾਅਦ ਦੁਨੀਆਂ ਕਰੀਬ 1.2 ਡਿਗਰੀ ਸੈਲੀਅਸ ਪਹਿਲਾਂ ਹੀ ਗਰਮ ਹੋ ਚੁੱਕੀ ਹੈ ਅਤੇ ਜਦੋਂ ਤੱਕ ਸਰਕਾਰ ਉਤਸਰਜਨ 'ਤੇ ਕਟੌਤੀ ਨਹੀਂ ਕਰਦੀ ਉਦੋਂ ਤੱਕ ਤਾਪਮਾਨ ਲਗਾਤਾਰ ਵਧਦਾ ਰਹੇਗਾ।

ਪ੍ਰੋਫੈਸਰ ਕੌਲੀ ਦਾ ਕਹਿਣਾ ਹੈ, "ਤੂਫ਼ਾਨ ਦੀ ਪ੍ਰਕਿਰਤੀ, ਤੱਥ ਹੈ ਕਿ ਇਹ ਬਹੁਤ ਜ਼ਿਆਦਾ ਹੈ, ਇਸ ਵਿੱਚ ਨਮੀ ਜ਼ਿਆਦਾ ਮੌਜੂਦ ਹੈ, ਬਹੁਤ ਜ਼ਿਆਦਾ ਬਰਸਾਤ ਸੀ, ਇਹ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਸੀ, ਸਾਡੇ ਕੋਲ ਸਬੂਤ ਹਨ ਕਿ ਇਸ ਤਰ੍ਹਾਂ ਦੇ ਤੂਫ਼ਾਨ ਵੱਧ ਹੋਣ ਦੀ ਸੰਭਾਵਨਾ ਹੈ।"

"ਇਹ ਉਹ ਚੀਜ਼ਾਂ ਹਨ ਜੋ ਵਾਤਾਵਰਨ ਤਬਦੀਲੀ ਹੇਠ ਨਜ਼ਰ ਆਉਂਦੀਆਂ ਹਨ।"

ਨਿਊਕਾਸਲ ਯੂਨੀਵਰਸਿਟੀ ਵਿੱਚ ਵਾਤਾਵਰਨ ਤਬਦੀਲੀ ਦੇ ਪ੍ਰੋਫੈਸਰ, ਹੇਅਲੇਅ ਫੌਅਲਰ ਨੇ ਸਮਝਾਇਆ ਕਿ ਗਲੋਬਲ ਵਾਰਮਿੰਗ ਨਾਲ ਜੈੱਟ ਸਟ੍ਰੀਮ ਵਿੱਚ ਹੌਲੀ ਹੋ ਜਾਂਦੇ ਹਨ, ਜਿਸ ਨਾਲ ਤੂਫ਼ਾਨ ਹੌਲੀ ਰਫ਼ਤਾਰ ਨਾਲ ਚੱਲਦੇ ਹਨ ਅਤੇ ਗਰਮ ਵਾਤਾਵਰਨ ਵੀ ਵਧੇਰੇ ਨਮੀ ਧਾਰਨ ਕਰਨ ਵਿੱਚ ਸਮਰੱਥ ਹੋ ਜਾਂਦਾ ਹੈ।

ਉਨ੍ਹਾਂ ਨੇ ਕਿਹਾ, "ਭਾਰੀ ਮੀਂਹ ਦੀਆਂ ਜ਼ਿਆਦਾ ਪੈਣਾ ਸ਼ੁਰੂ ਹੋ ਜਾਵੇਗਾ ਅਤੇ ਇਸ ਨਾਲ ਘਟਨਾਵਾਂ ਜਲਦੀ-ਜਲਦੀ ਹੋਣ ਲੱਗਣੀਆਂ।"

ਹੀਟਵੇਵ ਦੇ ਰਿਕਾਰਡ ਕਾਰਨ ਵਧਦੇ ਤਾਪਮਾਨ ਤੋਂ ਬਾਅਦ ਹੜ੍ਹ ਆ ਜਾਂਦਾ ਹੈ।

ਪ੍ਰੋਫੈਸਰ ਫੌਅਲਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਦੇਸ਼ਾਂ ਨੂੰ ਬੁਨਿਆਦੀ ਢਾਂਚਿਆਂ ਨੂੰ ਮੁੜ ਡਿਜ਼ਾਈਨ ਕਰਨ ਦੀ ਲੋੜ ਹੈ।

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ "ਮੁਕੰਮਲ ਤੌਰ 'ਤੇ ਸਮਰੱਥ" ਨਹੀਂ ਹੋ ਸਕਦੇ।

ਉਨ੍ਹਾਂ ਨੰ ਸਮਝਾਇਆ, "ਹਮੇਸ਼ਾ ਇੱਕ ਅਜਿਹੀ ਘਟਨਾ ਹੋਵੇਗੀ ਜੋ ਵੱਡੀ ਹੋਵੇਗੀ, ਇੱਕ ਸ਼ਾਇਦ ਹੜ੍ਹ ਦੀ ਸੁਰੱਖਿਆ ਤੋਂ ਵੱਧ ਹੋ ਜਾਵੇਗੀ।"

ਇਸ ਲਈ ਸਾਨੂੰ ਸੱਚਮੁੱਚ ਉਨ੍ਹਾਂ ਐਮਰਜੈਂਸੀ ਪ੍ਰਬੰਧਾਂ ਅਤੇ ਚਿਤਾਵਨੀ ਪ੍ਰਣਾਲੀਆਂ ਦੀ ਲੋੜ ਹੈ।"

ਜਰਮਨੀ ਦੇ ਜ਼ਿਲ੍ਹਾ ਆਹਰਵੀਅਲਰ ਵਿੱਚ ਲੋਕਾਂ ਨੇ ਹੜ੍ਹ ਦੇ ਪਾਣੀ ਨੂੰ ਆਪਣੇ ਘਰਾਂ ਤੇ ਦੁਕਾਨਾਂ ਤੋਂ ਬਾਹਰ ਕੱਢਣ ਲਈ ਬਰਫ਼ ਦੀਆਂ ਕਹੀਆਂ ਤੇ ਝਾੜੂ ਦਾ ਇਸਤੇਮਾਲ ਕੀਤਾ।

ਮਾਈਕਲ ਆਹਰੈਂਡ ਨੇ ਰੌਇਟਰਜ਼ ਨਿਊਜ਼ ਏਜੰਸੀ ਨੂੰ ਦੱਸਿਆ, "ਮੈਂ ਸੱਚਮੁੱਚ ਹੈਰਾਨ ਸੀ, ਮੈਨੂੰ ਲੱਗਾ ਕਿ ਇੱਕ ਦਿਨ 'ਚ ਇੱਥੇ ਪਾਣੀ ਆਵੇਗਾ, ਪਰ ਅਜਿਹਾ ਕੁਝ ਨਹੀਂ ਸੀ।"

"ਇਹ ਕੋਈ ਜੰਗ ਨਹੀਂ ਹੈ, ਇਹ ਕੁਦਰਤ ਦੀ ਮਾਰ ਹੈ। ਆਖ਼ਰਕਾਰ, ਹੁਣ ਸਾਨੂੰ ਇਸ ਬਾਰੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)