ਪਾਕਿਸਤਾਨੀ ਕੁੜੀ ਜਿਸ ਨੇ ਯੂਟਿਊਬ ਦੀ ਕਮਾਈ ਤੋਂ ਬਣਾਇਆ ਆਪਣਾ ਘਰ, ਤੁਸੀਂ ਵੀ ਲਵੋ ਟਿਪਸ

    • ਲੇਖਕ, ਰਿਆਜ਼ ਸੋਹੇਲ
    • ਰੋਲ, ਬੀਬੀਸੀ ਉਰਦੂ ਖੈਰਪੁਰ

ਨਾ ਹੀ ਬਿਜਲੀ ਦੇ ਆਉਣ- ਜਾਣ ਦਾ ਪਤਾ ਅਤੇ ਨਾ ਹੀ ਇੰਟਰਨੈੱਟ ਦਾ ਭਰੋਸਾ ਕਿ ਕਦੋਂ ਬੰਦ ਹੋ ਜਾਵੇ।

ਤਮਾਮ ਮੁਸ਼ਕਿਲਾਂ ਦੇ ਬਾਵਜੂਦ ਰਾਬੀਆ ਨਾਜ਼ ਸ਼ੇਖ ਹਰ ਰੋਜ਼ ਵੀਡੀਓ ਬਣਾ ਕੇ ਆਪਣੇ ਯੂਟਿਊਬ ਚੈਨਲ 'ਫੈਸ਼ਨ ਐਡੀਕਸ਼ਨ' ਉਤੇ ਅਪਲੋਡ ਕਰਦੀ ਹੈ।

ਯੂ-ਟਿਊਬ ਰਾਬੀਆ ਦੇ ਸ਼ੌਕ ਦੇ ਨਾਲ- ਨਾਲ ਉਸ ਦੀ ਆਮਦਨੀ ਦਾ ਵੀ ਜ਼ਰੀਆ ਹੈ।

ਇਹ ਵੀ ਪੜ੍ਹੋ :

ਪਾਕਿਸਤਾਨ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਲਈ ਆਪਣਾ ਘਰ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ ਉੱਥੇ ਰਾਬੀਆ ਇਸੇ ਆਮਦਨੀ ਨਾਲ ਆਪਣਾ ਦੋ ਕਮਰਿਆਂ ਦਾ ਘਰ ਬਣਾਉਣ ਵਿੱਚ ਕਾਮਯਾਬ ਹੋਈ ਹੈ।

ਰੁਜ਼ਗਾਰ ਦੇ ਇਸ ਜ਼ਰੀਏ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ।

ਪਾਕਿਸਤਾਨ ਦੇ ਸਿੰਧ ਦੇ ਖ਼ੈਰਪੁਰ ਜ਼ਿਲ੍ਹੇ ਦੇ ਕਸਬੇ ਰਾਹੂਜਾ ਦੀ ਰਹਿਣ ਵਾਲੀ 25 ਸਾਲਾ ਰਾਬੀਆ ਨਾਜ਼ ਨੇ ਇੱਕ ਸਾਲ ਪਹਿਲਾਂ ਯੂਟਿਊਬ ਉਤੇ 'ਫੈਸ਼ਨ ਐਡਿਕਸ਼ਨ' ਨਾਮ ਨਾਲ ਇੱਕ ਚੈਨਲ ਬਣਾਇਆ।

ਇਹ ਚੈਨਲ ਚੱਲ ਪਿਆ ਅਤੇ ਹੁਣ ਇਸ ਦੇ ਇੱਕ ਲੱਖ ਸੱਠ ਹਜ਼ਾਰ ਤੋਂ ਜ਼ਿਆਦਾ ਸਬਸਕ੍ਰਾਈਬਰਜ਼ ਹੋ ਚੁੱਕੇ ਹਨ।

ਯੂਟਿਊਬ ਨੇ ਉਨ੍ਹਾਂ ਨੂੰ ਸਿਲਵਰ ਪਲੇਅ ਬਟਨ ਵੀ ਦਿੱਤਾ ਹੈ।

ਰਾਬੀਆ ਨਾਜ਼ ਨੇ ਇੰਟਰ ਤੱਕ ਦੀ ਪੜ੍ਹਾਈ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਪੜ੍ਹਾਈ ਛੱਡੀ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਯੂਟਿਊਬ ਦਾ ਬਹੁਤ ਸ਼ੌਂਕ ਸੀ ਅਤੇ ਉਹ ਬਚਪਨ ਤੋਂ ਹੀ ਬੜੇ ਸ਼ੌਂਕ ਨਾਲ ਯੂਟਿਊਬ ਉੱਪਰ ਵੀਡੀਓ ਦੇਖਦੀ ਸੀ।

ਪਾਕਿਸਤਾਨ ਵਿੱਚ ਬਹੁਤ ਸਾਰੇ ਨੌਜਵਾਨ ਗੂਗਲ ਨੂੰ ਆਪਣਾ ਗੁਰੂ ਮੰਨਦੇ ਹਨ ਜਿਨ੍ਹਾਂ ਵਿੱਚ ਰਾਬੀਆ ਵੀ ਸ਼ਾਮਲ ਹੈ।

ਅਜਿਹੇ ਵਿੱਚ ਰਾਬੀਆ ਨੂੰ ਵਿਚਾਰ ਆਇਆ ਕਿ ਕਿਉਂ ਨਾ ਯੂਟਿਊਬ ਉੱਪਰ ਉਹ ਵੀ ਆਪਣਾ ਚੈਨਲ ਬਣਾਵੇ ਅਤੇ ਅਜਿਹੀਆਂ ਚੀਜ਼ਾਂ ਨਾਲ ਲੋਕਾਂ ਨੂੰ ਜਾਣੂ ਕਰਵਾਏ ਜੋ ਉਨ੍ਹਾਂ ਲਈ ਦਿਲਚਸਪ ਹੋਣ।

ਉਨ੍ਹਾਂ ਦਾ ਕਹਿਣਾ ਹੈ,"ਯੂਟਿਊਬ ਉੱਤੇ ਵੀਡਿਓ ਬਣਾਉਣਾ ਮੈਂ ਇੰਟਰਨੈੱਟ ਤੋਂ ਸਿੱਖਿਆ ਹੈ ਜਿੱਥੇ ਸਾਰੀ ਮਦਦ ਅਤੇ ਟ੍ਰੇਨਿੰਗ ਮੁਹੱਈਆ ਹੈ। ਮੇਰੇ ਭਰਾਵਾਂ ਨੇ ਮੈਨੂੰ ਵੀਡੀਓ ਐਡੀਟਿੰਗ ਸਿਖਾਈ ਅਤੇ ਬਾਕੀ ਦਾ ਸਾਰਾ ਕੰਮ ਮੈਂ ਆਪ ਕੀਤਾ ਅਤੇ ਆਪਣਾ ਦਿਮਾਗ ਲਗਾਇਆ।"

ਰਾਬੀਆ ਨਾਜ਼ ਦੱਸਦੀ ਹੈ ਕਿ ਉਨ੍ਹਾਂ ਨੇ ਸਿਲਾਈ ਸਿੱਖੀ ਹੈ ਅਤੇ ਇੰਟਰਨੈੱਟ ਉੱਪਰ ਡਿਜ਼ਾਈਨ ਦੇਖ ਕੇ ਆਪਣੇ ਅਤੇ ਆਪਣੇ ਘਰ ਵਾਲਿਆਂ ਲਈ ਕੱਪੜੇ ਵੀ ਬਣਾਏ ਹਨ। ਇਸ ਸਿਲਾਈ ਦੇ ਸ਼ੌਂਕ ਕਾਰਨ ਉਨ੍ਹਾਂ ਨੇ ਫੈਸ਼ਨ ਇੰਡਸਟਰੀ ਬਾਰੇ ਜਾਣਕਾਰੀ ਹਾਸਿਲ ਕਰ ਕੇ ਫੈਸ਼ਨ ਚੈਨਲ ਸ਼ੁਰੂ ਕੀਤਾ।

ਫੈਸ਼ਨ ਵੀਡੀਓਜ਼ ਦੀ ਤਿਆਰੀ

ਰਾਬੀਆ ਨਾਜ਼ ਹਰ ਰੋਜ਼ ਇੱਕ ਵੀਡੀਓ ਬਣਾਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਵੀਡੀਓ ਦੀ ਤਿਆਰੀ ਤੋਂ ਪਹਿਲਾਂ ਜੋ ਫੈਸ਼ਨ ਚੈਨਲ ਚੱਲ ਰਹੇ ਹਨ, ਉਨ੍ਹਾਂ ਬਾਰੇ ਦੇਖਦੀ ਹੈ ਕਿ ਉਹ ਕੀ ਕਰ ਰਹੇ ਹਨ।

ਉਸ ਤੋਂ ਬਾਅਦ ਉਹ ਦੇਖਦੀ ਹੈ ਕਿ ਜੋ ਔਰਤਾਂ ਦੇ ਕੱਪੜਿਆਂ ਦੇ ਬ੍ਰਾਂਡ ਹਨ ਉਹ ਕਿਸ ਤਰ੍ਹਾਂ ਦੇ ਡਿਜ਼ਾਈਨ ਦਿਖਾ ਰਹੇ ਹਨ ਅਤੇ ਉਨ੍ਹਾਂ ਦੇ ਕੱਪੜਿਆਂ ਦੀ ਕਿਸ ਤਰ੍ਹਾਂ ਦੀ ਕਟਿੰਗ ਹੈ, ਕਿਸ ਤਰ੍ਹਾਂ ਦੇ ਸਟਾਈਲ ਅਤੇ ਫੈਸ਼ਨ ਨੂੰ ਪਸੰਦ ਕੀਤਾ ਜਾ ਰਿਹਾ ਹੈ।

ਇਨ੍ਹਾਂ ਸਾਰੇ ਕੰਮਾਂ ਲਈ ਕਿਸੇ ਮਸ਼ਹੂਰ ਫੈਸ਼ਨ ਕੰਪਨੀ ਕੋਲ ਹਜ਼ਾਰਾਂ ਲੋਕ ਰਹਿੰਦੇ ਹਨ ਪਰ ਰਾਬੀਆ ਆਪਣੇ ਚੈਨਲ ਲਈ 'ਵਨ ਵੂਮੈਨ ਆਰਮੀ' ਹੈ।

ਰਾਬੀਆ ਨਾਜ਼ ਦਾ ਕਹਿਣਾ ਹੈ,''ਪਹਿਲਾਂ ਮੈਂ ਕਈ ਵੈੱਬਸਾਈਟਾਂ ਉੱਪਰ ਜਾ ਕੇ ਤਸਵੀਰਾਂ ਡਾਊਨਲੋਡ ਕਰਦੀ ਹਾਂ ਅਤੇ ਉਸ ਤੋਂ ਬਾਅਦ ਸਕ੍ਰਿਪਟ ਲਿਖਦੀ ਹਾਂ ਕੀ ਬੋਲਣਾ ਕੀ ਹੈ। ਉਸ ਤੋਂ ਬਾਅਦ ਮੈਂ ਵੁਆਇਸਓਵਰ ਕਰਦੀ ਹਾਂ।''

"ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾਫਟਵੇਅਰ ਦੀ ਮਦਦ ਨਾਲ ਮੈਂ ਤਸਵੀਰਾਂ ਨਾਲ ਜੋੜਦੀ ਹਾਂ ਅਤੇ ਐਡਿਟਿੰਗ ਕਰਦੀ ਹਾਂ। ਇਸ ਸਾਰੇ ਕੰਮ ਵਿੱਚ ਦੋ ਤੋਂ ਢਾਈ ਘੰਟੇ ਆਰਾਮ ਨਾਲ ਲੱਗ ਜਾਂਦੇ ਹਨ। ਫਿਰ ਕੰਮ ਪੂਰਾ ਹੋਣ ਤੋਂ ਬਾਅਦ ਮੈਂ ਇਸ ਵੀਡੀਓ ਨੂੰ ਯੂਟਿਊਬ ਉੱਪਰ ਅਪਲੋਡ ਕਰ ਦਿੰਦੀ ਹਾਂ।"

ਆਪਣੇ ਚੈਨਲ ਲਈ ਵੀਡੀਓ ਬਣਾਉਣ ਲਈ ਰਾਬੀਆ ਕੋਲ ਇੱਕ ਆਮ ਸਮਾਰਟਫੋਨ ਹੈ ਜੋ ਅੱਜਕੱਲ੍ਹ ਸ਼ਾਇਦ ਹਰ ਕਿਸੇ ਦੇ ਕੋਲ ਮੌਜੂਦ ਹੁੰਦਾ ਹੈ।

ਉਨ੍ਹਾਂ ਕੋਲ ਨਾ ਆਪਣਾ ਕੰਪਿਊਟਰ ਹੈ ਅਤੇ ਨਾ ਹੀ ਕੋਈ ਟੇਬਲ ਜਾਂ ਕੁਰਸੀ। ਉਹ ਬਸ ਮੰਜੇ ਉੱਪਰ ਬੈਠ ਕੇ ਦੀਵਾਰ ਨਾਲ ਟੇਕ ਲਗਾ ਕੇ ਆਪਣਾ ਕੰਮ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ-

'ਵੀਡੀਓ ਡਿਲੀਟ ਕਰ ਦਿਓ'

ਚੈਨਲ ਸ਼ੁਰੂ ਕਰਨ ਤੋਂ ਬਾਅਦ ਰਾਬੀਆ ਨੂੰ ਮੁਸ਼ਕਿਲ ਸਮੇਂ ਵਿੱਚੋਂ ਲੰਘਣਾ ਪਿਆ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਆਪਣੇ ਚੈਨਲ ਦੀ ਕਾਮਯਾਬੀ ਨੂੰ ਲੈ ਕੇ ਮਾਯੂਸ ਹੋ ਗਈ ਸੀ।

ਫਿਰ ਯੂਟਿਊਬ ਬਾਰੇ ਉਨ੍ਹਾਂ ਦੀ ਇੱਕ ਦੋਸਤ ਨੇ ਉਨ੍ਹਾਂ ਦੀ ਸਹਾਇਤਾ ਕੀਤੀ ਅਤੇ ਇੱਕ ਨਵਾਂ ਰਸਤਾ ਦਿਖਾਇਆ।

ਰਾਬੀਆ ਨਾਜ਼ ਨੇ ਦੱਸਿਆ ਕਿ "ਸ਼ੁਰੂਆਤ ਵਿੱਚ ਮੈਂ ਵੀਡੀਓਜ਼ ਨਾਲ ਸੰਗੀਤ ਵੀ ਲਗਾਉਂਦੀ ਸੀ ਅਤੇ ਜਦੋਂ ਮੈਂ ਤਸਵੀਰ ਦੀ ਵਰਤੋਂ ਕਰਦੀ ਸੀ ਤਾਂ ਉਸ ਨੂੰ ਵੀ ਵਿੱਚ ਜੋੜ ਕੇ ਸੰਗੀਤ ਲਗਾ ਦਿੰਦੀ ਸੀ।''

ਇਹੀ ਕਾਰਨ ਹੈ ਕਿ ਨਾਜ਼ੀਆਂ ਦੇ ਵਿਊਜ਼ ਹਜ਼ਾਰਾਂ ਵਿੱਚ ਹੋ ਗਏ ਪਰ ਉਨ੍ਹਾਂ ਦਾ ਚੈਨਲ ਮੌਨੀਟਾਈਜ਼ ਨਹੀਂ ਹੋ ਪਾ ਰਿਹਾ ਸੀ ਯਾਨੀ ਪੈਸੇ ਨਹੀਂ ਕਮਾ ਪਾ ਰਿਹਾ ਸੀ ਜਿਸ ਕਾਰਨ ਰਾਬੀਆ ਦੀ ਆਪਣੇ ਕੰਮ ਵਿੱਚ ਦਿਲਚਸਪੀ ਘਟਦੀ ਜਾ ਰਹੀ ਸੀ।

ਪਰ ਫਿਰ ਯੂਟਿਊਬ ਉੱਪਰ ਉਨ੍ਹਾਂ ਦੀ ਇੱਕ ਦੋਸਤ ਨੇ ਦੱਸਿਆ ਕਿ "ਜਦੋਂ ਤੱਕ ਉਹ ਵੁਆਇਸਓਵਰ ਨਹੀਂ ਕਰੇਗੀ ਪੈਸੇ ਨਹੀਂ ਬਣਨਗੇ।"

"ਇਹ ਸੁਣ ਕੇ ਮੈਨੂੰ ਬਹੁਤ ਅਫ਼ਸੋਸ ਹੋਇਆ ਕਿ ਇੰਨੇ ਸਮੇਂ ਤੋਂ ਮੈਂ ਵੀਡੀਓ ਬਣਾ ਕੇ ਅਪਲੋਡ ਕਰ ਰਹੀ ਹਾਂ ਪਰ ਹੁਣ ਇਨ੍ਹਾਂ ਨੂੰ ਡਿਲੀਟ ਕਰਨ ਦਾ ਮਤਲਬ ਸੀ ਕਿ ਮੇਰੀ ਸਾਰੀ ਮਿਹਨਤ ਬੇਕਾਰ ਚਲੀ ਜਾਵੇਗੀ।"

ਰਾਬੀਆ ਅੱਗੇ ਦੱਸਦੀ ਹੈ ,"ਪਰ ਮੈਂ ਹਿੰਮਤ ਨਹੀਂ ਹਾਰੀ ਅਤੇ ਤਮਾਮ ਵੀਡੀਓ ਡਿਲੀਟ ਕਰਕੇ ਮੁੜ ਤੋਂ ਵੁਆਇਸਓਵਰ ਕਰਕੇ ਬਣਾਏ ਅਤੇ ਅਪਲੋਡ ਕੀਤੇ। ਇਸ ਪੂਰੇ ਕੰਮ ਤੋਂ ਬਾਅਦ ਵੀਡੀਓ ਦੀ ਮਦਦ ਨਾਲ ਆਮਦਨੀ ਹਾਸਲ ਕਰਨ ਵਿੱਚ ਪੂਰਾ ਸਾਲ ਲੱਗ ਗਿਆ।"

ਯੂਟਿਊਬ ਦੀ ਆਮਦਨੀ ਨਾਲ ਲੋਕ ਹਨ ਹੈਰਾਨ

ਰਾਬੀਆ ਨਾਜ਼ ਜਦੋਂ ਯੂਟਿਊਬ ਉਪਰ ਆਪਣਾ ਚੈਨਲ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀ ਸੀ ਤਾਂ ਉਸ ਵੇਲੇ ਦੁਨੀਆਂ ਵਿੱਚ ਕੋਰੋਨਾਵਾਇਰਸ ਫੈਲ ਚੁੱਕਿਆ ਸੀ ਅਤੇ ਦਫਤਰ ਬੰਦ ਹੋ ਚੁੱਕੇ ਸਨ।

ਰਾਬੀਆ ਨੇ ਦੱਸਿਆ ਕਿ ਕੋਵਿਡ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

"ਜਦੋਂ ਯੂਟਿਊਬ ਕਿਸੇ ਦਾ ਚੈਨਲ ਮੌਨੀਟਾਈਜ਼ ਕਰਦਾ ਹੈ ਤਾਂ ਡਾਕ ਦੇ ਜ਼ਰੀਏ ਇੱਕ ਕੋਡ ਭੇਜਦਾ ਹੈ ਜਿਸ ਦੀ ਸਹਾਇਤਾ ਨਾਲ ਪੈਸੇ ਮਿਲਦੇ ਹਨ। ਮੇਰਾ ਉਹ ਕੋਡ ਨਹੀਂ ਆ ਰਿਹਾ ਸੀ।''

''ਅਸੀਂ ਆਪਣੇ ਨੇੜਲੇ ਡਾਕਘਰ ਦੇ ਕਈ ਚੱਕਰ ਲਗਾਏ ਪਰ ਉਹ ਕੋਡ ਸਾਡੇ ਕੋਲ ਨਹੀਂ ਆਇਆ। ਇਸ ਤੋਂ ਬਾਅਦ ਮੈਂ ਮਦਦ ਲਈ ਯੂਟਿਊਬ ਨੂੰ ਈਮੇਲ ਕੀਤਾ ਤਾਂ ਉਨ੍ਹਾਂ ਨੇ ਮੇਰੇ ਪਛਾਣ ਪੱਤਰ ਨੂੰ ਸਵੀਕਾਰ ਕਰਦੇ ਹੋਏ ਮੇਰੇ ਵਾਸਤੇ ਪੈਸੇ ਜਾਰੀ ਕੀਤੇ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਯੂਟਿਊਬ ਪਛਾਣ ਸਾਬਿਤ ਹੋਣ ਤੋਂ ਬਾਅਦ ਅਗਲੀ ਚੁਣੌਤੀ ਬੈਂਕ ਵਿੱਚ ਖਾਤੇ ਦੀ ਸੀ ਅਤੇ ਇਹ ਵੀ ਕੋਈ ਸੌਖਾ ਨਹੀਂ ਰਿਹਾ।

ਰਾਬੀਆ ਨਾਜ਼ ਨੇ ਦੱਸਿਆ ਕਿ ਜਦੋਂ ਉਹ ਆਪਣੇ ਇਲਾਕੇ ਦੀ ਤਹਿਸੀਲ ਹੈੱਡਕੁਆਰਟਰ ਪੀਰ ਜੋ ਗੋਠ ਦੇ ਨਿੱਜੀ ਬੈਂਕ ਵਿੱਚ ਆਪਣਾ ਖਾਤਾ ਖੁਲ੍ਹਵਾਉਣ ਪਹੁੰਚੀ ਤਾਂ ਬੈਂਕ ਮੈਨੇਜਰ ਨੇ ਇਸ ਦਾ ਕਾਰਨ ਪੁੱਛਿਆ।

ਜਦੋਂ ਰਾਬੀਆ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਕੋਲ ਬਾਹਰ ਤੋਂ ਪੈਸੇ ਆਉਣਗੇ ਅਤੇ ਯੂਟਿਊਬ ਇਹ ਪੈਸੇ ਭੇਜੇਗਾ ਤਾਂ ਬੈਂਕ ਮੈਨੇਜਰ ਨੂੰ ਹੈਰਾਨੀ ਹੋਈ। ਉਨ੍ਹਾਂ ਨੇ ਰਾਬੀਆ ਨੂੰ ਕਿਹਾ ਕਿ ਯੂਟਿਊਬ ਰਾਹੀਂ ਕਿਸ ਤਰ੍ਹਾਂ ਆਮਦਨੀ ਸੰਭਵ ਹੈ ਅਤੇ ਉਨ੍ਹਾਂ ਨੇ ਕਦੇ ਨਹੀਂ ਸੁਣਿਆ ਕਿ ਯੂਟਿਊਬ ਪੈਸੇ ਵੀ ਦਿੰਦਾ ਹੈ।

ਰਾਬੀਆ ਨੇ ਮੈਨੇਜਰ ਨੂੰ ਕਿਹਾ ਕਿ "ਤੁਸੀਂ ਬਸ ਅਕਾਉਂਟ ਖੋਲ੍ਹੋ,ਪੈਸੇ ਆ ਜਾਣਗੇ ਅਤੇ ਜਦੋਂ ਪੈਸੇ ਆਏ ਤਾਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ।"

'ਚਾਲੀ ਤੋਂ ਪੰਜਾਹ ਹਜ਼ਾਰ ਰੁਪਏ ਮਹੀਨਾ ਆਮਦਨੀ'

ਰਾਬੀਆ ਨਾਜ਼ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਚੈਨਲ ਰਾਹੀਂ ਮਹੀਨੇ ਵਿੱਚ ਚਾਲੀ ਤੋਂ ਪੰਜਾਹ ਹਜ਼ਾਰ ਰੁਪਏ ਦੀ ਆਮਦਨੀ ਹੋ ਜਾਂਦੀ ਹੈ।

ਇਸ ਪੈਸੇ ਦੀ ਮਦਦ ਨਾਲ ਉਨ੍ਹਾਂ ਨੇ ਆਪਣੇ ਲਈ ਦੋ ਕਮਰਿਆਂ ਦਾ ਘਰ ਬਣਵਾਇਆ ਹੈ ਜਿਸ ਦਾ ਨਿਰਮਾਣ ਕਾਰਜ ਹਾਲੇ ਜਾਰੀ ਹੈ। ਫਿਲਹਾਲ ਛੱਤ ਅਤੇ ਕੰਧਾਂ ਬਣ ਚੁੱਕੀਆਂ ਹਨ।

ਰਾਬੀਆ ਮੁਤਾਬਿਕ, ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਆਪਣਾ ਘਰ ਹੋਵੇ ਅਤੇ ਉਹ ਆਪਣੇ ਪਿੰਡ ਦੀ ਪਹਿਲੀ ਅਜਿਹੀ ਕੁੜੀ ਹੈ ਜਿਸ ਨੇ ਆਪਣਾ ਘਰ ਖੁਦ ਬਣਵਾਇਆ ਹੈ।

ਰਾਬੀਆ ਨਾਜ਼ ਸਾਂਝੇ ਪਰਿਵਾਰ ਵਿੱਚ ਰਹਿੰਦੀ ਹੈ। ਉਸ ਦੇ ਨਾਲ ਉਸ ਦੇ ਚਾਚਾ ਅਤੇ ਖਾਨਦਾਨ ਦੇ ਕੁਝ ਹੋਰ ਲੋਕ ਵੀ ਪਰਿਵਾਰ ਦਾ ਹਿੱਸਾ ਹਨ।

ਰਾਬੀਆ ਮੁਤਾਬਕ ਉਨ੍ਹਾਂ ਦੇ ਇਲਾਕੇ ਵਿੱਚ ਜ਼ਿਆਦਾਤਰ ਔਰਤਾਂ ਅਨਪੜ੍ਹ ਹਨ। ਕੁਝ ਔਰਤਾਂ ਖੇਤੀਬਾੜੀ ਖੇਤਰ ਵਿੱਚ ਹਨ। ਜਿਨ੍ਹਾਂ ਵਿਚੋਂ ਕੁਝ ਪੜ੍ਹਾਈ ਲਿਖਾਈ ਨਾਲ ਜੁੜੀਆਂ ਹਨ ਪਰ ਜ਼ਿਆਦਾਤਰ ਔਰਤਾਂ ਨੂੰ ਯੂਟਿਊਬ ਦੇ ਬਾਰੇ ਨਹੀਂ ਪਤਾ।

"ਮੇਰੀਆਂ ਹਮਉਮਰ ਸਹੇਲੀਆਂ ਨੂੰ ਜਦੋਂ ਮੈਂ ਦੱਸਿਆ ਕਿ ਮੈਂ ਇੱਕ ਯੂਟਿਊਬ ਚੈਨਲ ਬਣਾਇਆ ਹੈ ਅਤੇ ਮੈਨੂੰ ਆਮਦਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਪਿੰਡ ਵਿੱਚ ਘਰੇ ਬੈਠ ਕੇ ਕੋਈ ਇਸ ਤਰ੍ਹਾਂ ਪੈਸੇ ਕਮਾ ਸਕਦਾ ਹੈ।"

ਬਿਜਲੀ ਅਤੇ ਇੰਟਰਨੈੱਟ

ਪਾਕਿਸਤਾਨ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਇੰਟਰਨੈੱਟ ਤੱਕ ਪਹੁੰਚ ਰੱਖਣ ਵਾਲੇ ਲੋਕਾਂ ਦੀ ਸੰਖਿਆ ਛੇ ਕਰੋੜ ਤੋਂ ਥੋੜ੍ਹੀ ਜ਼ਿਆਦਾ ਹੈ। ਡੇਟਾ ਪੋਰਟਲ ਡਾਟ ਕਾਮ ਮੁਤਾਬਕ ਜਨਵਰੀ 2021 ਤੱਕ ਇਨ੍ਹਾਂ ਵਿੱਚੋਂ ਸਾਢੇ ਤਿੰਨ ਕਰੋੜ ਲੋਕ ਯੂਟਿਊਬ ਦਾ ਇਸਤੇਮਾਲ ਕਰ ਰਹੇ ਹਨ।

ਪਾਕਿਸਤਾਨ ਸਥਿਤ ਟੈਲੀਕਾਮ ਕੰਪਨੀਆਂ ਵੱਲੋਂ 3ਜੀ ਅਤੇ 4ਜੀ ਤਕਨੀਕ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਛੇ ਤੋਂ ਅੱਠ ਘੰਟੇ ਬਿਜਲੀ ਗੁੱਲ ਹੀ ਰਹਿੰਦੀ ਹੈ।

ਰਾਬੀਆ ਨਾਜ਼ ਦਾ ਕਹਿਣਾ ਹੈ ਕਿ ਬਿਜਲੀ ਅਤੇ ਇੰਟਰਨੈੱਟ ਦਾ ਕੋਈ ਭਰੋਸਾ ਹੀ ਨਹੀਂ ਹੈ। ਉਨ੍ਹਾਂ ਦੇ ਆਪਣੇ ਪਿੰਡ ਵਿੱਚ ਵੀ ਕਦੀ ਬਿਜਲੀ ਨਹੀਂ ਰਹਿੰਦੀ ਹੈ ਅਤੇ ਕਦੇ ਇੰਟਰਨੈੱਟ ਨਹੀਂ ਚਲਦਾ ਹੈ।

ਉਹ ਰਾਤ ਨੂੰ ਮੋਬਾਇਲ ਚਾਰਜ ਕਰਨ ਤੋਂ ਬਾਅਦ ਵੀਡੀਓ ਬਣਾ ਲੈਂਦੀ ਹੈ ਅਤੇ ਜਿਵੇਂ ਹੀ ਇੰਟਰਨੈੱਟ ਚਲਦਾ ਹੈ ਅਤੇ ਸਪੀਡ ਬਿਹਤਰ ਹੁੰਦੀ ਹੈ ਤਾਂ ਆਪਣੇ ਵੀਡੀਓ ਅਪਲੋਡ ਕਰ ਦਿੰਦੀ ਹੈ।

ਇੰਟਰਨੈੱਟ ਸਰਫਿੰਗ ਅਤੇ ਵੀਡੀਓ ਦੀ ਤਿਆਰੀ ਤੋਂ ਇਲਾਵਾ ਘਰ ਦੇ ਕੰਮਕਾਜ ਵੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਸ਼ਾਮਿਲ ਹਨ।

ਰਾਬੀਆ ਨਾਜ਼ ਆਖਦੀ ਹੈ,"ਕੁੜੀਆਂ ਨੂੰ ਕਦੇ ਵੀ ਘਰ ਦਾ ਕੰਮ ਮਾਫ਼ ਨਹੀਂ ਹੁੰਦਾ,ਚਾਹੇ ਉਹ ਵਿਆਹੀਆਂ ਹੋਣ ਜਾਂ ਫਿਰ ਕੁਆਰੀਆਂ।"

"ਇਹ ਛੂਟ ਮੁੰਡਿਆਂ ਲਈ ਹੁੰਦੀ ਹੈ ਕਿ ਜੇਕਰ ਕਮਾਈ ਕਰਕੇ ਆਇਆ ਹੈ ਤਾਂ ਬਿਠਾ ਕੇ ਉਸ ਨੂੰ ਖਵਾਓ। ਕੁੜੀਆਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ।''

ਉਨ੍ਹਾਂ ਨੂੰ ਆਪਣੇ ਹਿੱਸੇ ਦਾ ਕੰਮ ਕਰਨਾ ਪੈਂਦਾ ਹੈ ਅਤੇ ਮੈਂ ਵੀ ਆਪਣੀਆਂ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਵੀਡੀਓ ਬਣਾਉਂਦੀ ਹਾਂ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)