You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਵੈਕਸੀਨ : ਚੀਨ ਦੇ ਦੂਸਰੇ ਟੀਕੇ ਨੂੰ WHO ਦੀ ਮਨਜ਼ੂਰੀ, ਸਿਨੋਵੈਕ ਵਿੱਚ ਕੀ ਹੈ ਖਾਸ
ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਵਾਸਤੇ ਚੀਨ ਵਿੱਚ ਬਣੇ ਇੱਕ ਹੋਰ ਟੀਕੇ ਨੂੰ ਅਪਾਤਕਾਲੀਨ ਵਰਤੋਂ ਵਾਸਤੇ ਮਨਜ਼ੂਰੀ ਦੇ ਦਿੱਤੀ ਹੈ।ਇਹ ਟੀਕਾ ਚੀਨ ਦੀ ਫਾਰਮਾ ਕੰਪਨੀ ਸਿਨੋਵੈਕ ਨੇ ਤਿਆਰ ਕੀਤਾ ਹੈ।
ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਸਿਨੋਫਾਰਮਾ ਦੇ ਟੀਕੇ ਨੂੰ ਵੀ ਹਰੀ ਝੰਡੀ ਦੇ ਦਿੱਤੀ ਸੀ।
ਵਿਸ਼ਵ ਸਿਹਤ ਸੰਗਠਨ ਨੇ ਤਮਾਮ ਦੇਸਾਂ ਦੀਆਂ ਏਜੰਸੀਆਂ ਅਤੇ ਭਾਈਚਾਰਿਆਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਟੀਕਾ ਸੁਰੱਖਿਆ ਅਤੇ ਪ੍ਰਭਾਵ ਦੇ ਲਿਹਾਜ਼ ਨਾਲ ਅੰਤਰਰਾਸ਼ਟਰੀ ਮਾਪਦੰਡਾ ਉਪਰ ਖਰਾ ਉਤਰਦਾ ਹੈ।
ਇਹ ਵੀ ਪੜ੍ਹੋ-
ਇਸ ਟੀਕੇ ਨੂੰ ਐਮਰਜੈਂਸੀ ਹਾਲਾਤ ਲਈ ਮਨਜ਼ੂਰੀ ਮਿਲਣ ਨਾਲ ਹੁਣ ਇਸ ਦਾ ਇਸਤੇਮਾਲ ਕੋਵੈਕਸ ਪ੍ਰੋਗਰਾਮ ਤਹਿਤ ਵੀ ਕੀਤਾ ਜਾ ਸਕੇਗਾ ,ਜਿਸ ਦਾ ਟੀਚਾ ਸਮਾਨ ਰੂਪ ਵਿੱਚ ਸਾਰੇ ਦੇਸਾਂ ਨੂੰ ਟੀਕਾ ਉਪਲੱਬਧ ਕਰਵਾਉਣਾ ਹੈ ।
ਇਹ ਵੈਕਸੀਨ ਹਾਲਾਂਕਿ ਪਹਿਲਾਂ ਹੀ ਕਈ ਦੇਸਾਂ ਵਿੱਚ ਇਸਤੇਮਾਲ ਹੋ ਰਹੀ ਹੈ।18 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਨੂੰ ਲੈ ਸਕਦੇ ਹਨ ਅਤੇ ਇਸ ਦੀਆਂ ਵੀ ਦੋ ਡੋਜ਼ ਲੈਣੀਆਂ ਹੋਣਗੀਆਂ।ਪਹਿਲੀ ਅਤੇ ਦੂਸਰੀ ਡੋਜ਼ ਵਿਚਕਾਰ ਦੋ ਤੋਂ ਚਾਰ ਹਫ਼ਤੇ ਦਾ ਸਮਾਂ ਹੋ ਸਕਦਾ ਹੈ।
ਅਧਿਐਨ ਰਿਪੋਰਟ ਕਿਹੋ ਜਿਹੀ
ਵਿਸ਼ਵ ਸਿਹਤ ਸੰਗਠਨ ਅਨੁਸਾਰ ਐਮਰਜੈਂਸੀ ਮਨਜ਼ੂਰੀ ਦਾ ਮਤਲਬ ਹੈ ਕਿ ਇਹ ਵੈਕਸੀਨ ਸੁਰੱਖਿਆ ਪ੍ਰਭਾਵ ਅਤੇ ਉਤਪਾਦਨ ਵਾਸਤੇ ਸਾਰੇ ਅੰਤਰਰਾਸ਼ਟਰੀ ਮਾਣਕਾਂ ਨੂੰ ਪੂਰਾ ਕਰਦੀ ਹੈ।
ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਿਨੋਵੈਕ ਵੈਕਸੀਨ ਲਗਾਈ ਗਈ ਸੀ ਉਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਲੋਕਾਂ ਵਿਚ ਬਿਮਾਰੀ ਦੇ ਲੱਛਣ ਨਹੀਂ ਆਏ।
ਵੈਕਸੀਨ ਲੈਣ ਵਾਲੇ ਜਿਨ੍ਹਾਂ ਲੋਕਾਂ ਉੱਪਰ ਅਧਿਐਨ ਕੀਤਾ ਗਿਆ ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਗੰਭੀਰ ਲੱਛਣ ਨਹੀਂ ਆਏ ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਨਹੀਂ ਪਈ।
ਇਸ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਕੋਵੈਕਸ ਪ੍ਰੋਗ੍ਰਾਮ ਨੂੰ ਮਜ਼ਬੂਤੀ ਮਿਲੇਗੀ ਜੋ ਕਿ ਫ਼ਿਲਹਾਲ ਵੈਕਸੀਨ ਅਪੂਰਤੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਸਿਹਤ ਨਾਲ ਸਬੰਧਤ ਉਤਪਾਦਾਂ ਲਈ ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਮਹਾਂਨਿਰਦੇਸ਼ਕ ਡਾ ਮਰੀਆਜੇਲ੍ਹਾ ਸਮਾਓ ਨੇ ਕਿਹਾ,"ਦੁਨੀਆਂ ਨੂੰ ਕੋਵਿਡ-19 ਦੇ ਕਈ ਟੀਕਿਆਂ ਦੀ ਲੋੜ ਹੈ ਤਾਂ ਕਿ ਪੂਰੀ ਦੁਨੀਆ ਵਿਚ ਮੌਜੂਦ ਨਾ ਬਰਾਬਰੀ ਨੂੰ ਦੂਰ ਕੀਤਾ ਜਾ ਸਕੇ।ਅਸੀਂ ਦਵਾਈ ਬਣਾਉਣ ਵਾਲੇ ਨੂੰ ਅਪੀਲ ਕਰਦੇ ਹਾਂ ਕਿ ਉਹ ਕੋਵੈਕਸ ਵਿੱਚ ਸਾਂਝੇਦਾਰੀ ਕਰਨ ਆਪਣੀ ਜਾਣਕਾਰੀ ਅਤੇ ਡਾਟਾ ਸਾਂਝਾ ਕਰਨ ਤਾਂ ਕਿ ਇਸ ਮਹਾਂਮਾਰੀ ਉਤੇ ਕਾਬੂ ਪਾਇਆ ਜਾ ਸਕੇ।"
ਵੈਕਸੀਨ ਦੀ ਸੰਸਾਰਿਕ ਕੋਵੈਕਸ ਸਾਂਝੇਦਾਰੀ ਵਾਸਤੇ ਵਿਸ਼ਵ ਸਿਹਤ ਸੰਗਠਨ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਤਾਂ ਹੀ ਟੀਕੇ ਦੀ ਸਪਲਾਈ ਹੋ ਸਕਦੀ ਹੈ।
ਕਈ ਦੇਸਾਂ ਨੂੰ ਦੇ ਰਿਹਾ ਹੈ ਚੀਨ ਵੈਕਸੀਨ
ਚੀਨ ਦੇ ਨਾਲ-ਨਾਲ ਚਿੱਲੀ, ਬ੍ਰਾਜ਼ੀਲ, ਇੰਡੋਨੇਸ਼ੀਆ, ਮੈਕਸੀਕੋ, ਥਾਈਲੈਂਡ ਅਤੇ ਤੁਰਕੀ ਸਮੇਤ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਇਹ ਵੈਕਸੀਨ ਦਿੱਤੀ ਜਾ ਰਹੀ ਹੈ।
ਵੈਕਸੀਨ ਬਣਾਉਣ ਵਾਲੀ ਕੰਪਨੀ ਸਿਨੋਵੈਕ ਦਾ ਕਹਿਣਾ ਹੈ ਕਿ ਉਸ ਨੇ ਮਈ ਮਹੀਨੇ ਦੇ ਅੰਤ ਤਕ ਦੇਸ਼ ਅਤੇ ਵਿਦੇਸ਼ ਵਿੱਚ ਤਕਰੀਬਨ ਸੱਠ ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਹਨ।
ਸਿਨੋਵੈਕ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਇੱਕ ਸਟੈਂਡਰਡ ਰੈਫਰੀਜਰੇਟਰ ਵਿੱਚ ਦੋ ਤੋਂ ਅੱਠ ਡਿਗਰੀ ਸੈਲਸੀਅਸ ਤਾਪਮਾਨ ਵਿੱਚ ਸਟੋਰ ਕੀਤਾ ਜਾ ਸਕਦਾ ਹੈ।
ਇਸ ਦਾ ਸਿੱਧਾ ਮਤਲਬ ਹੈ ਕਿ ਇਹ ਵੈਕਸੀਨ ਵਿਕਾਸਸ਼ੀਲ ਦੇਸ਼ਾਂ ਲਈ ਕਾਫ਼ੀ ਸਹਾਈ ਸਾਬਿਤ ਹੋ ਸਕਦੀ ਹੈ। ਬਹੁਤ ਸਾਰੇ ਦੇਸ਼ ਬੇਹੱਦ ਘੱਟ ਤਾਪਮਾਨ ਵਿੱਚ ਵੈਕਸੀਨ ਸਟੋਰ ਕਰਨ ਦੀ ਸਮਰੱਥਾ ਨਹੀਂ ਰੱਖਦੇ।
ਇਹ ਮਨਜ਼ੂਰੀ ਅਜਿਹੇ ਸਮੇਂ ਮਿਲੀ ਹੈ ਜਦੋਂ ਵਿਸ਼ਵ ਸਿਹਤ ਸੰਗਠਨ, ਵਿਸ਼ਵ ਵਪਾਰ ਸੰਗਠਨ, ਅੰਤਰਰਾਸ਼ਟਰੀ ਮੁਦਰਾਕੋਸ਼ ਅਤੇ ਵਿਸ਼ਵ ਬੈਂਕ ਦੇ ਪ੍ਰਮੁੱਖਾਂ ਵੱਲੋਂ ਮਹਾਂਮਾਰੀ ਨੂੰ ਖ਼ਤਮ ਕਰਨ ਵਾਸਤੇ ਸਹਾਇਤਾ ਦੇ ਤੌਰ ਤੇ 50 ਅਰਬ ਡਾਲਰ ਨਿਵੇਸ਼ ਦੀ ਅਪੀਲ ਕੀਤੀ ਗਈ ਹੈ।
ਇਕ ਸਾਂਝੇ ਬਿਆਨ ਵਿੱਚ ਇਨ੍ਹਾਂ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਨੇ ਕਿਹਾ ਹੈ ਕਿ ਦੁਨੀਆਂ ਇੱਕ ਖ਼ਤਰਨਾਕ ਪੱਧਰ ਉੱਪਰ ਪਹੁੰਚ ਗਈ ਹੈ ਅਤੇ ਟੀਕੇ ਦੀ ਪਹੁੰਚ ਵਿਚ ਨਾ-ਬਰਾਬਰੀ ਨੇ ਮਹਾਂਮਾਰੀ ਨੂੰ ਹੋਰ ਵਧਾਇਆ ਹੈ। ਇਸ ਦੀ ਕਮੀ ਕਾਰਨ ਕਈ ਲੋਕਾਂ ਨੇ ਆਪਣੀ ਜਾਨ ਗਵਾਈ ਹੈ।
ਇਨ੍ਹਾਂ ਸੰਸਥਾਵਾਂ ਨੇ ਵੈਕਸੀਨ ਉਤਪਾਦਨ, ਆਕਸੀਜਨ ਅਪੂਰਤੀ ਅਤੇ ਕੋਵਿਡ ਦੇ ਇਲਾਜ ਲਈ ਵਿੱਤੀ ਨਿਵੇਸ਼ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਦਾ ਭਰੋਸਾ ਵੀ ਦਿੱਤਾ ਹੈ ਕਿ ਇਹ ਮਦਦ ਬਰਾਬਰ ਰੂਪ ਵਿੱਚ ਵੰਡੀ ਜਾਵੇਗੀ।
ਉਨ੍ਹਾਂ ਨੇ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਕਾਸਸ਼ੀਲ ਅਤੇ ਗ਼ਰੀਬ ਦੇਸ਼ਾਂ ਨੂੰ ਤੁਰੰਤ ਟੀਕੇ ਦੀ ਖ਼ੁਰਾਕ ਦਾਨ ਕਰਨ।
ਇਹ ਵੀ ਪੜ੍ਹੋ: