ਕਿਵੇਂ ਇਸ ਪ੍ਰੋਟੀਨ ਦੀ ਮਦਦ ਨਾਲ ਇੱਕ ਵਿਅਕਤੀ ਦੀ ਨਜ਼ਰ ਹੋਈ ਅੰਸ਼ਿਕ ਤੌਰ 'ਤੇ ਬਹਾਲ

    • ਲੇਖਕ, ਜੇਮਜ਼ ਗੈਲਾਹਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ

ਪਹਿਲੀ ਵਾਰ ਐਲਗੀ 'ਚ ਪਾਏ ਗਏ ਚਾਣਨ-ਸੰਵੇਦਕ ਪ੍ਰੋਟੀਨ ਦੀ ਵਰਤੋਂ ਕਰਕੇ ਪੂਰੀ ਤਰ੍ਹਾਂ ਨਾਲ ਅੰਨ੍ਹੇ ਵਿਅਕਤੀ ਦੀ ਨਜ਼ਰ ਨੂੰ ਮੁੜ ਬਹਾਲ ਕੀਤਾ ਗਿਆ ਹੈ।

ਉਸ ਵਿਅਕਤੀ ਦਾ ਇਲਾਜ ਓਪਟੋਜੈਨੇਟਿਕਸ ਨਾਮੀ ਥੈਰੇਪੀ ਦੀ ਮਦਦ ਨਾਲ ਕੀਤਾ ਗਿਆ ਹੈ, ਜਿਸ 'ਚ ਪ੍ਰੋਟੀਨ ਦੀ ਵਰਤੋਂ ਕਰਕੇ ਉਸ ਆਦਮੀ ਦੀ ਅੱਖ ਦੇ ਪਿਛਲੇ ਹਿੱਸੇ ਦੇ ਸੈੱਲਾਂ ਨੂੰ ਕੰਟਰੋਲ 'ਚ ਕੀਤਾ ਗਿਆ।

ਨੇਚਰ ਮੈਡੀਸਨ ਦੀਆਂ ਰਿਪੋਰਟਾਂ ਅਨੁਸਾਰ ਉਸ ਨੂੰ ਉਸ ਸਮੇਂ ਅਹਿਸਾਸ ਹੋਇਆ ਕਿ ਉਹ ਵੇਖ ਸਕਦਾ ਹੈ ਜਦੋਂ ਉਸ ਨੇ ਸੜਕ 'ਤੇ ਪੈਦਲ ਯਾਤਰੀਆਂ ਲਈ ਬਣੀਆਂ ਧਾਰੀਆਂ ਨੂੰ ਵੇਖਿਆ ਸੀ। ਹੁਣ ਉਹ ਵਿਅਕਤੀ ਮੇਜ 'ਤੇ ਪਈਆਂ ਚੀਜ਼ਾਂ ਨੂੰ ਫੜ੍ਹ ਅਤੇ ਗਿਣ ਵੀ ਸਕਦਾ ਹੈ।

ਇਸ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਇਸ ਬਾਰੇ ਇਹ ਜਾਣਕਾਰੀ ਮਿਲੀ ਹੈ ਕਿ ਇਹ ਫਰਾਂਸ ਦੇ ਬ੍ਰਿਟੇਨੀ ਦਾ ਵਸਨੀਕ ਹੈ ਅਤੇ ਪੈਰਿਸ 'ਚ ਉਸ ਦਾ ਇਲਾਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

ਉਹ ਰੈਟਿਨਾਇਟਿਸ ਪਿਗਮੈਂਟੋਸਾ ਨਾਂਅ ਦੀ ਬਿਮਾਰੀ ਦਾ ਸ਼ਿਕਾਰ ਸੀ। ਇਸ ਬਿਮਾਰੀ 'ਚ ਰੈਟੀਨਾ ਦੀ ਸਤਹਿ 'ਤੇ ਲਾਈਟ-ਸੰਵੇਦਨ ਸੈੱਲ ਖ਼ਤਮ ਹੋ ਜਾਂਦੇ ਹਨ।

ਵਿਸ਼ਵ ਭਰ 'ਚ ਇਸ ਬਿਮਾਰੀ ਨਾਲ 20 ਲੱਖ ਤੋਂ ਵੀ ਵੱਧ ਲੋਕ ਪ੍ਰਭਾਵਿਤ ਹੁੰਦੇ ਹਨ, ਹਾਲਾਂਕਿ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਨਹੀਂ ਜਾਂਦੀ ਹੈ।

ਬਹੁਤ ਘੱਟ ਮਾਮਲਿਆਂ 'ਚ ਅੰਨ੍ਹੇਪਨ ਦੀ ਸਥਿਤੀ ਬਣਦੀ ਹੈ। ਇਸ ਵਿਅਕਤੀ ਨੂੰ ਪਿਛਲੇ ਦੋ ਦਹਾਕਿਆਂ ਤੋਂ ਨਜ਼ਰ ਨਹੀਂ ਆ ਰਿਹਾ ਸੀ।

ਉਸ ਦਾ ਇਲਾਜ ਓਪਟੋਜੈਨੇਟਿਕਸ ਨਾਲ ਕੀਤਾ ਗਿਆ, ਜੋ ਕਿ ਮੈਡੀਸਨ ਦੇ ਖੇਤਰ 'ਚ ਇਕ ਨਵੀਂ ਵਿਧੀ ਹੈ, ਪਰ ਇਹ ਲੰਮੇ ਸਮੇਂ ਤੋਂ ਮੌਲਿਕ ਨਿਊਰੋਸਾਇੰਸ ਦਾ ਮੁੱਖ ਹਿੱਸਾ ਰਿਹਾ ਹੈ।

ਇਹ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਸਹੀ ਢੰਗ ਨਾਲ ਕੰਟਰੋਲ ਕਰਨ ਲਈ ਰੌਸ਼ਨੀ ਦੀ ਵਰਤੋਂ ਕਰਦਾ ਹੈ ਅਤੇ ਵਿਗਿਆਨੀਆਂ ਵੱਲੋਂ ਉਸ ਦੀ ਇਕ ਅੱਖ ਦੀ ਵੇਖਣ ਦੀ ਯੋਗਤਾ ਨੂੰ ਬਹਾਲ ਕਰਨ ਲਈ ਇਸ ਦੀ ਵਰਤੋਂ ਕੀਤੀ ਗਈ ਹੈ।

ਇਹ ਤਕਨੀਕ ਐਲਗੀ ਤੋਂ ਪੈਦਾ ਪ੍ਰੋਟੀਨ 'ਤੇ ਅਧਾਰਿਤ ਹੁੰਦੀ ਹੈ, ਜਿਸ ਨੂੰ ਚੈਨਲਰੋਡੋਪਿਨਸ ਕਿਹਾ ਜਾਂਦਾ ਹੈ। ਇਹ ਰੌਸ਼ਨੀ ਦੇ ਜਵਾਬ 'ਚ ਉਨ੍ਹਾਂ ਦੇ ਵਿਵਹਾਰ 'ਚ ਪਰਿਵਰਤਨ ਲਿਆਉਂਦਾ ਹੈ। ਰੋਗਾਣੂ ਇੰਨ੍ਹਾਂ ਦੀ ਵਰਤੋਂ ਰੌਸ਼ਨੀ ਵੱਲ ਜਾਣ ਲਈ ਕਰਦੇ ਹਨ।

ਇਸ ਇਲਾਜ ਦਾ ਪਹਿਲਾ ਕਦਮ ਜੀਨ ਥੈਰੇਪੀ ਹੁੰਦਾ ਹੈ। ਰੋਡੋਪਿਨਸ ਨੂੰ ਬਣਾਉਣ ਲਈ ਜੈਨੇਟਿਕ ਨਿਰਦੇਸ਼ ਐਲਗੀ ਤੋਂ ਲਏ ਗਏ ਸਨ ਅਤੇ ਉਸ ਦੀ ਅੱਖ ਦੇ ਪਿਛਲੇ ਪਾਸੇ ਰੈਟਿਨਾ ਦੀਆਂ ਡੂੰਗੀਆਂ ਪਰਤਾਂ 'ਚ ਮੌਜੂਦ ਸੈੱਲਾਂ ਨੂੰ ਦਿੱਤੇ ਗਏ ਸਨ।

ਫਿਰ ਜਦੋਂ ਉਨ੍ਹਾਂ ਦੀ ਰੌਸ਼ਨੀ ਨਾਲ ਟੱਕਰ ਕੀਤੀ ਜਾਂਦੀ ਸੀ ਤਾਂ ਉਹ ਦਿਮਾਗ ਨੂੰ ਇਕ ਬਿਜਲੀ ਸੰਕੇਤ ਭੇਜ ਦਿੰਦੇ ਸਨ।

ਹਾਲਾਂਕਿ, ਉਹ ਸਿਰਫ ਐਂਬਰ ਪ੍ਰਕਾਸ਼ ਦੇ ਲਈ ਹੀ ਪ੍ਰਤੀਕਿਰਿਆ ਦੇਣਗੇ, ਇਸ ਲਈ ਮਰੀਜ਼ ਨੇ ਦੋ ਐਨਕਾਂ ਲਗਾਈਆਂ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਅੱਗੇ ਵਾਲੀ ਐਨਕ ਦੇ ਨਾਲ ਵੀਡੀਓ ਕੈਮਰਾ ਸੀ ਅਤੇ ਪਿਛਲੀ ਐਨਕ ਦੇ ਨਾਲ ਪ੍ਰੋਜੈਕਟਰ ਲੱਗਿਆ ਹੋਇਆ ਸੀ ਤਾਂ ਜੋ ਅਸਲ ਦੁਨੀਆਂ 'ਚ ਘਟ ਰਹੀਆਂ ਘਟਨਾਵਾਂ ਨੂੰ ਵੇਖਿਆ ਜਾ ਸਕੇ।

ਅੱਖ 'ਚ ਰੋਡੋਪਿਨਸ ਦੇ ਬਣਨ ਅਤੇ ਦਿਮਾਗ ਨੂੰ ਵੇਖਣ ਲਈ ਨਵੀਂ ਭਾਸ਼ਾ ਸਿੱਖਣ 'ਚ ਕਾਫ਼ੀ ਲੰਮਾ ਸਮਾਂ ਲੱਗਿਆ ਸੀ।

'ਅਸੀਂ ਸਾਰੇ ਬਹੁਤ ਉਤਸ਼ਾਹਿਤ ਸੀ'

ਅੱਖ ਦੀ ਨਜ਼ਰ ਬਹਾਲ ਹੋਣ ਦਾ ਪਹਿਲਾ ਸੰਕੇਤ ਉਸ ਸਮੇਂ ਮਿਲਿਆ ਜਦੋਂ ਉਹ ਵਿਅਕਤੀ ਸੈਰ ਲਈ ਬਾਹਰ ਘੁੰਮ ਰਿਹਾ ਸੀ ਅਤੇ ਅਚਾਨਕ ਉਸ ਨੂੰ ਪੈਡਸਟਰੇਨ ਕਰੋਸਿੰਗ ਦੀਆਂ ਧਾਰੀਆਂ ਵਿਖਣੀਆਂ ਸ਼ੁਰੂ ਹੋਈਆਂ।

ਪੈਰਿਸ ਦੇ ਇੰਸਟੀਚਿਊਟ ਆਫ਼ ਵਿਜ਼ਨ ਦੇ ਡਾ. ਜੋਸ ਅਲੇਨ ਸਹਿਲ ਨੇ ਕਿਹਾ, "ਸ਼ੁਰੂ 'ਚ ਇਹ ਮਰੀਜ਼ ਕੁਝ ਨਿਰਾਸ਼ ਹੋ ਗਿਆ ਸੀ, ਕਿਉਂਕਿ ਇਸ ਪੂਰੀ ਵਿਧੀ 'ਚ ਬਹੁਤ ਸਮਾਂ ਲੱਗ ਰਿਹਾ ਸੀ। ਟੀਕਾ ਲਗਾਉਣ ਅਤੇ ਉਸ ਦੀ ਨਜ਼ਰ ਬਹਾਲ ਹੋਣ 'ਚ ਇੱਕ ਵੱਡਾ ਅਰਸਾ ਲੱਗਿਆ ਸੀ।"

"ਪਰ ਜਦੋਂ ਉਸ ਨੇ ਮਹਿਸੂਸ ਕੀਤਾ ਕਿ ਉਹ ਸੜਕ 'ਤੇ ਬਣੀਆਂ ਸਫ਼ੇਦ ਧਾਰੀਆਂ ਨੂੰ ਵੇਖ ਸਕਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਉਸ ਸਮੇਂ ਕਿੰਨ੍ਹਾ ਉਤਸ਼ਾਹਿਤ ਸੀ। ਅਸੀਂ ਸਾਰੇ ਵੀ ਬਹੁਤ ਉਤਸੁਕ ਸੀ।"

ਉਸ ਆਦਮੀ ਦੀ ਪੂਰੀ ਨਜ਼ਰ ਤਾਂ ਨਹੀਂ ਪਰਤੀ ਪਰ ਕੁਝ ਨਾ ਨਜ਼ਰ ਆਉਣ ਤੋਂ ਚੰਗਾ ਹੈ ਕਿ ਕੁਝ ਤਾਂ ਵਿਖੇ। ਇਹ ਉਸ ਦੀ ਜ਼ਿੰਦਗੀ ਦੀ ਵੱਡੀ ਤਬਦੀਲੀ ਸੀ।

ਬੈਸਲ ਯੂਨੀਵਰਸਿਟੀ ਦੇ ਪ੍ਰੋਫੈਸਰ ਬੋਟਾਂਡ ਰੋਸਕਾ ਨੇ ਕਿਹਾ, "ਇਸ ਖੋਜ ਨੇ ਸਿੱਧ ਕਰ ਦਿੱਤਾ ਹੈ ਕਿ ਓਪਟੋਜੇਨੇਟਿਕ ਥੈਰੇਪੀ ਨਾਲ ਅੰਸ਼ਕ ਤੌਰ 'ਤੇ ਨਜ਼ਰ ਨੂੰ ਬਹਾਲ ਕੀਤਾ ਜਾ ਸਕਦਾ ਹੈ।"

ਨਜ਼ਰ ਬਹਾਲ ਕਰਨ ਲਈ ਹੋਰ ਕਈ ਤਰੀਕੇ ਵੀ ਅਜ਼ਮਾਏ ਜਾ ਰਹੇ ਹਨ। ਜਿਸ 'ਚ ਜੈਨੇਟਿਕ ਨੁਕਸ, ਜੋ ਕਿ ਬਿਮਾਰੀ ਦਾ ਕਾਰਨ ਬਣਦਾ ਹੈ, ਨੂੰ ਸਹੀ ਕਰਨਾ ਸ਼ਾਮਲ ਹੈ।

ਇੱਕ ਹੋਰ ਤਕਨੀਕ 'ਚ ਅੱਖ ਦੇ ਪਿਛਲੇ ਹਿੱਸੇ 'ਚ ਇਲੈਕਟਰੋਡਜ਼ ਨਾਲ ਇਕ ਕੈਮਰਾ ਜੋੜਿਆ ਜਾਂਦਾ ਹੈ। ਓਪਟੋਜੈਨੇਟਿਕਸ 'ਤੇ ਵੀ ਪਾਰਕਿਨਸਨ ਬਿਮਾਰੀਆਂ ਵਰਗੀਆਂ ਸਥਿਤੀਆਂ 'ਚ ਸੋਧ ਕੀਤੀ ਜਾ ਰਹੀ ਹੈ ਤਾਂ ਜੋ ਇਹ ਵੇਖਿਆ ਜਾ ਸਕੇ ਕਿ ਝਟਕਾ ਲੱਗਣ ਤੋਂ ਬਾਅਦ ਇਹ ਰਿਕਵਰੀ 'ਚ ਮਦਦਗਾਰ ਹੁੰਦਾ ਹੈ।

ਯੂਕੇ ਦੇ ਯੂਸੀਐਲ 'ਚ ਰੇਟਿਨਲ ਅਧਿਐਨ ਦੇ ਪ੍ਰੋ. ਜੇਮਜ਼ ਬੈਨਬਰਿਜ ਦਾ ਕਹਿਣਾ ਹੈ ਕਿ ਅਧਿਐਨ ਉੱਚ ਪੱਧਰੀ ਹੈ, ਪਰ ਸਿਰਫ ਇੱਕ ਮਰੀਜ਼ 'ਤੇ।

"ਇਹ ਦਿਲਚਸਪ ਨਵੀਂ ਤਕਨੀਕ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੀ ਹੈ, ਜਿੰਨ੍ਹਾਂ ਦੀ ਨਜ਼ਰ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)