ਇਜ਼ਰਾਈਲੀ ਅਰਬ ਕੌਣ ਹਨ ਤੇ ਉਹ ਕਿਵੇਂ ਦੂਜੇ ਦਰਜੇ ਦੇ ਨਾਗਰਿਕ ਬਣੇ

ਇਜ਼ਰਾਈਲ ਅਤੇ ਫਲਸਤੀਨੀ ਇਲਾਕਿਆਂ ਲਈ ਇਹ ਹਿੰਸਾ ਭਰਿਆ ਹਫ਼ਤਾ ਰਿਹਾ ਹੈ।

ਇਜ਼ਰਾਈਲੀ ਅਰਬ ਦੰਗਿਆਂ ਤੋਂ ਬਾਅਦ ਇਜ਼ਰਾਈਲ ਨੇ ਤਲ ਅਵੀਵ ਨੇੜੇ ਲੋਡ ਦੇ ਕੇਂਦਰੀ ਸ਼ਹਿਰ ਵਿੱਚ ਐਮਰਜੈਂਸੀ ਐਲਾਨ ਦਿੱਤੀ।

ਇਹ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਵਿਚਾਲਿਆਂ ਇੱਕ ਇਤਿਹਾਸਕ ਪਲ ਨੂੰ ਚਿਨ੍ਹਿਤ ਕਰਦਾ ਹੈ।

ਸਾਲ 1966 ਤੋਂ ਲੈ ਕੇ ਪਹਿਲੀ ਵਾਰ ਇਜ਼ਰਾਇਲੀ ਸਰਕਾਰ ਨੇ ਅਰਬ ਭਾਈਚਾਰੇ 'ਤੇ ਐਮਰਜੈਂਸੀ ਲਗਾਈ ਹੈ।

ਹੁਣ ਸਵਾਲ ਹੈ ਕਿ ਆਖ਼ਰ ਇਹ ਇਜ਼ਰਾਈਲੀ ਅਰਬ ਕੌਣ ਹਨ?

ਇਹ ਵੀ ਪੜ੍ਹੋ-

ਇਜ਼ਰਾਈਲੀ ਅਰਬ ਦਾ ਇਤਿਹਾਸ

ਤੁਸੀਂ ਸੁਣਿਆ ਹੋਵੇਗਾ ਕਿ ਇਜ਼ਰਾਈਲ ਨੂੰ ਯਹੂਦੀਆਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਇਹ ਗ਼ੈਰ-ਯਹੂਦੀਆਂ ਦਾ ਵੀ ਘਰ ਹੈ।

ਇਜ਼ਰਾਇਲ ਵਿੱਚ ਅਰਬ ਘੱਟ ਗਿਣਤੀ ਭਾਈਚਾਰਾ ਹਨ, ਜੋ ਵਿਰਾਸਤੀ ਤੌਰ 'ਤੇ ਫਲਸਤੀਨੀ ਹਨ ਅਤੇ ਇਜ਼ਰਾਇਲ ਦੇ ਨਾਗਰਿਕ ਹਨ।

ਇਜ਼ਰਾਈਲ ਦੀ ਆਬਾਦੀ ਸਿਰਫ਼ 90 ਲੱਖ ਦੇ ਕਰੀਬ ਹੈ ਅਤੇ ਲਗਭਗ ਇਸ ਦਾ ਪੰਜਵਾਂ ਹਿੱਸਾ ਯਾਨਿ ਕਿ 19 ਲੱਖ ਮਿਲੀਅਨ ਲੋਕ ਇਜ਼ਰਾਈਲੀ ਅਰਬ ਹਨ।

ਇਹ ਉਹੀ ਫਲਸਤੀਨੀ ਹਨ ਜੋ 1948 ਤੋਂ ਬਾਅਦ ਵੀ ਇਜ਼ਰਾਈਲ ਦੀ ਸੀਮਾ ਅੰਦਰ ਰਹੇ, ਜਦਕਿ ਇਸ ਦੌਰਾਨ ਕਰੀਬ 7.5 ਲੱਖ ਲੋਕ ਜਾਂ ਤਾਂ ਭੱਜ ਗਏ ਜਾਂ ਫਿਰ ਜੰਗ ਕਾਰਨ ਘਰੋਂ ਕੱਢ ਦਿੱਤੇ ਗਏ।

ਜੋ ਲੋਕ ਰਹਿ ਗਏ ਉਹ ਇਜ਼ਰਾਈਲ ਦੇ ਵੈਸਟ ਬੈਂਕ ਅਤੇ ਗਜ਼ਾ ਦੀਆਂ ਸੀਮਾਵਾਂ ਕੋਲ ਸ਼ਰਨਾਰਥੀ ਕੈਂਪਾਂ ਵਿੱਚ ਵਸ ਗਏ।

ਇਜ਼ਰਾਈਲ ਵਿੱਚ ਬਚੀ ਬਾਕੀ ਆਬਾਦੀ ਆਪਣੇ ਆਪ ਨੂੰ ਇਜ਼ਰਾਈਲੀ ਅਰਬ, ਇਜ਼ਰਾਈਲੀ ਫਲਸਤੀਨੀ ਜਾਂ ਸਿਰਫ਼ ਫਲਸਤੀਨੀ ਅਖਵਾਉਂਦੀ ਹੈ।

25 ਜਨਵਰੀ 1949 ਨੂੰ ਹੋਈਆਂ ਪਹਿਲੀਆਂ ਚੋਣਾਂ ਤੋਂ ਬਾਅਦ ਉਨ੍ਹਾਂ ਕੋਲ ਵੋਟ ਪਾਉਣ ਦਾ ਹੱਕ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੇਸ਼ ਵਿੱਚ ਦਹਾਕਿਆਂ ਤੋਂ ਪ੍ਰਣਾਲੀਗਤ ਵਿਤਕਰੇ ਦੇ ਸ਼ਿਕਾਰ ਹਨ।

ਏਕੀਕਰਨ

ਇਜ਼ਰਾਈਲ ਵਿੱਚ ਅਰਬ ਅਤੇ ਯਹੂਦੀ ਭਾਈਚਾਰੇ ਵਿੱਚ ਅਕਸਰ ਜ਼ਿਆਦਾ ਸਾਂਝ ਨਹੀਂ ਦੇਖਣ ਨੂੰ ਮਿਲਦੀ, ਹਾਲਾਂਕਿ ਹਾਲ ਦੇ ਮਹੀਨਿਆਂ ਵਿੱਚ ਦੋਵਾਂ ਵਿਚਾਲੇ ਸਹਿਯੋਗੀ ਭਾਵਨਾ ਦੇਖਣ ਨੂੰ ਮਿਲੀ ਸੀ।

ਏਕੀਕਰਨ ਦਾ ਇੱਕ ਖੇਤਰ ਰਾਸ਼ਟਰੀ ਸਿਹਤ ਪ੍ਰਣਾਲੀ ਵੀ ਹੈ, ਜਿੱਥੇ ਯਹੂਦੀ ਅਤੇ ਅਰਬ ਇਕੱਠਿਆਂ ਕੰਮ ਕਰਦੇ ਹਨ।

20 ਫੀਸਦ ਡਾਕਟਰ, 25 ਫੀਸਦ ਨਰਸਾਂ ਅਤੇ 50 ਫੀਸਦ ਫਾਰਮਾਸਿਸਟ ਇਜ਼ਰਾਈਲੀ ਅਰਬ ਹਨ।

ਇਜ਼ਰਾਈਲ ਵਿੱਚ ਯਹੂਦੀ ਨਾਗਰਿਕਾਂ ਲਈ ਸੈਨਾ ਵਿੱਚ ਸੇਵਾ ਲਾਜ਼ਮੀ ਹੈ। ਹਾਲਾਂਕਿ, ਅਰਬਾਂ ਨੂੰ ਇਸ ਤੋਂ ਛੋਟ ਹਾਸਿਲ ਹੈ।

ਇਹ ਵੀ ਪੜ੍ਹੋ-

ਵਿਤਕਰਾ

ਇਜ਼ਰਾਈਲੀ ਅਰਬਾਂ ਦਾ ਕਹਿਣਾ ਹੈ ਉਹ ਆਪਣੇ ਹੀ ਸ਼ਹਿਰ ਵਿੱਚ ਪ੍ਰਣਾਲੀਗਤ ਢਾਂਚੇ ਦੇ ਸ਼ਿਕਾਰ ਹਨ, ਇਹ ਇੱਕ ਅਜਿਹਾ ਵਿਚਾਰ ਹੈ, ਜਿਸ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਸਮਰਥਨ ਦਿੱਤਾ ਹੈ।

ਐਮਨੇਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਇਜ਼ਰਾਈਲ ਇੱਥੇ ਰਹਿਣ ਵਾਲੇ ਫਲਸਤੀਨੀਆਂ ਖ਼ਿਲਾਫ਼ ਸੰਸਥਾਗਤ ਭੇਦਭਾਵ ਰੱਖਦਾ ਹੈ।

ਹਿਊਮਨ ਰਾਈਟਸ ਵਾਚ ਦੀ ਅਪ੍ਰੈਲ 2021 ਵਿੱਚ ਛਪੀ ਰਿਪੋਰਟ ਮੁਤਾਬਕ ਇਜ਼ਰਾਈਲ ਦੇ ਅਧਿਕਾਰੀ ਰੰਗਭੇਦ ਕਰ ਰਹੇ ਹਨ, ਇਹ ਮਾਨਵਤਾ ਖ਼ਿਲਾਫ਼ ਇੱਕ ਅਪਰਾਧ ਹੈ, ਇਹ ਵਿਤਕਰਾ ਇਜ਼ਰਾਈਲ ਵਿੱਚ ਰਹਿਣ ਵਾਲੇ ਫਲਸਤੀਨੀਆਂ ਦੇ ਨਾਲ-ਨਾਲ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ 'ਤੇ ਅਤੇ ਗਜ਼ਾ ਵਿੱਚ ਰਹਿ ਰਹੇ ਫਲਿਸਤੀਨੀਆਂ ਦੋਵਾਂ ਨਾਲ ਹੀ ਹੈ।

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਰਿਪੋਰਟ ਨੂੰ "ਤਰਕਹੀਣ ਅਤੇ ਗ਼ਲਤ" ਕਹਿ ਕੇ ਖਾਰਜ ਕਰ ਦਿੱਤਾ।

ਇਜ਼ਰਾਈਲੀ ਅਰਬਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਉਨ੍ਹਾਂ ਦੇ ਮਾਲਕਾਨਾ ਹੱਕ ਵਾਲੀ ਜ਼ਮੀਨ ਜ਼ਬਤ ਕਰਨ ਦਾ ਇੱਕ ਲੰਬਾ ਇਤਿਹਾਸ ਹੈ ਅਤੇ ਕੌਮੀ ਬਜਟ ਵਿੱਚ ਉਨ੍ਹਾਂ ਖ਼ਿਲਾਫ਼ ਵਿਵਸਥਿਤ ਢੰਗ ਨਾਲ ਵਿਤਕਰਾ ਕਰਨ ਵਾਲੇ ਯਹੂਦੀ ਅਧਿਕਾਰੀਆਂ 'ਤੇ ਇਲਜ਼ਾਮ ਲਗਾਉਂਦੇ ਹਨ।

ਦੇਸ਼ ਵਿੱਚ ਹਰੇਕ ਸਮੂਹ ਨੂੰ ਦਿੱਤੇ ਗਏ ਕਾਨੂੰਨ ਵੀ ਵੱਖ ਹਨ।

'ਦੂਜੇ ਦਰਜੇ ਦੀ ਨਾਗਰਿਕਤਾ'

ਉਦਾਹਰਣ ਵਜੋਂ ਇਜ਼ਰਾਈਲ ਦੀ ਨਾਗਰਿਕਤਾਂ ਹਾਸਿਲ ਕਰਨ ਲਈ ਕਾਨੂੰਨ ਵੀ ਵਧੇਰੇ ਯਹੂਦੀਆਂ ਦੇ ਹੱਕ ਵਿੱਚ ਹਨ, ਜੋ ਆਪਣੇ ਆਪ ਹੀ ਇਜ਼ਰਾਇਲ ਦਾ ਪਾਸਪੋਰਟ ਹਾਸਿਲ ਕਰ ਸਕਦੇ ਹਨ, ਭਾਵੇਂ ਉਹ ਜਿੱਥੋਂ ਦੇ ਮਰਜ਼ੀ ਰਹਿਣ ਵਾਲੇ ਹੋਣ।

ਇਸ ਦੌਰਾਨ ਕੱਢੇ ਹੋਏ ਫਲਸਤੀਨੀਆਂ ਅਤੇ ਉਨ੍ਹਾਂ ਦੇ ਬੱਚੇ ਇਸ ਅਧਿਕਾਰ ਤੋਂ ਵਾਂਝੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਾਲ 2018 ਵਿੱਚ ਇਜ਼ਰਾਇਲ ਦੀ ਸੰਸਦ ਨੇ ਵਿਵਾਦਿਤ 'ਨੈਸ਼ਨਲ ਸਟੇਟ ਲਾਅ' ਪਾਸ ਕੀਤਾ ਸੀ, ਜਿਸ ਨੇ ਇੱਕ ਅਧਿਕਾਰਤ ਭਾਸ਼ਾ ਵਜੋਂ ਅਰਬੀ ਨੂੰ ਖ਼ਤਮ ਕਰ ਦਿੱਤਾ ਸੀ।

ਇਜ਼ਰਾਈਲੀ ਸੰਸਦ ਮੈਂਬਰ ਐਮਨ ਓਦੇਹ ਨੇ ਕਿਹਾ ਉਸ ਵੇਲੇ ਦੇਸ਼ ਨੇ 'ਯਹੂਦੀ ਸਰਉਚਤਾ' ਵਾਲੇ ਕਾਨੂੰਨ ਪਾਸ ਕੀਤਾ ਸੀ ਅਤੇ ਇਜ਼ਰਾਈਲੀ ਅਰਬਾਂ ਨੂੰ ਕਿਹਾ ਸੀ ਕਿ 'ਉਹ ਹਮੇਸ਼ਾ ਦੂਜੇ ਦਰਜੇ ਦੇ ਨਾਗਰਿਕ ਰਹਿਣਗੇ।'

ਇਸ ਦੌਰਾਨ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਿਆਮਿਨ ਨੇਤਨਯਾਹੂ ਨੇ ਨਾਗਰਿਕ ਅਧਿਕਾਰਾਂ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ, ਪਰ ਕਿਹਾ "ਬਹੁਗਿਣਤੀ ਫ਼ੈਸਲਾ ਕਰਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)