ਲਾਹੌਰ : 'ਪੰਜਾਬੀ ਸੱਭਿਆਚਾਰ ਦਿਹਾੜਾ ਮਨਾ ਕੇ ਰਹਿਣਾ ਹੈ ਭਾਵੇਂ ਤੁਸੀਂ ਸਾਨੂੰ ਗੋਲੀ ਮਾਰ ਦਿਓ'
- ਲੇਖਕ, ਨਈਮ ਅੱਬਾਸ
- ਰੋਲ, ਲਾਹੌਰ ਤੋਂ ਬੀਬੀਸੀ ਪੰਜਾਬੀ ਲਈ
''ਇੱਥੇ ਸਰਾਇਕੀ ਤੇ ਬਲੋਚੀ ਸੱਭਿਆਚਾਰ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਸਾਡਾ ਪੰਜਾਬੀ ਸੱਭਿਆਚਾਰ ਦਿਹਾੜਾ ਨਹੀਂ ਮਨਾਉਣ ਦਿੱਤਾ ਜਾ ਰਿਹਾ।''
ਇਹ ਬੋਲ ਹਨ ਪੰਜਾਬੀ ਕਾਰਕੁਨ ਅਲੀ ਚੱਠਾ ਦੇ। ਚੱਠਾ ਉਨ੍ਹਾਂ ਸੈਂਕੜੇ ਲੋਕਾਂ ਵਿਚ ਸ਼ਾਮਲ ਸਨ ਜੋ 14 ਮਾਰਚ ਨੂੰ ਲਾਹੌਰ ਦੇ ਅਲਹਮਰਾ ਆਰਟਸ ਕੌਂਸਲ ਦੇ ਬਾਹਰ ਸੜ੍ਹਕ ਉੱਤੇ ਪੰਜਾਬੀ ਸੱਭਿਆਚਾਰਕ ਮੇਲਾ ਲਾ ਰਹੇ ਸਨ।
14 ਮਾਰਚ ਨੂੰ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਪੰਜਾਬੀ ਸੱਭਿਆਚਾਰਕ ਦਿਹਾੜੇ ਵਜੋਂ ਮਾਨਤਾ ਦਿੱਤੀ ਹੋਈ ਹੈ। ਪਰ ਨਾ 2020 ਵਿਚ ਅਤੇ ਨਾ ਹੀ 2021 ਵਿਚ ਇਸ ਨੂੰ ਕੋਰੋਨਾਵਾਇਰਸ ਕਾਰਨ ਮਨਾਉਣ ਦਿੱਤਾ ਗਿਆ।
ਪੰਜਾਬੀ ਕਲਚਰ ਡੇਅ ਦੇ ਪ੍ਰਬੰਧਕਾਂ ਨੇ ਇਲਜ਼ਾਮ ਲਾਇਆ ਕਿ ਪੰਜਾਬੀਆਂ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਸਰਾਇਕੀ ਤੇ ਬਲੋਚ ਸਮਾਗਮ ਹੋਣ ਦਿੱਤੇ ਗਏ ਅਤੇ ਪੰਜਾਬੀ ਨੂੰ ਬਹਾਨੇ ਨਾਲ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ :
ਅਲਹਮਰਾ ਆਰਟਸ ਕੌਸਲ ਹਾਲ ਦੇ ਬਾਹਰ ਇੱਕ ਪੰਜਾਬੀ ਕਾਰਕੁਨ ਯਾਸਿਰ ਰਾਜਾ ਵੀ ਮੌਜੂਦ ਸਨ ਤੇ ਉਨ੍ਹਾਂ ਇਲਜ਼ਾਮ ਲਾਇਆ, ''ਬਲੋਚ ਤੇ ਸਰਾਇਕੀ ਸੱਭਿਆਚਾਰ ਦਿਹਾੜਾ ਮਨਾ ਲਿਆ ਤੇ ਜਦੋਂ ਪੰਜਾਬ ਦੀ ਵਾਰੀ ਆਈ ਤਾਂ ਕਹਿੰਦੇ ਕੋਰੋਨਾ ਹੈ।''
''ਪੰਜਾਬ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਹੈ, ਡਾਂਗਾ ਤੇ ਰਾਈਫ਼ਲਾ ਫੜੀਆਂ ਹਨ ਅਤੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣਾ ਸੱਭਿਆਚਾਰ ਦਿਹਾੜਾ ਮਨਾ ਕੇ ਰਹਿਣਾ ਹੈ ਭਾਵੇਂ ਤੁਸੀਂ ਸਾਨੂੰ ਗੋਲੀ ਮਾਰ ਦਿਓ।''

ਸੜ੍ਹਕ ਉੱਤੇ ਹੀ ਲੱਗ ਗਿਆ ਮੇਲਾ
ਲਹਿੰਦੇ ਪੰਜਾਬ (ਪਾਕਿਸਤਾਨ) ਦੇ ਇਨਕਲਾਬੀ ਕਵੀ ਬਾਬਾ ਨਜ਼ਮੀ ਅਤੇ ਹੋਰ ਕਈ ਅਦੀਬ ਲਾਹੌਰ ਵਿੱਚ ਅਲਹਮਰਾ ਆਰਟਸ ਕਾਉਂਸਲ ਵਿੱਚ ਪੰਜਾਬੀ ਸੱਭਿਆਚਾਰ ਦਿਹਾੜਾ ਮਨਾਉਣਾ ਚਾਹੁੰਦੇ ਸਨ, ਪਰ ਐਨ ਆਖ਼ਰੀ ਮੌਕੇ ਲਾਈ ਗਈ ਪਾਬੰਦੀ ਕਾਰਨ ਇਹ ਸੰਭਵ ਨਾ ਹੋ ਸਕਿਆ।
ਪੰਜਾਬੀ ਕਾਰਕੁਨਾਂ ਨੇ ਪੁਲਿਸ ਨਾਲ ਕਾਫ਼ੀ ਬਹਿਸ ਵੀ ਕੀਤੀ ਪਰ ਪੁਲਿਸ ਨੇ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ।
ਦਰਅਸਲ ਜਿੱਥੇ (ਅਲਹਮਰਾ ਆਰਟਸ ਕਾਉਂਸਲ) ਇਹ ਦਿਹਾੜਾ ਮਨਾਇਆ ਜਾਣਾ ਸੀ, ਉੱਥੇ ਕੋਰੋਨਾਵਾਇਰਸ ਦੇ ਹਵਾਲੇ ਨਾਲ ਪ੍ਰਸ਼ਾਸਨ ਨੇ ਐਨ ਮੌਕੇ 'ਤੇ ਗੇਟ ਬੰਦ ਕਰ ਦਿੱਤਾ।
ਆਖ਼ਰਕਾਰ ਪੰਜਾਬੀ ਸੱਭਿਆਚਾਰ ਦਿਹਾੜਾ ਮਨਾਉਣ ਨੂੰ ਲੈ ਕੇ ਸੜਕ ਉੱਤੇ ਹੀ 'ਮੇਲਾ' ਲੱਗ ਗਿਆ।
ਲੋਕਾਂ ਨੇ ਕਿਹਾ ਕਿ ਉਹ ਪੰਜਾਬੀ ਦਿਹਾੜਾ ਤਾਂ ਮਨਾ ਕੇ ਹੀ ਜਾਣਗੇ ਭਾਵੇਂ ਪੁਲਿਸ ਉਨ੍ਹਾਂ ਨੂੰ ਗੋਲੀ ਮਾਰ ਦੇਣ। ਬਸ ਫਿਰ ਕੀ ਸੀ ਸੜ੍ਹਕ ਉੱਤੇ ਹੀ ਢੋਲ ਵੱਜ ਗਿਆ ਅਤੇ ਲੱਗਿਆ ਭੰਗੜਾ ਪੈਣ। ਇਸੇ ਤਰ੍ਹਾਂ ਖਾਣ ਪੀਣ ਲਈ ਸੜ੍ਹਕ ਉੱਤੇ ਹੀ ਪੰਜਾਬੀ ਢਾਬੇ ਵੀ ਲੋਕਾਂ ਲਈ ਖੋਲ ਦਿੱਤੇ ਗਏ।

ਪਾਬੰਦੀ ਦੇ ਬਾਵਜੂਦ ਮੰਨਿਆ ਪੰਜਾਬੀ ਸੱਭਿਆਚਾਰ ਦਿਹਾੜਾ
ਪੰਜਾਬੀ ਕਾਰਕੁਨ ਅਲੀ ਚੱਠਾ ਕਹਿੰਦੇ ਹਨ, ''ਬੜਾ ਅਫ਼ਸੋਸ ਹੋ ਰਿਹਾ ਹੈ, ਸਾਨੂੰ ਪੰਜਾਬੀ ਸੱਭਿਆਚਾਰ ਦਿਹਾੜਾ ਕਿਉਂ ਨਹੀਂ ਮਨਾਉਣ ਦਿੱਤਾ ਜਾ ਰਿਹਾ?, ਕੀ ਅਸੀਂ ਪੰਜਾਬੀ ਨਹੀਂ ਹਾਂ? ਪੂਰੇ ਮੁਲਕ ਵਿੱਚ ਸਾਡੀ 60 ਫੀਸਦੀ ਆਬਾਦੀ ਹੈ, ਇੱਥੇ ਸਰਾਇਕੀ ਤੇ ਬਲੋਚੀ ਸੱਭਿਆਚਾਰ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਸਾਡਾ ਪੰਜਾਬੀ ਸੱਭਿਆਚਾਰ ਦਿਹਾੜਾ ਨਹੀਂ ਮਨਾਉਣ ਦਿੱਤਾ ਜਾ ਰਿਹਾ।''
ਪੰਜਾਬੀ ਸ਼ਾਇਰ ਬਾਬਾ ਨਜਮੀ ਨੇ ਕਿਹਾ, ''ਅਸੀਂ ਪੰਜਾਬੀ ਸੱਭਿਆਚਾਰ ਦਿਹਾੜਾ ਅਲਹਮਰਾ ਆਰਟਸ ਕਾਉਂਸਲ ਦੇ ਅੰਦਰ ਮਨਾਉਣਾ ਸੀ ਤੇ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਇਸ ਲਈ ਅਸੀਂ ਇਹ ਦਿਹਾੜਾ ਬਾਹਰ ਹੀ ਮਨਾ ਰਹੇ ਹਾਂ। ਸਾਨੂੰ ਇਸ ਕਰਕੇ ਪੁਲਿਸ ਵੀ ਤੰਗ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਨਾ ਮਨਾਓ ਪਰ ਅਸੀਂ ਮਨਾ ਰਹੇ ਹਾਂ।''
''ਇੱਥੇ ਮੇਲਾ ਲੱਗਿਆ ਹੋਇਆ ਹੈ ਅਤੇ ਢੋਲ ਵੱਜ ਰਹੇ ਹਨ, ਭੰਗੜੇ ਪੈ ਰਹੇ ਹਨ। ਰੋਟੀ-ਪਾਣੀ ਦਾ ਵੀ ਇੰਤਜ਼ਾਮ ਹੈ, ਜਦੋਂ ਤੱਕ ਜ਼ਿੰਦਗੀ ਹੈ ਅਤੇ ਪੰਜਾਬੀ ਜ਼ੁਬਾਨ ਲਾਗੂ ਨਹੀਂ ਹੁੰਦੀ ਅਸੀਂ ਇਹ ਜੰਗ ਲੜਾਂਗੇ।''

ਲਾਹੌਰ ਤੋਂ ਹੀ ਪ੍ਰੋਫ਼ੈਸਰ ਖਾਲਿਦਾ ਲਿਆਸ ਨੇ ਇਸ ਮੌਕੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ, ''ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਜ਼ਿੰਦਾ ਕੌਮ ਹਾਂ, ਅਸੀਂ ਆਪਣੇ ਸੱਭਿਆਚਾਰ ਨਾਲ ਬਹੁਤ ਪਿਆਰ ਕਰਦੇ ਹਾਂ ਤੇ ਸਾਨੂੰ ਇਹ ਦਿਹਾੜਾ ਮਨਾਉਣਾ ਚਾਹੀਦਾ ਹੈ।''
''ਨਾ ਸਿਰਫ਼ 14 ਮਾਰਚ ਸਗੋਂ ਹਰ ਦਿਨ, ਮਹੀਨਾ ਤੇ ਸਾਲ ਹੀ ਸਾਡੇ ਪੰਜਾਬੀਆਂ ਦਾ ਹੈ।''
ਇਸ ਦੌਰਾਨ ਸ਼ਾਮਿਲ ਪੰਜਾਬੀਆਂ ਨੇ ਕਿਹਾ ਕਿ ਇਹ ਦਿਹਾੜਾ ਹਰ ਮਹੀਨੇ ਮਨਾਉਣਾ ਚਾਹੀਦਾ ਹੈ।
ਇਸ ਮਾਹੌਲ ਨੂੰ ਦੇਖਕੇ ਖ਼ੁਸ਼ ਹੋਏ ਕਈ ਪੰਜਾਬੀਆਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਦੀਆਂ ਨਿਸ਼ਾਨੀਆਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ।

ਸ਼ਕੀਲ ਅਹਿਮਦ ਕਹਿੰਦੇ ਹਨ, ''ਪੰਜਾਬੀ ਅਸੀਂ ਭੁੱਲ ਚੁੱਕੇ ਹਾਂ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਉਰਦੂ-ਅੰਗਰੇਜ਼ੀ ਦੀ ਤਾਲੀਮ ਦਈਏ ਪਰ ਪੰਜਾਬੀ ਸਾਡੀ ਮਾਂ ਬੋਲੀ ਹੈ। ਸਾਨੂੰ ਚਾਹੀਦਾ ਹੈ ਕਿ ਪੰਜਾਬੀ ਨੂੰ ਅਸੀਂ ਪਹਿਲੀ ਜਮਾਤ ਤੋਂ ਸ਼ੁਰੂ ਕਰੀਏ।''
''ਅਸੀਂ ਇੱਥੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਬਹਾਲੀ ਲਈ ਇਕੱਠੇ ਹੋਏ ਹਾਂ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













