ਮਿਆਂਮਾਰ ਵਿਰੋਧ ਪ੍ਰਦਰਸ਼ਨ: ਸੁਰੱਖਿਆ ਬਲਾਂ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਹਿੰਸਕ ਝੜਪਾਂ, 38 ਦੀ ਮੌਤ

ਮਿਆਂਮਾਰ ਦੇ ਮੁੱਖ ਸ਼ਹਿਰ ਯੰਗੂਨ ਵਿੱਚ ਹੋਈਆਂ ਹਿੰਸਕ ਝੜਪਾਂ ਵਿੱਚ ਘੱਟੋ-ਘੱਟ 21 ਪ੍ਰਦਰਸ਼ਕਾਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਮਿਆਂਮਾਰ ਦੇ ਨੇਤਾਵਾਂ ਦੇ ਇੱਕ ਸਮੂਹ ਦੇ ਲੀਡਰ ਨੇ ਅਧਿਕਾਰੀਆਂ ਖ਼ਿਲਾਫ਼ "ਕ੍ਰਾਂਤੀ" ਦੀ ਗੱਲ ਕਹੀ ਸੀ।

ਸੁਰੱਖਿਆ ਬਲਾਂ ਨੇ ਯੰਗੂਨ ਦੇ ਹਲਿੰਗ ਥਾਰਯਾਰ ਇਲਾਕੇ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਲਾਠੀਆਂ ਚਲਾਈਆਂ, ਉੱਥੇ ਹੀ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਵੀ ਲਾਠੀਆਂ ਅਤੇ ਚਾਕੂਆਂ ਦੀ ਵਰਤੋਂ ਕੀਤੀ।

ਹਾਲਾਂਕਿ ਦਿ ਅਸਿਸਟੈਂਟ ਫਾਰ ਪੌਲੀਟਿਕਲ ਪ੍ਰੀਜ਼ਨਰਸ (ਏਏਪੀਪੀ) ਦੇ ਮੌਨੀਟਰਿੰਗ ਗਰੁੱਪ ਦਾ ਅਨੁਮਾਨ ਹੈ ਕਿ ਐਤਵਾਰ ਨੂੰ ਦੇਸ਼ ਵਿੱਚ ਘੱਟੋ-ਘੱਟ 50 ਲੋਕਾਂ ਦੀ ਜਾਨ ਗਈ ਹੈ।

ਚੀਨੀ ਵਪਾਰੀਆਂ ਉੱਤੇ ਹਮਲੇ ਤੋਂ ਬਾਅਦ ਤੋਂ ਸੈਨਿਕ ਅਧਿਕਾਰੀਆਂ ਨੇ ਇਲਾਕੇ ਵਿੱਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਮੰਨਣਾ ਹੈ ਕਿ ਚੀਨ, ਸੈਨਾ ਨੂੰ ਸਮਰਥਨ ਦੇ ਰਿਹਾ ਹੈ।

ਇਹ ਵੀ ਪੜ੍ਹੋ-

ਇੱਕ ਫਰਵਰੀ ਨੂੰ ਹੋਏ ਸੈਨਿਕ ਤਖ਼ਤਾਪਲਟ ਤੋਂ ਬਾਅਦ ਹੀ ਮਿਆਂਮਾਰ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਉਦੋਂ ਹੀ ਮਿਆਂਮਾਰ ਦੀ ਫੌਜ ਨੇ ਦੇਸ਼ ਦੀ ਸਰਬਉੱਚ ਨੇਤਾ ਔਂਗ ਸਾਨ ਸੂ ਚੀ ਸਣੇ ਕਈ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੱਤਾ ਆਪਣੇ ਹੱਥ ਵਿੱਚ ਲੈ ਲਈ ਸੀ।

ਐੱਨਐੱਲਡੀ ਨੂੰ ਪਿਛਲੇ ਸਾਲ ਹੋਈਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਹੋਈ ਸੀ ਪਰ ਸੈਨਾ ਨੇ ਕਿਹਾ ਹੈ ਕਿ ਚੋਣਾਂ ਵਿੱਚ ਫਰਜ਼ੀਵਾੜਾ ਹੋਇਆ ਸੀ।

ਐੱਨਐੱਲਡੀ ਦੀ ਮੁਖੀ ਔਨ ਸਾਨ ਸੂ ਚੀ 'ਤੇ ਉੱਥੋਂ ਦੀ ਪੁਲਿਸ ਨੇ ਵੀ ਕਈ ਇਲਜ਼ਾਮ ਲਗਾਏ ਹਨ।

ਗ੍ਰਿਫ਼ਤਾਰੀ ਤੋਂ ਬਚ ਗਏ ਸਾਂਸਦਾਂ ਨੇ ਇੱਕ ਨਵਾਂ ਗਰੁੱਪ ਬਣਾ ਲਿਆ ਸੀ ਜਿਸ ਨੂੰ ਕਮੇਟੀ ਫਾਰ ਰਿਪ੍ਰੈਜ਼ੈਟਿੰਗ ਯੂਨੀਅਨ ਪਾਰਲੀਮੈਂਟ ਜਾਂ ਸੀਆਰਪੀਐੱਚ ਕਹਿੰਦੇ ਹਨ।

ਮਹਾਨ ਵਿਨ ਖਾਇੰਗ ਥਾਨ ਨੂੰ ਇਸ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਸੀ। ਸੀਆਰਪੀਐੱਚ ਮਿਆਂਮਾਰ ਦੀ ਅਸਲੀ ਸਰਕਾਰ ਵਜੋਂ ਇੱਕ ਕੌਮਾਂਤਰੀ ਮਾਨਤਾ ਚਾਹ ਰਹੀ ਹੈ।

ਥਾਨ ਨੇ ਫੇਸਬੁੱਕ 'ਤੇ ਆਪਣੇ ਭਾਸ਼ਣ ਵਿੱਚ ਕਿਹਾ ਸੀ, "ਇਹ ਵੇਲਾ ਇਸ ਕਾਲੇ ਸਮੇਂ ਵਿੱਚ ਨਾਗਰਿਕਾਂ ਦੀ ਸਮਰੱਥਾਂ ਨੂੰ ਟੈਸਟ ਕਰਨ ਦਾ ਹੈ।"

"ਇੱਕ ਸੰਘੀ ਲੋਕਤੰਤਰ ਬਣਾਉਣ ਲਈ, ਉਹ ਸਾਰੇ ਭਰਾ, ਜੋ ਦਹਾਕਿਆਂ ਤੋਂ ਤਾਨਾਸ਼ਾਹੀ ਕਾਰਨ ਕਈ ਤਰ੍ਹਾਂ ਦੇ ਸ਼ੋਸ਼ਣ ਝੱਲ ਰਹੇ ਹਨ, ਅਸਲ ਵਿੱਚ ਵਾਂਝੇ ਹਨ, ਇਹ ਕ੍ਰਾਂਤੀ ਸਾਡੇ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਇਕੱਠੇ ਰੱਖਣ ਦਾ ਮੌਕਾ ਹੈ।"

ਫੌਜ ਨੇ ਚੁਣੀ ਹੋਈ ਸਰਕਾਰ ਦੇ ਤਖ਼ਤਾਪਲਟ ਤੋਂ ਬਾਅਦ ਮਹਾਨ ਵਿਨ ਖਾਇੰਗ ਥਾਨ ਨੂੰ ਬਾਹਰ ਕੱਢ ਦਿੱਤਾ ਸੀ।

ਉਹ ਉਨ੍ਹਾਂ ਚੁਣੇ ਹੋਏ ਨੇਤਾਵਾਂ ਦੀ ਲੁੱਕ ਕੇ ਅਗਵਾਈ ਕਰ ਰਹੇ ਹਨ, ਜਿਨ੍ਹਾਂ ਨੇ ਪਿਛਲੇ ਮਹੀਨੇ ਫੌਜ ਦੇ ਤਖ਼ਤ ਪਲਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਬੀਤੇ ਕਈ ਦਿਨਾਂ ਦੌਰਾਨ ਮਿਆਂਮਾਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਹ ਵਿਰੋਧ ਪ੍ਰਦਰਸ਼ਨ ਐਤਵਾਰ ਨੂੰ ਵੀ ਜਾਰੀ ਰਹੇ।

ਐਤਵਾਰ ਨੂੰ ਯੰਗੂਨ ਵਿੱਚ ਮਾਰੇ ਗਏ ਲੋਕਾਂ ਤੋਂ ਇਲਾਵਾ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਲੋਕਾਂ ਦੇ ਜਖ਼ਮੀ ਹੋਣ ਅਤੇ ਮਾਰੇ ਜਾਣੇ ਦੀਆਂ ਖ਼ਬਰਾਂ ਹਨ।

ਇੱਕ ਸਾਲ ਦੀ ਐਮਰਜੈਂਸੀ

ਤਖ਼ਤਾਪਲਟ ਦੀ ਅਗਵਾਈ ਵਾਲੇ ਫੌਜ ਦੇ ਜਨਰਲ ਮਿਨ ਓਂਗ ਹਲਾਇੰਗ ਨੇ ਦੇਸ਼ ਵਿੱਚ ਇੱਕ ਸਾਲ ਦੀ ਐਮਰਜੈਂਸੀ ਲਗਾ ਦਿੱਤੀ ਹੈ।

ਫੌਜ ਨੇ ਤਖ਼ਤਾ ਪਲਟ ਨੂੰ ਇਹ ਕਹਿੰਦਿਆਂ ਹੋਇਆ ਸਹੀ ਠਹਿਰਾਇਆ ਹੈ ਕਿ ਬੀਤੇ ਸਾਲ ਹੋਈਆਂ ਚੋਣਾਂ ਵਿੱਚ ਧਾਂਦਲੀ ਹੋਈ ਸੀ। ਇਨ੍ਹਾਂ ਚੋਣਾਂ ਵਿੱਚ ਔਂਗ ਸਾਨ ਸੂ ਚੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਨੇ ਇੱਕਪਾਸੜ ਜਿੱਤ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ-

ਚੋਣਾਂ ਵਿੱਚ ਕੀ ਹੋਇਆ ਸੀ

8 ਨਵੰਬਰ ਨੂੰ ਆਏ ਚੋਣ ਨਤੀਜਿਆਂ ਵਿੱਚ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਨੇ 83 ਫੀਸਦ ਸੀਟਾਂ ਜਿੱਤੀਆਂ ਸਨ। ਇਨ੍ਹਾਂ ਚੋਣਾਂ ਨੂੰ ਕਈ ਲੋਕਾਂ ਵੱਲੋਂ ਔਂਗ ਸਾਨ ਸੂ ਚੀ ਸਰਕਾਰ ਦੇ ਜਨਮਤ ਸੰਗ੍ਰਹਿ ਵਜੋਂ ਦੇਖਿਆ ਗਿਆ।

ਸਾਲ 2011 ਵਿੱਚ ਸੈਨਿਕ ਸ਼ਾਸਨ ਖ਼ਤਮ ਹੋਣ ਤੋਂ ਬਾਅਦ ਇਹ ਦੂਜੀਆਂ ਚੋਣਾਂ ਸਨ।

ਪਰ ਮਿਆਂਮਾਰ ਦੀ ਫੌਜ ਨੇ ਇਨ੍ਹਾਂ ਚੋਣ ਨਤੀਜਿਆਂ 'ਤੇ ਸਾਵਲ ਖੜ੍ਹੇ ਕੀਤੇ। ਫੌਜ ਵੱਲੋਂ ਸੁਪਰੀਮ ਕੋਰਟ ਵਿੱਚ ਰਾਸ਼ਟਰਪਤੀ ਅਤੇ ਚੋਣ ਕਮਿਸ਼ਨ ਦੇ ਪ੍ਰਧਾਨ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਗਈ।

ਕੌਣ ਹੈ ਜਨਰਲ ਮਿਨ ਓਂਗ ਹਲਾਇੰਗ

ਸੈਨਿਕ ਤਖ਼ਤਾਪਲਟ ਤੋਂ ਬਾਅਦ ਜਨਰਲ ਮਿਨ ਓਂਗ ਹਲਾਇੰਗ ਮਿਆਂਮਾਰ ਵਿੱਚ ਸਭ ਤੋਂ ਤਾਕਤਵਰ ਵਿਅਕਤੀ ਬਣ ਗਏ ਹਨ।

64 ਸਾਲਾ ਹਲਾਇੰਗ ਇਸੇ ਸਾਲ ਜੁਲਾਈ ਵਿੱਚ ਰਿਟਾਇਰ ਹੋਣ ਵਾਲੇ ਸਨ ਪਰ ਐਮਰਜੈਂਸੀ ਦੇ ਐਲਾਨ ਨਾਲ ਹੀ ਮਿਆਂਮਾਰ ਵਿੱਚ ਹਲਾਇੰਗ ਦੀ ਪਕੜ ਕਾਫੀ ਮਜਬੂਤ ਹੋ ਗਈ ਹੈ।

ਪਰ ਇੱਥੋਂ ਤੱਕ ਪਹੁੰਚਣ ਲਈ ਹਲਾਇੰਗ ਨੇ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਸੈਨਾ ਵਿੱਚ ਆਉਣ ਲਈ ਦੋ ਅਸਫ਼ਲ ਯਤਨਾਂ ਤੋਂ ਬਾਅਦ ਹਲਾਇੰਗ ਨੂੰ ਤੀਜੀ ਵਾਰ ਵਿੱਚ ਨੈਸ਼ਨਲ ਡਿਫੈਂਸ ਅਕਾਦਮੀ ਵਿੱਚ ਦਾਖ਼ਲਾ ਮਿਲਿਆ।

ਇਸ ਤੋਂ ਬਾਅਦ ਮਿਆਂਮਾਰ ਦੀ ਤਾਕਤਵਰ ਸੈਨਾ ਤਤਮਡਾ ਵਿੱਚ ਜਰਨਲ ਦੇ ਅਹੁਦੇ ਤੱਕ ਪਹੁੰਚਣ ਦਾ ਸਫ਼ਰ ਉਨ੍ਹਾਂ ਨੇ ਹੌਲੀ-ਹੌਲੀ ਤੈਅ ਕੀਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)