ਮਿਆਂਮਾਰ ਸੰਕਟ : ਸਾਨੂੰ ਮੁਜ਼ਾਹਰਾਕਾਰੀਆਂ ਉੱਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ ਸਨ - ਪੁਲਿਸ

    • ਲੇਖਕ, ਰਜਨੀ ਵਿਦਿਆਨਾਂਥਨ
    • ਰੋਲ, ਬੀਬੀਸੀ ਪੱਤਰਕਾਰ

ਮਿਆਂਮਾਰ ਦੇ ਪੁਲਿਸ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਹ ਪਿਛਲੇ ਮਹੀਨੇ ਤਖ਼ਤਾ ਪਲਟ ਦੌਰਾਨ ਸੱਤਾ 'ਤੇ ਕਾਬਜ਼ ਹੋਣ ਵਾਲੇ ਫੌਜ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਸਰਹੱਦ ਪਾਰ ਕਰਕੇ ਭਾਰਤ ਵੱਲ ਭੱਜ ਗਏ ਸਨ।

ਕੁਝ ਅਜਿਹੀਆਂ ਸ਼ੁਰੂਆਤੀ ਇੰਟਰਵਿਊਜ਼ ਵਿੱਚ, ਇੱਕ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਉਹ ਇਸ ਡਰ ਤੋਂ ਇੱਥੋਂ ਫਰਾਰ ਹੋ ਗਏ ਸਨ ਕਿ ਉਨ੍ਹਾਂ ਨੂੰ ਨਾਗਰਿਕਾਂ ਨੂੰ ਮਾਰਨ ਜਾਂ ਨੁਕਸਾਨ ਪਹੁੰਚਾਉਣ ਲਈ ਮਜਬੂਰ ਕੀਤਾ ਜਾਵੇਗਾ।

ਇੱਕ ਅਧਿਕਾਰੀ ਨੇ ਕਿਹਾ, "ਮੈਨੂੰ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ ਸਨ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਨਹੀਂ ਕਰ ਸਕਦਾ।"

ਇਹ ਵੀ ਪੜ੍ਹੋ

ਪਰਿਵਾਰ ਨੂੰ ਛੱਡਣ ਦਾ ਦਰਦ

ਨੌਂ ਸਾਲਾਂ ਤੋਂ ਨਾਇੰਗ (ਨਾਮ ਅਸੀਂ ਉਸਦੀ ਸੁਰੱਖਿਆ ਲਈ ਬਦਲਿਆ ਹੈ) ਮਿਆਂਮਾਰ ਵਿੱਚ ਇੱਕ ਪੁਲਿਸ ਕਰਮਚਾਰੀ ਵਜੋਂ ਸੇਵਾ ਨਿਭਾ ਰਹੇ ਸਨ, ਜਿਸ ਨੂੰ ਬਰਮਾ ਵੀ ਕਿਹਾ ਜਾਂਦਾ ਹੈ।

ਹੁਣ, 27 ਸਾਲਾਂ ਦਾ ਇਹ ਕਰਮਚਾਰੀ ਉੱਤਰ-ਪੂਰਬੀ ਭਾਰਤ ਦੇ ਮਿਜੋਰਮ ਰਾਜ ਵਿੱਚ ਲੁਕਿਆ ਹੋਇਆ ਹੈ।

ਮੈਂ ਉਸ ਨੂੰ ਅਤੇ ਪੁਲਿਸ ਮੁਲਾਜ਼ਮਾਂ ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਸਨ, ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਆਪਣੇ ਕੰਮ ਤੋਂ ਭੱਜ ਗਏ ਸਨ।

ਇਕ ਅਧਿਕਾਰੀ ਨੇ ਕਿਹਾ, "ਮੈਨੂੰ ਡਰ ਸੀ ਕਿ ਮੈਂਨੂੰ ਉਨ੍ਹਾਂ ਬੇਕਸੂਰ ਲੋਕਾਂ ਨੂੰ ਮਾਰਨ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਮਜਬੂਰ ਕੀਤਾ ਜਾਵੇਗਾ ਜੋ ਫੌਜ ਦਾ ਵਿਰੋਧ ਕਰ ਰਹੇ ਹਨ।"

"ਅਸੀਂ ਮਹਿਸੂਸ ਕਰਦੇ ਹਾਂ ਕਿ ਫੌਜ ਵੱਲੋਂ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਣਾ ਗਲਤ ਸੀ।"

ਜਦੋਂ ਤੋਂ 1 ਫਰਵਰੀ ਨੂੰ ਮਿਆਂਮਾਰ ਦੀ ਫੌਜ, ਜਿਸਨੂੰ ਟੈਟਮਾਡੌ ਕਿਹਾ ਜਾਂਦਾ ਹੈ, ਨੇ ਸੱਤਾ 'ਤੇ ਕਬਜ਼ਾ ਕੀਤਾ ਹੈ, ਲੋਕਤੰਤਰ ਪੱਖੀ ਹਜ਼ਾਰਾਂ ਮੁਜ਼ਾਹਰਾਕਾਰੀ ਸੜਕਾਂ 'ਤੇ ਉਤਰ ਆਏ ਹਨ।

ਸੁਰੱਖਿਆ ਬਲਾਂ 'ਤੇ 50 ਤੋਂ ਵੱਧ ਲੋਕਾਂ ਨੂੰ ਮਾਰਨ ਦੇ ਇਲਜ਼ਾਮ ਵੀ ਲੱਗੇ ਹਨ।

ਨਾਇੰਗ ਨੇ ਦੱਸਿਆ ਕਿ ਫਰਵਰੀ ਦੇ ਅੰਤ 'ਚ ਪ੍ਰਦਰਸ਼ਨ ਹਿੰਸਕ ਹੁੰਦੇ ਗਏ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਤੋਂ ਮਨਾ ਕੀਤਾ ਤਾਂ ਉਨ੍ਹਾਂ ਨੂੰ ਉਥੋਂ ਭੱਜਣਾ ਪਿਆ। "ਮੈਂ ਆਪਣੇ ਬੌਸ ਨੂੰ ਕਿਹਾ ਕਿ ਮੈਂ ਇਹ ਨਹੀਂ ਕਰ ਸਕਦਾ। ਮੈਂ ਲੋਕਾਂ ਦੇ ਨਾਲ ਖੜਾ ਹਾਂ।"

"ਫੌਜ ਬੇਰਹਿਮ ਹੈ। ਉਹ ਹੋਰ ਜ਼ਿਆਦਾ ਹਿੰਸਕ ਹੁੰਦੀ ਜਾ ਰਹੀ ਸੀ।"

ਅਸੀਂ ਜਦੋਂ ਗੱਲਬਾਤ ਕਰ ਰਹੇ ਸਾਂ ਤਾਂ ਸਾਨੂੰ ਨਾਇੰਗ ਨੇ ਆਪਣੇ ਪਰਿਵਾਰ ਦੀਆਂ ਫੋਟੋਆਂ ਵਿਖਾਈਆਂ ਜਿਨ੍ਹਾਂ ਨੂੰ ਛੱਡ ਕੇ ਉਨ੍ਹਾਂ ਨੂੰ ਆਉਣਾ ਪਿਆ। ਉਸ ਦੀ ਪਤਨੀ ਅਤੇ ਦੋ ਧੀਆਂ ਮਿਆਂਮਾਰ 'ਚ ਹੀ ਹਨ।

ਉਨ੍ਹਾਂ ਕਿਹਾ ਕਿ ਮੈਨੂੰ ਡਰ ਲੱਗਦਾ ਹੈ ਕਿ ਸ਼ਾਇਦ ਮੈਂ ਉਨ੍ਹਾਂ ਨੂੰ ਕਦੇ ਨਹੀਂ ਮਿਲ ਪਾਵਾਂਗਾ।

ਜਿਨ੍ਹਾਂ ਅਧਿਕਾਰੀਆਂ ਨਾਲ ਅਸੀਂ ਗੱਲ ਕੀਤੀ, ਇਹ ਉਹ ਲੋਕ ਸਨ ਜੋ ਸਾਨੂੰ ਆਪਣੇ ਡੇਸ਼ ਦਾ ਅੱਖੀਡਿੱਠਾ ਹਾਲ ਦੱਸ ਰਹੇ ਸਨ। ਬੀਬੀਸੀ ਉਨ੍ਹਾਂ ਦਾਅਵਿਆਂ ਦੀ ਪੁਸ਼ਟੀ ਅਜੇ ਨਹੀਂ ਕਰ ਸਕਦਾ ਜੋ ਇਨ੍ਹਾਂ ਅਧਿਕਾਰੀਆਂ ਵੱਲੋਂ ਕੀਤੇ ਗਏ ਹਨ।

ਯੂਐੱਨ, ਯੂਐੱਸ ਅਤੇ ਹੋਰ ਦੇਸ਼ਾਂ ਨੇ ਇਨ੍ਹਾਂ ਹੱਤਿਆਵਾਂ ਦੀ ਨਿੰਦਾ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਇਸ 'ਤੇ ਠੱਲ ਪਾਉਣ ਲਈ ਕਿਹਾ ਹੈ। ਫੌਜ ਨੇ ਅਜਿਹੇ ਸਾਰੀ ਇਲਜ਼ਾਮਾਂ ਨੂੰ ਨਕਾਰਿਆ ਹੈ।

ਸਥਾਨਕ ਅਧਿਕਾਰੀ ਦੀ ਮੰਨੀਏ ਤਾਂ ਹੁਣ ਤੱਕ 100 ਤੋਂ ਵੱਧ ਅਧਿਕਾਰੀ ਮਿਆਂਮਾਰ ਤੋਂ ਭੱਜ ਕੇ ਮਿਜੋਰਮ ਆਏ ਹਨ।

ਇਹ ਵੀ ਪੜ੍ਹੋ

'ਮੈਂ ਰਾਤਾਂ ਨੂੰ ਸੌ ਨਹੀਂ ਪਾ ਰਿਹਾ ਸੀ'

22 ਸਾਲਾਂ ਦੇ ਹਤੂਤ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਇੱਕ ਹੋਰ ਸਾਥੀ ਮਿਆਮਾਂਰ ਦੀਆਂ ਸੜਕਾਂ 'ਤੇ ਪੈਟਰੋਲਿੰਗ ਕਰ ਰਹੇ ਸਨ। ਜਿਹੜੇ ਪ੍ਰਦਰਸ਼ਨਕਾਰੀ ਭਾਂਡੇ ਖੜਕਾ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ।

ਹਤੂਤ ਨੇ ਦੱਸਿਆ ਕਿ ਉਸ ਨੂੰ ਵੀ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਗਏ ਸਨ ਜਿਨ੍ਹਾਂ ਨੂੰ ਉਸ ਨੇ ਇਨਕਾਰ ਕਰ ਦਿੱਤਾ।

"ਸਾਨੂੰ ਆਦੇਸ਼ ਸੀ ਕਿ ਜਿਹੜੋ ਲੋਕ 5 ਲੋਕਾਂ ਤੋਂ ਵੱਧ ਦਾ ਝੂੰਡ ਬਣਾ ਕੇ ਆਉਣ, ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਾਣ। ਅਸੀਂ ਵੀ ਲੋਕਾਂ ਨੂੰ ਕੁੱਟ ਰਹੇ ਸੀ। ਮੈਂ ਰਾਤਾਂ ਨੂੰ ਸੌ ਨਹੀਂ ਪਾ ਰਿਹਾ ਸੀ।"

"ਜਦੋਂ ਮੈਂ ਬੇਕਸੂਰ ਲੋਕਾਂ ਨੂੰ ਖ਼ੂਨ ਨਾਲ ਲੱਥਪੱਥ ਵੇਖਿਆ ਤਾਂ ਮੈਂ ਇਹ ਸਭ ਵੇਖ ਨਾ ਸਕਿਆ।"

ਹਤੂਤ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਹੀ ਇਕੱਲਾ ਭੱਜ ਆਇਆ। ਉਹ ਕਾਫ਼ੀ ਡਰਿਆ ਹੋਇਆ ਸੀ।

ਬੀਮਾਰ ਮਾਂ ਨੂੰ ਛੱਡ ਕੇ ਆਈ 24 ਸਾਲਾ ਦੀ ਗ੍ਰੇਸ

ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ ਉਨ੍ਹਾਂ ਨੇ ਦੱਸਿਆ ਕਿ ਹੋਰ ਵੀ ਅਧਿਕਾਰੀ ਉੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।

ਇਨ੍ਹਾਂ ਅਧਿਕਾਰੀਆਂ 'ਚ ਦੋ ਔਰਤਾਂ ਵੀ ਸ਼ਾਮਲ ਹੈ। ਅਸੀਂ ਗ੍ਰੇਸ ਨਾਮ ਦੀ ਮਹਿਲਾ ਅਧਿਕਾਰੀ ਨਾਲ ਗੱਲ ਕੀਤੀ।

ਉਸ ਨੇ ਕਿਹਾ ਕਿ ਜਦੋਂ ਅਸੀਂ ਵੇਖਿਆ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ 'ਤੇ ਫੌਜ ਰਬਰ ਬੁਲੇਟ ਅਤੀ ਲਾਠੀਆਂ ਚਲਾ ਰਹੀ ਹੈ। ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸੀ।

ਉਸ ਨੇ ਦੱਸਿਆ, "ਸਾਨੂੰ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ। ਭੀੜ 'ਤੇ ਹਮਲਾ ਕਰਨ ਲਈ ਕਿਹਾ ਗਿਆ। ਅਸੀਂ ਇਹ ਸਭ ਨਹੀਂ ਕਰ ਪਾਏ।"

"ਅਸੀੰ ਪੁਲਿਸ ਦੀ ਨੌਕਰੀ ਨੂੰ ਬਹੁਤ ਪਿਆਰ ਕਰਦੇ ਸੀ। ਪਰ ਹੁਣ ਸਮਾਂ ਬਦਲ ਚੁੱਕਿਆ ਹੈ। ਸਾਰਾ ਸਿਸਟਮ ਬਦਲ ਚੁੱਕਿਆ ਹੈ। ਹੁਣ ਅਸੀਂ ਇਹ ਨੌਕਰੀ ਨਹੀਂ ਕਰਨਾ ਚਾਹੁੰਦੇ।"

24 ਸਾਲਾਂ ਦੀ ਗ੍ਰੇਸ ਨੇ ਦੱਸਿਆ ਕਿ ਉਹ ਆਪਣਾ ਸਾਰਾ ਪਰਿਵਾਰ ਪਿੱਛੇ ਛੱਡ ਆਈ ਹੈ। ਉਸ ਦੀ ਮਾਂ ਕਾਫੀ ਬੀਮਾਰ ਹੈ। ਉਸ ਨੂੰ ਦਿੱਲ ਦੀ ਬਿਮਾਰੀ ਹੈ।

"ਮੇਰੇ ਮਾਤਾ-ਪਿਤਾ ਬਜ਼ੁਰਗ ਹਨ ਅਤੇ ਉਹ ਕਾਫ਼ੀ ਡਰੇ ਹੋਏ ਹਨ। ਸਾਡੇ ਕੋਲ ਭੱਜਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਅਸੀਂ ਉਨ੍ਹਾਂ ਨੂੰ ਛੱਡ ਕੇ ਭੱਜ ਆਏ।"

ਸਿਰਫ਼ ਪੁਲਿਸ ਅਫ਼ਸਰ ਹੀ ਨਹੀਂ ਭੱਜੇ ਸਨ, ਅਸੀਂ ਕਈ ਦੁਕਾਨਦਾਰਾਂ ਨੂੰ ਵੀ ਮਿਲੇ ਜੋ ਮਿਆਂਮਾਰ ਤੋਂ ਭੱਜ ਕੇ ਮਿਜੋਰਮ ਆਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)