ਪ੍ਰਿੰਸ ਹੈਰੀ ਅਤੇ ਮੇਘਨ ਦੇ ਮਾਮਲੇ 'ਚ ਕੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ

ਮਸ਼ਹੂਰ ਅਮਰੀਕੀ ਟੀਵੀ ਹੋਸਟ ਓਪਰਾ ਵਿਨਫਰੀ ਵੱਲੋਂ ਬ੍ਰਿਟੇਨ ਦੀ ਮਹਾਰਾਣੀ ਏਲਿਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਦੇ ਲਏ ਗਏ ਇੰਟਰਵਿਊ ਵਿੱਚ ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਉਨ੍ਹਾਂ ਨੇ ਸ਼ਾਹੀ ਪਰਿਵਾਰ ਕਿਉਂ ਛੱਡਿਆ।

ਇਸ ਜੋੜੇ ਦਾ ਕਦੇ ਆਧੁਨਿਕ ਰਾਜਸ਼ਾਹੀ ਦਾ ਪ੍ਰਤੀਕ ਸਮਝੇ ਗਏ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਠਾਠਬਾਠ ਵਾਲੀ ਜ਼ਿੰਦਗੀ ਨੂੰ ਛੱਡ ਕੇ ਅਮਰੀਕਾ ਚਲੇ ਜਾਣਾ ਬਕਿੰਘਮ ਪੈਲੇਸ ਲਈ ਇਕ ਝਟਕਾ ਸਮਝਿਆ ਗਿਆ। ਪਰ ਹਾਲਾਤ ਇੱਥੇ ਤੱਕ ਕਿਵੇਂ ਪਹੁੰਚੇ? ਆਖਰਕਾਰ, ਇਸਦਾ ਕਾਰਨ ਕੀ ਸੀ?

ਇਹ ਵੀ ਪੜ੍ਹੋ

ਪਰੀ ਕਹਾਣੀਆਂ ਵਰਗਾ ਰੋਮਾਂਸ

ਸਾਲ 2016 ਦੇ ਅਖੀਰ ਵਿੱਚ, ਇਹ ਅਫਵਾਹ ਜ਼ੋਰਾਂ 'ਤੇ ਸੀ ਕਿ ਪ੍ਰਿੰਸ ਹੈਰੀ ਅਮਰੀਕੀ ਅਭਿਨੇਤਰੀ ਮੇਘਨ ਮਾਰਕਲ ਨੂੰ ਡੇਟ ਕਰ ਰਹੇ ਹਨ। ਉਸ ਸਮੇਂ ਮੇਘਨ ਟੀਵੀ ਡਰਾਮਾ 'ਸੂਟਸ' ਵਿੱਚ ਉਨ੍ਹਾਂ ਦੇ ਕਿਰਦਾਰ ਲਈ ਪਛਾਣੇ ਜਾਣ ਲੱਗੇ ਸੀ।

ਇਹ ਦੋਨੋ ਇੱਕ ਸਾਂਝੇ ਦੋਸਤ ਦੁਆਰਾ ਮਿਲੇ ਸਨ। ਦੋਵਾਂ ਨੇ ਇਸ ਜਾਣ-ਪਛਾਣ ਦੇ 18 ਮਹੀਨਿਆਂ ਦੇ ਅੰਦਰ-ਅੰਦਰ ਹੀ ਸਗਾਈ ਕਰ ਲਈ ਸੀ।

ਇਸ ਤੋਂ ਬਾਅਦ ਮੀਡੀਆ ਇਸ ਜੋੜੀ ਨੂੰ ਲੈ ਕੇ ਬਾਵਲਾ ਹੋ ਗਿਆ। ਉਨ੍ਹਾਂ ਨੂੰ ਜਲਦੀ ਹੀ ਬ੍ਰਿਟਿਸ਼ ਸ਼ਾਹੀ ਪਰਿਵਾਰ ਨੂੰ ਹਿਲਾ ਕੇ ਰੱਖ ਦੇਣ ਵਾਲੀ ਜੋੜੀ ਵਜੋਂ ਵੇਖਿਆ ਗਿਆ। ਮਾਰਕਲ ਗਲੈਮਰਸ ਸੀ। ਇਹ ਇੱਕ ਅੰਤਰਜਾਤੀ ਜੋੜਾ ਸੀ। ਦੋਵਾਂ ਦੀ ਨੌਜਵਾਨਾਂ ਵਿੱਚ ਭਾਰੀ ਅਪੀਲ ਸੀ।

ਆਪਣੀ ਸਗਾਈ ਦੀ ਘੋਸ਼ਣਾ ਕਰਦਿਆਂ, ਪਿਆਰ 'ਚ ਡੁੱਬੇ ਪ੍ਰਿੰਸ ਨੇ ਪ੍ਰੈਸ ਨੂੰ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੇ ਮੇਘਨ ਨੂੰ ਮਿਲਣ ਦੇ ਕੁਝ ਦਿਨਾਂ ਵਿੱਚ ਹੀ ਜਾਣ ਲਿਆ ਸੀ ਕਿ ਉਹ ਉਹੀ ਲੜਕੀ ਹੈ ਜਿਸਦੀ ਉਹ ਭਾਲ ਕਰ ਰਹੇ ਸੀ।

ਇਸ ਤੋਂ ਬਾਅਦ, ਜਦੋਂ ਪ੍ਰਿੰਸ ਹੈਰੀ ਅਤੇ ਮੇਘਨ ਦਾ ਮਈ 2018 ਵਿੱਚ ਵਿਆਹ ਹੋਇਆ ਤਾਂ ਹਜ਼ਾਰਾਂ ਲੋਕ ਸੜਕਾਂ 'ਤੇ ਖੜੇ ਹੋ ਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਸਨ।

ਯੂਕੇ ਵਿੱਚ, ਲਗਭਗ 1 ਕਰੋੜ 30 ਲੱਖ ਲੋਕਾਂ ਨੇ ਇਸਨੂੰ ਟੀਵੀ 'ਤੇ ਵੇਖਿਆ। ਥੋੜ੍ਹੀ ਦੇਰ ਲਈ ਅਜਿਹਾ ਲੱਗ ਰਿਹਾ ਸੀ ਕਿ ਇਹ ਜੋੜਾ ਬ੍ਰਿਟਿਸ਼ ਜਨਤਾ ਅਤੇ ਪ੍ਰੈਸ ਦਾ ਇੱਕ ਪਿਆਰਾ ਹਿੱਸਾ ਬਣ ਗਿਆ ਹੈ।

ਫਿਰ ਗੱਲ ਕਿੱਥੇ ਵਿਗੜੀ?

ਵਿਆਹ ਤੋਂ ਬਾਅਦ, ਮੇਘਨ ਦਾ ਅਕਸ ਅਗਲੀ ਸ਼ਾਹੀ ਗਲੈਮਰ ਗਰਲ ਦਾ ਬਣਾਇਆ ਜਾਣ ਲੱਗਾ। ਬ੍ਰਿਟੇਨ ਦੇ ਟੈਬਲੋਇਡ ਅਖਬਾਰਾਂ ਨੇ ਉਨ੍ਹਾਂ ਦੇ ਬਾਰੇ ਜ਼ਬਰਦਸਤ ਆਰਟੀਕਲ ਪ੍ਰਕਾਸ਼ਤ ਕਰਨੇ ਸ਼ੁਰੂ ਕੀਤੇ। ਉਨ੍ਹਾਂ ਵਿੱਚ ਸੁਝਾਅ ਦਿੱਤਾ ਗਿਆ ਕਿ ਉਹ ਕਿਵੇਂ ਆਪਣੀ 'ਪਾਲਿਸ਼ਡ ਲੁੱਕ' ਹਾਸਲ ਕਰ ਸਕਦੇ ਹਨ।

ਕ੍ਰਾਊਨ ਕ੍ਰਾਨਿਕਲਸ ਦੀ ਸੰਪਾਦਕ ਅਤੇ ਪੀਆਰ ਕਾਰਜਕਾਰੀ ਵਿਕਟੋਰੀਆ ਹਾਵਰਡ ਕਹਿੰਦੀ ਹੈ, "ਇਹ ਦੁਹਰਾਉਣ ਵਾਲੀ ਚੀਜ਼ ਵਾਂਗ ਜਾਪਦੀ ਹੈ, ਪਰ ਬਹੁਤ ਸਾਰਿਆਂ ਨੇ ਇਸ ਨੂੰ ਬ੍ਰਿਟਿਸ਼ ਸ਼ਾਹੀ ਪਰਿਵਾਰ ਵਿੱਚ ਹੋਣ ਵਾਲੀ ਇੱਕ ਨਵੀਂ ਸ਼ੁਰੂਆਤ ਦੇ ਰੂਪ ਵਿੱਚ ਵੇਖਿਆ।"

"ਮੇਘਨ ਸਿਰਫ਼ ਮਿਕਸਡ ਨਸਲ ਦੀ ਹੀ ਨਹੀਂ ਸੀ, ਬਲਕਿ ਉਹ ਅਮਰੀਕੀ ਵੀ ਸੀ ਅਤੇ ਤਲਾਕਸ਼ੁਦਾ ਵੀ।"

"ਹਰ ਕੋਈ ਇਸ ਨੂੰ ਸ਼ਾਨਦਾਰ ਕਹਿ ਰਿਹਾ ਸੀ। ਮੇਘਨ ਸਪੱਸ਼ਟ ਅਤੇ ਨਾਰੀਵਾਦੀ ਹਨ। ਲੋਕ ਇਸ ਦੀ ਸ਼ਲਾਘਾ ਕਰ ਰਹੇ ਸਨ। ਅਤੇ ਇਹ ਜੋੜਾ ਬਹੁਤ ਮਸ਼ਹੂਰ ਸੀ। ਬ੍ਰਿਟੇਨ ਵਿੱਚ ਦੋਵਾਂ ਤੋਂ ਬਹੁਤ ਉਮੀਦਾਂ ਸਨ।"

ਇਹ ਵੀ ਪੜ੍ਹੋ

ਉਹ ਕਹਿੰਦੀ ਹੈ, "ਪਰੰਤੂ ਉਹਨਾਂ ਦੀ ਸਗਾਈ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਟੈਬਲੋਇਡਾਂ ਦੁਆਰਾ ਨਿਸ਼ਾਨਾ ਬਣਾਏ ਜਾਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ।"

"ਜਦੋਂ ਪ੍ਰਿੰਸ ਹੈਰੀ ਨੇ ਪਹਿਲੀ ਵਾਰ ਸਾਲ 2016 ਵਿੱਚ ਮੇਘਨ ਨਾਲ ਆਪਣੇ ਸੰਬੰਧਾਂ ਦੀ ਪੁਸ਼ਟੀ ਕੀਤੀ ਸੀ, ਮੀਡੀਆ ਦੇ ਇੱਕ ਹਿੱਸੇ ਨੇ ਉਨ੍ਹਾਂ 'ਤੇ ਚੌਂਕਾ ਦੇਣ ਵਾਲਾ ਹਮਲਾ ਕੀਤਾ। ਪ੍ਰਿੰਸ ਹੈਰੀ ਨੇ ਮੀਡੀਆ ਦੇ ਇੱਕ ਹਿੱਸੇ ਉੱਤੇ ਮੇਘਨ ਲਈ ਗੰਦੇ ਸ਼ਬਦਾਂ ਦੀ ਵਰਤੋਂ ਕਰਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਸਨ।"

ਪ੍ਰਿੰਸ ਹੈਰੀ ਨੇ ਕਿਹਾ ਕਿ ਮੇਘਨ ਵਿਰੁੱਧ ਮੁਹਿੰਮ ਦੀ ਲਹਿਰ ਚੱਲ ਰਹੀ ਸੀ।

ਉਨ੍ਹਾਂ ਨੇ ਕਿਹਾ, "ਇੱਥੇ ਖੁੱਲ੍ਹੇਆਮ ਬੇਇੱਜ਼ਤ ਅਤੇ ਤਸੀਹੇ ਦੇਣ ਦੀਆਂ ਕੁਝ ਘਟਨਾਵਾਂ ਵਾਪਰੀਆਂ ਹਨ।"

"ਇਕ ਰਾਸ਼ਟਰੀ ਅਖਬਾਰ ਦੇ ਪਹਿਲੇ ਪੰਨੇ 'ਤੇ ਉਸ 'ਤੇ ਚਿੱਕੜ ਸੁੱਟਿਆ ਗਿਆ। ਉਨ੍ਹਾਂ ਲੇਖਾਂ ਵਿੱਚ ਨਸਲਵਾਦ ਦੀ ਬਦਬੂ ਆ ਰਹੀ ਸੀ। ਸੋਸ਼ਲ ਮੀਡੀਆ 'ਤੇ ਟ੍ਰੋਲਜ਼ ਮਾਰਕਲ ਖਿਲਾਫ਼ ਨਫਰਤ ਭਰੀ ਮੁਹਿੰਮ ਨੂੰ ਖੁੱਲ੍ਹੇ ਆਮ ਚਲਾ ਰਹੇ ਸਨ। ਇੰਟਰਨੈੱਟ 'ਤੇ ਵੀ ਲੇਖਾਂ 'ਤੇ ਟਿੱਪਣੀ ਕਰਨ ਵਾਲਿਆਂ ਦਾ ਇਹ ਹੀ ਹਾਲ ਸੀ।"

ਹਾਵਰਡ ਕਹਿੰਦੀ ਹੈ, "ਟੈਬਲੋਇਡ ਅਖਬਾਰਾਂ ਦਾ ਇਸ ਤਰ੍ਹਾਂ ਦਾ ਰਵੱਈਆ ਅਸਧਾਰਨ ਨਹੀਂ ਹੈ। ਸ਼ਾਹੀ ਪਰਿਵਾਰ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਲਈ ਮੀਡੀਆ ਦੇ ਇੰਨੇਂ ਫੋਕਸ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਸਕਦਾ ਹੈ। ਉਦੋਂ ਵੀ ਜਦੋਂ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ 2007 ਵਿੱਚ ਵੱਖ ਹੋਏ ਸਨ, ਇਸ ਲਈ ਮੀਡੀਆ ਦੀ ਘੇਰਾਬੰਦੀ ਨੂੰ ਵੀ ਇੱਕ ਮਹੱਤਵਪੂਰਣ ਕਾਰਨ ਮੰਨਿਆ ਜਾਂਦਾ ਸੀ।"

"ਸ਼ਾਹੀ ਪਰਿਵਾਰਾਂ ਦੀਆਂ ਔਰਤਾਂ ਅਤੇ ਟੈਬਲੋਇਡ ਪ੍ਰੈਸ ਦੇ ਵਿਚਕਾਰ ਸੰਬੰਧ ਬਹੁਤ ਨਰਮ-ਗਰਮ ਰਹੇ ਹਨ। ਜਦੋਂ ਉਹ ਸ਼ਾਹੀ ਪਰਿਵਾਰ ਵਿੱਚ ਸ਼ਾਮਲ ਹੁੰਦੇ ਹਨ, ਉਸ ਵੇਲੇ ਤਾਂ ਪ੍ਰੈਸ ਉਨ੍ਹਾਂ ਬਾਰੇ ਬਹੁਤ ਸਕਾਰਾਤਮਕ ਰਹਿੰਦੀ ਹੈ।"

"ਉਸ ਵੇਲੇ ਤਾਂ ਉਨ੍ਹਾਂ 'ਤੇ ਕਾਫ਼ੀ ਨਰਮ ਸਟੋਰੀਆਂ ਕੀਤੀਆਂ ਜਾਂਦੀਆਂ ਹਨ ਜਿਵੇਂ ਉਹ ਕਿਹੜੀ ਕਰੀਮ ਵਰਤਦੇ ਹਨ? ਇੱਕ ਸਾਲ ਬਾਅਦ, ਉਨ੍ਹਾਂ ਨੂੰ ਲੱਗਦਾ ਹੈ ਕਿ ਤਾਰੀਫ਼ ਦੀ ਚਾਸ਼ਨੀ 'ਚ ਡੁੱਬੀ ਇਸ ਤਰ੍ਹਾਂ ਦੀਆਂ ਕਹਾਣੀਆਂ ਹੁਣ ਲੋਕਾਂ ਨੂੰ ਬੋਰ ਕਰ ਰਹੀਆਂ ਹਨ।"

"ਇਸ ਲਈ ਇਨ੍ਹਾਂ ਔਰਤਾਂ ਦੇ ਦੋਸਤਾਂ ਅਤੇ ਸਾਬਕਾ ਸਹਿਕਰਮੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂਕਿ ਕੁਝ ਗੰਦਾ ਛਾਪਿਆ ਜਾਵੇ। ਇਸ ਤੋਂ ਬਾਅਦ ਹੌਲੀ-ਹੌਲੀ ਚਿਕੱੜ ਉਛਾਲਣ ਵਾਲੀਆਂ ਕਹਾਣੀਆਂ ਛਾਪਣੀਆਂ ਸ਼ੁਰੂ ਹੋ ਜਾਂਦੀਆਂ ਹਨ।"

ਪ੍ਰਿੰਸ ਹੈਰੀ ਦੇ ਬਿਆਨ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਉਹ ਮੇਘਨ 'ਤੇ ਅਜਿਹੇ ਹਮਲੇ ਬਰਦਾਸ਼ਤ ਨਹੀਂ ਕਰਨਗੇ। ਇਸ ਜੋੜੇ ਦੇ ਸ਼ਾਹੀ ਪਰਿਵਾਰ ਤੋਂ ਜਾਣ ਤੋਂ ਬਾਅਦ ਪ੍ਰਿੰਸ ਨੇ ਕਿਹਾ ਸੀ ਕਿ ਪ੍ਰੈਸ ਨੇ ਬ੍ਰਿਟੇਨ 'ਚ 'ਜ਼ਹਰੀਲਾ' ਮਾਹੌਲ ਬਣਾਇਆ ਹੈ ਜਿਸ ਤੋਂ ਬਚਣ ਲਈ ਦੋਹਾਂ ਨੇ ਇਹ ਫੈਸਲਾ ਲਿਆ।

ਯਾਹੂ ਦੀ ਨਿਊਜ਼ ਸਾਈਟ ਲਈ ਸ਼ਾਹੀ ਪਰਿਵਾਰ ਦੇ ਦੌਰੇ ਨੂੰ ਕਵਰ ਕਰਨ ਵਾਲੀ ਪੱਤਰਕਾਰ ਜੈਸਿਕਾ ਮੋਰਗਨ ਕਹਿੰਦੇ ਹਨ, "ਹੈਰੀ ਨੇ ਆਪਣੀ ਮਾਂ ਨਾਲ ਪ੍ਰੈਸ ਦਾ ਵਿਵਹਾਰ ਵੇਖਿਆ ਸੀ ਅਤੇ ਉਹ ਨਹੀਂ ਚਾਹੁੰਦੇ ਸੀ ਕਿ ਇਹ ਉਨ੍ਹਾਂ ਦੀ ਪਤਨੀ ਨਾਲ ਦੁਹਰਾਇਆ ਜਾਵੇ"।

ਉਹ ਕਹਿੰਦੇ ਹਨ, "ਡਾਇਨਾ ਸਪਸ਼ਟ ਸੀ। ਉਹ ਬਿਨਾਂ ਕਿਸੇ ਝਿਜਕ ਆਪਣੀ ਆਵਾਜ਼ ਬੁਲੰਦ ਕਰਦੀ ਸੀ। ਕੋਈ ਉਨ੍ਹਾਂ ਨੂੰ ਚੁੱਪ ਕਰਾਏ, ਇਹ ਉਨ੍ਹਾਂ ਨੂੰ ਪਸੰਦ ਨਹੀਂ ਸੀ। ਇਨ੍ਹਾਂ ਮਾਮਲਿਆਂ ਵਿੱਚ, ਮੇਘਨ ਅਤੇ ਡਾਇਨਾ ਵਿੱਚ ਸਮਾਨਤਾ ਹੈ। ਮੇਘਨ ਗੋਰੀ ਵੀ ਨਹੀਂ ਹੈ।

ਕੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ?

ਜਦੋਂ ਲੇਡੀ ਡਾਇਨਾ ਸਪੈਨਸਰ ਸ਼ਾਹੀ ਪਰਿਵਾਰ ਵਿੱਚ ਆਈ ਸੀ ਤਾਂ ਪ੍ਰੈਸ ਦੀ ਪ੍ਰਤੀਕ੍ਰਿਆ ਬਹੁਤ ਜ਼ਿਆਦਾ ਸਕਾਰਾਤਮਕ ਸੀ। ਇਹੋ ਗੱਲ ਮੇਘਨ ਵੇਲੇ ਵੀ ਹੋਈ ਸੀ।

ਹਾਵਰਡ ਕਹਿੰਦੇ ਹਨ, "ਡਾਇਨਾ ਨੂੰ ਸ਼ੁਰੂ ਵਿੱਚ ਬਹੁਤ ਪਿਆਰ ਮਿਲਿਆ। ਉਹ ਜਵਾਨ ਸੀ। ਉਹ ਬੇਹਦ ਖੂਬਸੂਰਤ ਸੀ। ਡਾਇਨਾ ਬਹੁਤ ਮਸ਼ਹੂਰ ਸੀ ਅਤੇ ਇੰਝ ਜਾਪਦਾ ਸੀ ਕਿ ਉਸਦੇ ਨਾਲ ਕੁਝ ਵੀ ਗਲਤ ਨਹੀਂ ਹੋ ਸਕਦਾ।"

ਪਰ ਆਪਣੇ ਪਤੀ ਪ੍ਰਿੰਸ ਚਾਰਲਸ ਨੂੰ ਖੁੱਲ੍ਹਆਮ ਤਲਾਕ ਦੇਣ ਤੋਂ ਬਾਅਦ, ਪੈਪਰਾਜ਼ੀ ਪ੍ਰਿੰਸੇਜ਼ ਡਾਇਨਾ ਦੇ ਪਿੱਛੇ ਹੱਥ ਧੋ ਕੇ ਪੈ ਗਈ।

ਇੱਕ ਵਾਰ 1993 ਵਿੱਚ, ਜਦੋਂ ਪੈਪਰਾਜ਼ੀ ਉਨ੍ਹਾਂ ਦੇ ਪਿੱਛੇ-ਪਿੱਛੇ ਚਲੀ ਆਈ ਤਾਂ ਉਨ੍ਹਾਂ ਨੇ ਚੀਖ ਕੇ ਕਿਹਾ, "ਤੁਸੀਂ ਲੋਕਾਂ ਨੇ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ।"

ਜਿਮ ਵਿੱਚ ਕਸਰਤ ਕਰਦਿਆਂ ਉਨ੍ਹਾਂ ਦੀਆਂ ਤਸਵੀਰਾਂ ਲੁੱਕ ਕੇ ਲਈਆਂ ਗਈਆਂ ਸਨ। ਕਿਹਾ ਜਾਂਦਾ ਹੈ ਕਿ ਨਵੇਂ ਸਾਥੀ ਡੋਡੀ ਅਲ ਫਾਇਦ ਨਾਲ ਉਨ੍ਹਾਂ ਦੀ ਲਈ ਗਈ ਇੱਕ ਤਸਵੀਰ ਇੱਕ ਮਿਲੀਅਨ ਡਾਲਰ ਵਿੱਚ ਵੇਚੀ ਗਈ ਸੀ।

ਡਾਇਨਾ ਦਾ ਪ੍ਰੈਸ ਵੱਲੋਂ ਪਿੱਛਾ ਕਰਨਾ ਵੱਧਦਾ ਗਿਆ ਅਤੇ ਅਖੀਰ ਵਿੱਚ ਪੈਪਰਾਜ਼ੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਕਾਰ ਪੈਰਿਸ ਦੀ ਇੱਕ ਸੁਰੰਗ ਵਿੱਚੋਂ ਲੰਘਦੇ ਹੋਏ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਜਿਸ ਵਿੱਚ ਡਾਇਨਾ ਦੀ ਮੌਤ ਹੋ ਗਈ।

ਇਹ ਘਟਨਾ ਡਾਇਨਾ ਦੇ ਪੁੱਤਰਾਂ ਅਤੇ ਪ੍ਰੈਸ ਦੇ ਵਿਚਕਾਰ ਪਿਆਰ ਅਤੇ ਨਫ਼ਰਤ ਭਰੇ ਸੰਬੰਧਾਂ ਦੀ ਸ਼ੁਰੂਆਤ ਸੀ।

ਪਹਿਲੀ ਵਾਰ, ਉਨ੍ਹਾਂ ਨੇ ਆਪਣੀ ਮਾਂ ਦੀ ਜ਼ਿੰਦਗੀ ਵਿੱਚ ਮੀਡੀਆ ਦੀ ਲਗਾਤਾਰ ਘੁਸਪੈਠ ਦੇ ਭਿਆਨਕ ਨਤੀਜੇ ਵੇਖੇ ਸਨ।

ਇੱਕ ਬੇਰਹਿਮ ਮੁਹਿੰਮ

ਰਾਜਗੱਦੀ ਦੇ ਵਾਰਸ ਦੇ ਪੁੱਤਰ ਹੋਣ ਦੇ ਨਾਤੇ, ਪ੍ਰਿੰਸ ਹੈਰੀ ਦੀ ਜ਼ਿੰਦਗੀ 'ਤੇ ਲਗਾਤਾਰ ਪ੍ਰੈਸ ਦੀ ਨਜ਼ਰ ਰਹੀ ਹੈ। ਜ਼ਾਹਿਰ ਹੈ ਕਿ ਉਨ੍ਹਾਂ ਦੇ ਜੀਵਨ ਸਾਥੀ ਲਈ ਵੀ ਇਸ ਤੋਂ ਅਛੂਤਾ ਰਹਿਣਾ ਮੁਸ਼ਕਲ ਸੀ।

ਪਰ ਟੈਬਲੋਇਡ ਦਾ ਫ਼ੋਕਸ ਜਲਦੀ ਹੀ ਮੇਘਨ ਦੇ ਤਲਾਕ, ਪਰਿਵਾਰਕ ਜੀਵਨ, ਵਿਆਹ ਤੋਂ ਪਹਿਲਾਂ ਦੇ ਕਰੀਅਰ ਅਤੇ ਨਸਲ 'ਤੇ ਕੇਂਦ੍ਰਤ ਹੋ ਗਿਆ, ਜੋ ਆਪਣੇ ਆਪ ਨੂੰ ਇੱਕ ਸਵੈ-ਮਾਣ ਵਾਲੀ ਮਿਸ਼ਰਤ-ਨਸਲ ਦੀ ਔਰਤ ਵਜੋਂ ਦਰਸਾਉਂਦੀ ਹੈ।

ਮੇਲ ਆਨਲਾਈਨ 'ਤੇ ਪ੍ਰਕਾਸ਼ਤ ਇੱਕ ਸ਼ੁਰੂਆਤੀ ਲੇਖ ਵਿੱਚ, ਉਨ੍ਹਾਂ ਦੇ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਸੀ।

ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਪਾਲਣ ਪੋਸ਼ਣ ਲਾਸ ਏਂਜਲਸ ਦੇ ਇੱਕ ਇਲਾਕੇ ਵਿੱਚ ਹੋਇਆ ਸੀ ਜਿਸਨੂੰ ਗੈਂਗ-ਕ੍ਰਾਈਮ ਨੇ ਕੁਚਲਿਆ ਸੀ, ਹਾਲਾਂਕਿ ਉਨ੍ਹਾਂ ਦਾ ਬਹੁਤਾ ਬਚਪਨ ਹਾਲੀਵੁੱਡ ਦੇ ਆਸ ਪਾਸ ਬਤੀਤ ਹੋਇਆ ਸੀ। ਉਨ੍ਹਾਂ ਨੇ ਇੱਥੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਈ ਕੀਤੀ ਸੀ।

ਇਸ ਹੀ ਪ੍ਰਕਾਸ਼ਨ ਦੇ ਇੱਕ ਹੋਰ ਲੇਖ ਵਿੱਚ, ਉਨ੍ਹਾਂ ਦੀ ਮਾਂ ਨੂੰ ਵਿਖਰੇ ਹੋਏ ਵਾਲਾਂ ਵਾਲੀ ਅਤੇ ਖ਼ਰਾਬ ਬੈਕਗਰਾਊਂਡ ਵਾਲੀ ਇੱਕ ਅਫਰੀਕੀ-ਅਮਰੀਕੀ ਔਰਤ ਦੱਸਿਆ ਗਿਆ ਸੀ। ਇਹ ਵੀ ਕਿਹਾ ਗਿਆ ਕਿ ਮੇਘਨ ਵਿੱਚ ਇੱਕ 'ਇਗਜ਼ੌਟਿਕ ਡੀ.ਐੱਨ.ਏ.' ਹੈ।

ਮੋਰਗਨ ਨੇ ਕਿਹਾ, "ਜਦੋਂ ਮੇਘਨ ਸ਼ੁਰੂਆਤ ਵਿੱਚ ਸ਼ਾਹੀ ਪਰਿਵਾਰ ਵਿੱਚ ਆਏ ਤਾਂ ਮਾਹੌਲ ਬਹੁਤ ਸਕਾਰਾਤਮਕ ਸੀ। ਲੋਕ ਖੁਸ਼ ਸਨ। ਪਰ ਜਲਦੀ ਹੀ ਮਾਹੌਲ ਬਹੁਤ ਨਫ਼ਰਤ ਭਰਪੂਰ ਬਣ ਗਿਆ। ਪ੍ਰੈਸ ਨੇ ਬਹੁਤ ਨਸਲਵਾਦੀ ਰਵੱਈਆ ਦਿਖਾਉਣਾ ਸ਼ੁਰੂ ਕੀਤਾ।"

ਮੋਰਗਨ ਕਹਿੰਦੇ ਹਨ, "ਇਹ ਮਹਿਸੂਸ ਹੋਇਆ ਕਿ ਕਾਲਿਆਂ 'ਤੇ ਹਮਲੇ ਹੋ ਰਹੇ ਸਨ। ਮੈਂ ਮਹਿਸੂਸ ਕੀਤਾ ਕਿ ਮੇਰੇ 'ਤੇ ਨਿੱਜੀ ਹਮਲੇ ਹੋਏ ਸਨ। ਉਨ੍ਹਾਂ ਲੋਕਾਂ 'ਤੇ ਹਮਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ।"

"ਅਮਰੀਕਾ 'ਚ ਇੱਕ ਸਿਆਹਫ਼ਾਮ ਔਰਤ ਹੋਣ ਦੇ ਨਾਤੇ ਮੈਨੂੰ ਨਹੀਂ ਪਤਾ ਸੀ ਕਿ ਨਸਲਵਾਦ ਕੀ ਹੈ। ਸਾਨੂੰ ਹਰ ਵਾਰ ਸ਼ੱਕ ਦੀ ਨਿਗਾਹ ਨਾਲ ਵੇਖਿਆ ਗਿਆ। ਸਾਡੇ ਬਾਰੇ ਇੱਥੇ ਇਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ।"

ਮੇਘਨ ਬਾਰੇ ਬਹੁਤ ਸਾਰੇ ਤਰੀਕੇ ਦੀਆਂ ਗੱਲਾਂ ਕੀਤੀਆਂ ਗਈਆਂ ਹਨ।

ਉਦਾਹਰਣ ਵਜੋਂ, ਉਹ "ਜ਼ਿੱਦੀ", "ਦਖਲਅੰਦਾਜ਼" ਅਤੇ "ਦਬੰਗ" ਹਨ। ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਦੋ ਨਿੱਜੀ ਸਹਾਇਕਾਂ ਨੂੰ ਕੇਨਸਿੰਗਟਨ ਪੈਲੇਸ ਤੋਂ ਭਜਾ ਦਿੱਤਾ ਸੀ। ਮੇਘਨ ਨੇ ਇਸ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਚਰਿੱਤਰ 'ਤੇ ਕੀਤਾ ਗਿਆ ਹਮਲਾ ਹੈ। ਬਕਿੰਘਮ ਪੈਲੇਸ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।"

ਪਰ ਆਨਲਾਈਨ ਟਿੱਪਣੀਕਾਰਾਂ ਨੇ ਦਿਖਾਇਆ ਹੈ ਕਿ ਕਿਵੇਂ ਮੇਘਨ ਦੀ ਤੁਲਨਾ 'ਚ ਟੈਬਲੌਇਡ ਅਖਬਾਰਾਂ ਨੇ ਪ੍ਰਿੰਸ ਵਿਲੀਅਮ ਦੀ ਪਤਨੀ ਬਾਰੇ ਕਿਹੋ ਜਿਹੀ ਰਿਪੋਰਟਿੰਗ ਕੀਤੀ ਹੈ।

ਡੇਲੀ ਐਕਸਪ੍ਰੈਸ ਦੇ ਇੱਕ ਜਨਵਰੀ 2019 ਦੇ ਲੇਖ ਨੇ ਮੇਘਨ ਦੇ ਐਵੋਕਾਡੋ ਪ੍ਰਤੀ ਪਿਆਰ ਨੂੰ ਸੋਕੇ ਅਤੇ ਕਹੱਤਿਆ ਲਈ ਜੋੜ ਦਿੱਤਾ, ਜਦੋਂ ਕਿ 15 ਮਹੀਨੇ ਪਹਿਲਾਂ ਇਸੇ ਪ੍ਰਕਾਸ਼ਨ ਵਿੱਚ ਇੱਕ ਲੇਖ ਵਿੱਚ ਕਿਹਾ ਗਿਆ ਸੀ ਕਿ ਉਹ ਆਪਣੀ ਮਾਰਨਿੰਗ ਸਿੱਕਨੈੱਸ ਨੂੰ ਖਤਮ ਕਰਨ ਲਈ ਐਵੋਕਾਡੋ ਖਾਂਦੀ ਹੈ।

ਮੋਰਗਨ ਕਹਿੰਦੇ ਹਨ, "ਅੰਤਰ-ਨਸਲੀ ਮੁੱਦਿਆਂ ਦੇ ਸੰਦਰਭ ਵਿੱਚ ਇੱਕ ਔਰਤ ਅਤੇ ਉਹ ਵੀ ਇੱਕ ਜਨਤਕ ਸ਼ਖਸੀਅਤ ਦਾ ਅਰਥ ਇਹ ਵੀ ਹੈ ਕਿ ਤੁਸੀਂ ਸਖ਼ਤ ਨਿਗਰਾਨੀ ਹੇਠ ਹੋ।"

"ਜੇ ਤੁਸੀਂ ਇੱਕ ਔਰਤ ਹੋ ਅਤੇ ਸਿਆਹਫ਼ਾਮ ਹੋ ਤਾਂ ਸਮਝੋ ਕਿ ਤੁਹਾਡੇ 'ਤੇ ਕੜੀ ਨਜ਼ਰ ਹੋਵੇਗੀ ਕਿਉਂਕਿ ਇਨ੍ਹਾਂ ਔਰਤਾਂ ਦੀ ਜਾਂਚ ਬਹੁਤ ਉੱਚ ਪੱਧਰੀ ਕਸੌਟੀ 'ਤੇ ਰੱਖਿਆ ਜਾਂਦਾ ਹੈ। ਸਿਆਹਫ਼ਾਮ ਔਰਤਾਂ ਬੇਮਿਸਾਲ ਹੋਣੀਆਂ ਚਾਹੀਦੀਆਂ ਹਨ।"

"ਜਦੋਂ ਕੇਟ ਨੇ ਰਾਇਲ ਪ੍ਰੋਟੋਕੋਲ ਨੂੰ ਤੋੜਿਆ, ਉਹ ਕਹਿੰਦੇ ਸਨ ਕਿ ਉਹ ਅਜੇ ਸਿੱਖ ਰਹੀ ਹੈ, ਪਰ ਜਦੋਂ ਮੇਘਨ ਆਪਣੀ ਕਾਰ ਦੇ ਦਰਵਾਜ਼ੇ ਖ਼ੁਦ ਬੰਦ ਕਰਦੀ ਹੈ ਤਾਂ ਇਹ ਇੱਕ ਵੱਡੀ ਕਹਾਣੀ ਬਣ ਜਾਂਦੀ ਹੈ। ਇਹ ਇੱਕ ਸਿਸਟਮ ਅਤੇ ਸੰਸਥਾ ਦਾ ਮੁੱਦਾ ਹੈ।"

ਆਪਣੇ ਅਤੇ ਮੇਘਨ ਬਾਰੇ ਲਗਾਤਾਰ ਪ੍ਰੈਸ ਕਵਰੇਜ ਤੋਂ ਨਿਰਾਸ਼, ਹੈਰੀ ਨੇ ਅਕਤੂਬਰ 2019 ਨੂੰ ਬ੍ਰਿਟਿਸ਼ ਟੈਬਲੋਇਡਸ ਦੀ ਅਲੋਚਨਾ ਕਰਦਿਆਂ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਇਹ ਟੈਬਲੋਇਡ ਉਨ੍ਹਾਂ ਦੀ ਪਤਨੀ ਖ਼ਿਲਾਫ਼ 'ਪ੍ਰਚਾਰ' ਦੀ ਬੇਰਹਿਮੀ ਨਾਲ ਮੁਹਿੰਮ ਚਲਾ ਰਹੇ ਹਨ।

ਇਸ ਤੋਂ ਬਾਅਦ, ਅਪ੍ਰੈਲ ਵਿੱਚ, ਸ਼ਾਹੀ ਜੋੜੇ ਨੇ ਘੋਸ਼ਣਾ ਕੀਤੀ ਕਿ ਉਹ ਡੇਲੀ ਮਿਰਰ, ਦਿ ਡੇਲੀ ਮੇਲ ਅਤੇ ਡੇਲੀ ਐਕਸਪ੍ਰੈਸ ਸਮੇਤ ਹੋਰ ਪ੍ਰਕਾਸ਼ਨਾਂ ਨਾਲ ਗੱਲ ਨਹੀਂ ਕਰਨਗੇ।

ਹਾਵਰਡ ਕਹਿੰਦੇ ਹਨ, "ਕੁਝ ਟੈਬਲੋਇਡਾਂ ਦਾ ਇੱਕ ਪਾਸੜ ਰਵੱਈਆ ਹੁੰਦਾ ਹੈ। ਉਹ ਮੇਘਨ 'ਤੇ ਧਿਆਨ ਕੇਂਦ੍ਰਤ ਕਰਦੇ ਹਨ। ਉਹ ਜਾਣਦੇ ਹਨ ਕਿ ਇਹ ਉਨ੍ਹਾਂ ਨੂੰ ਨਾਰਾਜ਼ ਕਰਦਾ ਹੈ। ਉਹ ਜਾਣਦੇ ਹਨ ਕਿ ਅਜਿਹੀਆਂ ਕਹਾਣੀਆਂ ਪੜ੍ਹੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਵਧੇਰੇ ਕੁਮੈਂਟ ਮਿਲਦੇ ਹਨ। ਉਹ ਵਧੇਰੇ ਸ਼ੇਅਰ ਹੁੰਦੀਆਂ ਹਨ।"

ਪਰ ਉਹ ਇਹ ਵੀ ਕਹਿੰਦੀ ਹੈ ਕਿ ਪਬਲੀਸਿਟੀ ਦੋਤਰਫ਼ਾ ਰਸਤਾ ਹੈ।

ਹਾਵਰਡ ਕਹਿੰਦੇ ਹਨ, "ਹੈਰੀ ਅਤੇ ਮੇਘਨ ਨੂੰ ਪ੍ਰੈਸ ਨਾਲ ਰਾਬਤਾ ਰੱਖਣ ਦੀ ਜ਼ਰੂਰਤ ਤਾਂ ਹੁੰਦੀ ਹੈ। ਕਿਉਂਕਿ ਜੋ ਚੰਗੇ ਕੰਮ ਉਹ ਕਰਦੇ ਹਨ ਉਹਨਾਂ ਨੂੰ ਕਵਰੇਜ ਦੀ ਜ਼ਰੂਰਤ ਹੁੰਦੀ ਹੈ। ਚੰਗਾ ਵਿਵਹਾਰ ਉਹਨਾਂ ਦੇ ਹਿੱਤ ਵਿੱਚ ਹੁੰਦਾ ਹੈ। ਉਹ ਜਾਣਦੇ ਹਨ ਕਿ ਉਹਨਾਂ ਨੂੰ ਪ੍ਰੈਸ ਦੀ ਲੋੜ ਹੈ ਅਤੇ ਪ੍ਰੈਸ ਨੂੰ ਉਨ੍ਹਾਂ ਦੀ ਲੋੜ ਹੈ"।

ਹਾਵਰਡ ਕਹਿੰਦੇ ਹਨ, "ਪ੍ਰੈਸ ਨੂੰ ਇਹ ਪਸੰਦ ਨਹੀਂ ਸੀ ਕਿ ਕੋਈ ਉਨ੍ਹਾਂ ਨੂੰ ਇੰਨੀ ਜਲਦੀ ਦੂਰ ਰਹਿਣ ਲਈ ਕਹਿਣਾ ਸ਼ੁਰੂ ਕਰ ਦੇਵੇ। ਹੈਰੀ ਅਤੇ ਮੇਘਨ ਨੇ ਇਹ ਕੰਮ ਬਹੁਤ ਜਲਦੀ ਸ਼ੁਰੂ ਕਰ ਦਿੱਤਾ। ਹੈਰੀ ਨੇ ਕਿਹਾ - ਮੇਘਨ ਨੂੰ ਇਕੱਲੇ ਛੱਡ ਦਿਓ। ਪ੍ਰੈਸ ਨੂੰ ਇਹ ਪਸੰਦ ਨਹੀਂ ਆਇਆ।"

ਮੇਘਨ ਨੇ ਹਾਲ ਹੀ ਵਿੱਚ ਮੇਲ ਆਨ ਸੰਡੇ ਅਤੇ ਮੇਲ ਆਨਲਾਈਨ ਦੇ ਵਿਰੁੱਧ ਕਾਪੀਰਾਈਟ ਦਾ ਦਾਅਵਾ ਜਿੱਤਿਆ ਹੈ। ਇਹ ਮਾਮਲਾ ਉਨ੍ਹਾਂ ਤੋਂ ਵੱਖ ਹੋ ਚੁੱਕੇ ਪਿਤਾ ਨਾਲ ਸਬੰਧਤ ਸੀ।

ਹਾਈ ਕੋਰਟ ਨੇ ਕਿਹਾ ਕਿ ਦੋਵੇਂ ਪ੍ਰਕਾਸ਼ਨਾਂ ਨੂੰ ਉਨ੍ਹਾਂ ਦੀਆਂ ਵੈਬਸਾਈਟਾਂ ਅਤੇ ਅਖਬਾਰ ਵਿੱਚ ਇੱਕ ਬਿਆਨ ਛਾਪਣਾ ਚਾਹੀਦਾ ਹੈ ਅਤੇ ਇਸ ਕੇਸ ਵਿੱਚ ਡਚੇਸ ਦੀ ਜਿੱਤ ਬਾਰੇ ਦੱਸਣਾ ਚਾਹੀਦਾ ਹੈ। ਹਾਲਾਂਕਿ ਪ੍ਰਕਾਸ਼ਨ ਇਸ ਮਾਮਲੇ ਵਿੱਚ ਅਪੀਲ ਕਰਨ ਬਾਰੇ ਸੋਚ ਰਿਹਾ ਹੈ।

ਮੇਲ ਆਨ ਸੰਡੇ ਅਤੇ ਮੇਲ ਆਨਲਾਈਨ ਦੀ ਮਾਲਿਕ ਕੰਪਨੀ ਡੀਐਮਜੀ ਮੀਡੀਆ ਅਤੇ ਰੀਚ ਪੀਐਲਸੀ (ਐਕਸਪ੍ਰੈਸ ਅਖਬਾਰਾਂ ਵੀ ਇਨ੍ਹਾਂ ਦਾ ਹੈ), ਨੇ ਇਸ ਲੇਖ ਵਿੱਚ ਉਠਾਏ ਮੁੱਦਿਆਂ 'ਤੇ ਪ੍ਰਸ਼ਨਾਂ ਦਾ ਜਵਾਬ ਨਹੀਂ ਦਿੱਤਾ।

ਓਪਰਾ ਵਿਨਫਰੀ ਦੇ ਇੰਟਰਵਿਊ ਵਿੱਚ ਕੀ ਹੈ?

ਜਿਵੇਂ ਹੀ ਪ੍ਰੈਸ ਨਾਲ ਹੈਰੀ ਅਤੇ ਮੇਘਨ ਦਾ ਰਿਸ਼ਤਾ ਵਿਗੜਦਾ ਗਿਆ, ਸ਼ਾਹੀ ਪਰਿਵਾਰ ਵਿੱਚ ਝਗੜੇ ਦੀਆਂ ਅਫਵਾਹਾਂ ਵੀ ਗਰਮ ਹੋਣ ਲੱਗੀਆਂ।

ਜਦੋਂ ਪ੍ਰਿੰਸ ਹੈਰੀ ਅਤੇ ਮੇਘਨ ਨੇ ਜਨਵਰੀ 2020 ਵਿੱਚ ਆਪਣੀਆਂ ਸ਼ਾਹੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦਾ ਐਲਾਨ ਕੀਤਾ ਤਾਂ ਸਮਝਿਆ ਗਿਆ ਕਿ ਇਹ ਫੈਸਲਾ ਸ਼ਾਹੀ ਮਹਿਲ ਦੀ ਸਲਾਹ ਲਏ ਬਿਨਾਂ ਲਿਆ ਗਿਆ ਸੀ।

ਕਿਹਾ ਗਿਆ ਕਿ ਰਾਜ ਭਵਨ ਦੇ ਅਧਿਕਾਰੀ ਇਸ ਤੋਂ 'ਨਿਰਾਸ਼' ਹਨ। ਅਤੇ ਫਿਰ ਇਹ ਜੋੜਾ ਫਰਵਰੀ ਵਿੱਚ ਆਪਣੇ ਬੇਟੇ ਆਰਚੀ ਨਾਲ ਕੈਲੀਫੋਰਨੀਆ ਚਲਾ ਗਿਆ। ਮਹਾਰਾਣੀ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਉਹ ਹੁਣ ਕਾਰਜਕਾਰੀ ਭੂਮਿਕਾ ਵਿੱਚ ਵਾਪਸ ਨਹੀਂ ਆਉਣਗੇ।

ਓਪਰਾ ਨੂੰ ਦਿੱਤੇ ਇੰਟਰਵਿਊ ਵਿੱਚ ਪ੍ਰਿੰਸ ਹੈਰੀ ਨੇ ਆਪਣੀ ਮਾਂ ਅਤੇ ਪਤਨੀ, ਭਾਵ ਮੇਘਨ ਨਾਲ ਪ੍ਰੈਸ ਦੇ ਸਲੂਕ ਵਿੱਚ ਸਮਾਨਤਾਵਾਂ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ।

2017 ਦੀ ਸਗਾਈ ਬਾਰੇ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਹੈਰੀ ਨੇ ਕਿਹਾ ਸੀ ਕਿ ਉਹ ਅਤੇ ਮੇਘਨ ਇੱਕ ਟੀਮ ਦੇ ਰੂਪ ਵਿੱਚ ਹਰ ਤਰਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨ ਦੇ ਸਮਰੱਥ ਹਨ।

ਉਨ੍ਹਾਂ ਨੇ ਓਪਰਾ ਵਿਨਫਰੀ ਨਾਲ ਇੰਟਰਵਿਊ ਦੌਰਾਨ ਆਪਣੀ ਮਾਂ ਬਾਰੇ ਗੱਲ ਕਰਦਿਆਂ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ।

ਉਨ੍ਹਾਂ ਨੇ ਕਿਹਾ, "ਮੈਂ ਕਲਪਨਾ ਨਹੀਂ ਕਰ ਸਕਦਾ ਕਿ ਉਸ ਸਮੇਂ ਦੌਰਾਨ ਉਨ੍ਹਾਂ (ਡਾਇਨਾ) ਲਈ ਅਜਿਹੀ ਪ੍ਰਕਿਰਿਆ ਵਿੱਚੋਂ ਲੰਘਣਾ ਕਿਵੇਂ ਦਾ ਰਿਹਾ ਹੋਵੇਗਾ। ਕਿਉਂਕਿ ਸਾਡੇ ਦੋਵਾਂ ਲਈ ਇਹ ਬਹੁਤ ਮੁਸ਼ਕਲ ਰਿਹਾ ਹੈ। ਫਿਰ ਵੀ ਇਸ ਗੱਲ ਦੇ ਸ਼ੁਕਰਗੁਜ਼ਾਰ ਹਾਂ ਕਿ ਇਸ ਦਾ ਸਾਹਮਣਾ ਕਰਨ ਲਈ ਘੱਟੋ ਘੱਟ ਅਸੀਂ ਇਕੱਠੇ ਹਾਂ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)