ਜੰਮੂ ਵਿੱਚ ਰਹਿਣ ਵਾਲੇ ਰੋਹਿੰਗਿਆ ਮੁਸਲਮਾਨ ਅਚਾਨਕ ਪੁਲਿਸ ਦੇ ਨਿਸ਼ਾਨੇ 'ਤੇ ਕਿਉਂ ਆ ਗਏ - ਗਰਾਊਂਡ ਰਿਪੋਰਟ

    • ਲੇਖਕ, ਮੋਹਿਤ ਕੰਧਾਰੀ
    • ਰੋਲ, ਜੰਮੂ ਤੋਂ, ਬੀਬੀਸੀ ਲਈ

ਜੰਮੂ ਵਿੱਚ ਭਥਿੰਡੀ ਦੇ ਕਿਰਆਨੀ ਤਾਲਾਬ ਮੁਹੱਲੇ ਵਿਖੇ ਸ਼ਨੀਵਾਰ ਦੇਰ ਸ਼ਾਮ ਤੋਂ ਤਣਾਅ ਦਾ ਮਾਹੌਲ ਸੀ। ਇਸਦਾ ਮੁੱਖ ਕਾਰਨ ਇਹ ਸੀ ਕਿ 155 ਰੋਹਿੰਗਿਆ ਸ਼ਹਿਰ ਦੇ ਮੌਲਾਨਾ ਆਜ਼ਾਦ ਸਟੇਡੀਅਮ ਤੋਂ ਘਰ ਵਾਪਸ ਨਹੀਂ ਪਰਤੇ। ਇਹ ਲੋਕ ਦਿਨ ਵੇਲੇ ਪੁਲਿਸ ਦੇ ਬੁਲਾਵੇ 'ਤੇ ਆਪਣੇ ਕਾਗਜ਼ਾਤ ਚੈੱਕ ਕਰਵਾਉਣ ਗਏ ਸਨ।

ਪਰ ਦਿਨ ਭਰ ਚਲੀ ਜਾਂਚ ਤੋਂ ਬਾਅਦ, ਜੰਮੂ-ਕਸ਼ਮੀਰ ਪੁਲਿਸ ਨੇ ਕੁਝ ਲੋਕਾਂ ਨੂੰ ਤਾਂ ਘਰ ਜਾਣ ਦੀ ਆਗਿਆ ਦੇ ਦਿੱਤੀ, ਪਰ ਦੂਜੇ ਪਾਸੇ, ਰੋਹਿੰਗਿਆ, ਜੋ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ, ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਹੀਰਾਨਗਰ ਉਪ-ਜੇਲ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗ੍ਰਿਫ਼ਤਾਰ ਕਰ ਲਿਆ ਸੀ।

ਦੇਰ ਸ਼ਾਮ ਜੰਮੂ ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਰੈਂਕ ਅਧਿਕਾਰੀ ਮੁਕੇਸ਼ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਜੰਮੂ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਕੋਲ, ਪਾਸਪੋਰਟ ਐਕਟ ਦੀ ਧਾਰਾ (3) ਦੇ ਅਨੁਸਾਰ, ਯਾਤਰਾ ਦੇ ਸਹੀ ਦਸਤਾਵੇਜ਼ ਨਹੀਂ ਸਨ। ਉਨ੍ਹਾਂ ਨੂੰ ਹੀਰਾਨਗਰ ਦੇ 'ਹੋਲਡਿੰਗ ਸੈਂਟਰ' ਭੇਜਿਆ ਗਿਆ ਹੈ।

ਇਹ ਵੀ ਪੜ੍ਹੋ

ਜੰਮੂ-ਕਸ਼ਮੀਰ ਦੇ ਗ੍ਰਹਿ ਵਿਭਾਗ ਦੀ ਫਰਵਰੀ 2018 ਦੀ ਇੱਕ ਰਿਪੋਰਟ ਦੇ ਅਨੁਸਾਰ, 6523 ਰੋਹਿੰਗਿਆ ਪੰਜ ਜ਼ਿਲ੍ਹਿਆਂ ਵਿੱਚ 39 ਕੈਂਪਾਂ ਵਿੱਚ ਰਹਿੰਦੇ ਹਨ।

ਪੁਲਿਸ ਨੇ ਰੋਹਿੰਗਿਆ ਖਿਲਾਫ਼ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ ਜਦੋਂ ਉਨ੍ਹਾਂ ਵਿੱਚੋਂ ਕੁਝ ਦੇ ਕੋਲੋਂ ਆਧਾਰ ਕਾਰਡ ਅਤੇ ਪਾਸਪੋਰਟ ਵਰਗੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਸਨ।

ਰਾਤ ਰਿਸ਼ਤੇਦਾਰਾਂ ਦੀ ਉਡੀਕ ਵਿੱਚ ਬਤੀਤ ਕੀਤੀ

ਬਹੁਤ ਸਾਰੇ ਪਰਿਵਾਰ ਬਿਨਾਂ ਕੁਝ ਖਾਦੇ ਪੀਤੇ ਸਾਰੀ ਰਾਤ ਆਪਣੇ ਰਿਸ਼ਤੇਦਾਰਾਂ ਦੀ ਉਡੀਕ ਕਰਦਿਆਂ ਜਾਗਦੇ ਰਹੇ।

ਐਤਵਾਰ ਸਵੇਰੇ ਪੁਲਿਸ ਦੀ ਸਖ਼ਤ ਕਾਰਵਾਈ ਤੋਂ ਬਚਣ ਲਈ ਵੱਡੀ ਗਿਣਤੀ ਵਿੱਚ ਰੋਹਿੰਗਿਆ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਘਰੇਲੂ ਸਮਾਨ ਲੈ ਕੇ ਸੜਕ 'ਤੇ ਆ ਗਏ ਅਤੇ ਵਾਪਸ ਆਉਣ ਤੋਂ ਝਿਜਕ ਰਹੇ ਸਨ।

ਕਿੱਥੇ ਜਾਣਾ ਹੈ, ਕਿਸ ਕੋਲ ਜਾਣਾ ਹੈ, ਕਿਸੇ ਨੂੰ ਕੁਝ ਨਹੀਂ ਪਤਾ ਸੀ। ਹਰ ਕੋਈ ਬੱਸ ਚਲਿਆ ਜਾ ਰਿਹਾ ਸੀ। ਕਾਲੇ ਰੰਗ ਦੇ ਬੁਰਕਾ ਪਾਈਆਂ ਔਰਤਾਂ ਛੋਟੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਲਿਜਾ ਰਹੀਆਂ ਸਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਘਰੇਲੂ ਚੀਜ਼ਾਂ ਨਾਲ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ।

ਟੇਡੇ-ਮੇਡੇ ਰਸਤਿਆਂ ਤੋਂ ਹੁੰਦੇ ਹੋਏ ਜਦੋਂ ਇਹ ਲੋਕ ਭਥਿੰਡੀ ਦੀ 'ਮੱਕਾ ਮਸਜਿਦ' ਪਹੁੰਚੇ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਮਝਾਉਣ ਅਤੇ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਰੋਹਿੰਗਿਆ ਸਹਿਮਤ ਨਹੀਂ ਹੋਏ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

'ਕੁਝ ਨਹੀਂ ਪਤਾ'

ਰਸਤੇ ਵਿੱਚ ਇੱਕ ਰੋਹਿੰਗਿਆ ਔਰਤ, ਜਿਸਦੀ ਗੋਦ ਵਿੱਚ ਛੇ ਮਹੀਨੇ ਦਾ ਬੱਚਾ ਸੀ, ਨੇ ਬੀਬੀਸੀ ਹਿੰਦੀ ਨੂੰ ਕਿਹਾ, "ਕਿੱਥੇ ਲੈ ਜਾਵਾਂਗੇ, ਕਿੱਥੇ ਨਹੀਂ, ਅਸੀਂ ਅਜੇ ਵੀ ਚਿੰਤਤ ਹਾਂ। ਬੱਚਾ ਅਜੇ ਛੇ ਮਹੀਨੇ ਦਾ ਵੀ ਨਹੀਂ ਹੈ। ਇਸ ਨੂੰ ਰਸਤੇ 'ਚ ਦੁੱਧ ਕਿਵੇਂ ਪਿਲਾਵਾਂਗੀ? ਸਾਨੂੰ ਬੋਤਲ ਕਿੱਥੋਂ ਮਿਲੇਗੀ, ਗਰਮ ਪਾਣੀ ਕਿੱਥੋਂ ਮਿਲੇਗਾ। ਸਾਡੇ ਕੋਲ ਪੈਸੇ ਵੀ ਨਹੀਂ ਹਨ। ਸਾਨੂੰ ਨਹੀਂ ਪਤਾ ਕਿ ਇਹ ਸਾਨੂੰ ਕਿੱਥੇ ਲੈ ਜਾ ਰਹੇ ਹਨ।"

ਇਹ ਔਰਤ ਆਪਣੇ ਪਰਿਵਾਰ ਨਾਲ ਨੌਂ ਸਾਲਾਂ ਤੋਂ ਜੰਮੂ ਵਿੱਚ ਰਹਿ ਰਹੀ ਸੀ, ਜਿਸ ਦੇ ਤਿੰਨ ਬੱਚੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਮਝ ਨਹੀਂ ਪਾ ਰਹੇ ਹਨ ਕਿ ਪੁਲਿਸ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਿਉਂ ਕਰ ਰਹੀ ਹੈ, ਜਦੋਂ ਉਨ੍ਹਾਂ ਨੇ ਕੁਝ ਨਹੀਂ ਕੀਤਾ।

ਚਲਦੇ-ਚਲਦੇ ਰੋਹਿੰਗਿਆ ਭਥਿੰਡੀ ਦੀਆਂ ਗਲੀਆਂ ਵਿੱਚ ਇਕੱਠੇ ਹੋਏ ਕਿਸੇ ਨੇ ਆਪਣੇ ਬੱਚਿਆਂ ਨੂੰ ਘਰ ਦਾ ਖਾਣਾ ਖੁਆਇਆ, ਤਾਂ ਕਿਸੇ ਨੇ ਬਿਸਕੁਟ ਦਾ ਪੈਕੇਟ ਲੈ ਕੇ ਬੱਚਿਆਂ ਦੇ ਹੱਥਾਂ ਵਿੱਚ ਰੱਖ ਦਿੱਤਾ।

ਇਸ ਦੌਰਾਨ ਕਿਰਆਨੀ ਤਾਲਾਬ ਖੇਤਰ ਵਿੱਚ ਦਿਨ ਭਰ ਦੁਕਾਨਾਂ ਬੰਦ ਰਹੀਆਂ ਅਤੇ ਰੋਹਿੰਗਿਆ ਕਲੋਨੀ ਵਿੱਚ ਚੁੱਪ ਫੈਲ ਗਈ।

ਸੁਰੱਖਿਆ ਬਲਾਂ ਦੀ ਤਾਇਨਾਤੀ ਵੀ ਸਰਕਾਰ ਦੁਆਰਾ ਵੱਡੇ ਪੱਧਰ 'ਤੇ ਕੀਤੀ ਗਈ ਸੀ।

ਉਥੇ ਮੌਜੂਦ ਹਰ ਆਦਮੀ ਦੇ ਚਿਹਰੇ 'ਤੇ ਉਦਾਸੀ ਸਾਫ ਨਜ਼ਰ ਆ ਰਹੀ ਸੀ। ਛੋਟੇ ਝੁੰਡ ਬਣਾ ਕੇ, ਉਹ ਆਪਸ ਵਿੱਚ ਆਪਣੇ ਭਵਿੱਖ ਬਾਰੇ ਚਿੰਤਤ ਹੁੰਦੇ ਨਜ਼ਰ ਆਏ।

ਬੀਬੀਸੀ ਹਿੰਦੀ ਨਾਲ ਗੱਲ ਕਰਦਿਆਂ ਇੱਕ ਬਜ਼ੁਰਗ ਰੋਹਿੰਗਿਆ ਦੀਨ ਮੁਹੰਮਦ ਨੇ ਕਿਹਾ, "ਮੈਂ ਆਪਣਾ ਸਮਾਨ ਲੈ ਕੇ ਆਪਣੇ ਬੱਚਿਆਂ ਨਾਲ ਕਿਤੇ ਵੀ ਜਾਣ ਲਈ ਤਿਆਰ ਹਾਂ। ਜਿਥੇ ਵੀ ਅਸੀਂ ਜਾਵਾਂਗੇ, ਅਸੀਂ ਇਕੱਠੇ ਚੱਲਾਂਗੇ। ਚਾਹੇ ਜੇਲ੍ਹ, ਪਾਣੀ ਜਾਂ ਪਹਾੜ ਵਿੱਚ। ਅਸੀਂ ਆਪਣੇ ਬੱਚਿਆਂ ਨਾਲ ਰਹਾਂਗੇ। ਅਸੀਂ ਉਨ੍ਹਾਂ ਨੂੰ ਇਕੱਲੇ ਨਹੀਂ ਛੱਡਾਂਗੇ।"

ਜਿਸ ਕਿਸੇ ਨਾਲ ਵੀ ਅਸੀਂ ਗੱਲ ਕੀਤੀ, ਉਨ੍ਹਾਂ ਵਿੱਚੋਂ ਕੋਈ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਨਾ ਮਿਲਣ ਨੂੰ ਲੈ ਕੇ ਦੁੱਖੀ ਸੀ ਅਤੇ ਕਿਸੇ ਨੂੰ ਆਉਣ ਵਾਲੇ ਭਵਿੱਖ ਬਾਰੇ ਚਿੰਤਾ ਸੀ।

ਮੁਹੰਮਦ ਹਾਰੂਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਇੱਥੋਂ ਕਿੱਥੇ ਜਾਵਾਂਗੇ। ਜੰਮੂ ਵਿੱਚ ਇੰਨਾ ਲੰਬਾ ਸਮਾਂ ਬੀਤ ਚੁੱਕਾ ਹੈ, ਇੱਥੇ ਕਦੇ ਕਿਸੇ ਨੂੰ ਪ੍ਰੇਸ਼ਾਨ ਨਹੀਂ ਕੀਤਾ ਗਿਆ। ਪਤਾ ਨਹੀਂ ਕਿਉਂ ਪੁਲਿਸ ਅਚਾਨਕ ਸਾਨੂੰ ਜਾਂਚ ਦੇ ਨਾਮ 'ਤੇ ਪ੍ਰੇਸ਼ਾਨ ਕਰ ਰਹੀ ਹੈ।"

ਹਾਰੂਨ ਕਹਿੰਦਾ ਹੈ, "ਜਦ ਤੱਕ ਸਾਡੇ ਦੇਸ਼ ਵਿੱਚ ਸ਼ਾਂਤੀ ਬਹਾਲ ਨਹੀਂ ਹੁੰਦੀ, ਅਸੀਂ ਵਾਪਸ ਨਹੀਂ ਜਾ ਸਕਦੇ। ਜੇ ਭਾਰਤ ਸਰਕਾਰ ਨੂੰ ਕੋਈ ਮੁਸ਼ਕਲ ਆਉਂਦੀ ਹੈ, ਸਾਨੂੰ ਇਸਨੂੰ ਕਿਸੇ ਹੋਰ ਦੇਸ਼ ਦੇ ਹਵਾਲੇ ਕਰਨਾ ਚਾਹੀਦਾ ਹੈ, ਅਸੀਂ ਉਥੇ ਚਲੇ ਜਾਵਾਂਗੇ।"

"ਜੇਕਰ ਭਾਰਤ ਸਰਕਾਰ ਅਜਿਹਾ ਕਰਦੀ ਹੈ ਤਾਂ ਸਾਡੇ 'ਤੇ ਬਹੁਤ ਵੱਡਾ ਇਹਸਾਨ ਹੋਵੇਗਾ। ਆਖਿਰਕਾਰ, ਅਸੀਂ ਕਿੰਨਾ ਚਿਰ ਜ਼ੁਲਮ ਸਹਾਂਗੇ।"

ਮੁਸੀਬਤ

ਇੱਕ ਰੋਹਿੰਗਿਆ ਕਾਰੋਬਾਰੀ ਮੁਹੰਮਦ ਰਫੀਕੀ, ਜੋ ਲੰਬੇ ਸਮੇਂ ਤੋਂ ਜੰਮੂ ਵਿੱਚ ਰਹਿ ਰਹੇ ਹਨ, ਮੁਸੀਬਤ ਦੀ ਸਥਿਤੀ ਵਿੱਚ ਉਥੇ ਘੁੰਮ ਰਹੇ ਸੀ।

ਉਨ੍ਹਾਂ ਨੇ ਕਿਹਾ, "ਅਸੀਂ ਸਾਰਿਆਂ ਨੇ ਭਾਰਤ ਵਿੱਚ ਸ਼ਰਨ ਲਈ ਸੀ। ਉਨ੍ਹਾਂ ਸਾਰਿਆਂ ਕੋਲ ਯੂਐਨਐਚਆਰਸੀ ਦਾ ਕਾਰਡ ਹੈ। ਅਸੀਂ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ। ਅਸੀਂ ਆਪਣੇ ਦੇਸ਼ ਜਾਣ ਲਈ ਤਿਆਰ ਹਾਂ, ਪਰ ਸਾਨੂੰ ਕੁਝ ਸਮਾਂ ਮਿਲਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਸੰਭਾਲ ਸਕੀਏ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰ ਸਕੀਏ।"

ਪੁਲਿਸ ਕਾਰਵਾਈ ਦਾ ਜ਼ਿਕਰ ਕਰਦਿਆਂ ਮੁਹੰਮਦ ਜ਼ੁਬੈਰ ਨੇ ਕਿਹਾ, "ਇੱਕ ਆਦਮੀ ਦੀ ਗਲਤੀ ਕਰਕੇ ਸਭ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਸਾਡੀ ਤਾਂ ਅਜਿਹੀ ਕੋਈ ਗਲਤੀ ਨਹੀਂ ਹੈ। ਹੋ ਸਕਦਾ ਹੈ ਕਿ ਇੱਕ ਜਾਂ ਦੋ ਆਦਮੀਆਂ ਵੱਲੋਂ ਕੋਈ ਗਲਤੀ ਹੋਈ ਹੋਵੇ, ਪਰ ਉਨ੍ਹਾਂ ਦੇ ਕਾਰਨ ਹਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ।"

ਜੰਮੂ ਵਿਚ 13 ਸਾਲਾਂ ਤੋਂ ਰਹਿ ਰਹੇ ਮੁਹੰਮਦ ਯੂਨਸ ਨੇ ਪੁਲਿਸ ਕਾਰਵਾਈ 'ਤੇ ਸਵਾਲ ਉਠਾਉਂਦੇ ਹੋਏ ਕਿਹਾ, "ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੇਰਾ ਕੀ ਕਸੂਰ ਹੈ। ਮੈਂ ਆਪਣੇ ਦੇਸ਼ ਵਿੱਚ ਆਪਣੇ ਮਾਂ-ਪਿਓ ਨੂੰ ਗੁਆਇਆ। ਉਸ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਬਚਾ ਕੇ ਭਾਰਤ ਆਏ। ਪਰ ਇਥੇ ਵੀ ਸਾਡੇ 'ਤੇ ਅੱਤਿਆਚਾਰ ਹੋ ਰਿਹਾ ਹੈ।"

ਮੁਹੰਮਦ ਯੂਨਸ ਨੇ ਕਿਹਾ, "ਸਾਡੀ ਗਲਤੀ ਸਿਰਫ ਇਹੀ ਹੈ ਕਿ ਅਸੀਂ ਮੁਸਲਮਾਨ ਹਾਂ। ਹੁਣ ਅਸੀਂ ਇਥੇ ਨਹੀਂ ਰਹਿਣਾ ਚਾਹੁੰਦੇ। ਅਸੀਂ 2008 ਵਿੱਚ ਭਾਰਤ ਆਏ ਸੀ, ਉਸ ਵੇਲੇ ਤੁਸੀਂ ਸਾਨੂੰ ਕਿਉਂ ਨਹੀਂ ਫੜਿਆ। ਸਾਨੂੰ ਅੱਜ ਕਿਉਂ ਫੜਿਆ ਜਾ ਰਿਹਾ ਹੈ। ਅਸੀਂ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਾਂ।"

ਹਾਲਾਂਕਿ ਦੇਰ ਸ਼ਾਮ ਪੁਲਿਸ ਅਧਿਕਾਰੀਆਂ ਨੇ ਰੋਹਿੰਗਿਆ ਪਰਿਵਾਰਾਂ ਨੂੰ ਕੁਝ ਦਿਨਾਂ ਦੀ ਮੁਹੱਲਤ ਦਿੰਦਿਆਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਆਪਣਾ ਹਿਸਾਬ ਕਿਤਾਬ ਕਰ ਲੈਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)