ਕਿਸਾਨ ਅੰਦੋਲਨ: ਹਰਿਆਣਾ ਦੀ ਖੱਟਰ ਸਰਕਾਰ ਡੇਗਣ ਲਈ ਕਿਸਾਨਾਂ ਨੇ ਬਣਾਈ ਇਹ ਯੋਜਨਾ - ਅਹਿਮ ਖ਼ਬਰਾਂ

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਹਰਿਆਣਾ ਦੀ ਸੂਬਾ ਸਰਕਾਰ ਨੂੰ ਡੇਗਣ ਲਈ ਲਾਮਬੰਦੀ ਤੇਜ਼ ਕਰ ਦਿੱਤੀ ਹੈ। ਇਸ ਬਾਬਤ ਸੰਯੁਕਤ ਮੋਰਚੇ ਨੇ ਬਕਾਇਦਾ ਅਪੀਲ ਜਾਰੀ ਕੀਤੀ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਿ ਮਨੋਹਰ ਲਾਲ ਖੱਟਰ ਸਰਕਾਰ ਨੂੰ ਭਰੋਸੇ ਦੀ ਵੋਟਿੰਗ ਰਾਹੀ ਹਰਾਇਆ ਜਾਵੇ।

ਹਰਿਆਣਾ ਵਿਧਾਨ ਸਭਾ ਵਿਚ 10 ਮਾਰਚ 2021 ਨੂੰ ਖੱਟਰ ਸਰਕਾਰ ਭਰੋਸੇ ਦੇ ਵੋਟ ਦਾ ਸਾਹਮਣਾ ਕਰਨ ਜਾ ਰਹੀ ਹੈ।

ਸੰਯੁਕਤ ਦੇ ਆਗੂ ਡਾਕਟਰ ਦਰਸ਼ਨਪਾਲ ਨੇ ਇੱਕ ਵੀਡੀਓ ਜਾਰੀ ਕਰਕੇ ਖੱਟਰ ਸਰਕਾਰ ਖਿਲਾਫ਼ ਵਿਧਾਇਕਾਂ ਨੂੰ ਮਿਲ ਕੇ ਵਿਰੋਧ ਵਿਚ ਵੋਟਾਂ ਪੁਆਉਣ ਲਈ ਲਾਮਬੰਦੀ ਕਰਨ ਦੀ ਅਪੀਲ ਕੀਤੀ ਹੈ।

ਸੰਯੁਕਤ ਮੋਰਚੇ ਵਲੋਂ ਇੱਕ ਪੱਤਰ ਜਾਰੀ ਕਰਕੇ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪੋ-ਆਪਣੇ ਵਿਧਾਇਕਾਂ ਨੂੰ ਮਿਲਣ ਅਤੇ ਖੱਟਰ ਸਰਕਾਰ ਖਿਲਾਫ਼ ਵੋਟ ਪਾਉਣ ਲਈ ਕਹਿਣ।

ਸੰਯੁਕਤ ਮੋਰਚਾ ਪਿਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਦਿੱਲੀ ਬਾਰਡਰਾਂ ਸਣੇ ਦੇਸ ਭਰ ਵਿਚ 3 ਖੇਤੀ ਕਾਨੂੰਨ ਰੱਦ ਕਰਨ ਲਈ ਸੰਘਰਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ

49 ਸਾਲਾ ਕਿਸਾਨ ਨੇ ਕੀਤੀ ਖੁਦਕੁਸ਼ੀ

ਸੰਯੁਕਤ ਮੋਰਚੇ ਵਲੋਂ ਜਾਰੀ ਬਿਆਨ ਮੁਤਾਬਕ ਹਰਿਆਣਾ ਦੇ ਹਿਸਾਰ ਦੇ 49 ਸਾਲਾ ਕਿਸਾਨ ਰਾਜਬੀਰ ਨੇ ਐਤਵਾਰ ਨੂੰ ਟਿਕਰੀ ਬਾਰਡਰ 'ਤੇ ਆਤਮ ਹੱਤਿਆ ਕਰ ਲਈ। ਰਾਜਕੁਮਾਰ ਨੇ ਆਪਣੇ ਸੁਸਾਈਡ-ਨੋਟ ਵਿਚ ਇਹ ਜ਼ਿਕਰ ਕੀਤਾ ਕਿ ਇਹ ਤਿੰਨ ਖੇਤੀ ਕਾਨੂੰਨ ਹਨ, ਜੋ ਉਸ ਨੂੰ ਇਸ ਸਖ਼ਤ ਕਦਮ ਚੁੱਕਣ ਲਈ ਜ਼ਿੰਮੇਵਾਰ ਸਨ।

ਸੰਯੁਕਤ ਕਿਸਾਨ ਮੋਰਚਾ ਕਿਸਾਨ ਸਾਥੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਖ਼ੁਦਕੁਸ਼ੀ ਵਰਗੇ ਕਦਮ ਨਾ ਚੁੱਕਣ, ਸਗੋਂ ਆਪਣੇ ਕਾਨੂੰਨਾਂ ਖ਼ਿਲਾਫ਼ ਗੁੱਸੇ ਨੂੰ ਸਰਕਾਰ ਪ੍ਰਤੀ ਰੋਹ ਨੂੰ ਤੇਜ਼ ਕਰਨ ਲਈ ਵਰਤਦਿਆਂ ਸ਼ਾਂਤਮਈ ਅਤੇ ਲੰਮੇ ਸੰਘਰਸ਼ 'ਤੇ ਟੇਕ ਰੱਖਣ।

ਕਿਸਾਨ-ਅੰਦੋਲਨ ਦੌਰਾਨ ਸ਼ਹੀਦ ਹੋਏ 270 ਤੋਂ ਵੱਧ ਕਿਸਾਨਾਂ ਅਤੇ ਸ਼ਹੀਦ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸਿੰਘੂ-ਬਾਰਡਰ ਵਿਖੇ ਇੱਕ ਵਿਸ਼ੇਸ਼ ਸਰਧਾਂਜਲੀ-ਸਮਾਰੋਹ/ਪ੍ਰਾਰਥਨਾ-ਸਭਾ ਰੱਖੀ ਗਈ। ਉਤਰਾਖੰਡ ਦੇ ਨਵਰੀਤ ਸਿੰਘ 26 ਜਨਵਰੀ 2021 ਨੂੰ ਸ਼ਹੀਦ ਹੋਏ ਗਏ ਸਨ।ਪ੍ਰਮੁੱਖ ਕਿਸਾਨ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕਿਹਾ ਕਿ ਕੇਂਦਰ-ਸਰਕਾਰ ਵੱਲੋਂ ਜ਼ਬਰੀ ਠੋਸੇ ਜਾ ਰਹੇ ਕਾਨੂੰਨ ਰੱਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਕਿਸਾਨ ਸਾਥੀਆਂ ਦਾ ਯੋਗਦਾਨ ਅਜਾਈਂ ਨਹੀਂ ਜਾਵੇਗਾ। ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਸਰਕਾਰ ਨੂੰ ਕਾਨੂੰਨ ਵਾਪਿਸ ਲੈਣ ਲਈ ਮਜ਼ਬੂਰ ਕੀਤਾ ਜਾਵੇਗਾ।

ਮਿਆਂਮਾਰ ਨੇ ਪੁਲਿਸ ਅਫ਼ਸਰਾਂ ਨੂੰ ਭਾਰਤ ਨੂੰ ਵਾਪਸ ਕਰਨ ਲਈ ਕਿਹਾ

ਮਿਆਂਮਾਰ ਨੇ ਆਪਣੇ ਗੁਆਂਢੀ ਦੇਸ਼ ਭਾਰਤ ਨੂੰ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਵਾਪਸ ਭੇਜਣ ਲਈ ਕਿਹਾ ਹੈ, ਜੋ ਸ਼ਰਨ ਲੈਣ ਲਈ ਭਾਰਤ ਵੱਲ ਬਾਰਡਰ ਲੰਘ ਆਏ ਹਨ।

ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ 'ਚ ਅਫ਼ਸਰਾਂ ਨੇ ਆਪਣੇ ਪਰਿਵਾਰਾਂ ਸਣੇ ਬਾਰਡਰ ਕਰਾਸ ਕੀਤਾ ਹੈ।

ਇੱਕ ਚਿੱਠੀ ਵਿੱਚ ਮਿਆਂਮਾਰ ਦੀ ਅਥਾਰਿਟੀ ਵੱਲੋਂ ਦੋਸਤਾਨਾ ਰਿਸ਼ਤਿਆਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਅਫ਼ਸਰਾਂ ਨੂੰ ਵਾਪਸ ਭੇਜਣ ਲਈ ਕਿਹਾ ਹੈ।

ਪਿਛਲੇ ਮਹੀਨੇ ਤੋਂ ਹੀ ਤਖ਼ਤਾ ਪਲਟ ਦੇ ਚਲਦਿਆਂ ਮਿਆਂਮਾਰ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਕਾਨੂੰਨ ਦੀ ਸਥਿਤੀ ਵੀ ਨਾਜ਼ੁਕ ਬਣੀ ਹੋਈ ਹੈ।

ਸੁਰੱਖਿਆ ਬਲ ਪ੍ਰਦਰਸ਼ਨਕਾਰੀਆਂ 'ਤੇ ਕਾਫ਼ੀ ਸਖ਼ਤ ਹੋ ਰਿਹਾ ਹੈ ਅਤੇ ਹੁਣ ਤੱਕ ਘੱਟੋ-ਘੱਟ 55 ਲੋਕ ਮਾਰੇ ਜਾ ਚੁੱਕੇ ਹਨ।

ਪੁਲਿਸ ਵੱਲੋਂ ਸ਼ਨਿਵਾਰ ਨੂੰ ਯਾਂਗੌਨ ਸ਼ਹਿਰ 'ਚ ਰਾਤ ਵੇਲੇ ਅਚਾਨਕ ਰੇਡ ਵੀ ਕੀਤੀ ਗਈ।

ਵੀਡੀਓ ਫੁਟੇਜ 'ਚ ਵਿਖਾਈ ਦੇ ਰਿਹਾ ਹੈ ਕਿ ਸੁਰੱਖਿਆ ਬਲ ਲਗਾਤਾਰ ਬਿਲਡਿੰਗਾਂ 'ਤੇ ਗੋਲੀਬਾਰੀ ਕਰ ਰਿਹਾ ਹੈ ਅਤੇ ਪ੍ਰਦਰਸ਼ਨਕਾਰੀ ਜਦੋਂ ਇੱਕ ਗਲੀ 'ਚ ਵੜ ਗਏ ਜਿਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਸ ਤੋਂ ਬਾਅਦ ਯਾਂਗੌਨ 'ਚ ਵੱਡੀ ਗਿਣਤੀ 'ਚ ਲੋਕ ਇੱਕਠੇ ਹੋ ਗਏ ਜਿਨ੍ਹਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)