ਡੌਨਲਡ ਟਰੰਪ ਦੇ ਖਿਲਾਫ ਮਹਾਂਦੋਸ਼ ਦਾ ਮਤਾ ਹੇਠਲੇ ਸਦਨ ਵਿੱਚ ਪਾਸ

ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਨੇ ਪਿਛਲੇ ਹਫ਼ਤੇ ਦੀ ਕੈਪੀਟਲ ਹਿੱਲ ਹਿੰਸਾ ਵਿੱਚ ਬਗ਼ਾਵਤ ਭੜਕਾਉਣ ਦੇ ਇਲਜ਼ਾਮ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਖਿਲਾਫ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ।

ਇਸ ਵਿੱਚ ਕੁਝ ਰਿਪਬਲੀਕਨਾਂ ਨੇ ਡੇਮੋਕਰੇਟਾਂ ਦਾ ਸਾਥ ਦਿੱਤਾ ਅਤੇ ਮਹਾਂਦੋਸ਼ ਦਾ ਮਤਾ 197 ਵੋਟਾਂ ਦੇ ਮੁਕਾਬਲੇ 232 ਨਾਲ ਪਾਸ ਹੋਇਆ।

ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਉੱਪਰ ਦੂਸਰੀ ਵਾਰ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਗਿਆ ਹੈ।

ਇਹ ਵੀ ਪੜ੍ਹੋ:

ਟਰੰਪ ਖ਼ਿਲਾਫ਼ ਹੁਣ ਸੈਨੇਟ ਵਿੱਚ ਸੁਣਵਾਈ ਹੋਵੇਗੀ। ਉੱਥੇ ਜੇ ਉਨ੍ਹਾਂ ਨੂੰ ਮੁਲਜ਼ਮ ਕਰਾਰ ਦੇ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਉੱਪਰ ਤਾਉਮਰ ਲਈ ਰਾਸ਼ਟਰਪਤੀ ਚੋਣਾਂ ਲੜਨ ਦੀ ਪਾਬੰਦੀ ਲੱਗ ਜਾਵੇਗੀ।

ਹਾਲਾਂਕਿ ਰਾਸ਼ਟਰਪਤੀ ਮਹਾਂਦੋਸ਼ ਦੇ ਬਾਵਜੂਦ ਆਪਣਾ ਕਾਰਜਕਾਲ ਪੂਰਾ ਹੋਣ ਤੱਕ ਅਹੁਦੇ ਉੱਪਰ ਬਣੇ ਰਹਿਣਗੇ ਕਿਉਂਕਿ ਇੰਨੇ ਸਮੇਂ ਵਿੱਚ ਸੈਨੇਟ ਨਹੀਂ ਸੱਦੀ ਜਾਵੇਗੀ।

ਪਿਛਲੇ ਸਾਲ ਨਵੰਬਰ ਵਿੱਚ ਡੈਮੋਕਰੇਟ ਉਮੀਦਵਾਰ ਜੋਅ ਬਾਇਡਨ ਤੋਂ ਸ਼ਿਕਸਤ ਖਾਣ ਤੋਂ ਬਾਅਦ ਟਰੰਪ 20 ਜਨਵਰੀ ਨੂੰ ਅਹੁਦਾ ਛੱਡਣਗੇ।

ਕਾਂਗਰਸ ਵੱਲੋਂ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਦੇ ਟਵਿੱਟਰ ਹੈਂਡਲ ਉੱਪਰ ਸ਼ਾਂਤ ਅਵਾਜ਼ ਵਿੱਚ ਜਾਰੀ ਇੱਕ ਵੀਡੀਓ ਸੁਨੇਹੇ ਰਾਹੀਂ ਆਪਣੇ ਹਮਾਇਤੀਆਂ ਨੂੰ ਅਮਨ-ਕਾਨੂੰਨ ਕਾਇਮ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਕੋਈ ਸੱਚਾ ਹਮਾਇਤੀ ਸਿਆਸੀ ਹਿੰਸਾ ਵਿੱਚ ਸ਼ਾਮਲ ਨਹੀਂ ਹੋਵੇਗਾ।

ਟਰੰਪ ਉੱਪਰ ਕੀ ਇਲਜ਼ਾਮ ਸਨ?

ਮਹਾਂਦੋਸ਼ ਦੇ ਇਲਜ਼ਾਮ ਸਿਆਸੀ ਸਨ ਨਾ ਕਿ ਕ੍ਰਿਮੀਨਲ। ਕਾਂਗਰਸ ਵੱਲੋਂ ਉਨ੍ਹਾਂ ਉੱਪਰ ਇਲਜ਼ਾਮ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਛੇ ਜਨਵਰੀ ਨੂੰ ਵ੍ਹਾਈਟ ਹਾਊਸ ਦੇ ਬਾਹਰ ਇੱਕ ਰੈਲੀ ਵਿੱਚ ਆਪਣੇ ਇੱਕ ਸੰਦੇਸ਼ ਵਿੱਚ ਭੀੜ ਨੂੰ ਕੈਪਟੀਲ ਬਿਲਡਿੰਗ ਉੱਪਰ ਚੜ੍ਹ ਆਉਣ ਲਈ ਪ੍ਰੇਰਿਆ।

ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਸ਼ਾਂਤੀ ਪੂਰਬਕ ਅਤੇ ਦੇਸ਼ ਭਗਤੀ ਨਾਲ ਆਪਣੀਆਂ ਅਵਾਜ਼ਾਂ ਸੁਣਾਉਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣਾਂ ਦਾ ਤਿੱਖਾ ਵਿਰੋਧ ਕਰਨ ਨੂੰ ਵੀ ਕਿਹਾ ਸੀ ਜਿਨ੍ਹਾਂ ਬਾਰੇ ਉਨ੍ਹਾਂ ਨੇ ਝੂਠ ਬੋਲ ਕਿ ਕਿਹਾ ਕਿ ਉਨ੍ਹਾਂ ਕੋਲੋਂ ਚੁਰਾ ਲਈਆਂ ਗਈਆਂ ਹਨ।

ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਹਮਾਇਤੀ ਉਸ ਸਮੇਂ ਕੈਪਟੀਲ ਬਿਲਡਿੰਗ ਵਿੱਚ ਜਾ ਵੜੇ ਜਦੋਂ ਉੱਥੇ ਚੁਣੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ਦੀ ਤਾਈਦ ਕੀਤੀ ਜਾਣੀ ਸੀ।

ਕੈਪੀਟਲ ਬਿਲਡਿੰਗ ਉੱਪਰ ਟਰੰਪ ਪੱਖੀਆਂ ਦੇ ਹਮਲੇ ਦੌਰਾਨ ਹੋਈ ਹਿੰਸਾ ਵਿੱਚ ਪੰਜ ਜਣਿਆਂ ਦੀ ਜਾਨ ਚਲੀ ਗਈ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਸ ਤੋਂ ਅੱਗੇ ਕੀ ਹੋਵੇਗਾ?

ਹੁਣ ਮਹਾਂਦੋਸ਼ ਦਾ ਆਰਟੀਕਲ ਸੈਨੇਟ ਕੋਲ ਜਾਵੇਗਾ,ਜੋ ਰਾਸ਼ਟਰਪਤੀ ਦਾ ਜੁਰਮ ਤੈਅ ਕਰਨ ਲਈ ਸੁਣਵਾਈ ਕਰੇਗੀ।

ਟਰੰਪ ਨੂੰ ਇਮਪੀਚ ਕਰਨ ਲਈ ਦੋ ਤਿਆਹੀ ਵੋਟਾਂ ਚਾਹੀਦੀਆਂ ਹੋਣਗੀਆਂ ਜਿਸ ਦਾ ਅਰਥ ਹੈ ਕਿ ਘੱਟੋ-ਘੱਟ 17 ਰਿਪਲੀਕਨ ਸਾਂਸਦਾਂ ਦੀਆਂ ਵੋਟਾਂ ਦੀ ਵੀ ਲੋੜ ਹੋਵੇਗੀ। ਸੌ ਸੀਟਾਂ ਵਾਲੇ ਉੱਪਰਲੇ ਸਦਨ ਵਿੱਚ ਸੌ ਸੀਟਾਂ ਹਨ ਜੋ ਲਗਭਗ ਬਰਾਬਰ ਵੰਡੀਆਂ ਹਨ।

ਨਿਊਯਾਰਕ ਟਾਈਮਜ਼ ਨੇ ਮੰਗਲਵਾਰ ਨੂੰ ਲਿਖਿਆ ਸੀ ਕਿ ਲਗਭਗ 20 ਰਿਪਲੀਕਨ ਸਾਂਸਦ ਟਰੰਪ ਖ਼ਿਲਾਫ਼ ਵੋਟ ਪਾਉਣ ਨੂੰ ਤਿਆਰ ਹਨ।

ਜੇ ਉਨ੍ਹਾਂ ਨੂੰ ਸੈਨੇਟ ਵੱਲੋਂ ਮੁਜਰਮ ਮੰਨ ਲਿਆ ਜਾਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਇੱਕ ਹੋਰ ਮਤਾ ਆ ਸਕਦਾ ਹੈ। ਇਸ ਅਗਲੇ ਮਤੇ ਰਾਹੀਂ ਟਰੰਪ ਉੱਪਰ ਭਵਿੱਖ ਵਿੱਚ ਚੋਣਾਂ ਲੜਨ ਉੱਪਰ ਰੋਕ ਲਾਉਣ ਬਾਰੇ ਵਿਚਾਰ ਕੀਤੀ ਜਾਵੇਗੀ। ਟਰੰਪ ਐਲਾਨ ਕਰ ਚੁੱਕੇ ਹਨ ਕਿ ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨਗੇ।

ਹਾਲਾਂਕਿ ਇਹ ਸੁਣਵਾਈ ਟਰੰਪ ਦੇ ਇੱਕ ਹਫ਼ਤੇ ਦੇ ਰਹਿੰਦੇ ਕਾਰਜ ਕਾਲ ਦੌਰਾਨ ਨਹੀਂ ਹੋਣ ਵਾਲੀ।

ਸੈਨੇਟ ਵਿੱਚ ਰਿਪਬਲਿਕਨਾਂ ਦੇ ਆਗੂ ਮਿਚ ਮੈਕੋਨਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਦੇ ਮਹਾਂਦੋਸ਼ ਬਾਰੇ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਧਿਆਨ ਵਿੱਚ ਰਖਦਿਆਂ ਇਹ ਸੰਭਵ ਨਹੀਂ ਹੈ ਕਿ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਟਰੰਪ ਖ਼ਿਲਾਫ ਇੱਕ ਗੰਭੀਰ ਸੁਣਵਾਈ ਮੁਕੰਮਲ ਕੀਤੀ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਸਦਨ ਨੂੰ ਟਰੰਪ ਦੇ ਮਹਾਂਦੋਸ਼ ਨਾਲੋਂ ਸੱਤਾ ਦੇ ਸੁਖਾਵੇਂ ਟਰਾਂਜ਼ਿਸ਼ਨ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)