You’re viewing a text-only version of this website that uses less data. View the main version of the website including all images and videos.
WhatsApp ਦੇ ਬਦਲ ਵਜੋਂ ਸਿਗਨਲ ਅਤੇ ਟੈਲੀਗ੍ਰਾਮ ਕਿੰਨੇ ਸੁਰੱਖਿਅਤ
- ਲੇਖਕ, ਰੁਜੂਤਾ ਲੁਕਟੁਕੇ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਹਫ਼ਤੇ ਵਟਸਐਪ ਨੇ ਆਪਣੀ ਨਿੱਜਤਾ ਨੀਤੀ ਵਿੱਚ ਬਦਲਾਅ ਕੀਤਾ ਹੈ। ਜਿਸ ਤੋਂ ਬਾਅਦ ਖ਼ਦਸ਼ੇ ਹਨ ਕਿ ਕੰਪਨੀ ਤੁਹਾਡੇ ਸੁਨੇਹਿਆਂ ਨੂੰ ਉਜਾਗਰ ਕਰ ਸਕਦੀ ਹੈ। ਇਸ ਤੋਂ ਬਾਅਦ ਲੋਕਾਂ ਵਿੱਚ ਇਸ ਦੇ ਬਦਲ ਵਜੋਂ ਸਿਗਨਲ ਅਤੇ ਟੈਲੀਗ੍ਰਾਮ ਦੀ ਚਰਚਾ ਸ਼ੁਰੂ ਹੋ ਗਈ ਹੈ।
ਇਸ ਲੇਖ ਵਿੱਚ ਇਨ੍ਹਾਂ ਐਪਲੀਕੇਸ਼ਨਾਂ ਨਾਲ ਜੁੜੇ ਆਮ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ:
ਵਟਸਐਪ ਦੀ ਨਿੱਜਤਾ ਨੀਤੀ ਕੀ ਹੈ?
ਵਟਸਐਪ ਨੂੰ ਲੋਕ ਪਿਛਲੇ ਸੱਤ-ਅੱਠ ਸਾਲਾਂ ਤੋਂ ਵਰਤ ਰਹੇ ਸਨ ਕਿਉਂਕਿ ਇਸ ਨੂੰ ਵਰਤਣਾ ਬਹੁਤ ਸੌਖਾ ਹੈ। ਪਰ ਹੁਣ ਇਸ ਨੇ ਆਪਣੀ ਨਿੱਜਤਾ ਨੀਤੀ ਵਿੱਚ ਬਦਲਾਅ ਕੀਤੇ ਹਨ।
ਪਿਛਲੇ ਸਾਲ ਜਨਵਰੀ ਵਿੱਚ ਈ-ਕਾਮਰਸ ਕੰਪਨੀ ਐਮੇਜ਼ੌਨ ਦੇ ਮੁਖੀ ਜੈਫ਼ ਬੇਜ਼ੋਸ ਨੇ ਆਪਣਾ ਆਈ-ਫੋਨ ਹੈਕ ਕੀਤਾ ਸੀ। ਉਸ ਵਿਚਲੀ ਅਹਿਮ ਜਾਣਕਾਰੀ ਬਾਅਦ ਵਿੱਚ ਇੰਟਰਨੈੱਟ ਉੱਪਰ ਦੇਖੀ ਗਈ। ਕਿਹਾ ਗਿਆ ਕਿ ਇਸ ਵਿੱਚ ਉਨ੍ਹਾਂ ਦੇ ਫੇਸਬੁੱਕ ਅਤੇ ਵਟਸਐਪ ਦੇ ਖਾਤਿਆਂ ਦੀ ਵੱਡੀ ਭੂਮਿਕਾ ਸੀ।
ਹੁਣ ਵੀ ਟੈਲੀਗ੍ਰਾਮ ਦੇ ਮੋਡੀ ਪਾਵੇਲ ਡੂਰੋਸ ਨੇ ਕਿਹਾ ਸੀ ਕਿ ਜੇ ਬੇਜ਼ੋਸ ਨੇ ਟੈਲੀਗ੍ਰਾਮ ਵਰਤਿਆ ਹੁੰਦਾ ਤਾਂ ਅਜਿਹਾ ਨਹੀਂ ਹੋਣਾ ਸੀ।
ਕੁੱਲ ਮਿਲਾ ਕੇ ਵਟਸਐਪ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਬਦਲੀ ਹੋਈ ਨੀਤੀ ਦੇ ਕਾਰਨ ਇਸ ਪੇਲਟਫਾਰਮ ਉੱਪਰ ਤੁਸੀਂ ਜੋ ਗੱਲਬਾਤ ਕਰਦੇ ਹੋ ਕਿਸੇ ਦਿਨ ਉਹ ਗੂਗਲ ਖੋਜ ਉੱਪਰ ਵੀ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਸਿੱਟੇ ਵਜੋਂ ਦੁਨੀਆਂ ਭਰ ਦੇ ਲੋਕ ਵਟਸਐਪ ਨੂੰ ਛੱਡ ਟੈਲੀਗ੍ਰਾਮ ਅਤੇ ਸਿਗਨਲ ਵੱਲ ਜਾ ਰਹੇ ਹਨ। ਪਿਛਲੇ ਦਿਨਾਂ ਵਿੱਚ ਇੱਕ ਲੱਖ ਤੋਂ ਵਧੇਰੇ ਲੋਕਾਂ ਨੇ ਸਿਗਨਲ ਅਤੇ 20 ਲੱਖ ਨੇ ਟੈਲੀਗ੍ਰਾਮ ਡਾਊਨਲੋਡ ਕੀਤੇ ਹਨ। ਦੂਜੇ ਪਾਸੇ ਵਟਸਐਪ ਦੇ ਡਾਊਨਲੋਡ 11 ਫ਼ੀਸਦ ਥੱਲੇ ਆ ਗਏ ਹਨ।
ਆਓ ਦੇਖਦੇ ਹਾਂ ਕਿ ਟੈਲੀਗ੍ਰਾਮ ਅਤੇ ਸਿਗਨਲ ਵਿੱਚੋਂ ਨਿੱਜਤਾ ਦੇ ਨਜ਼ਰੀਏ ਤੋਂ ਕਿੰਨਾ ਮਹਿਫ਼ੂਜ਼ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਸਿਗਨਲ ਕਿੰਨਾ ਸੁਰੱਖਿਅਤ ਹੈ?
ਸਿਗਨਲ ਐਪ ਨਾ ਲਾਭ ਨਾ ਹਾਨੀ ਦੇ ਸਿਧਾਂਤ 'ਤੇ ਕੰਮ ਕਰਦਾ ਹੈ। ਹੋ ਸਕਦਾ ਹੈ ਇਸ ਲਈ ਕੰਪਨੀ ਨੂੰ ਤੁਹਾਡੇ ਡਾਟਾ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਸ ਨੂੰ ਅਮਰੀਕੀ ਕ੍ਰਿਪਟੋਗਰਾਫ਼ਰ ਮੋਕਸੀ ਮਾਰਲਿੰਸਪਾਈਕ ਨੇ ਬਣਾਇਆ ਹੈ।
ਇਸ ਵਿੱਚ ਐਂਡ-ਟੂ-ਐਂਡ ਇਨਕ੍ਰਿਪਸ਼ਨ ਸ਼ਾਮਲ ਹੈ। ਇਸ ਦਾ ਮਤਲਬ ਹੈ ਕਿ ਸਿਗਨਲ ਕੰਪਨੀ ਤੁਹਾਡੇ ਸੁਨੇਹੇ ਨਹੀਂ ਦੇਖ ਸਕਦੀ। ਇਸ ਤੋਂ ਇਲਾਵਾ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਉਸੇ ਫ਼ੋਨ ਉੱਪਰ ਸਾਂਭੀ ਜਾਂਦੀ ਹੈ।
ਆਈ-ਕਲਾਊਡ ਜਾਂ ਗੂਗਲ ਡਰਾਈਵ ਉੱਪਰ ਕਿਤੇ ਨਹੀਂ ਰੱਖੀ ਜਾਂਦੀ। ਇਸ ਨਾਲ ਸੰਭਾਵਨਾ ਵੱਧ ਜਾਂਦੀ ਹੈ ਕਿ ਜਾਣਕਾਰੀ ਸੁਰੱਖਿਅਤ ਹੋਵੇਗੀ।
ਸਿਗਲਨ ਕਿਨ੍ਹਾਂ ਪੇਲਟਫਾਰਮਾਂ ਉੱਪਰ ਮਿਲਦਾ ਹੈ?
ਸਿਗਲਨ ਆਈਫ਼ੋਨ, ਗੂਗਲ, ਵਿੰਡੋਜ਼ ਤੋਂ ਇਲਾਵਾ ਲੂਨਿਕਸ ਉੱਪਰ ਵੀ ਉਪਲਬਧ ਹੈ। ਜਦੋਂ ਤੁਹਾਡਾ ਕੋਈ ਦੋਸਤ ਸਿਗਨਲ ਜੁਆਇਨ ਕਰਦਾ ਹੈ ਤਾਂ ਇਸ ਦਾ ਇੱਕ ਨੋਟੀਫੀਕੇਸ਼ਨ ਤੁਹਾਨੂੰ ਮਿਲਦਾ ਹੈ।
ਕੀ ਸਿਗਨਲ ਮੁਫ਼ਤ ਹੈ?
ਫਿਲਹਾਲ ਸਿਗਨਲ ਮੁਫ਼ਤ ਹੈ। ਇਸ ਵਿੱਚ ਨਾ ਤਾਂ ਮਸ਼ਹੂਰੀਆਂ ਹਨ ਅਤੇ ਨਾ ਹੀ ਤੁਹਾਡੀ ਜਾਣਕਾਰੀ ਆਨਲਾਈਨ ਮਸ਼ਹੂਰੀਆਂ ਦੇਣ ਵਾਲਿਆਂ ਨੂੰ ਵੇਚੀ ਜਾਂਦੀ ਹੈ।
ਸਿਗਨਲ ਦੀਆਂ ਸਹੂਲਤਾਂ
ਤੁਸੀਂ 150 ਜਣਿਆਂ ਦਾ ਸਮੂਹ ਬਣਾ ਸਕਦੇ ਹੋ। ਤੁਸੀਂ ਗਰੁੱਪ ਵੀਡੀਓ ਜਾਂ ਆਡੀਓ ਕਾਲ ਕਰ ਸਕਦੇ ਹੋ। ਇਹ ਕਾਲਾਂ ਵੀ ਇਨਕ੍ਰਿਪਟਿਡ ਹੁੰਦੀਆਂ ਹਨ।
ਟੈਲੀਗ੍ਰਾਮ ਕਿੰਨਾ ਸੁਰੱਖਿਅਤ?
ਟੈਲੀਗ੍ਰਾਮ ਦੇ ਸਾਰੇ ਸੁਨੇਹੇ ਇਨਕ੍ਰਿਪਟਿਡ ਨਹੀਂ ਹੁੰਦੇ। ਪਰ ਇਸ ਵਿੱਚ ਉਨ੍ਹਾਂ ਨੇ ਗੁਪਤ ਚੈਟ ਦਾ ਬਦਲ ਦਿੱਤਾ ਹੈ। ਇਹ ਚੈਟ ਗੁਪਤ ਹੁੰਦੀਆਂ ਹਨ ਅਤੇ ਸਬੰਧਤ ਮੋਬਾਈਲ ਜਾਂ ਕੰਪਿਊਟਰ ਉੱਪਰ ਹੀ ਸਾਂਭੀਆਂ ਜਾਂਦੀਆਂ ਹਨ।
ਇੱਕ ਤੈਅ ਸਮੇਂ ਤੋਂ ਬਾਅਦ ਇਨ੍ਹਾਂ ਨੂੰ ਮਿਟਾਇਆ ਵੀ ਜਾ ਸਕਦਾ ਹੈ। ਹਾਲਾਂਕਿ ਸੁਨੇਹਿਆਂ ਨੂੰ ਗੁਪਤ ਰੱਖਣ ਵਿੱਚ ਟੈਲੀਗ੍ਰਾਮ ਦੀ ਸਮਰੱਥਾ ਬਾਰੇ ਵੇਲੇ-ਕੁਵੇਲੇ ਸਵਾਲ ਉਠਦੇ ਰਹੇ ਹਨ।
ਟੈਲੀਗ੍ਰਾਮ ਕਿਨ੍ਹਾਂ ਪੇਲਟਫਾਰਮਾਂ ਉੱਪਰ ਮਿਲਦਾ ਹੈ?
ਟੈਲੀਗ੍ਰਾਮ ਆਈਫ਼ੋਨ, ਗੂਗਲ, ਵਿੰਡੋਜ਼ ਤੋਂ ਇਲਾਵਾ ਲਿਨਕਸ ਉੱਪਰ ਵੀ ਉਪਲਬਧ ਹੈ। ਜਦੋਂ ਤੁਹਾਡਾ ਕੋਈ ਦੋਸਤ ਟੈਲੀਗ੍ਰਾਮ ਜੁਆਇਨ ਕਰਦਾ ਹੈ ਤਾਂ ਇਸ ਦਾ ਇੱਕ ਨੋਟੀਫੀਕੇਸ਼ਨ ਤੁਹਾਨੂੰ ਮਿਲਦਾ ਹੈ। ਜਦੋਂ ਤੁਸੀਂ ਆਪਣਾ ਡਿਵਾਈਸ ਬਦਲਦੇ ਹੋ ਤਾਂ ਤੁਹਾਡੇ ਪੁਰਾਣੇ ਸੁਨੇਹੇ ਤੁਹਾਨੂੰ ਮਿਲ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਾਂਭਣ ਲਈ ਕਲਾਊਡ ਸਟੋਰਜ ਦੀ ਵਰਤੋਂ ਕੀਤੀ ਗਈ ਹੁੰਦੀ ਹੈ।
ਹਾਲਾਂਕਿ ਇਸ ਦੇ ਮੋਢੀ ਡੂਰੋਸ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਕੀ ਟੈਲੀਗ੍ਰਾਮ ਮੁਫ਼ਤ ਹੈ?
ਹਾਲਾਂਕਿ ਟੈਲੀਗ੍ਰਾਮ ਹਾਲੇ ਮੁਫ਼ਤ ਹੈ ਪਰ ਕੰਪਨੀ ਨੇ ਹਾਲ ਹੀ ਵਿੱਚ ਪੈਸੇ ਇਕੱਠੇ ਕਰਨ ਲਈ ਕੁਝ ਬਦਲਾਅ ਕੀਤੇ ਹਨ। ਆਉਣ ਵਾਲੇ ਦਿਨਾਂ ਵਿੱਚ ਟੈਲੀਗ੍ਰਾਮ ਉੱਪਰ ਮਸ਼ਹੂਰੀਆਂ ਦਿਖਣਗੀਆਂ ਪਰ ਕੰਪਨੀ ਨੇ ਹਾਲੇ ਸਾਫ਼ ਨਹੀਂ ਕੀਤਾ ਹੈ ਕਿ ਕੰਪਨੀ ਪੈਸੇ ਕਿਵੇਂ ਜੁਟਾਏਗੀ।
ਇਸ ਲਈ ਵਟਸਐਪ ਵਾਂਗ ਹਾਲੇ ਇਹ ਸਪੱਸ਼ਟ ਨਹੀਂ ਕਿ ਟੈਲੀਗ੍ਰਾਮ ਆਪਣੇ ਵਰਤੋਂਕਾਰਾਂ ਦੀ ਜਾਣਕਾਰੀ ਮਸ਼ਹੂਰੀਆਂ ਵਾਲਿਆਂ ਨੂੰ ਵੇਚੇਗਾ ਜਾਂ ਨਹੀਂ।
ਟੈਲੀਗ੍ਰਾਮ ਦੀਆਂ ਸਹੂਲਤਾਂ
ਟੈਲੀਗ੍ਰਾਮ ਵਿੱਚ ਤੁਸੀਂ ਉੱਚੀ ਕੁਆਲਟੀ ਦਾ ਵੀਡੀਓ ਭੇਜੇ ਜਾ ਸਕਦੇ ਹਨ ਅਤੇ ਇੱਕ ਗਰੁੱਪ ਵਿੱਚ ਦੋ ਲੱਖ ਲੋਕ ਸ਼ਾਮਲ ਹੋ ਸਕਦੇ ਹਨ। ਟੈਲੀਗ੍ਰਾਮ ਇਸੇ ਖ਼ਾਸੀਅਤ ਲਈ ਪੂਰੀ ਦੁਨੀਆਂ ਵਿੱਚ ਜਾਣਿਆਂ ਜਾਂਦਾ ਹੈ। ਤੁਸੀਆਂ ਆਡੀਓ-ਵੀਡੀਓ ਕਾਲ ਕਰ ਸਕਦੇ ਹੋ।
ਤਿੰਨਾਂ ਵਿੱਚੋਂ ਕਿਹੜਾ ਬਦਲ?
ਟੈਲੀਗ੍ਰਾਮ ਅਤੇ ਸਿਗਨਲ ਵਟਸਐਪ ਦੇ ਬਦਲ ਵਜੋਂ ਸਾਹਮਣੇ ਤਾਂ ਆਏ ਹਨ ਪਰ ਸੁਰੱਖਿਆ ਦਾ ਸਵਾਲ ਹਾਲੇ ਕਾਇਮ ਹੈ।
ਇੱਕ ਇਜ਼ਰਾਈਲੀ ਕੰਪਨੀ ਨੇ ਸਿਗਨਲ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਸੀ। ਆਖ਼ਰ ਕਿਹੜੀ ਐਪਲੀਕੇਸ਼ਨ ਵਰਤੀ ਜਾਵੇ ਇਹ ਜਾਣਨ ਲਈ ਅਸੀਂ ਸਾਈਬਰ ਸੁਰੱਖਿਆ ਦੇ ਮਾਹਰ ਬਲਾਕਚੈਨ ਸਿਸਟਮ ਦੇ ਵਿਦਿਆਰਥੀ ਸਮੀਰ ਧਰਾਪ ਨਾਲ ਗੱਲਬਾਤ ਕੀਤੀ। ਧਰਾਪ ਨੇ ਵਟਸਐਪ ਦੀ ਬਦਲੀ ਹੋਈ ਨੀਤੀ ਬਾਰੇ ਵਧੇਰੇ ਜਾਣਕਾਰੀ ਦਿੱਤੀ।
ਧਰਾਪ ਨੇ ਦੱਸਿਆ ਕਿ 'ਵਟਸਐਪ ਦੀ ਮਾਲਕ ਕੰਪਨੀ ਫ਼ੇਸਬੁੱਕ ਦੇ ਮਾਲਕ ਮਾਰਕ ਜ਼ਕਰਬਰਗ ਨੇ ਕਿਹਾ ਹੈ ਕਿ ਨਵੀਂ ਨੀਤੀ ਦਾ ਨਿੱਜੀ ਵਰਤੋਂਕਾਰਾਂ ਉੱਪਰ ਅਸਰ ਨਹੀਂ ਪਵੇਗਾ।
ਸਿਰਫ਼ ਬਿਜ਼ਨਸ ਅਕਾਊਂਟ ਵਾਲੇ ਵਰਤੋਂਕਾਰ ਉਹ ਸੂਚਨਾ ਸਾਂਝੀ ਕਰ ਸਕਣਗੇ ਅਤੇ ਵਟਸਐਪ ਨੇ ਹਾਲ ਹੀ ਵਿੱਚ ਇੱਕ ਆਨਲਾਈਨ ਪੇਮੈਂਟ ਸੇਵਾ ਸ਼ੁਰੂ ਕੀਤੀ ਹੈ। ਇਸ ਦਾ ਵਰਤਣ ਵਾਲਿਆਂ ਉੱਪਰ ਬਹੁਤਾ ਅਸਰ ਨਹੀਂ ਪਵੇਗਾ।'
ਇਸ ਲਈ ਧਰਾਪ ਦਾ ਮੰਨਣਾ ਹੈ ਕਿ ਵਟਸਐਪ ਬਿਲਕੁਲ ਵਰਤੋਂ ਤੋਂ ਬਾਹਰ ਨਹੀਂ ਹੋਵੇਗਾ।
ਹਾਲਾਂਕਿ ਉਨ੍ਹਾਂ ਨੇ ਕਿਹਾ,"ਵਰਤੋਂ ਦੇ ਲਿਹਾਜ਼ ਨਾਲ ਸਿਗਨਲ ਸਭ ਤੋਂ ਸੁਰੱਖਿਅਤ ਐਪ ਕਿਹਾ ਜਾਂਦਾ ਹੈ। ਕਿਉਂਕਿ ਇਹ ਇੱਕ ਓਪਨ ਸੋਰਸ ਐਪ ਹੈ, ਜਿਸ ਨੂੰ ਕੋਈ ਵੀ ਵਰਤ ਸਕਦਾ ਹੈ। ਫ਼ੋਨ ਜਾਂ ਕੰਪਿਊਟਰ ਤੋਂ ਇਲਾਵਾ ਸੁਨੇਹੇ ਕਿਤੇ ਵੀ ਹੋਰ ਸਾਂਭੇ ਨਹੀਂ ਜਾਂਦੇ।"
"ਨਿੱਜੀ ਗੱਲਬਾਤ ਲਈ ਦੁਨੀਆਂ ਭਰ ਵਿੱਚ ਟੈਲੀਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਵਿੱਚ ਕਈ ਲੋਕ ਗੁਪਤ ਚੈਟ ਦੀ ਵਰਤੋਂ ਕਰਦੇ ਹਨ। ਹਾਲਾਂਕਿ ਵਟਸਐਪ ਹਾਲੇ ਵੀ ਪਸੰਦ ਕੀਤੀ ਜਾਂਦੀ ਹੈ।"
ਮੈਸੇਂਜਰ ਐਪਲੀਕੇਸ਼ਨਾਂ ਹਾਲ ਹੀ ਵਿੱਚ ਸਾਡੀ ਜ਼ਰੂਰਤ ਬਣ ਗਈਆਂ ਹਨ ਪਰ ਹੁਣ ਤੁਹਾਨੂੰ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਕੁਝ ਸੋਚਣਾ ਪਵੇਗਾ, ਕਹਿੰਦੇ ਹਨ ਨਾ ਕਿ ਬਚਾਅ ਵਿੱਚ ਹੀ ਬਚਾਅ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: