ਡੌਨਲਡ ਟਰੰਪ 'ਤੇ ਦੂਜੀ ਵਾਰ ਮਹਾਂਦੋਸ਼ ਲਈ ਰਿਪਬਲੀਕਨ ਸੰਸਦ ਮੈਂਬਰ ਵੀ ਰਾਜ਼ੀ

ਪਿਛਲੇ ਹਫ਼ਤੇ ਕੈਪੀਟਲ ਹਿਲ 'ਤੇ ਭੀੜ ਦੇ ਹਮਲੇ ਵਿੱਚ ਡੌਨਲਡ ਟਰੰਪ ਦੀ ਭੂਮਿਕਾ ਨੂੰ ਲੈ ਕੇ ਅਮਰੀਕਾ ਦੇ ਹੇਠਲੇ ਸਦਨ 'ਚ ਉਨ੍ਹਾਂ 'ਤੇ ਮਹਾਂਦੋਸ਼ ਲਈ ਵੋਟਿੰਗ ਹੋਣ ਜਾ ਰਹੀ ਹੈ।

ਡੈਮੋਕਰੇਟਸ ਨੇ ਰਾਸ਼ਟਰਪਤੀ ਟਰੰਪ 'ਤੇ ਆਪਣੇ ਸਮਰਥਕਾਂ ਨੂੰ ਸੰਸਦ 'ਤੇ ਹਮਲਾ ਕਰਨ ਲਈ ਉਤਸ਼ਾਹਤ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਘਟਨਾ ਵਿੱਚ ਪੰਜ ਲੋਕ ਮਾਰੇ ਗਏ ਸਨ।

ਇਸ ਦੇ ਨਾਲ ਹੀ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਬੁੱਧਵਾਰ ਨੂੰ ਮਹਾਂਦੋਸ਼ ਵਿੱਚ ਡੈਮੋਕਰੇਟਸ ਨਾਲ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ

ਰਾਸ਼ਟਰਪਤੀ ਟਰੰਪ ਨੇ ਹਿੰਸਾ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ।

ਟਰੰਪ ਨੇ ਵਾਸ਼ਿੰਗਟਨ ਡੀਸੀ ਦੀ ਇੱਕ ਰੈਲੀ ਵਿੱਚ ਆਪਣੇ ਸਮਰਥਕਾਂ ਨੂੰ ਨਵੰਬਰ ਦੀਆਂ ਚੋਣਾਂ ਦੇ ਨਤੀਜਿਆਂ ਵਿਰੁੱਧ ਲੜਨ ਲਈ ਕਿਹਾ ਸੀ। ਇਸ ਤੋਂ ਬਾਅਦ ਹੀ ਪਿਛਲੇ ਬੁੱਧਵਾਰ ਕੈਪੀਟਲ ਹਿਲ ਉੱਤੇ ਹਿੰਸਾ ਹੋਈ ਸੀ।

ਕੀ ਟਰੰਪ 'ਤੇ ਮਹਾਂਦੋਸ਼ ਲਿਆਇਆ ਜਾਵੇਗਾ?

ਸਦਨ ਵਿੱਚ ਡੈਮੋਕਰੇਟਸ ਦੀ ਬਹੁਮਤ ਹੈ ਅਤੇ ਇਸ ਲਈ ਵੋਟ ਪਾਸ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਮਾਮਲਾ ਸੈਨੇਟ ਵਿੱਚ ਜਾਵੇਗਾ ਜਿੱਥੇ ਉਨ੍ਹਾਂ 'ਤੇ ਜੁਰਮ ਤੈਅ ਕਰਨ ਦਾ ਫੈਸਲਾ ਲੈਣ ਲਈ ਮੁਕੱਦਮਾ ਚੱਲੇਗਾ।

ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ, ਜਿਸਦਾ ਅਰਥ ਹੈ ਕਿ ਘੱਟੋ-ਘੱਟ 17 ਰਿਪਬਲੀਕਨ ਨੂੰ ਸਜ਼ਾ ਦੇ ਹੱਕ ਵਿੱਚ ਵੋਟ ਦੇਣਾ ਪਵੇਗਾ।

ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਸੈਨੇਟ ਦੇ 20 ਰਿਪਬਲੀਕਨ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣ ਲਈ ਤਿਆਰ ਹਨ।

ਟ੍ਰਾਇਲ ਚਲਾਉਣ ਲਈ ਸਮੇਂ ਦੀ ਕੋਈ ਸੀਮਾ ਨਹੀਂ ਹੈ ਪਰ ਅਜਿਹਾ ਲਗਦਾ ਹੈ ਕਿ ਇਹ 20 ਜਨਵਰੀ ਤੋਂ ਪਹਿਲਾਂ ਇਹ ਪੂਰਾ ਨਹੀਂ ਹੋ ਸਕੇਗਾ, ਜਿਸ ਦਿਨ ਜੋਅ ਬਾਇਡਨ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।

ਸੈਨੇਟ ਇਸ ਗੱਲ 'ਤੇ ਵੀ ਵੋਟ ਪਾ ਸਕਦੇ ਹਨ ਕਿ ਟਰੰਪ ਕਦੇ ਵੀ ਮੁੜ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਹਿੱਸਾ ਨਹੀਂ ਲੈ ਸਕਣਗੇ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ 2024 ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਪ੍ਰਚਾਰ ਕਰਨਗੇ।

ਬੁੱਧਵਾਰ ਨੂੰ ਵੋਟਿੰਗ ਦਾ ਮਤਲਬ ਹੈ ਕਿ ਟਰੰਪ ਪਹਿਲੇ ਅਜਿਹੇ ਰਾਸ਼ਟਰਪਤੀ ਹੋਣਗੇ ਜਿਨ੍ਹਾਂ 'ਤੇ ਦੋ ਵਾਰ ਮਹਾਂਦੋਸ਼ ਲਗਾਇਆ ਗਿਆ ਹੈ।

ਉਨ੍ਹਾਂ 'ਤੇ ਦਸੰਬਰ 2019 ਵਿੱਚ ਮਹਾਂਦੋਸ਼ ਲਗਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਯੂਕ੍ਰੇਨ ਤੋਂ ਬਾਇਡਨ ਦੀ ਜਾਂਚ ਕਰਨ ਲਈ ਕਹਿ ਕੇ ਕਾਨੂੰਨ ਨੂੰ ਤੋੜਿਆ ਸੀ। ਹਾਲਾਂਕਿ ਸੈਨੇਟ ਨੇ ਉਨ੍ਹਾਂ ਨੂੰ ਇਲਜ਼ਾਮਾਂ ਤੋਂ ਮੁਕਤ ਕਰ ਦਿੱਤਾ ਸੀ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਰਿਪਬਲੀਕਨ ਨੇ ਕੀ ਕਿਹਾ ਹੈ?

ਸਦਨ ਦੇ ਤੀਜੇ ਸਭ ਤੋਂ ਸੀਨੀਅਰ ਰਿਪਬਲੀਕਨ ਲਿਜ਼ ਚੇਨੀ ਨੇ ਮਹਾਂਦੋਸ਼ ਦਾ ਸਮਰਥਨ ਕਰਨ ਦੀ ਗੱਲ ਕੀਤੀ। ਪਿਛਲੇ ਹਫ਼ਤੇ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਟਰੰਪ ਨੇ "ਇਸ ਭੀੜ ਨੂੰ ਬੁਲਾਇਆ, ਭੀੜ ਨੂੰ ਇਕੱਠਾ ਕੀਤਾ ਅਤੇ ਹਮਲੇ ਲਈ ਉਕਸਾਇਆ।"

ਸਾਬਕਾ ਉਪ ਰਾਸ਼ਟਰਪਤੀ ਡਿਕ ਚੇਨੀ ਦੀ ਧੀ ਲਿਜ਼ ਨੇ ਕਿਹਾ, "ਇਸ ਤੋਂ ਪਹਿਲਾਂ ਕਦੇ ਵੀ ਕਿਸੇ ਰਾਸ਼ਟਰਪਤੀ ਨੇ ਆਪਣੇ ਅਹੁਦੇ ਅਤੇ ਸੰਵਿਧਾਨ ਪ੍ਰਤੀ ਆਪਣੀ ਸਹੁੰ ਨਾਲ ਐਨਾ ਵੱਡਾ ਵਿਸ਼ਵਾਸਘਾਤ ਨਹੀਂ ਕੀਤਾ।"

ਘੱਟੋ-ਘੱਟ ਚਾਰ ਹੋਰ ਰਿਪਬਲੀਕਨ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਉਹ ਵੀ ਮਹਾਂਦੋਸ਼ ਲਈ ਵੋਟ ਦੇਣਗੇ।

ਯੂਐਸ ਮੀਡੀਆ ਦੇ ਅਨੁਸਾਰ, ਟਰੰਪ ਦੇ ਸਹਿਯੋਗੀ ਅਤੇ ਸਦਨ ਵਿੱਚ ਰਿਪਬਲੀਕਨ ਨੇਤਾ ਕੇਵਿਨ ਮੈਕਕਾਰਥੀ ਨੇ ਕਿਹਾ ਕਿ ਉਹ ਮਹਾਂਦੋਸ਼ ਦੇ ਪੱਖ ਵਿੱਚ ਨਹੀਂ ਹਨ ਪਰ ਉਹ ਪਾਰਟੀ ਦੇ ਮੈਂਬਰਾਂ ਨੂੰ ਮਹਾਂਦੋਸ਼ ਦੇ ਵਿਰੁੱਧ ਵੋਟ ਪਾਉਣ ਲਈ ਨਹੀਂ ਕਹਿਣਗੇ।

ਨਿਊਯਾਰਕ ਟਾਈਮਜ਼ ਦੇ ਅਨੁਸਾਰ ਸੈਨੇਟ ਦੇ ਰਿਪਬਲੀਕਨ ਨੇਤਾ ਮਿੱਚ ਮੈਕਕੌਨਲ ਨੇ ਭਰੋਸੇਮੰਦਾਂ ਨੂੰ ਕਿਹਾ ਕਿ ਉਹ ਖੁਸ਼ ਹਨ ਕਿ ਡੈਮੋਕਰੇਟ ਰਾਸ਼ਟਰਪਤੀ 'ਤੇ ਮਹਾਂਦੋਸ਼ ਲਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਰਿਪਬਲੀਕਨ ਪਾਰਟੀ ਨੂੰ ਟਰੰਪ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਮਿਲੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)