You’re viewing a text-only version of this website that uses less data. View the main version of the website including all images and videos.
ਬੁੱਚੜਖਾਨੇ 'ਚ ਕੰਮ ਕਰਨ ਵਾਲਿਆਂ ਨੂੰ ਇਹ ਕੁਝ ਦੇਖਣਾ ਤੇ ਹੰਢਾਉਣਾ ਪੈਂਦਾ ਹੈ, ਇੱਕ ਕੁੜੀ ਨੇ ਦੱਸੀ ਹੱਡਬੀਤੀ
ਬੁੱਚੜਖਾਨੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਬਾਰੇ ਬਾਕੀ ਦੁਨੀਆਂ ਨੂੰ ਬਹੁਤ ਘੱਟ ਪਤਾ ਹੁੰਦਾ ਹੈ। ਉਹੀ ਬੁੱਚੜਖਾਨੇ ਜਿਥੇ ਜਾਨਵਰ ਮਾਸ ਲਈ ਕੱਟੇ ਜਾਂਦੇ ਹਨ, ਉਹੀ ਮਾਸ ਜੋ ਅਸੀਂ ਖਾਂਦੇ ਹਾਂ।
ਬੁੱਚੜਖਾਨੇ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਆਪਣੇ ਕੰਮ ਬਾਰੇ ਅਤੇ ਉਸਦੇ ਮਾਨਸਿਕ ਪ੍ਰਭਾਵਾਂ ਬਾਰੇ ਬੀਬੀਸੀ ਨੂੰ ਦੱਸਿਆ।
ਜਦੋਂ ਮੈਂ ਛੋਟੀ ਬੱਚੀ ਸੀ ਤਾਂ ਮੈਂ ਜਾਨਵਰਾਂ ਦੀ ਡਾਕਟਰ ਬਣਨ ਦੇ ਸੁਪਨੇ ਦੇਖਦੀ ਸੀ। ਮੈਂ ਕਲਪਨਾ ਕਰਦੀ ਸੀ ਕਿ ਮੈਂ ਕੁੱਤੇ ਦੇ ਸ਼ਰਾਰਤੀ ਬੱਚਿਆਂ ਨਾਲ ਖੇਡ ਰਹੀ ਹਾਂ, ਬਿੱਲੀ ਦੇ ਸਹਿਮੇ ਹੋਏ ਬੱਚਿਆਂ ਨੂੰ ਸ਼ਾਂਤ ਕਰ ਰਹੀ ਹਾਂ ਅਤੇ ਸਥਾਨਕ ਫ਼ਾਰਮ ਵਿਚਲੇ ਜਾਨਵਰਾਂ ਦੇ ਬੀਮਾਰ ਹੋਣ 'ਤੇ ਉਨ੍ਹਾਂ ਦੀ ਜਾਂਚ ਕਰ ਰਹੀ ਹਾਂ।
ਇਹ ਵੀ ਪੜ੍ਹੋ:
ਇਹ ਇੱਕ ਅਜਿਹੀ ਆਦਰਸ਼ ਜ਼ਿੰਦਗੀ ਸੀ, ਜਿਸਦੇ ਮੈਂ ਸੁਪਨੇ ਦੇਖੇ ਸਨ ਪਰ ਅਸਲ ਜ਼ਿੰਦਗੀ ਅਜਿਹੀ ਨਾ ਬਣ ਸਕੀ ਅਤੇ ਮੈਨੂੰ ਇੱਕ ਬੁੱਚੜਖਾਨੇ ਵਿੱਚ ਕੰਮ ਕਰਨਾ ਪਿਆ।
ਮੈਂ ਉਥੇ ਛੇ ਸਾਲਾਂ ਤੱਕ ਕੰਮ ਕੀਤਾ, ਜੋ ਮੇਰੇ ਜਾਨਵਰਾਂ ਦੀ ਦੇਖਭਾਲ ਕਰਨ ਦੇ ਸੁਪਨੇ ਦੇ ਬਿਲਕੁਲ ਉਲਟ ਸੀ। ਮੇਰਾ ਕੰਮ ਇਹ ਦੇਖਣਾ ਸੀ ਕਿ ਹਰ ਰੋਜ਼ ਕਰੀਬ 250 ਜਾਨਵਰਾਂ ਦੀ ਮੌਤ ਹੋਵੇ।
ਮਾਸਾਹਾਰੀ ਹੋਣ ਜਾਂ ਸ਼ਾਕਾਹਾਰੀ ਬਹੁਤ ਸਾਰੇ ਲੋਕ ਕਦੀ ਵੀ ਬੁੱਚੜਖਾਨੇ ਦੇ ਅੰਦਰ ਨਹੀਂ ਗਏ ਹੋਣਗੇ।
ਇੱਕ ਗੰਦੀ ਘਿਣਾਉਣੀ ਜਗ੍ਹਾ
ਉਹ ਇੱਕ ਗੰਦੀ ਤੇ ਬਹੁਤ ਘਿਣਾਉਣੀ ਜਗ੍ਹਾ ਹੁੰਦੀ ਹੈ। ਤੇ ਇਥੋਂ ਦੀ ਬਦਬੂ...ਤੁਸੀਂ ਮਰੇ ਹੋਏ ਜਾਨਵਰਾਂ ਦੀ ਬਦਬੂ ਨਾਲ ਘਿਰੇ ਹੁੰਦੇ ਹੋ।
ਜਿਵੇਂ ਤੁਸੀਂ ਭਾਫ਼ ਨਾਲ ਭਰੇ ਇੱਕ ਕਮਰੇ ਵਿੱਚ ਹੋਵੋਂ ਅਤੇ ਉਹ ਭਾਫ਼ ਕਮਰੇ ਵਿਚੋਂ ਬਾਹਰ ਨਾ ਜਾ ਰਹੀ ਹੋਵੇ?
ਅਜਿਹੀ ਜਗ੍ਹਾ 'ਤੇ ਕੋਈ ਕਿਉਂ ਆਉਣਾ ਚਾਹੇਗਾ ਬਲਕਿ ਕੰਮ ਹੀ ਕਿਉਂ ਕਰਨਾ ਚਾਹੇਗਾ।
ਮੈਂ ਇਥੇ ਇਸ ਲਈ ਆਈ ਕਿਉਂਕਿ ਮੈਂ ਕਈ ਸਾਲਾਂ ਤੱਕ ਫ਼ੂਡ ਇੰਡਸਟਰੀ ਵਿੱਚ ਕੰਮ ਕੀਤਾ ਸੀ।
ਮੈਂ ਬਣੇ ਬਣਾਏ ਖਾਣੇ ਦੀ ਫ਼ੈਕਟਰੀ ਵਿੱਚ ਕੰਮ ਕਰ ਚੁੱਕੀ ਸੀ। ਇਸ ਲਈ ਜਦੋਂ ਮੈਨੂੰ ਬੁੱਚੜਖਾਨੇ ਵਿੱਚ ਇੱਕ 'ਕਵਾਲਿਟੀ ਕੰਟਰੋਲ ਮੈਨੇਜਰ' ਯਾਨੀ ਗੁਣਵੱਤਾ ਜਾਂਚ ਕਰਨ ਵਾਲੇ ਪ੍ਰਬੰਧਕ ਦੀ ਨੌਕਰੀ ਦਾ ਪ੍ਰਸਤਾਵ ਮਿਲਿਆ ਤਾਂ ਮੈਨੂੰ ਇਸ ਵਿੱਚ ਕੋਈ ਨੁਕਸਾਨ ਨਾ ਲੱਗਿਆ। ਮੈਂ ਉਸ ਸਮੇਂ 40 ਸਾਲਾਂ ਦੀ ਸੀ।
ਨੌਕਰੀ ਦੇ ਪਹਿਲੇ ਦਿਨ ਉਨ੍ਹਾਂ ਨੇ ਮੈਨੂੰ ਪੂਰੀ ਜਗ੍ਹਾ ਦਾ ਦੌਰਾ ਕਰਵਾਇਆ ਦੱਸਿਆ ਕਿ ਉਥੇ ਕੀ ਕੀ ਕੰਮ ਹੁੰਦਾ ਹੈ।
ਉਹ ਵਾਰ ਵਾਰ ਮੈਨੂੰ ਪੁੱਛਦੇ ਵੀ ਰਹੇ ਕਿ ਕੀ ਮੈਂ ਠੀਕ ਹਾਂ।
ਉਨ੍ਹਾਂ ਨੇ ਦੱਸਿਆ ਕਿ ਉਥੇ ਆਉਣ ਵਾਲੇ ਲੋਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਉਨ੍ਹਾਂ ਲਈ ਬਹੁਤ ਮਾਇਨੇ ਰੱਖਦੀ ਹੈ।
ਉਥੇ ਸਭ ਕੁਝ ਠੀਕ ਸੀ। ਉਹ ਕੰਮ ਦੇਖਕੇ ਮੈਨੂੰ ਥੋੜ੍ਹਾ ਬੁਰਾ ਲੱਗਿਆ ਸੀ, ਪਰ ਮੈਂ ਸੋਚਿਆ ਕਿ ਮੈਨੂੰ ਇਸਦੀ ਆਦਤ ਪੈ ਜਾਵੇਗੀ।
ਪਰ, ਕੁਝ ਹੀ ਸਮੇਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਅਜਿਹਾ ਨਹੀਂ ਹੋਣ ਵਾਲਾ।
ਦਿਨ ਦੀਆਂ ਘਟਨਾਵਾਂ ਤੇ ਰਾਤਾਂ ਦੇ ਬੁਰੇ ਸੁਪਨੇ
ਮੈਨੂੰ ਯਕੀਨ ਹੈ ਕਿ ਸਾਰੇ ਬੁੱਚੜਖਾਨੇ ਇਕੋ ਜਿਹੇ ਨਹੀਂ ਹੁੰਦੈ, ਪਰ ਜਿਥੇ ਮੈਂ ਕੰਮ ਕਰਦੀ ਸੀ, ਉਹ ਬਹੁਤ ਬੇਰਹਿਮ ਅਤੇ ਖ਼ਤਰਨਾਕ ਸੀ।
ਅਜਿਹਾ ਕਈ ਵਾਰ ਹੋਇਆ ਕਿ ਜਾਨਵਰਾਂ ਨੂੰ ਬੇਹੋਸ਼ ਕਰਨ ਦੀਆਂ ਸਾਰੀਆਂ ਪ੍ਰੀਕਿਰਿਆਵਾਂ ਦੇ ਬਾਵਜੂਦ ਕਈ ਵੱਡੀਆਂ ਤਾਕਤਵਰ ਗਾਵਾਂ ਨੇ ਉਨ੍ਹਾਂ ਨੂੰ ਮਾਰਨ ਲਈ ਮਸ਼ੀਨ ਵਿੱਚ ਪਾਉਣ ਤੋਂ ਪਹਿਲਾਂ ਕਸਾਈਆਂ 'ਤੇ ਹਮਲਾ ਕਰ ਦਿੱਤਾ।
ਮੈਨੂੰ ਕਦੀ ਸੱਟ ਨਹੀਂ ਵੱਜੀ, ਪਰ ਉਸ ਜਗ੍ਹਾ ਨੇ ਮੇਰੇ ਦਿਮਾਗ 'ਤੇ ਬਹੁਤ ਗਹਿਰਾ ਅਸਰ ਪਾਇਆ।
ਉਸ ਬਿਨਾ ਖਿੜਕੀ ਵਾਲੇ ਬਕਸੇ ਵਰਗੇ ਬੁੱਚੜਖਾਨੇ ਵਿੱਚ ਜਿਵੇਂ ਜਿਵੇਂ ਦਿਨ ਬੀਤਦੇ ਗਏ, ਮੇਰੇ ਸੀਨੇ 'ਤੇ ਬੋਝ ਵੱਧਦਾ ਗਿਆ ਅਤੇ ਮੇਰੇ ਸਾਹਮਣੇ ਹਨੇਰਾ ਛਾਉਣ ਲੱਗਿਆ।
ਮੈਨੂੰ ਦਿਨ ਵਿੱਚ ਵਾਪਰੀਆਂ ਘਟਨਾਵਾਂ ਰਾਤ ਨੂੰ ਬੁਰੇ ਸੁਪਨੇ ਬਣਕੇ ਦਿੱਸਣ ਲੱਗੀਆਂ।
ਬੁੱਚੜਖਾਨੇ ਵਿੱਚ ਤੁਹਾਨੂੰ ਇੱਕ ਅਹਿਸਾਸ ਬਹੁਤ ਚੰਗੀ ਤਰ੍ਹਾਂ ਹੋ ਜਾਂਦਾ ਹੈ ਕਿ ਮੌਤ ਅਤੇ ਦਰਦ ਬਾਰੇ ਸੰਵੇਦਨਾਹੀਣ ਕਿਵੇਂ ਹੋਣਾ।
ਗਾਂ ਨੂੰ ਇੱਕ ਪੂਰੇ ਜਿਉਂਦੇ ਜੀਵ ਵਜੋਂ ਦੇਖਣ ਦੀ ਬਜਾਇ ਤੁਸੀਂ ਉਸ ਨੂੰ ਵੇਚਣ ਅਤੇ ਖਾਣ ਵਾਲੇ ਸਰੀਰ ਦੇ ਹਿੱਸਿਆਂ ਵਜੋਂ ਦੇਖਣ ਲੱਗਦੇ ਹੋ।
ਇਸ ਨਾਲ ਨਾ ਸਿਰਫ਼ ਕੰਮ ਸੌਖਾ ਹੋ ਜਾਂਦਾ ਹੈ, ਬਲਕਿ ਇਹ ਜਿਉਂਦੇ ਰਹਿਣ ਲਈ ਵੀ ਜ਼ਰੂਰੀ ਹੈ।
ਮੈਨੂੰ ਘੂਰਦੀਆਂ ਅੱਖਾਂ
ਹਾਲਾਂਕਿ, ਉਥੇ ਅਜਿਹੀਆਂ ਵੀ ਚੀਜ਼ਾਂ ਸਨ ,ਜੋ ਇਸ ਅਸੰਵੇਦਨਸ਼ੀਲਦਾ ਦੇ ਭੇਦ ਨੂੰ ਹਿਲਾਉਣ ਦੀ ਤਾਕਤ ਰੱਖਦੀਆਂ ਸਨ। ਮੇਰੇ ਲਈ ਉਹ ਸਨ, ਸਿਰ।
ਉਥੇ ਇੱਕ ਵੱਡਾ ਸ਼ੇਕ ਸੀ ਜਿਸ ਵਿੱਚ ਗਾਵਾਂ ਦੇ ਸੈਂਕੜੇ ਸਿਰ ਪਏ ਰਹਿੰਦੇ ਸਨ। ਉਨ੍ਹਾਂ ਦੀ ਖੱਲ਼ ਅਤੇ ਜੋ ਵੀ ਮਾਸ ਵਿੱਕ ਸਕਦਾ ਸੀ, ਉਹ ਕੱਢ ਲਿਆ ਜਾਂਦਾ ਸੀ।
ਪਰ ਫ਼ਿਰ ਵੀ ਉਨ੍ਹਾਂ ਦੀਆਂ ਅੱਖਾਂ ਮੌਜੂਦ ਰਹਿੰਦੀਆਂ ਸਨ।
ਜਦੋਂ ਵੀ ਮੈਂ ਉਥੋਂ ਨਿਕਲਦੀ ਤਾਂ ਮੈਨੂੰ ਲੱਗਦਾ ਜਿਵੇਂ ਸੈਂਕੜੇ ਅੱਖਾਂ ਮੈਨੂੰ ਘੂਰ ਰਹੀਆਂ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਕੁਝ ਮੈਨੂੰ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾ ਰਹੀਆਂ ਹਨ, ਕਿਉਂਕਿ ਮੈਂ ਵੀ ਉਥੋਂ ਦਾ ਹੀ ਹਿੱਸਾ ਹਾਂ।
ਕੁਝ ਮੇਰੇ ਸਾਹਮਣੇ ਮਿੰਨਤਾਂ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਸਮੇਂ ਵਿੱਚ ਪਿੱਛੇ ਜਾ ਕੇ ਬਚਾਇਆ ਜਾ ਸਕਦਾ ਹੈ।
ਇਹ ਬਹੁਤ ਹੀ ਡਰਾਉਣਾ ਅਤੇ ਤਕਲੀਫ਼ਦੇਹ ਸੀ। ਮੈਂ ਆਪਣੇ ਆਪ ਨੂੰ ਕਸੂਰਵਾਰ ਮੰਨਣ ਲੱਗੀ ਸੀ।
ਜਦੋਂ ਮੈਂ ਪਹਿਲੀ ਵਾਰ ਉਨ੍ਹਾਂ ਸਿਰਾਂ ਨੂੰ ਦੇਖਿਆ ਤਾਂ ਉਨ੍ਹਾਂ ਨੇ ਮੇਰੀ ਸਾਰੀ ਤਾਕਤ ਖੋਹ ਲਈ।
ਮੈਨੂੰ ਪਤਾ ਹੈ ਕਿ ਦੂਸਰੇ ਕਰਮਚਾਰੀਆਂ ਨੂੰ ਵੀ ਅਜਿਹੀਆਂ ਹੀ ਚੀਜ਼ਾਂ ਪਰੇਸ਼ਾਨ ਕਰਦੀਆਂ ਸਨ।
ਗਰਭਵਤੀ ਗਾਂ ਦੀ ਹੱਤਿਆ
ਮੈਂ ਉਹ ਦਿਨ ਕਦੀ ਨਹੀਂ ਭੁੱਲ ਸਕਦੀ ਜਦੋਂ ਮੈ ਕੰਮ ਕਰਦਿਆਂ ਕੁਝ ਮਹੀਨੇ ਹੀ ਹੋਏ ਸਨ ਅਤੇ ਇੱਕ ਲੜਕੇ ਨੇ ਤਾਜ਼ੀ ਮਰੀ ਹੋਈ ਗਾਂ ਨੂੰ ਉਸਦੀਆਂ ਅੰਤੜੀਆਂ ਕੱਢਣ ਲਈ ਖੋਲ੍ਹਿਆ ਸੀ।
ਜਿਵੇਂ ਹੀ ਉਸਨੇ ਗਾਂ ਨੂੰ ਖੋਲ੍ਹਿਆ ਤਾਂ ਉਸਦੇ ਢਿੱਡ ਵਿਚੋਂ ਅਚਾਨਕ ਇੱਕ ਭਰੂਣ ਥੱਲੇ ਡਿੱਗਿਆ। ਉਹ ਗਾਂ ਗਰਭਵਤੀ ਸੀ।
ਉਹ ਨੌਜਵਾਨ ਅਚਾਨਕ ਚੀਕਣ ਲੱਗਿਆ ਅਤੇ ਸਾਨੂੰ ਉਸ ਨੂੰ ਸ਼ਾਂਤ ਕਰਵਾਉਣ ਲਈ ਇੱਕ ਮੀਟਿੰਗ ਰੂਮ ਵਿੱਚ ਲੈ ਕੇ ਜਾਣਾ ਪਿਆ।
ਉਹ ਵਾਰ ਵਾਰ ਕਹਿ ਰਿਹਾ ਸੀ, "ਇਹ ਸਹੀ ਨਹੀਂ ਹੈ, ਇਹ ਸਹੀ ਨਹੀਂ ਹੈ।"
ਉਥੇ ਅਜਿਹੇ ਵੀ ਮਰਦ ਸਨ ਜੋ ਆਪਣੀਆਂ ਭਾਵਨਾਵਾਂ ਬਹੁਤ ਘੱਟ ਜ਼ਾਹਰ ਕਰਦੇ ਸਨ, ਪਰ ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਦੇਖੇ ਸਨ।
ਵੈਸੇ ਬੁੱਚੜਖਾਨੇ ਵਿੱਚ ਭਾਵਨਾਵਾਂ ਲਈ ਕੋਈ ਜਗ੍ਹਾ ਨਹੀਂ ਹੈ। ਕੋਈ ਉਥੇ ਆਪਣੀਆਂ ਭਾਵਨਾਵਾਂ ਬਾਰੇ ਗੱਲ ਨਹੀਂ ਕਰਦਾ ਸੀ। ਜਿਸ ਭਾਵਨਾ ਦਾ ਸਭ ਤੋਂ ਵੱਧ ਜ਼ਿਕਰ ਹੁੰਦਾ, ਉਹ 'ਕਮਜ਼ੋਰੀ ਨਾ ਦਿਖਾਉਣ ਦੀ ਭਾਵਨਾ' ਸੀ।
ਪੂਰਵੀ ਯੂਰਪ ਤੋਂ ਆਉਣ ਵਾਲੇ ਮਜ਼ਦੂਰਾਂ ਲਈ ਹੋਰ ਵੀ ਜ਼ਿਆਦਾ ਦਿੱਕਤ ਸੀ ਕਿਉਂਕਿ ਉਹ ਅੰਗਰੇਜ਼ੀ ਵਿੱਚ ਆਪਣੇ ਮਨ ਦੀ ਗੱਲ ਵੈਸੇ ਵੀ ਕਹਿ ਨਹੀਂ ਪਾਉਂਦੇ ਸਨ। ਖ਼ਰਾਬ ਅੰਗਰੇਜ਼ੀ ਹੋਣ ਕਰਕੇ ਉਹ ਮਦਦ ਵੀ ਨਹੀਂ ਮੰਗ ਪਾਉਂਦੇ ਸਨ।
ਉਥੇ ਬਹੁਤ ਮਜ਼ਦੂਰ ਨਿਰਧਾਰਿਤ ਸਮੇਂ ਤੋਂ ਵੱਧ ਕੰਮ ਕਰ ਰਹੇ ਸਨ। ਕੁਝ ਨੂੰ ਤਾਂ ਸ਼ਰਾਬ ਤੋਂ ਵੀ ਦਿੱਕਤ ਹੋਣ ਲੱਗੀ ਸੀ, ਕਿਉਂਕਿ ਕੰਮ 'ਤੇ ਆਉਂਦੇ ਹੀ ਉਨ੍ਹਾਂ ਨੂੰ ਸ਼ਰਾਬ ਦੀ ਬਹੁਤ ਬਦਬੂ ਸੁੰਘਣ ਨੂੰ ਮਿਲਦੀ ਸੀ।
ਜਦੋਂਕਿ ਬਾਕੀਆਂ ਨੂੰ 'ਐਨਰਜ਼ੀ ਡ੍ਰਿਕਸ' ਦੀ ਲ਼ਤ ਲੱਗ ਗਈ ਸੀ ਅਤੇ ਇੱਕ ਦੋ ਲੋਕਾਂ ਨੂੰ ਇਸ ਕਰਕੇ ਦਿਲ ਦਾ ਦੌਰਾ ਵੀ ਪਿਆ ਸੀ।
ਇਹ ਐਨਰਜੀ ਡਰਿੰਕਸ ਬੁੱਚੜਖਾਨੇ ਵਿੱਚ ਲੱਗੀਆਂ ਵੈਂਡਿੰਗ ਮਸ਼ੀਨਾਂ ਨਾਲ ਖ਼ਰੀਦ ਦੇ ਸਨ। ਲੋਕ ਉਨਾਂ ਨੂੰ ਆਪਣੇ ਘਰਾਂ ਤੋਂ ਲੈ ਕੇ ਆਉਂਦੇ ਅਤੇ ਲੁਕਕੇ ਆਪਣੀਆਂ ਗੱਡੀਆਂ ਵਿੱਚ ਪੀਂਦੇ ਸਨ।
ਸਦਮੇ ਨਾਲ ਹੋਣ ਵਾਲਾ ਤਣਾਅ ਅਤੇ ਡਿਪਰੈਸ਼ਨ
ਬੁੱਛੜਖਾਨੇ ਦੇ ਕੰਮ ਵਿੱਚ ਕਈ ਤਰ੍ਹਾਂ ਦੀ ਮਾਨਸਿਕ ਸਮੱਸਿਆਵਾਂ ਦੀ ਵਜ੍ਹਾ ਵਜੋਂ ਵੀ ਦੇਖਿਆ ਜਾਂਦਾ ਹੈ।
ਕਈ ਖੋਜਕਰਤਾ ਇਸ ਨਾਲ ਹੋਣ ਵਾਲੇ ਤਣਾਅ ਨੂੰ ਪੀਟੀਐਸਡੀ ਵੀ ਕਹਿੰਦੇ ਹਨ।
ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਡਿਪਰੈਸ਼ਨ ਤੋਂ ਪੀੜਤ ਸੀ ਜੋ ਕੰਮ ਦੇ ਲੰਬੇ ਘੰਟਿਆ ਕਰਕੇ ਸੀ ਅਤੇ ਮੌਤਾਂ ਦੇ ਵਿੱਚ ਘਿਰੇ ਰਹਿਣ ਕਰਕੇ ਹੋਇਆ ਸੀ।
ਇੱਕ ਸਮਾਂ ਸੀ ਜਦੋਂ ਮੈਂ ਆਪਣੇ ਆਪ ਨੂੰ ਖ਼ਤਮ ਕਰਨ ਬਾਰੇ ਸੋਚਣ ਲੱਗੀ ਸੀ।
ਮੈਂ ਸਪੱਸ਼ਟ ਰੂਪ ਵਿੱਚ ਤਾਂ ਨਹੀਂ ਕਹਿ ਸਕਦੀ ਕਿ ਇਹ ਸਭ ਬੁੱਚੜਖਾਨੇ ਵਿੱਚ ਕੰਮ ਕਰਨ ਕਰਕੇ ਹੀ ਸੀ। ਪਰ ਇਹ ਗੱਲ ਪੱਕੀ ਹੈ ਕਿ ਇਹ ਇਕੱਲਾਪਣ ਪੈਦਾ ਕਰਨ ਵਾਲੀ ਨੌਕਰੀ ਹੈ, ਜਿਸ ਵਿੱਚ ਕਿਸੇ ਤੋਂ ਵੀ ਮਦਦ ਮੰਗਣਾ ਔਖਾ ਹੁੰਦਾ ਹੈ।
ਜਦੋਂ ਮੈਂ ਲੋਕਾਂ ਨੂੰ ਆਪਣੇ ਕੰਮ ਬਾਰੇ ਦੱਸਿਆ ਤਾਂ ਕੁਝ ਲੋਕਾਂ ਨੇ ਤਾਂ ਪੂਰੀ ਤਰ੍ਹਾਂ ਇਸ ਦਾ ਵਿਰੋਧ ਕੀਤਾ, ਪਰ ਕੁਝ ਲੋਕਾਂ ਨੇ ਕੰਮ ਪ੍ਰਤੀ ਉਤਸੁਕਤਾ ਦਿਖਾਈ ਅਤੇ ਉਸ ਬਾਰੇ ਪੁੱਛਿਆ।
ਹਾਲਾਂਕਿ, ਇਸ ਬਾਰੇ ਵਿੱਚ ਮੈਂ ਲੋਕਾਂ ਨਾਲ ਖੁੱਲ੍ਹਕੇ ਘੱਟ ਹੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਮੈਂ ਨਹੀਂ ਦੱਸ ਸਕੀ ਕਿ ਇਸ ਕੰਮ ਦਾ ਮੇਰੇ 'ਤੇ ਕੀ ਅਸਰ ਪਿਆ।
ਮੈਂ ਆਪਣੇ ਇੱਕ ਸਹਿਕਰਮੀ ਦੀ ਮਦਦ ਦੌਰਾਨ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਮੈਨੂੰ ਖ਼ੁਦ ਨੂੰ ਵੀ ਮਦਦ ਦੀ ਲੋੜ ਹੈ।
ਮੈਂ ਪਾਇਆ ਕਿ ਜਿਨਾਂ ਘਿਣਾਉਣੀਆਂ ਚੀਜ਼ਾਂ ਨੂੰ ਮੈਂ ਦੇਖਦੀ ਰਹੀ ਹਾਂ, ਉਨਾਂ ਨਾਲ ਮੇਰੀ ਸੋਚਣ ਦੀ ਸਮਰੱਥਾ ਘੱਟ ਗਈ ਹੈ, ਮੈਨੂੰ ਅਜੀਬ ਵਿਚਾਰ ਆਉਂਦੇ ਹਨ ਅਤੇ ਡਿਪਰੈਸ਼ਨ ਬਹੁਤ ਜ਼ਿਆਦਾ ਗਿਆ ਹੈ।
ਬੁੱਚੜਖਾਨੇ ਦੀ ਨੌਕਰੀ ਛੱਡਣ ਤੋਂ ਬਾਅਦ ਚੀਜ਼ਾਂ ਬਿਹਤਰ ਹੋਣੀਆਂ ਸ਼ੁਰੂ ਹੋ ਗਈਆਂ।
ਮੈਂ ਆਪਣਾ ਕੰਮ ਬਦਲ ਲਿਆ ਅਤੇ ਮਾਨਸਿਕ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਕੁਝ ਸੰਸਥਾਵਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਲੋਕਾਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ। ਲੋਕਾਂ ਨੂੰ ਸਮਝਾਇਆ ਕਿ ਡਿਪਰੈਸ਼ਨ ਹੋਣ 'ਤੇ ਕਿਸੇ ਪੇਸ਼ੇਵਰ ਦੀ ਮਦਦ ਲੈਣਾ ਕਿੰਨਾ ਫ਼ਾਇਦੇਮੰਦ ਹੋ ਸਕਦਾ ਹੈ। ਇਨ੍ਹਾਂ ਵਿੱਚ ਉਹ ਲੋਕ ਵੀ ਸਨ, ਜਿਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਨੂੰ ਇਲਾਜ਼ ਦੀ ਲੋੜ ਨਹੀਂ ਹੈ।
ਮੇਰੇ ਨੌਕਰੀ ਛੱਡਣ ਤੋਂ ਕੁਝ ਮਹੀਨੇ ਬਾਅਦ, ਬੁੱਚੜਖਾਨੇ ਵਿੱਚ ਨਾਲ ਕੰਮ ਕਰਨ ਵਾਲੇ ਇੱਕ ਸਹਿਕਰਮੀ ਨੇ ਮੇਰੇ ਨਾਲ ਸੰਪਰਕ ਕੀਤਾ।
ਉਸਨੇ ਮੈਨੂੰ ਦੱਸਿਆ ਕਿ ਸਾਡਾ ਇੱਕ ਸਾਬਕਾ ਸਹਿਕਰਮੀ ਜੋ ਬੁੱਚੜਖਾਨੇ ਵਿੱਚ ਜਾਨਵਾਰਾਂ ਦੀ ਖੱਲ਼ ਲਾਹੁਣ ਦਾ ਕੰਮ ਕਰਦਾ ਸੀ, ਨੇ ਖੁਦਕਸ਼ੀ ਕਰ ਲਈ ਹੈ।
ਮੈਂ ਅੱਜ ਵੀ ਉਨਾਂ ਦਿਨਾਂ ਨੂੰ ਯਾਦ ਕਰਦੀ ਹਾਂ। ਮੈਂ ਉਨ੍ਹਾਂ ਸਹਿਕਰਮੀਆਂ ਨੂੰ ਵੀ ਯਾਦ ਕਰਦੀ ਹਾਂ ਜੋ ਬਿਨਾ ਥੱਕੇ ਘੰਟਿਆ ਤੱਕ ਉਹ ਕੰਮ ਕਰ ਰਹੇ ਸਨ, ਜਿਵੇਂ ਕਿਸੇ ਵੱਡੇ ਸਮੁੰਦਰ ਵਿੱਚੋਂ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੋਣ। ਮੈਨੂੰ ਉਹ ਲੋਕ ਵੀ ਯਾਦ ਹਨ, ਜੋ ਨਹੀਂ ਬਚ ਸਕੇ।
ਅਤੇ ਰਾਤ ਨੂੰ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰਦੀ ਹਾਂ ਅਤੇ ਸੌਣ ਦੀ ਕੋਸ਼ਿਸ਼ ਕਰਦੀ ਹਾਂ, ਤਾਂ ਕਈ ਵਾਰ ਹਜ਼ਾਰਾਂ ਅੱਖਾਂ ਦਾ ਸਮੂਹ ਮੈਨੂੰ ਘੂਰਦਾ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: