ਅਮਰੀਕੀ 'ਜਸੂਸ' ਜਿਸ ਨੂੰ ਰੂਸ ਵਲੋਂ ਕੀਤਾ ਗਿਆ ਹੈ ਕੈਦ

ਤਸਵੀਰ ਸਰੋਤ, Getty Images
- ਲੇਖਕ, ਸਾਰਾਹ ਰੇਂਸਫ਼ੋਰਡ
- ਰੋਲ, ਬੀਬੀਸੀ ਨਿਊਜ਼ ਮਾਸਕੋ
ਅਮਰੀਕੀ ਜਸੂਸ ਹੋਣ ਦੇ ਜੁਰਮ ਵਿੱਚ ਬੰਦ ਪੌਲ ਵੀਲਨ ਆਪਣੀ ਕ੍ਰਿਸਮਿਸ ਰੂਸ ਦੇ ਲੇਬਰ ਕੈਂਪ ਵਿੱਚ ਬਿਤਾਉਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਰਿਹਾਈ ਸੰਬੰਧੀ ਗੱਲਬਾਤ ਰੁਕ ਗਈ ਹੈ।
ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਪਹਿਲੀ ਵਿਸਥਾਰਿਤ ਇੰਟਰਵਿਊ ਵਿੱਚ ਵੀਲਨ ਨੇ ਕਾਤਲਾਂ ਅਤੇ ਚੋਰਾਂ ਦੇ ਨਾਲ ਜੇਲ੍ਹ ਵਿੱਚ ਬੰਦ ਆਪਣੀ ਜ਼ਿੰਦਗੀ ਨੂੰ ਇੱਕ ਗੰਭੀਰ ਸਥਿਤੀ ਵਿੱਚ ਦੱਸਿਆ। ਉਨ੍ਹਾਂ ਨੇ ਚਾਰਾਂ ਸਰਕਾਰਾਂ ਨੂੰ ਉਨ੍ਹਾਂ ਦੀ ਰਿਹਾਈ ਲਈ ਹੋਰ ਕਦਮ ਚੁੱਕਣ ਲਈ ਕਿਹਾ ਹੈ।
ਪੂਰਵ ਵਿੱਚ ਅਮਰੀਕੀ ਜਲ ਸੈਨਿਕ ਰਹੇ ਪੌਲ ਨੇ ਹਮੇਸ਼ਾਂ ਕਿਹਾ ਹੈ ਕਿ ਉਹ ਬੇਕਸੂਰ ਹਨ ਅਤੇ ਰੂਸ ਦੀ ਘਿਣਾਉਣੀ ਸਿਆਸਤ ਅਤੇ ਫ਼ਰਜ਼ੀ ਮੁਕੱਦਮੇ ਦਾ ਸ਼ਿਕਾਰ ਹੋਏ ਹਨ।
ਇਹ ਵੀ ਪੜ੍ਹੋ
ਪੌਲ ਇੱਕ ਹਾਈ ਪ੍ਰੋਫ਼ਾਈਲ ਕੈਦੀ ਹਨ ਜਿਨ੍ਹਾਂ ਕੋਲ ਪਰਿਵਾਰਕ ਜੜ੍ਹਾਂ ਕਰਕੇ ਯੂਕੇ, ਕੈਨੇਡਾ ਅਤੇ ਆਇਰਲੈਂਡ ਦਾ ਪਾਸਪੋਰਟ ਹੈ। ਪਰ ਹੁਣ ਆਪਣੀ ਰਿਹਾਈ ਲਈ ਉਹ ਕੈਦਿਆਂ ਦੀ ਅਦਲਾ ਬਦਲੀ 'ਤੇ ਨਿਰਭਰ ਕਰ ਰਹੇ ਹਨ।
ਪਰ ਇਹ ਵੀ ਛੇ ਮਹੀਨੇ ਪਹਿਲਾਂ ਦੀ ਗੱਲ ਹੈ।

ਤਸਵੀਰ ਸਰੋਤ, Getty Images
‘ਰਾਤ ਨੂੰ ਹਰ ਦੋ ਘੰਟੇ ਬਾਅਦ ਜਗਾਇਆ ਜਾਂਦਾ ਹੈ’
ਮਾਸਕੋ ਤੋਂ ਅੱਠ ਘੰਟਿਆਂ ਦੇ ਸਫ਼ਰ ਦੀ ਦੂਰੀ 'ਤੇ ਸਖ਼ਤ ਸੁਰੱਖਿਆ ਵਾਲੀ ਜੇਲ ਆਈਕੇ-17 ਵਿੱਚ ਵੀਲਨ ਮੈਨੂੰ ਦੱਸਦੇ ਹਨ, "ਮੈਂ ਰੋਜ਼ ਸਵੇਰੇ ਉੱਠਦਾ ਹਾਂ ਜਿਨਾਂ ਹੋ ਸਕੇ ਸਾਕਾਰਤਮਕ ਰਹਿਣ ਦੀ ਕੋਸ਼ਿਸ਼ ਕਰਦਾ ਹਾਂ।"
ਪਰ ਇਸ ਕੈਂਪ ਵਿੱਚ ਇੱਕ ਹਿੱਸੇ ਵਿੱਚ ਕੋਵਿਡ ਫ਼ੈਲਣ ਦੇ ਸ਼ੱਕ ਕਰਕੇ ਇਕਾਂਤਵਾਸ ਕੀਤਾ ਗਿਆ ਹੈ।
ਉਨ੍ਹਾਂ ਨੂੰ ਰਾਤ ਨੂੰ ਜੇਲ੍ਹ ਦੇ ਸੁਰੱਖਿਆ ਕਰਮੀ ਹਰ ਦੋ ਘੰਟੇ ਬਾਅਦ ਜਗਾਉਂਦੇ ਹਨ, ਕੰਬਲ ਫ਼ਾੜ ਦਿੰਦੇ ਹਨ ਅਤੇ ਉਨ੍ਹਾਂ ਦੀ ਤਸਵੀਰ ਖਿੱਚਦੇ ਹਨ।
ਸ਼ਾਇਦ ਇਹ ਦੇਖਣ ਲਈ ਕਿ ਕਿਤੇ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇੱਕ ਇੱਕ ਦਿਨ ਮੰਨ ਕੇ ਚੱਲ ਰਹੇ ਹਨ ਅਤੇ ਹਾਲੇ 16 ਸਾਲਾਂ ਦੇ ਔਖੇ ਕਾਰਾਵਾਸ ਦੀ ਸਜ਼ਾ ਵੱਲ ਧਿਆਨ ਨਹੀਂ ਦੇ ਰਹੇ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਸੀਂ ਪਹਿਲਾਂ ਵੀ ਗੱਲਾਂ ਕੀਤੀਆਂ ਹਨ, ਹਿਰਾਸਤ ਦੀਆਂ ਸੁਣਵਾਈਆਂ ਦੌਰਾਨ ਜੇਲ੍ਹ ਦੀਆਂ ਸੀਖਾਂ ਦੇ ਆਰ ਪਾਰ ਤੋਂ, ਜਿਨਾਂ ਨੂੰ ਸੁਰੱਖਿਆ ਕਰਮੀ ਜਲਦ ਹੀ ਬੰਦ ਕਰ ਦਿੰਦੇ ਹਨ।
ਪਰ ਉਨ੍ਹਾਂ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਵੀਲਨ ਨੇ ਆਪਣਾ ਪੱਖ ਸੁਣਾਉਣ ਲਈ ਮੈਨੂੰ ਜੇਲ੍ਹ ਤੋਂ ਫ਼ੋਨ ਕੀਤਾ, ਉਹ ਪੱਖ ਜੋ ਧੋਖੇ ਅਤੇ ਵਿਸ਼ਵਾਸਘਾਤ ਦੀ ਇੱਕ ਕਹਾਣੀ ਹੈ।
ਵੀਲਨ ਦੋ ਸਾਲ ਪਹਿਲਾਂ ਮਾਸਕੋ ਦੇ ਇੱਕ ਹੋਟਲ ਵਿੱਚ ਆਪਣੀ ਗ੍ਰਿਫ਼ਤਾਰੀ ਦੀ ਘਟਨਾ ਯਾਦ ਕਰਦੇ ਹੋਏ ਦੱਸਦੇ ਹਨ, "ਮੈਂ ਤਿਆਰ ਹੋ ਰਿਹਾ ਸੀ ਜਦੋਂ ਇਹ ਸ਼ਖ਼ਸ ਅਚਾਨਕ ਆਇਆ।"

ਇਹ "ਸ਼ਖ਼ਸ" ਉਨ੍ਹਾਂ ਦੇ ਕਈ ਦੋਸਤਾਂ ਵਿੱਚੋਂ ਇੱਕ ਸੀ ਜੋ ਉਨ੍ਹਾਂ ਨੇ ਰੂਸ ਵਿੱਚ ਬਣਾਏ ਸਨ। ਸਾਲ 2006 ਵਿੱਚ ਉਹ ਪਹਿਲੀ ਵਾਰ ਰੂਸ ਆਏ ਸਨ। ਉਹ ਇਸ ਸ਼ਖ਼ਸ ਦੇ ਪਰਿਵਾਰ ਨੂੰ ਜਾਣਦੇ ਸਨ, ਉਸਦੇ ਘਰ ਵੀ ਰੁਕੇ ਸਨ ਅਤੇ ਆਪਣੇ ਪਰਿਵਾਰ ਨਾਲ ਵੀ ਮਿਲਾਇਆ ਸੀ।
ਵੀਲਨ ਦੱਸਦੇ ਹਨ ਕਿ ਇਹ ਦੋਸਤ ਉਨ੍ਹਾਂ ਨੂੰ ਸੈਰ ਸਪਾਟੇ ਦੀਆਂ ਥਾਵਾਂ 'ਤੇ ਲੈ ਜਾਂਦਾ ਸੀ ਅਤੇ ਇੱਕ ਵਿਦੇਸ਼ੀ ਨਾਲ ਘੁੰਮ ਕੇ ਖ਼ੁਸ਼ ਨਜ਼ਰ ਆਉਂਦਾ ਸੀ।
ਪਰ ਅਸਲ 'ਚ ਇਹ ਦੋਸਤ ਰੂਸ ਦੀ ਫ਼ੈਡਰਲ ਸਕਿਓਰਟੀ ਸਰਵਿਸ ਐਫ਼ਐਸਬੀ ਲਈ ਕੰਮ ਕਰਦਾ ਸੀ ਅਤੇ ਉਸ ਦਿਨ ਹੋਟਲ ਵਿੱਚ ਆਉਣ ਦੇ ਕੁਝ ਮਿੰਟਾਂ ਬਾਅਦ ਹੀ ਉਸਦੇ ਸਾਥੀਆਂ ਨੇ ਵੀਲਨ ਨੂੰ ਫੜ੍ਹ ਲਿਆ।
ਉਨ੍ਹਾਂ ਨੇ ਇੱਕ ਫ਼ੋਨ ਰਾਹੀਂ ਹੋਈ ਗੱਲਬਾਤ ਦੌਰਾਨ ਮੈਨੂੰ ਦੱਸਿਆ, "ਉਨ੍ਹਾਂ ਨੇ ਮੈਨੂੰ ਫ਼ੜ੍ਹ ਕੇ ਜ਼ਮੀਨ 'ਤੇ ਲੰਮਾ ਪਾ ਦਿੱਤਾ। ਪਹਿਲਾਂ ਮੈਨੂੰ ਲੱਗਿਆ ਕਿ ਕੋਈ ਮਜ਼ਾਕ ਜਾਂ ਟ੍ਰਿਕ ਹੈ ਪਰ ਇਹ ਜਲਦ ਹੀ ਸੱਚ ਸਾਬਤ ਹੋ ਗਿਆ।"
ਵੀਲਨ ਦਾ ਕਹਿਣਾ ਹੈ ਕਿ ਉਨ੍ਹਾਂ ਖ਼ਿਲਾਫ਼ ਝੂਠਾ ਮਾਮਲਾ, ਪੂਰਾ ਇਸ ਦੋਸਤ ਦੇ ਬਿਆਨਾਂ 'ਤੇ ਅਧਾਰਿਤ ਹੈ।
ਇਹ ਵੀ ਪੜ੍ਹੋ
"ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਅਮਰੀਕੀ ਸੂਹੀਆ ਏਜੰਸੀ ਡੀਆਈਏ ਨੇ ਮੈਨੂੰ ਮਾਸਕੋ ਤੋਂ ਇੱਕ ਫ਼ਲੈਸ਼ ਡਰਾਈਵ ਲੈਣ ਲਈ ਭੇਜਿਆ ਜਿਸ ਵਿੱਚ ਬਾਰਡਰ ਗਾਰਡ ਸਕੂਲ ਦੇ ਵਿਦਿਆਰਥੀਆਂ ਦੇ ਨਾਮ ਅਤੇ ਫ਼ੋਟੋਆਂ ਹਨ।"
ਵੀਲਨ ਕਹਿੰਦੇ ਹਨ ਕਿ ਇੰਟਰਨੈੱਟ ਦੇ ਇਸ ਜ਼ਮਾਨੇ ਵਿੱਚ ਅਜਿਹੀ ਘੱਟ ਤਕਨੀਕ ਵਾਲਾ ਮਿਸ਼ਨ ਤਰਕਹੀਣ ਜਿਹੀ ਗੱਲ ਹੈ।
ਉਨ੍ਹਾਂ ਨੇ ਇਸ ਸੀਕਰੇਟ ਡਾਟਾ ਲਈ ਸ਼ਾਇਦ ਚਾਰ ਮਹੀਨੇ ਪਹਿਲਾਂ ਪੈਸੇ ਵੀ ਟ੍ਰਾਂਸਫ਼ਰ ਕੀਤੇ, ਹਾਲਾਂਕਿ ਵੀਲਨ ਦਾ ਕਹਿਣਾ ਹੈ ਕਿ ਇਹ ਪੈਸਾ ਇੱਕ ਕਰਜ਼ ਦੇ ਰੂਪ ਵਿੱਚ ਉਨ੍ਹਾਂ ਨੇ ਆਪਣੇ ਦੋਸਤ ਨੂੰ ਦਿੱਤਾ ਤਾਂ ਕਿ ਉਹ ਆਪਣੀ ਪਤਨੀ ਲਈ ਨਵਾਂ ਫ਼ੋਨ ਖ਼ਰੀਦ ਸਕੇ।
ਉਨ੍ਹਾਂ ਨੇ ਕਿਹਾ, "ਐਫ਼ਐਸਬੀ ਨੇ ਐਵੇਂ ਹੀ ਇੱਕ ਕਹਾਣੀ ਬਣਾ ਦਿੱਤੀ ਜਿਸਦਾ ਕੋਈ ਅਰਥ ਨਹੀਂ ਨਿਕਲਦਾ। ਨਾ ਹੀ ਕਦੀ ਕੋਈ ਠੋਸ ਸਬੂਤ ਪੇਸ਼ ਕੀਤਾ ਗਿਆ।"
"ਇਹ ਕਿਸੇ ਮਜ਼ਾਕ ਵਰਗਾ ਸੀ। ਅਜਿਹਾ ਸੋਵੀਅਤ ਦੌਰ ਵਿੱਚ ਸੁਣਨ ਨੂੰ ਮਿਲਦਾ ਸੀ ਜਦੋਂ ਲੋਕਾਂ ਨੂੰ ਐਵੇਂ ਹੀ ਲਿਜਾ ਕੇ ਗੋਲੀ ਮਾਰ ਦਿੱਤੀ ਜਾਂਦੀ ਸੀ। ਇਹ ਅਜਿਹਾ ਹੀ ਹੈ।"

ਕੈਦੀਆਂ ਦੀ ਅਦਲਾ ਬਦਲੀ
ਵੀਲਨ ਦੇ ਪੱਖ ਦੀ ਪੜਤਾਲ ਕਰਨਾ ਮੁਮਕਿਨ ਨਹੀਂ ਹੈ ਕਿਉਂਕਿ ਜਸੂਸੀ ਦੇ ਮਾਮਲਿਆਂ ਵਿੱਚ ਇਥੇ ਵਕੀਲ ਨੂੰ ਵੀ ਨਾਨ-ਡਿਸਕਲੋਜ਼ਰ ਐਗਰੀਮੈਂਟ 'ਤੇ ਹਸਤਾਖ਼ਰ ਕਰਨੇ ਪੈਂਦੇ ਹਨ ਯਾਨੀ ਉਹ ਕੋਈ ਵੀ ਜਾਣਕਾਰੀ ਕਿਸੇ ਨੂੰ ਨਹੀਂ ਦੇ ਸਕਦੇ। ਅਦਾਲਤੀ ਕਾਰਵਾਈ ਵੀ ਬੰਦ ਦਰਵਾਜ਼ਿਆਂ ਪਿੱਛੇ ਖ਼ੁਫ਼ੀਆ ਢੰਗ ਨਾਲ ਹੁੰਦੀ ਹੈ।
ਪਰ ਵੀਲਨ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਰੂਸ ਉਨ੍ਹਾਂ ਨੂੰ ਕੁਝ ਲੋਕਾਂ ਨੂੰ ਮੰਗਣ ਬਦਲੇ ਇਸਤੇਮਾਲ ਕਰਨਾ ਚਾਹੁੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਦੋ ਨਾਮ ਹਮੇਸ਼ਾਂ ਲਏ ਜਾਂਦੇ ਸਨ, ਹਥਿਆਰ ਵਿਕਰੇਤਾ ਵਿਕਟਰ ਬਾਉਟ ਅਤੇ ਕਾਂਸਟੇਂਟੀਨ ਯਾਰੋਸ਼ੈਂਕੋ ਜਿਸ ਨੂੰ ਡਰੱਗ ਤਸਕਰੀ ਦਾ ਦੋਸ਼ੀ ਪਾਇਆ ਗਿਆ ਸੀ। ਇਹ ਦੋਵੇਂ ਰੂਸੀ ਅਮਰੀਕਾ ਦੀ ਜੇਲ੍ਹ ਵਿੱਚ ਹਨ।
ਪਰ ਇਨ੍ਹਾਂ ਦੋਵਾਂ ਨੂੰ ਅਜਿਹੇ ਵਿਅਕਤੀ ਬਦਲੇ ਮੰਗਨਾ ਜੋ ਜਸੂਸੀ ਦੇ ਇਲਜ਼ਾਮਾਂ ਤੋਂ ਇਨਕਾਰ ਕਰਦਾ ਹੈ, ਥੋੜ੍ਹਾ ਜ਼ਿਆਦਾ ਹੈ।

ਤਸਵੀਰ ਸਰੋਤ, BBC Sport
ਅਮਰੀਕੀ ਸਰਕਾਰ ਦੀ ਕੋਸ਼ਿਸ਼
ਮਾਸਕੋ ਵਿੱਚ ਅਮਰੀਕਾ ਦੇ ਰਾਜਦੂਤ ਦਾ ਕਹਿਣਾ ਹੈ ਕਿ ਇਸਦੇ ਬਾਵਜੂਦ ਅਮਰੀਕੀ ਸਰਕਾਰ ਰੂਸ ਸਰਕਾਰ ਦੇ ਸੀਨੀਅਰ ਮੈਂਬਰਾਂ ਨਾਲ ਗੱਲਬਾਤ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਇਸ ਇਸ ਬਾਰੇ ਨਹੀਂ ਦੱਸਿਆ।
ਪਹਿਲੇ ਹਫ਼ਤੇ ਅਮਰੀਕੀ ਰਾਜਦੂਤ ਜੌਨ ਸਲੀਵਨ ਨੇ ਮੈਨੂੰ ਕਿਹਾ ਸੀ, "ਮੈਂ ਬੱਸ ਪੌਲ ਨੂੰ ਕੱਢ ਕੇ ਉਨ੍ਹਾਂ ਨੂੰ ਗਲ਼ੇ ਲਗਾਉਣਾ ਚਾਹੁੰਦਾ ਹਾਂ ਅਤੇ ਉਨ੍ਹਾਂ ਦੇ ਘਰ ਮਿਸ਼ੀਗਨ ਭੇਜਨਾ ਚਾਹੁੰਦਾ ਹਾਂ, ਇਸ ਤੋਂ ਜ਼ਿਆਦਾ ਕੁਝ ਨਹੀਂ।"
ਅਮਰੀਕੀ ਰਾਜਦੂਤ ਨੇ ਇਸ ਜਸੂਸੀ ਕੇਸ ਨੂੰ ਸ਼ੁਰੂ ਤੋਂ ਹੀ ਅਵਿਸ਼ਵਾਸਯੋਗ ਕਿਹਾ ਅਤੇ ਉਹ ਜੇਲ੍ਹ ਕੈਂਪ ਵਿੱਚ ਵੀਲਨ ਨੂੰ ਮਿਲਣ ਵੀ ਗਏ।
ਰਾਜਦੂਤ ਸੁਲੀਵਨ ਨੇ ਕਿਹਾ, "ਟਰੰਪ ਸਰਕਾਰ ਦੇ ਬਚੇ ਹੋਏ ਕਾਰਜਕਾਲ ਵਿੱਚ ਮੇਰੇ ਵਾਸਤੇ ਪੌਲ ਲਈ ਲੜਨ ਤੋਂ ਵੱਧ ਤਰਜ਼ੀਹ ਦੇਣ ਵਾਲੀ ਕੋਈ ਚੀਜ਼ ਨਹੀਂ ਹੈ ਅਤੇ ਅਸੀਂ ਉਨ੍ਹਾਂ ਦੀ ਰਿਹਾਈ ਲਈ ਹਰ ਸੰਭਵ ਕਦਮ ਚੁੱਕਾਂਗੇ।"
"ਪਰ ਹਾਲੇ ਅਸੀਂ ਉਨਾਂ ਸ਼ਰਤਾਂ ਤੱਕ ਨਹੀਂ ਪਹੁੰਚੇ ਜਿਨਾਂ 'ਤੇ ਕੋਈ ਅਮਰੀਕੀ ਸਰਕਾਰ ਰਾਜ਼ੀ ਹੋ ਸਕੇ।"
ਵੀਲਨ ਦੀ ਵੱਡੀ ਭੈਣ ਨੇ ਕਿਹਾ, "ਮੈਂ ਆਪਣੇ ਭਰਾ ਨਾਲ ਬਹੁਤ ਪਿਆਰ ਕਰਦੀ ਹਾਂ ਪਰ ਤੁਸੀਂ ਇਸ ਤਰ੍ਹਾਂ ਕਿਸੇ ਟੂਰਿਸਟ ਨੂੰ ਬੁਰੇ ਲੋਕਾਂ ਨਾਲ ਨਹੀਂ ਬਦਲ ਸਕਦੇ। ਇਹ ਗ਼ਲਤ ਹੈ। ਲੋਕਾਂ ਨੂੰ ਅਦਲਾ ਬਦਲੀ ਦਾ ਵਿਚਾਰ ਬਹੁਤ ਚੰਗਾ ਲੱਗਦਾ ਹੈ।"
ਅਲਿਜ਼ਾਬੈੱਥ ਵੀਲਨ ਕਹਿੰਦੇ ਹਨ ਕਿ ਨੇਤਾਵਾਂ ਨੂੰ ਇਸ ਮਾਮਲੇ ਵਿੱਚ ਥੋੜ੍ਹਾ ਹੋਰ ਸੋਚਣ ਦੀ ਲੋੜ ਹੈ ਅਤੇ 20 ਜਨਵਰੀ ਨੂੰ ਟਰੰਪ ਦੇ ਵਾਈਟ੍ਹ ਹਾਊਸ ਛੱਡਣ ਤੋਂ ਪਹਿਲਾਂ ਜੋਅ ਬਾਇਡਨ ਨੇ ਰੂਸ ਨੂੰ ਲੈ ਕੇ ਸਖ਼ਤ ਹੋਣ ਦੀ ਗੱਲ ਕਹੀ ਹੈ।
ਅਜਿਹੇ ਵਿੱਚ ਅਲਿਜ਼ਾਬੈੱਥ ਕਹਿੰਦੇ ਹਨ, "ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਰੂਸ ਸਰਕਾਰ ਨੂੰ ਸਮਝ ਆ ਜਾਏ ਕਿ ਉਨ੍ਹਾਂ ਕੋਲ ਹਾਲੇ ਇੱਕ ਮੌਕਾ ਹੈ ਕਿ ਉਹ ਕੁਝ ਹਾਸਿਲ ਕਰ ਸਕਦੇ ਹਨ।"
ਉਹ ਆਪਣੇ ਵਲੋਂ ਵੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਰੂਸ ਦੇ ਵਿਦੇਸ਼ ਵਿਭਾਗ ਵਿੱਚ #freepaulwhelan ਦੇ ਹੈਸ਼ਟੈਗ ਨਾਲ ਫਲੈਸ਼ ਡਰਾਈਵ ਪੋਸਟ ਕੀਤੇ। ਪਰ ਉਹ ਵਾਪਸ ਆ ਗਏ।

ਕਦੀ ਸੁਰੱਖਿਆ ਸਲਾਹਕਾਰ ਦਾ ਕੰਮ ਕਰਨ ਵਾਲੇ ਪੌਲ ਵੀਲਨ ਹੁਣ ਜੇਲ੍ਹ ਵਿੱਚ ਕੈਦੀਆਂ ਦੀ ਵਰਦੀ ਸਿਉਂਦੇ ਹਨ। ਉਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਹੁਣ ਮਾਸਕੋ ਅਤੇ ਪੱਛਮ ਦਰਮਿਆਨ ਟਿਕਿਆ ਹੋਇਆ ਹੈ।
ਕੁਝ ਵੀ ਸੌਖਾ ਨਹੀਂ ਹੋ ਰਿਹਾ ਹੈ।
ਫ਼ੋਨ 'ਤੇ ਵੀਲਨ ਮੈਨੂੰ ਕਹਿੰਦੇ ਹਨ, "ਮੈਂ ਸਬਰ ਰੱਖ ਕੇ ਉਡੀਕ ਕਰ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਸਮੁੰਦਰ ਦੇ ਤਟ 'ਤੇ ਮੈਂ ਇੱਕਲੌਤਾ ਪੱਥਰ ਨਹੀਂ ਹਾਂ। ਪਰ ਮੈਂ ਇੱਥੇ ਜ਼ਿਆਦਾ ਦਿਨ ਨਹੀਂ ਰਹਿਣਾ ਚਾਹੁੰਦਾ।"
"ਉਨ੍ਹਾਂ ਨੇ ਇੱਕ ਟੂਰਿਸਟ ਨੂੰ ਅਗਵਾਹ ਕੀਤਾ ਹੈ। ਮੈਂ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਹਾਂ, ਆਪਣੇ ਪਰਿਵਾਰ ਨੂੰ ਦੇਖਣਾ ਚਾਹੁੰਦਾ ਹਾਂ ਅਤੇ ਆਪਣੀ ਜ਼ਿੰਦਗੀ ਜਿਊਣਾ ਚਾਹੁੰਦਾ ਹਾਂ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












