ਤੁਹਾਡਾ ਕੱਦ ਆਪ੍ਰੇਸ਼ਨ ਰਾਹੀਂ ਕਿਵੇਂ ਵੱਧ ਸਕਦਾ ਹੈ ਤੇ ਇਸ ਵਿੱਚ ਖ਼ਤਰਾ ਕਿੰਨਾ ਹੈ

    • ਲੇਖਕ, ਟੌਮ ਬਰਾਡਾ
    • ਰੋਲ, ਬੀਬੀਸੀ ਪੱਤਰਕਾਰ

ਲੰਬਾ ਕਰਨ ਦਾ ਤਰੀਕਾ ਕਈ ਤਰ੍ਹਾਂ ਦੇ ਖ਼ਤਰੇ ਵੀ ਨਾਲ ਲੈ ਕੇ ਆਉਂਦਾ ਹੈ ਅਤੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕਈ ਲੋਕਾਂ ਲਈ ਇਸ ਕਰਕੇ ਲੰਬੇ ਸਮੇਂ ਤੱਕ ਮੁਸ਼ਕਿਲ ਬਣੀ ਰਹਿੰਦੀ ਹੈ।

ਸੈਮ ਬੈਕਰ ਜਦੋਂ ਮਿਡਲ ਸਕੂਲ ਵਿੱਚ ਪੜਦੇ ਸਨ ਤਾਂ ਆਪਣੀ ਕਲਾਸ ਵਿੱਚ ਸਭ ਤੋਂ ਲੰਬੇ ਬੱਚੇ ਸਨ ਪਰ ਹਾਈ ਸਕੂਲ ਮੁਕੰਮਲ ਹੋਣ ਤੱਕ ਉਨ੍ਹਾਂ ਦੇ ਸਾਥੀ ਉਨ੍ਹਾਂ ਤੋਂ ਕਾਫ਼ੀ ਲੰਬੇ ਹੋ ਚੁੱਕੇ ਸਨ।

ਸੈਮ ਦੱਸਦੇ ਹਨ, "ਜਦੋਂ ਮੈਂ ਕਾਲਜ ਗਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਲੰਬਾਈ ਵਿੱਚ ਬਹੁਤ ਲੜਕਿਆਂ ਤੋਂ ਛੋਟਾ ਹਾਂ ਅਤੇ ਇਥੋਂ ਤੱਕ ਕਿ ਲੜਕੀਆਂ ਤੋਂ ਵੀ ਛੋਟਾ ਹਾਂ।"

ਇਹ ਵੀ ਪੜ੍ਹੋ-

ਉਹ ਕਹਿੰਦੇ ਹਨ, "ਇਹ ਹੀ ਗੱਲ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਸੱਚ ਕਹਾਂ ਤਾਂ ਔਰਤਾਂ ਕੱਦ 'ਚ ਆਪਣੇ ਤੋਂ ਛੋਟੇ ਲੜਕਿਆਂ ਨੂੰ ਡੇਟ ਨਹੀਂ ਕਰਦੀਆਂ। ਸਭ ਤੋਂ ਔਖਾ ਉਸ ਸਮੇਂ ਸੀ ਜਦੋਂ ਮੈਨੂੰ ਲੱਗਦਾ ਸੀ ਕਿ ਮੈਨੂੰ ਕਦੀ ਜੀਵਨਸਾਥਣ ਨਹੀਂ ਮਿਲ ਸਕੇਗੀ।"

ਨਿਊਯਾਰਕ ਵਿੱਚ ਰਹਿਣ ਵਾਲੇ 30 ਸਾਲਾ ਸੈਮ ਨੂੰ ਉਸ ਸਮੇਂ ਉਮੀਦ ਸੀ ਕਿ ਸ਼ਾਇਦ ਉਨ੍ਹਾਂ ਦੀ ਲੰਬਾਈ ਵੱਧ ਜਾਵੇਗੀ ਪਰ ਕਿਤੇ ਨਾ ਕਿਤੇ ਉਹ ਇਹ ਗੱਲ ਜਾਣਦੇ ਸਨ ਕਿ ਉਨ੍ਹਾਂ ਦੀ ਲੰਬਾਈ ਜਿੰਨੀ ਵੱਧ ਸਕਦੀ ਸੀ, ਵੱਧ ਚੁੱਕੀ ਹੈ।

ਉਹ ਕਹਿੰਦੇ ਹਨ, "ਮੈਨੂੰ ਹਮੇਸ਼ਾਂ ਲਗਦਾ ਸੀ ਕਿ ਲੰਬੇ ਹੋਣ ਵਿੱਚ ਅਤੇ ਸਫ਼ਲ ਹੋਣ ਵਿੱਚ ਕੋਈ ਰਿਸ਼ਤਾ ਹੈ। ਇਸ ਲਈ ਮੈਂ ਇਸਦਾ ਹੱਲ ਲੱਭਣਾ ਸੀ।"

ਕੀ ਮੈਂ ਕਦੀ ਤੁਰ ਸਕਾਂਗਾ?

ਸੈਮ ਨੇ ਆਪਣੇ ਬਦਲ ਲੱਭਣੇ ਸ਼ੁਰੂ ਕੀਤੇ ਪਰ ਉੱਚੀ ਅੱਡੀ ਦੇ ਜੁੱਤੇ ਜਾਂ ਸਟਰੈਚਿੰਗ ਐਸਰਸਾਈਜ਼ ਵਰਗੇ ਅਸਥਾਈ ਹੱਲ ਨੂੰ ਲੈ ਕੇ ਉਹ ਖ਼ੁਸ਼ ਨਹੀਂ ਸਨ।

ਜਦੋਂ ਉਨ੍ਹਾਂ ਨੂੰ ਲੱਤਾਂ ਦੀ ਲੰਬਾਈ ਵਧਾਉਣ ਲਈ ਸਰਜਰੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੀ ਇਸ ਵਿੱਚ ਦਿਲਚਸਪੀ ਬਣੀ।

ਆਪਣੀ ਮਾਂ ਨਾਲ ਗੱਲ ਕਰਨ ਤੋਂ ਬਾਅਦ ਅਤੇ ਸਾਰੇ ਜੋਖ਼ਮਾਂ ਬਾਰੇ ਸੋਚਣ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਦੀਆਂ ਸਮੱਸਿਆਂਵਾਂ ਦਾ ਹੱਲ ਅਪਰੇਸ਼ਨ ਵਿੱਚ ਹੀ ਹੈ।

ਸਾਲ 2015 ਵਿੱਚ ਉਨ੍ਹਾਂ ਨੇ ਸਰਜਰੀ ਕਰਵਾਈ ਅਤੇ ਉਨ੍ਹਾਂ ਦੀ ਲੰਬਾਈ ਪੰਜ ਫ਼ੁੱਟ ਚਾਰ ਇੰਚ ਤੋਂ ਵੱਧ ਕੇ ਪੰਜ ਫ਼ੁੱਟ ਸੱਤ ਇੰਚ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ, "ਡਾਕਟਰ ਨੇ ਪਹਿਲੀ ਗੱਲਬਾਤ ਵਿੱਚ ਹੀ ਮੈਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਸਰਜਰੀ ਕਿੰਨੀ ਮੁਸ਼ਕਿਲ ਹੋਣ ਵਾਲੀ ਹੈ। ਮੈਂ ਇਸ ਚਿੰਤਾ ਵਿੱਚ ਸੀ ਕਿ ਤਿੰਨ ਇੰਚ ਵਧਣ ਤੋਂ ਬਾਅਦ, ਮੈਂ ਕੀ ਕਰ ਸਕਾਂਗਾ। ਕੀ ਮੈਂ ਤੁਰ ਸਕਾਂਗਾ? ਕੀ ਮੈਂ ਦੌੜ ਸਕਾਂਗਾ?"

"ਆਪਰੇਸ਼ਨ ਤੋਂ ਬਾਅਦ ਮੇਰੀ ਸਰੀਰਕ ਥੈਰੇਪੀ ਹੋਈ। ਹਫ਼ਤੇ ਵਿੱਚ ਤਿੰਨ-ਚਾਰ ਦਿਨ ਮੇਰੀ ਕੁਝ ਘੰਟਿਆਂ ਲਈ ਥੈਰਪੀ ਹੁੰਦੀ ਸੀ। ਇਹ ਲੱਗਭਗ ਛੇ ਮਹੀਨੇ ਤੱਕ ਚੱਲੀ। ਇਹ ਤੁਹਾਡੇ ਸੁਭਾਅ ਨੂੰ ਨਰਮ ਕਰ ਦੇਣ ਵਾਲਾ ਤਜ਼ਰਬਾ ਸੀ।''

''ਇਹ ਪਾਗ਼ਲਪਨ ਵੀ ਸੀ ਕਿ ਆਪਣੀਆਂ ਦੋਵੇਂ ਲੱਤਾਂ ਤੋੜ ਕੇ ਫ਼ਿਰ ਤੋਂ ਤੁਰਨਾ ਸਿੱਖੋ। ਦੇਖਣ ਵਿੱਚ ਤਾਂ ਇਹ ਇੱਕ ਕਾਸਮੈਟਿਕ ਸਰਜਰੀ ਹੈ ਪਰ ਇਸ ਨੇ ਮੇਰੀ ਮਾਨਸਿਕ ਸਿਹਤ ਲਈ ਬਹੁਤ ਕੁਝ ਕੀਤਾ।"

ਦੁਨੀਆਂ ਭਰ 'ਚ ਹੁੰਦੇ ਹਨ ਅਪਰੇਸ਼ਨ

ਲੱਤਾਂ ਲੰਬੀਆਂ ਕਰਵਾਉਣ ਦੀ ਸਰਜਰੀ ਇੱਕ ਦਰਜਨ ਤੋਂ ਵੱਧ ਦੇਸਾਂ ਵਿੱਚ ਹੁੰਦੀ ਹੈ ਅਤੇ ਕਈ ਮਰੀਜ਼ ਇਸ ਜ਼ਰੀਏ ਪੰਜ ਇੰਚ ਤੱਕ ਆਪਣੀ ਲੰਬਾਈ ਵਧਾ ਪਾਉਂਦੇ ਹਨ।

ਇਹ ਕਹਿਣਾ ਮੁਸ਼ਕਿਲ ਹੈ ਕਿ ਹਰ ਸਾਲ ਕਿੰਨੇ ਲੋਕ ਇਹ ਸਰਜਰੀ ਕਰਵਾਉਂਦੇ ਹਨ ਪਰ ਕਲੀਨਿਕਾਂ ਦਾ ਕਹਿਣਾ ਹੈ ਕਿ ਇੰਨਾਂ ਦੀ ਹਰਮਨਪਿਆਰਤਾ ਵੱਧ ਰਹੀ ਹੈ। ਬੀਬੀਸੀ ਨੇ ਦੁਨੀਆਂ ਦੇ ਕਈ ਅਜਿਹੇ ਕਲੀਨਿਕਾਂ ਨਾਲ ਸੰਪਰਕ ਕੀਤਾ ਅਤੇ ਜਾਣਨਾ ਚਾਹਿਆ ਕਿ ਉਹ ਅਜਿਹੇ ਕਿੰਨੇ ਅਪਰੇਸ਼ਨ ਕਰਦੇ ਹਨ।

ਇਹ ਗਿਣਤੀ ਵੱਖ ਵੱਖ ਹੈ। ਅਮਰੀਕਾ, ਜਰਮਨ ਅਤੇ ਦੱਖਣੀ ਕੋਰੀਆਂ ਦੇ ਵੱਡੇ ਕਲੀਨਿਕਾਂ ਵਿੱਚ ਹਰ ਸਾਲ 100ਤੋਂ 200 ਅਜਿਹੇ ਅਪਰੇਸ਼ਨ ਹੁੰਦੇ ਹਨ।

ਸਪੇਨ,ਭਾਰਤ, ਤੁਰਕੀ ਅਤੇ ਇਟਲੀ ਵਿੱਚ ਹਰ ਸਾਲ 20 ਤੋਂ 40 ਅਜਿਹੇ ਅਪਰੇਸ਼ਨ ਹੁੰਦੇ ਹਨ। ਯੂਕੇ ਵਿੱਚ ਇਹ ਗਿਣਤੀ 15 ਦੇ ਕਰੀਬ ਹੈ। ਜਿੰਨੇ ਵੀ ਕਲੀਨਿਕਾਂ ਨਾਲ ਬੀਬੀਸੀ ਨੇ ਗੱਲ ਕੀਤੀ ਉਨਾਂ ਸਾਰਿਆਂ ਵਿੱਚ ਹਰ ਸਾਲ ਇਹ ਸਰਜਰੀ ਕਰਵਾਉਣ ਵਾਲਿਆਂ ਦੀ ਗਿਣਤੀ ਵੱਧੀ ਹੈ।

ਯੂਕੇ ਵਿੱਚ ਇਹ ਸਰਜਰੀ ਨਿੱਜੀ ਕਲੀਨਿਕਾਂ ਵਿੱਚ ਘੱਟ ਹੀ ਹੁੰਦੀ ਹੈ ਅਤੇ ਇਸਨੂੰ ਕੇਅਰ ਕਵਾਲਿਟੀ ਕਮਿਸ਼ਨ ਦੇਖਦਾ ਹੈ। ਇਥੇ ਇਸ ਸਰਜਰੀ ਦੀ ਕੀਮਤ 50 ਹਜ਼ਾਰ ਪੌਂਡ ਹੈ। ਉਥੇ ਹੀ ਅਮਰੀਕਾ ਵਿੱਚ ਇਸਦੀ ਕੀਮਤ 85 ਹਜ਼ਾਰ ਡਾਲਰ ਤੋਂ ਲੈ ਕੇ 2ਲੱਖ 80 ਹਜ਼ਾਰ ਡਾਲਰ ਤੱਕ ਹੁੰਦੀ ਹੈ।

ਅਪਰੇਸ਼ਨ ਦਾ ਤਰੀਕਾ

ਇਹ ਸਰਜਰੀ ਲੰਬੀ ਚੱਲਣ ਵਾਲੀ, ਮਹਿੰਗੀ ਅਤੇ ਦਰਦਨਾਕ ਹੈ। ਇਸ ਸਰਜਰੀ ਦੀ ਖੋਜ ਕਰਨ ਵਾਲੇ ਸੋਵੀਅਤ ਡਾਕਟਰ ਗੈਰਵਿਲ ਇਲੀਜ਼ਾਰੋਵ ਸਨ ਜੋ ਦੂਸਰੀ ਵਿਸ਼ਵ ਜੰਗ ਤੋਂ ਮੁੜੇ ਜ਼ਖ਼ਮੀ ਸੈਨਿਕਾਂ ਦਾ ਇਲਾਜ ਕਰਦੇ ਸਨ।

ਬੀਤੇ 70 ਸਾਲਾਂ ਵਿੱਚ ਇਹ ਸਰਜਰੀ ਬਿਹਤਰ ਹੋਈ ਹੈ ਪਰ ਇਸ ਦੇ ਕਈ ਮੂਲ ਸਿਧਾਂਤ ਹਾਲੇ ਵੀ ਪਹਿਲਾਂ ਵਾਲੇ ਹੀ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਲੱਤਾਂ ਦੀਆਂ ਹੱਡੀਆਂ ਵਿੱਚ ਛੇਕ ਕਰਦੇ ਉਨਾਂ ਨੂੰ ਦੋ ਹਿੱਸਿਆਂ ਵਿੱਚ ਤੋੜਿਆ ਜਾਂਦਾ ਹੈ। ਫ਼ਿਰ ਸਰਜਰੀ ਵਿੱਚ ਇੱਕ ਧਾਤੂ ਦੀ ਰੌਡ ਨੂੰ ਹੱਡੀ ਅੰਦਰ ਲਗਾਇਆ ਜਾਂਦਾ ਹੈ ਅਤੇ ਕਈ ਪੇਚਾਂ ਦੀ ਮਦਦ ਨਾਲ ਉਸਨੂੰ ਟਿਕਾਇਆ ਜਾਂਦਾ ਹੈ।

ਇਸ ਰੌਡ ਨੂੰ ਹਰ ਰੋਜ਼ ਇੱਕ ਇੱਕ ਮਿਲੀਮੀਟਰ ਲੰਬਾ ਕੀਤਾ ਜਾਂਦਾ ਹੈ ਅਤੇ ਉਸ ਸਮੇਂ ਤੱਕ ਕੀਤਾ ਜਾਂਦਾ ਹੈ ਜਦੋਂ ਤੱਕ ਮਰੀਜ਼ ਦੀ ਇੱਛਾ ਜਿੰਨੀ ਲੰਬਾਈ ਨਾ ਹੋ ਜਾਵੇ ਅਤੇ ਹੱਡੀਆਂ ਪੂਰੀ ਤਰ੍ਹਾਂ ਜੁੜ ਨਾ ਜਾਣ।

ਇਸ ਤੋਂ ਬਾਅਦ ਮਰੀਜ਼ ਨੂੰ ਕਈ ਮਹੀਨਿਆਂ ਤੱਕ ਰੋਜ਼ ਤੁਰਨ ਦੀ ਕੋਸ਼ਿਸ਼ ਕਰਵਾਈ ਜਾਂਦੀ ਹੈ। ਇਸ ਸਰਜਰੀ ਵਿੱਚ ਕਈ ਮੁਸ਼ਕਿਲਾਂ ਵੀ ਸਾਹਮਣੇ ਆ ਸਕਦੀਆਂ ਹਨ ਜਿਵੇਂ ਕਿਸੇ ਨਸ ਨੂੰ ਨੁਕਸਾਨ ਪਹੁੰਚ ਸਕਦਾ ਹੈ, ਖ਼ੂਨ ਦੀਆਂ ਗੰਢਾਂ ਬਣ ਸਕਦੀਆਂ ਹਨ ਅਤੇ ਹੋ ਸਕਦਾ ਹੈ ਕਿ ਹੱਡੀਆਂ ਫ਼ਿਰ ਤੋਂ ਜੁੜਨ ਹੀ ਨਾ।

ਮੈਂ ਆਪਣੀ ਲੰਬਾਈ ਤਿੰਨ ਇੰਚ ਵਧਾਈ

ਇਸ ਗੱਲ ਨੂੰ ਬਾਰਨੀ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਸਾਲ 2015 ਵਿੱਚ ਉਨ੍ਹਾਂ ਨੇ ਇਟਲੀ ਵਿੱਚ ਇਹ ਸਰਜਰੀ ਕਰਵਾਈ ਜਿਸ ਤੋਂ ਬਾਅਦ ਉਨ੍ਹਾਂ ਦੀ ਲੰਬਾਈ ਤਿੰਨ ਇੰਚ ਵੱਧ ਗਈ ਸੀ।

ਅਸਲ ਵਿੱਚ, ਉਨ੍ਹਾਂ ਨੂੰ ਇੱਕ ਮੁਸ਼ਕਿਲ ਆਈ ਸੀ ਜਿਸ ਵਿੱਚ ਉਨ੍ਹਾਂ ਦੀਆਂ ਲੱਤਾਂ ਨੂੰ ਸਿੱਧਾ ਕਰਨ ਦੀ ਲੋੜ ਸੀ। ਤਾਂ ਉਨ੍ਹਾਂ ਨੇ ਇਸਦੇ ਇਲਾਜ ਦੇ ਨਾਲ-ਨਾਲ ਲੱਤਾਂ ਲੰਬੀਆਂ ਕਰਵਾਉਣ ਦਾ ਵੀ ਫ਼ੈਸਲਾ ਕੀਤਾ।

ਉਨ੍ਹਾਂ ਨੂੰ ਯਕੀਨ ਦਿਵਾਇਆ ਗਿਆ ਕਿ ਦੋਵੇਂ ਸਰਜਰੀਆਂ ਇਕੱਠੇ ਹੋ ਸਕਦੀਆਂ ਹਨ ਅਤੇ ਰਿਕਵਰੀ ਦਾ ਸਮਾਂ ਵੀ ਪ੍ਰਭਾਵਿਤ ਨਹੀਂ ਹੋਵੇਗਾ। ਪਰ ਸਰਜਰੀ ਤੋਂ ਬਾਅਦ ਉਹ ਹੁਣ ਤੱਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਜੇ ਮੈਂ 16 ਸਾਲਾਂ ਦਾ ਹੁੰਦਾ ਤਾਂ ਸ਼ਾਇਦ ਇੰਨੀ ਸਮੱਸਿਆ ਨਾ ਹੁੰਦੀ। ਪਰ ਅਪਰੇਸ਼ਨ ਸਮੇਂ ਮੈਂ 46 ਸਾਲਾਂ ਦਾ ਸੀ।"

"ਮੇਰੀਆਂ ਲੱਤਾਂ ਨੂੰ ਖਿੱਚਿਆ ਗਿਆ ਪਰ ਮੇਰੀਆਂ ਹੱਡੀਆਂ ਫ਼ਿਰ ਤੋਂ ਪਹਿਲਾਂ ਵਰਗੀਆਂ ਨਹੀਂ ਹੋ ਸਕੀਆਂ। ਇਨਾਂ ਵਿੱਚ ਤਿੰਨ ਇੰਚ ਦਾ ਗੈਪ ਹੈ, ਦੋ ਹੱਡੀਆਂ ਅਤੇ ਉਨਾਂ ਦਰਮਿਆਨ ਇੱਕ ਧਾਤੂ ਦੀ ਪਲੇਟ ਹੈ।"

ਤਕਲੀਫ਼ਦੇਹ ਪ੍ਰਕਿਰਿਆ

ਬਾਰਨੀ ਉਸ ਪ੍ਰਕਿਰਿਆ ਦੌਰਾਨ ਦੇ ਸਰੀਰਕ ਦਰਦ ਬਾਰੇ ਵੀ ਦੱਸਦੇ ਹਨ।

ਉਹ ਕਹਿੰਦੇ ਹਨ,"ਅਜਿਹਾ ਲੱਗ ਰਿਹਾ ਸੀ ਜਿਵੇਂ ਲੱਤਾਂ ਦੀਆਂ ਨਸਾਂ ਖਿੱਚੀਆਂ ਜਾ ਰਹੀਆਂ ਸਨ। ਅਜਿਹਾ ਸਮਾਂ ਵੀ ਸੀ ਜਦੋਂ ਤੁਸੀਂ ਦਰਦ ਤੋਂ ਧਿਆਨ ਹਟਾ ਹੀ ਨਹੀਂ ਸਕਦੇ ਸੀ। ਇਹ ਬਹੁਤ ਹੀ ਤਕਲੀਫ਼ਦੇਹ ਸੀ।"

ਬਾਰਨੀ ਦੀਆਂ ਹੱਡੀਆਂ ਵਿੱਚ ਫ਼ਾਸਲਾ ਹੋਣ ਦੇ ਬਾਵਜੂਦ, ਸਰੀਰ ਦਾ ਭਾਰ ਝੱਲਣ ਯੋਗ ਰੌਡ ਕਰਕੇ ਉਹ ਤੁਰ ਫ਼ਿਰ ਤਾਂ ਪਾਉਂਦੇ ਹਨ ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਦੀ ਸਥਿਤੀ ਗੰਭੀਰ ਹੈ।

ਉਹ ਦੱਸਦੇ ਹਨ, "ਅਜਿਹਾ ਵੀ ਇੱਕ ਪਲ ਸੀ ਜਦੋਂ ਮੈਨੂੰ ਲੱਗਿਆ ਕਿ ਮੈਂ ਫ਼ਸ ਗਿਆ ਹਾਂ। ਮੈਂ ਖ਼ੁਸ਼ਕਿਸਮਤ ਸੀ ਕਿ ਮੇਰਾ ਪਰਿਵਾਰ ਅਤੇ ਬੌਸ ਬਹੁਤ ਚੰਗੇ ਸਨ। ਪਰ ਇਹ ਸਮੱਸਿਆ ਜਦੋਂ ਵੱਧ ਜਾਂਦੀ ਹੈ ਤਾਂ ਸਹਿਯੋਗ ਦੀ ਲੋੜ ਪੈਂਦੀ ਹੈ। ਇੱਕ ਵਾਰ ਜਦੋਂ ਚੀਜ਼ਾਂ ਵਿਗੜਦੀਆਂ ਹਨ ਤਾਂ ਉਹ ਹੋਰ ਵਿਗੜਦੀਆਂ ਹੀ ਤੁਰੀਆਂ ਜਾਂਦੀਆਂ ਹਨ।"

ਸਰਜਰੀ ਦੇ ਸੰਭਾਵਿਤ ਖ਼ਤਰੇ

ਇਹ ਸਰਜਰੀ ਨਿੱਜੀ ਹਸਪਤਾਲਾਂ ਵਿੱਚ ਵੀ ਉਪਲੱਬਧ ਹੈ। ਕਿੰਨੇ ਲੋਕਾਂ ਨੂੰ ਸਰਜਰੀ ਤੋਂ ਬਾਅਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਬਾਰੇ ਬਹੁਤ ਘੱਟ ਜਾਣਕਾਰੀ ਉਪਲੱਬਧ ਹੈ।

ਪਰ ਯੂਕੇ ਦੇ ਆਰਥੋਪੈਡਿਕ ਐਸੋਸੀਏਸ਼ਨ ਦੇ ਪ੍ਰੋਫ਼ੈਸਰ ਹਰੀਸ਼ ਸਿੰਪਸਨ ਨੇ ਇਸ ਸਰਜਰੀ ਦੇ ਸੰਭਾਵਿਤ ਖ਼ਤਰਿਆਂ ਬਾਰੇ ਦੱਸਿਆ।

ਉਹ ਕਹਿੰਦੇ ਹਨ, "ਪਿਛਲੇ ਦਹਾਕਿਆਂ ਵਿੱਚ ਇਹ ਤਕਨੀਕ ਕਾਫ਼ੀ ਬਿਹਤਰ ਹੋਈ ਹੈ ਜਿਸ ਕਰਕੇ ਸਰਜਰੀ ਸੁਰੱਖਿਅਤ ਹੋਈ ਹੈ। ਪਰ ਹੱਡੀ ਵਧਾਉਣ ਦੇ ਨਾਲ ਨਾਲ ਮਾਸਪੇਸ਼ੀਆਂ, ਨਸਾਂ, ਖ਼ੂਨਸੰਚਾਰ ਦੀਆਂ ਨਾੜਾ ਅਤੇ ਚਮੜੀ ਵੀ ਵੱਧਦੀ ਹੈ ਜਿਸ ਕਰਕੇ ਇਹ ਇੱਕ ਜਟਿਲ ਪ੍ਰੀਕਿਰਿਆ ਹੈ ਅਤੇ ਜਟਿਲਤਾ ਪੈਦਾ ਹੋਣ ਦੀ ਦਰ ਵੀ ਜ਼ਿਆਦਾ ਹੈ।"

ਯੂਕੇ ਦੇ ਆਰਥੋਪੈਡਿਕ ਸਰਜਨ ਡਾ. ਡੈਵਿਡ ਗੁਡੀਅਰ ਨੇ ਕਿਹਾ ਕਿ ਉਹ ਅਜਿਹੀ ਸਰਜਰੀ ਕਰਵਾਉਣ ਵਾਲਿਆਂ ਦੀ ਇੱਛਾ ਰੱਖਣ ਵਾਲੇ ਜਿਨ੍ਹਾਂ ਲੋਕਾਂ ਨੂੰ ਉਹ ਮਿਲੇ ਹਨ, ਉਨ੍ਹਾਂ ਵਿੱਚ ਮਾਨਸਿਕ ਸਮੱਸਿਆਂਵਾਂ ਵੀ ਦੇਖਣ ਨੂੰ ਮਿਲੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਜ਼ਿਆਦਾ ਲੋਕ ਇਸ ਸਰਜਰੀ ਦੇ ਬਦਲ ਨੂੰ ਅਪਣਾ ਰਹੇ ਹਨ, ਉਨ੍ਹਾਂ ਨੂੰ ਡਰ ਹੈ ਕਿ ਲੋਕ ਆਪਣੀ ਸਿਹਤ ਤੋਂ ਵੱਧ ਪੈਸੇ ਨੂੰ ਅਹਿਮੀਅਤ ਨਾ ਦੇਣ ਲੱਗਣ।

ਉਨ੍ਹਾਂ ਨੇ ਕਿਹਾ," ਜਦੋਂ ਲੋਕਾਂ ਦੇ ਸਾਹਮਣੇ ਇਹ ਬਦਲ ਹੋਵੇਗਾ ਕਿ ਉਹ ਸਰਜਰੀ ਮਾਹਰ ਕੋਲ ਜਾਣ ਜਾਂ ਫ਼ਿਰ ਸਸਤੀ ਸਰਜਰੀ ਵਾਲੇ ਕੋਲ ਤਾਂ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਸਪੱਸ਼ਟ ਤੌਰ 'ਤੇ ਦੱਸਿਆ ਜਾਵੇਗਾ ਕਿ ਉਨ੍ਹਾਂ ਨਾਲ ਕੀ ਗ਼ਲਤ ਹੋ ਸਕਦਾ ਹੈ।"

ਉਹ ਕਹਿੰਦੇ ਹਨ,"ਕੀ ਹੋਵੇਗਾ ਜੇ ਤੁਸੀਂ ਕਿਤੋਂ ਬਾਹਰੋਂ ਸਰਜਰੀ ਕਰਵਾ ਆਵੋਂ ਅਤੇ ਯੂਕੇ ਵਾਪਸ ਆ ਕੇ ਤੁਹਾਨੂੰ ਸਰਜਰੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ? ਤਾਂ ਤੁਸੀਂ ਨੈਸ਼ਨਲ ਹੈਲਥ ਸਰਵਿਸਜ਼ ਜ਼ਰੀਏ ਮੇਰੇ ਵਰਗੇ ਡਾਕਟਰਾਂ ਕੋਲ ਆਵੋਗੇ ਅਤੇ ਸਾਨੂੰ ਹੀ ਫ਼ਿਰ ਅੱਗਿਓਂ ਦੇਖਣਾ ਪਵੇਗਾ।"

ਜਿਸ ਦਿਨ ਸਾਡੀ ਮੁਲਾਕਾਤ ਹੋਈ, ਉਸਤੋਂ ਅੱਗਲੇ ਦਿਨ ਹੀ ਬਾਰਨੀ ਦੀ ਲੱਤ ਦੀ ਹੱਡੀ ਵਿੱਚੋਂ ਧਾਤੂ ਦੀ ਪਲੇਟ ਕੱਢੀ ਜਾਣੀ ਸੀ। ਯਾਨੀ ਸਰਜਰੀ ਦੇ ਪੰਜ ਸਾਲ ਬਾਅਦ। ਦਰਦ, ਖ਼ਰਚ ਅਤੇ ਕਈ ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੂੰ ਘੱਟ ਹੀ ਪਛਤਾਵਾ ਹੈ।

"ਬਹੁਤ ਲੋਕ ਹੁੰਦੇ ਹਨ ਜਿਨ੍ਹਾਂ ਲਈ ਸਰਜਰੀ ਸਫ਼ਲ ਸਾਬਤ ਹੁੰਦੀ ਹੈ, ਉਹ ਚੁੱਪਚਾਪ ਆਪਣੀ ਜ਼ਿੰਦਗੀ ਜੀ ਰਹੇ ਹੁੰਦੇ ਹਨ। ਮੇਰੀ ਰਿਕਵਰੀ ਵਿੱਚ ਹੁਣ ਬਹੁਤ ਸਮਾਂ ਲੱਗੇਗਾ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਅਪਰੇਸ਼ਨ ਸਹੀ ਸੀ। ਇਸ ਕਰਕੇ ਮੈਨੂੰ ਜ਼ਿੰਦਗੀ ਦੁਬਾਰਾ ਬਣਾਉਣ ਦਾ ਮੌਕਾ ਮਿਲਿਆ, ਆਪਣੇ ਆਪ ਨੂੰ ਉਸ ਪੂਰਵਧਾਰਨਾ ਤੋਂ ਆਜ਼ਾਦੀ ਮਿਲੀ ਜਿਸਨੂੰ ਛੋਟੇ ਕੱਦ ਦੇ ਲੋਕ ਮਹਿਸੂਸ ਕਰਦੇ ਹਨ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)