You’re viewing a text-only version of this website that uses less data. View the main version of the website including all images and videos.
ਇਰਾਨ ਦੇ ਪ੍ਰਮੁੱਖ ਪ੍ਰਮਾਣੂ ਵਿਗਿਆਨੀ ਦੇ ਕਤਲ ਪਿੱਛੇ ਕਿਸਦਾ ਕੀ ਮਕਸਦ ਹੋ ਸਕਦਾ ਹੈ
- ਲੇਖਕ, ਮਸੂਮੇਹ ਤੋਰਫੇ
- ਰੋਲ, ਰਿਸਚਰ ਐਸੋਸੀਏਟ, ਐਲਐਸਈ ਐਂਡ ਸੋਆਸ
ਬੀਤੇ ਸ਼ੁੱਕਰਵਾਰ ਤੱਕ ਬਹੁਤੇ ਇਰਾਨੀ ਲੋਕਾਂ ਨੂੰ ਆਪਣੇ ਦੇਸ ਦੇ ਪ੍ਰਮਾਣੂ ਵਿਗਿਆਨਿਕ ਮੋਹਸਿਨ ਫ਼ਖ਼ਰੀਜ਼ਾਦੇਹ ਬਾਰੇ ਜਾਣਕਾਰੀ ਨਹੀਂ ਸੀ। ਸ਼ੁੱਕਰਵਾਰ ਨੂੰ ਫ਼ਖ਼ਰੀਜ਼ਾਦੇਹ ਦੀ ਹੱਤਿਆ ਕਰ ਦਿੱਤੀ ਗਈ ਸੀ।
ਹਾਲਾਂਕਿ, ਇਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਨਜ਼ਰ ਰੱਖਣ ਵਾਲੇ, ਉਨ੍ਹਾਂ ਬਾਰੇ ਬਾਖ਼ੂਬੀ ਜਾਣਦੇ ਸਨ। ਪੱਛਮੀ ਦੇਸਾਂ ਦੇ ਸੁਰੱਖਿਆ ਜਾਣਕਾਰ ਉਨ੍ਹਾਂ ਨੂੰ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਮੁੱਖ ਕਰਤਾ ਧਰਤਾ ਮੰਨਦੇ ਸਨ।
ਇਰਾਨੀ ਮੀਡੀਆ ਨੇ ਫ਼ਾਖ਼ਰੀਜ਼ਾਦੇਹ ਦੀ ਅਹਿਮੀਅਤ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ :
ਇਰਾਨੀ ਮੀਡੀਆ ਨੇ ਉਨ੍ਹਾਂ ਨੂੰ ਇੱਕ ਵਿਗਿਆਨੀ ਅਤੇ ਖੋਜਕਰਤਾ ਦੱਸਿਆ ਹੈ ਜੋ ਕਿ ਹਾਲ ਦੇ ਹਫ਼ਤਿਆਂ ਵਿੱਚ ਕੋਵਿਡ-19 ਦੀ ਘਰੇਲੂ ਟੈਸਟ ਕਿਟ ਤਿਆਰ ਕਰਨ ਦੇ ਕੰਮ ਵਿੱਚ ਲੱਗੇ ਹੋਏ ਸਨ।
ਲੰਡਨ ਦੇ ਇੰਟਰਨੈਸ਼ਨਲ ਇੰਸਟੀਚਿਊਟ ਫ਼ਾਰ ਸਟ੍ਰੈਟੇਜਿਕ ਸਟੱਡੀਜ਼ ਦੇ ਐਸੋਸੀਏਟ ਫ਼ੈਲੋ ਮਾਰਕ ਫਿਟਜਪੈਟ੍ਰਿਕ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਨੇੜਿਓਂ ਨਜ਼ਰ ਰੱਖਦੇ ਹਨ।
ਉਨ੍ਹਾਂ ਨੇ ਟਵੀਟ ਕੀਤਾ ਹੈ ਕਿ, "ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਕਿਸੇ ਇੱਕ ਸ਼ਖ਼ਸ 'ਤੇ ਟਿਕੇ ਹੋਣ ਦੀ ਸਥਿਤੀ ਤੋਂ ਕਾਫ਼ੀ ਵਕਤ ਪਹਿਲਾਂ ਹੀ ਅੱਗੇ ਨਿਕਲ ਚੁੱਕਿਆ ਸੀ।"
ਹੱਤਿਆ ਦਾ ਮੰਤਵ
ਇਸਦੇ ਬਾਵਜੂਦ ਸਾਨੂੰ ਇਹ ਪਤਾ ਹੈ ਕਿ ਜਿਸ ਸਮੇਂ ਫ਼ਖ਼ਰੀਜ਼ਾਦੇਹ 'ਤੇ ਹਮਲਾ ਹੋਇਆ ਸੀ, ਉਨ੍ਹਾਂ ਨਾਲ ਕਈ ਅੰਗ-ਰੱਖਿਅਕ ਸਨ।
ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਰਾਨ ਉਨ੍ਹਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਕਿੰਨਾਂ ਚਿੰਤਤ ਸੀ। ਅਜਿਹੇ ਵਿੱਚ ਉਨ੍ਹਾਂ ਦੀ ਹੱਤਿਆ ਦਾ ਕਾਰਨ ਇਰਾਨ ਵਿੱਚ ਪ੍ਰਮਾਣੂ ਗਤੀਵਿਧੀਆਂ ਦੇ ਮੁਕਾਬਲੇ ਸਿਆਸੀ ਵੱਧ ਲੱਗਦਾ ਹੈ।
ਇਸ ਹੱਤਿਆ ਪਿੱਛੇ ਦੋ ਉਦੇਸ਼ਾਂ ਦੀ ਸੰਭਾਵਨਾ ਹੋ ਸਕਦੀ ਹੈ। ਪਹਿਲਾ, ਇਰਾਨ ਅਤੇ ਅਮਰੀਕਾ ਦੇ ਨਵੇਂ ਬਣ ਰਹੇ ਰਾਸ਼ਟਰਪਤੀ ਜੋਅ ਬਾਇਡਨ ਦਰਮਿਆਨ ਰਿਸ਼ਤੇ ਸੁਧਰਨ ਦੀ ਗੁੰਜਾਇਸ਼ ਖ਼ਤਮ ਕਰਨਾ।
ਦੂਸਰਾ, ਇਰਾਨ ਨੂੰ ਇਸ ਦੀ ਪ੍ਰਤੀਕਿਰਿਆ ਕਰਨ ਲਈ ਉਕਸਾਉਣਾ।
ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਇਸ ਹੱਤਿਆ 'ਤੇ ਦਿੱਤੀ ਗਈ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਹੈ ਕਿ, "ਦੁਸ਼ਮਣਾਂ ਨੂੰ ਤਣਾਅਪੂਰਣ ਹਫ਼ਤਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਉਨ੍ਹਾਂ ਨੇ ਕਿਹਾ ਹੈ ਕਿ, "ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਵਿਸ਼ਵੀ ਹਾਲਾਤ ਬਦਲ ਰਹੇ ਹਨ ਅਤੇ ਉਹ ਆਪਣਾ ਬਹੁਤਾ ਸਮਾਂ ਇਸ ਇਲਾਕੇ ਵਿੱਚ ਅਸਥਿਰ ਹਾਲਾਤ ਪੈਦਾ ਕਰਨ ਵਿੱਚ ਲਗਾ ਰਹੇ ਹਨ।"
ਇਸਰਾਈਲ ਅਤੇ ਸਾਊਦੀ ਅਰਬ
ਜਦੋਂ ਰੁਹਾਨੀ ਇਰਾਨ ਦੇ ਦੁਸ਼ਮਣਾਂ ਦਾ ਜ਼ਿਕਰ ਕਰਦੇ ਹਨ ਤਾਂ ਉਨ੍ਹਾਂ ਇਸ਼ਾਰਾ ਸਿੱਧੇ ਤੌਰ 'ਤੇ ਟਰੰਪ ਪ੍ਰਸ਼ਾਸਨ, ਇਸਰਾਈਲ ਅਤੇ ਸਾਊਦੀ ਅਰਬ ਵੱਲ ਹੁੰਦਾ ਹੈ।
ਇਸਰਾਈਲ ਅਤੇ ਸਾਊਦੀ ਅਰਬ ਦੋਵੇਂ ਹੀ ਅਮਰੀਕਾ ਵਿੱਚ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਮੱਧ ਪੂਰਵ ਦੀ ਸਿਆਸਤ ਵਿੱਚ ਹੋਣ ਵਾਲੇ ਬਦਲਾਵਾਂ ਅਤੇ ਇਸ ਸਭ ਦੇ ਉਨ੍ਹਾਂ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਚਿੰਤਤ ਹਨ।
ਆਪਣੇ ਚੋਣ ਪ੍ਰਚਾਰ ਵਿੱਚ ਬਾਇਡਨ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਚਾਹੁੰਦੇ ਹਨ ਕਿ ਇਰਾਨ ਫ਼ਿਰ ਤੋਂ ਪ੍ਰਮਾਣੂ ਸਮਝੌਤੇ ਨਾਲ ਜੁੜ ਜਾਵੇ।
ਇਹ ਵੀ ਪੜ੍ਹੋ
ਬਰਾਕ ਉਬਾਮਾ ਨੇ 2015 ਵਿੱਚ ਇਰਾਨ ਨਾਲ ਪ੍ਰਮਾਣੂ ਸਮਝੌਤਾ ਕੀਤਾ ਸੀ ਅਤੇ ਡੋਨਲਡ ਟਰੰਪ ਨੇ 2018 ਵਿੱਚ ਇਸ ਨੂੰ ਰੱਦ ਕਰ ਦਿੱਤਾ ਸੀ।
ਇਸਰਾਈਲੀ ਮੀਡੀਆ ਮੁਤਾਬਿਕ ਕਥਿਤ ਤੌਰ 'ਤੇ ਇੱਕ ਗੁਪਤ ਮੀਟਿੰਗ ਵਿੱਚ ਇਸਰਾਈਲ ਅਤੇ ਸਾਊਦੀ ਅਰਬ ਨੇ ਇਰਾਨ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਬਾਰੇ ਚਰਚਾ ਕੀਤੀ ਸੀ।
ਇੰਨਾਂ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਇਹ ਮੀਟਿੰਗ ਇਸਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਸਾਊਦੀ ਕਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਰਮਿਆਨ ਨਿਯੋਮ ਵਿੱਚ ਪਿਛਲੇ ਐਤਵਾਰ ਹੋਈ ਸੀ।
ਰਣਨੀਤਿਕ ਕਦਮ
ਸਾਊਦੀ ਵਿਦੇਸ਼ ਮੰਤਰੀ ਨੇ ਅਜਿਹੀ ਕਿਸੇ ਵੀ ਮੀਟਿੰਗ ਹੋਣ ਦੀਆਂ ਖ਼ਬਰਾਂ ਨੂੰ ਖ਼ਾਰਜ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਸੇ ਮੀਟਿੰਗ ਵਿੱਚ ਨੇਤਨਯਾਹੂ ਸਾਊਦੀ ਅਰਬ ਅਤੇ ਇਸਰਾਈਲ ਦਰਮਿਆਨ ਰਿਸ਼ਤੇ ਬਹਾਲ ਕਰਨ ਲਈ ਕਰਾਉਨ ਪ੍ਰਿੰਸ ਸਲਮਾਨ ਨੂੰ ਰਾਜ਼ੀ ਕਰਨ ਵਿੱਚ ਵੀ ਨਾਕਾਮ ਰਹੇ ਸਨ।
ਸੋਮਵਾਰ ਨੂੰ, ਜਦੋਂ ਯਮਨ ਵਿੱਚ ਇਰਾਨੀ ਸਮਰਥਣ ਵਾਲੇ ਹੂਥੀ ਵਿਦਰੋਹੀਆਂ ਨੇ ਜੇਦਾਹ ਵਿੱਚ ਸਾਊਦੀ ਤੇਲ ਕੰਪਨੀ ਆਰਾਮਕੋ ਦੀ ਇਕਾਈ 'ਤੇ ਹਮਲਾ ਕੀਤਾ ਤਾਂ ਇਸਨੇ ਇਰਾਨ ਨੂੰ ਸਾਊਦੀ ਅਰਬ ਦਾ ਮਖੌਲ ਉਡਾਉਣ ਦਾ ਇੱਕ ਮੌਕਾ ਦੇ ਦਿੱਤਾ।
ਇਰਾਨ ਦੇ ਕੱਟੜਪੰਥੀ ਪ੍ਰੈਸਲ ਨੇ ਹੂਥੀ ਤਾਕਤਾਂ ਦੇ "ਸਾਹਸੀ ਕੁਡਜ਼-2 ਬੈਲਿਸਟਿਕ ਮਿਜ਼ਾਈਲ ਹਮਲੇ" ਦੀ ਜੰਮ ਕੇ ਤਾਰੀਫ਼ ਕੀਤੀ।
ਮੇਹਰ ਨਿਊਜ਼ ਏਜੰਸੀ ਨੇ ਕਿਹਾ ਹੈ, "ਇਹ ਇੱਕ ਰਣਨੀਤਿਕ ਕਦਮ ਸੀ। ਸਾਊਦੀ ਇਸਰਾਈਲ ਦੀ ਮੀਟਿੰਗ ਦੇ ਸਮੇਂ, ਇਸ ਦੀ ਇੱਕ ਬਹਿਤਰ ਟਾਈਮਿੰਗ ਸੀ ਅਤੇ ਇਸ ਨਾਲ ਉਨ੍ਹਾਂ ਨੂੰ ਇਹ ਵੀ ਚੇਤਾਵਨੀ ਦੇ ਦਿੱਤੀ ਗਈ ਕਿ ਉਨ੍ਹਾਂ ਦੇ ਕਿਸੇ ਵੀ ਗ਼ਲਤ ਕਦਮ ਦਾ ਕੀ ਨਤੀਜਾ ਹੋ ਸਕਦਾ ਹੈ।"
ਇਰਾਨ ਦੇ ਮੁੱਖ ਪ੍ਰਮਾਣੂ ਠਿਕਾਣੇ
ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਆਪਣੀ ਕਿਤਾਬ 'ਦਾ ਰੂਮ ਵੇਅਰ ਇਟ ਹੈਪੇਂਡ' ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਨਾਲ ਟਰੰਪ ਪ੍ਰਸ਼ਾਸਨ ਇਰਾਨ ਦੇ ਹੂਥੀ ਤਾਕਤਾਂ ਨੂੰ ਦਿੱਤੇ ਜਾਣ ਵਾਲੇ ਸਮਰਥਣ ਨੂੰ "ਮੱਧ ਪੂਰਵ ਵਿੱਚ ਅਮਰੀਕੀ ਹਿੱਤਾਂ ਖ਼ਿਲਾਫ਼ ਇੱਕ ਮੁਹਿੰਮ" ਵਜੋਂ ਦੇਖਦਾ ਸੀ।
ਮੰਨਿਆ ਜਾ ਰਿਹਾ ਹੈ ਕਿ ਨਿਯੋਮ ਵਿੱਚ ਹੋਈ ਕਥਿਤ ਮੀਟਿੰਗ ਦਾ ਪ੍ਰਬੰਧ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕੀਤੀ ਸੀ।
ਉਹ ਕਤਰ ਅਤੇ ਯੂਨਾਈਟਿਡ ਅਰਬ ਐਮੀਰਾਤ ਦੇ ਦੌਰੇ 'ਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਚਰਚਾ ਦਾ ਮੁੱਖ ਮੁੱਦਾ ਇਰਾਨ ਸੀ।
ਅਮਰੀਕੀ ਮੀਡੀਆ ਮੁਤਾਬਿਕ, ਦੋ ਹਫ਼ਤੇ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਆਪਣੇ ਸੀਨੀਅਰ ਸਲਾਹਕਾਰਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਕੋਲ ਇਰਾਨ ਦੇ ਮੁੱਖ ਪ੍ਰਮਾਣੂ ਟਿਕਾਣੇ ਵਿਰੁੱਧ ਸੈਨਿਕ ਕਾਰਵਾਈ ਦਾ ਕੋਈ ਬਦਲ ਹੈ?
ਮੰਨਿਆ ਜਾ ਰਿਹਾ ਹੈ ਕਿ ਉਹ ਸੱਤਾ ਛੱਡਣ ਤੋਂ ਪਹਿਲਾਂ ਇਰਾਨ ਨਾਲ ਟੱਕਰ ਲੈਣਾ ਚਾਹੁੰਦੇ ਸਨ।
ਜਨਵਰੀ ਵਿੱਚ ਟਰੰਪ ਨੇ ਇਰਾਕ ਵਿੱਚ ਇਰਾਨ ਦੇ ਟੌਪ ਮਿਲਟਰੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਅਰਮੀਕੀ ਡ੍ਰੋਨ ਹਮਲੇ ਰਾਹੀਂ ਕੀਤੀ ਗਈ ਹੱਤਿਆ ਦੀ ਤਾਰੀਫ਼ ਕੀਤੀ ਸੀ।
ਕਾਸਿਫ਼ ਸੂਲੇਮਾਨੀ ਦੀ ਹੱਤਿਆ
ਟਰੰਪ ਨੇ ਕਿਹਾ ਸੀ ਕਿ ਇਹ ਹਮਲਾ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਹੋਇਆ ਹੈ। ਹਾਲਾਂਕਿ ਯੂਐਨ ਦੇ ਇੱਕ ਸਪੈਸ਼ਲ ਦੂਤ ਨੇ ਇਸ ਨੂੰ "ਗ਼ੈਰ ਕਾਨੂੰਨੀ" ਕਰਾਰ ਦਿੱਤਾ ਸੀ।
ਅਜਿਹੇ ਵਿੱਚ ਇਹ ਤਰਕ ਵੀ ਦਿੱਤਾ ਜਾ ਸਕਦਾ ਹੈ ਕਿ ਇੰਨਾਂ ਹੱਤਿਆਵਾਂ ਦਾ ਰਾਸ਼ਟਰਪਤੀ ਨੇ ਕੋਈ ਵਿਰੋਧ ਨਹੀਂ ਸੀ ਕੀਤਾ।
ਦੂਸਰੇ ਪਾਸੇ, ਇਰਾਨੀ ਰਾਸ਼ਟਰਪਤੀ ਨੇ ਫ਼ਖ਼ਰੀਜ਼ਾਦੇਹ ਦੀ ਹੱਤਿਆ ਪਿੱਛੇ ਇਸਰਾਈਲ ਦਾ ਹੱਥ ਦੱਸਿਆ ਹੈ।
ਇਸੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਨੀਆਂ ਦੇ ਉਨ੍ਹਾਂ ਚੋਣਵੇਂ ਨੇਤਾਵਾਂ ਵਿੱਚੋਂ ਰਹੇ ਹਨ ਜਿੰਨ੍ਹਾਂ ਦੇ ਪ੍ਰਤੱਖ ਤੌਰ 'ਤੇ ਫ਼ਖ਼ਰੀਜ਼ਾਦੇਹ ਦਾ ਨਾਮ ਲਿਆ ਸੀ।
2018 ਵਿੱਚ ਇੱਕ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤੀ ਗਈ ਪੇਸ਼ਕਾਰੀ ਵਿੱਚ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਵਿੱਚ ਫ਼ਖ਼ਰੀਜ਼ਾਦੇਹ ਦੀ ਪ੍ਰਮੁੱਖ ਭੂਮਿਕਾ ਦਾ ਜ਼ਿਕਰ ਕੀਤਾ ਸੀ ਅਤੇ ਲੋਕਾਂ ਨੂੰ ਕਿਹਾ ਸੀ ਕਿ ਉਹ "ਇਸ ਨਾਮ ਨੂੰ ਯਾਦ ਰੱਖਣ।"
ਇਸਰਾਈਲ ਦੀ ਚਿੰਤਾ
ਹਾਲਾਂਕਿ, ਇਸਰਾਈਲ ਇਸ ਗੱਲ ਤੋਂ ਚਿੰਤਾ ਮੁਕਤ ਹੈ ਕਿ ਬਾਇਡਨ ਪ੍ਰਸ਼ਾਸਨ ਵਿੱਚ ਵੀ ਅਮਰੀਕਾ ਉਸਦੀ ਸੁਰੱਖਿਆ ਨੂੰ ਲੈ ਕੇ ਵਚਨਬੱਧ ਰਹੇਗਾ, ਪਰ ਇਸਰਾਈਲ ਨਵੇਂ ਵਿਦੇਸ਼ ਮੰਤਰੀ ਦੇ ਤੌਰ 'ਤੇ ਨਾਮਜ਼ਦ ਕੀਤੇ ਗਏ ਇੰਟੋਨੀ ਬਲਿੰਕੇਨ ਨੂੰ ਲੈ ਕੇ ਜ਼ਰੂਰ ਚਿੰਤਿਤ ਹੋਵੇਗਾ।
ਬਲਿੰਕੇਨ ਨੂੰ ਇਰਾਨ ਨਾਲ ਹੋਏ ਪ੍ਰਮਾਣੂ ਸਮਝੌਤੇ ਦਾ ਜ਼ਬਰਦਸਤ ਸਮਰਥਕ ਮੰਨਿਆ ਜਾਂਦਾ ਹੈ।
ਮੱਧ ਪੂਰਵ ਨੂੰ ਲੈ ਕੇ ਬਲਿੰਕੇਨ ਦੀ ਸੋਚ ਦੇ ਚਲਦਿਆਂ ਫਿਲਸਤੀਨ ਦੇ ਲੋਕਾਂ ਨੂੰ ਵੀ ਇਹ ਉਮੀਦ ਪੈਦਾ ਹੋ ਸਕਦੀ ਹੈ।
ਬਲਿੰਕੇਨ ਇਸਰਾਈਲ ਵਿੱਚ ਅਮਰੀਕੀ ਦੂਤਾਵਾਸ ਨੂੰ ਤੇਲ ਅਵੀਵ ਤੋਂ ਹਟਾ ਕੇ ਯਰੂਸ਼ਲਮ ਲੈ ਜਾਣ ਦੇ ਟਰੰਪ ਦੇ ਫ਼ੈਸਲੇ ਦੇ ਅਲੋਚਕ ਰਹੇ ਹਨ।
ਹਾਲਾਂਕਿ, ਬਾਇਡਨ ਕਹਿ ਚੁੱਕੇ ਹਨ ਕਿ ਉਹ ਇਸ ਫ਼ੈਸਲੇ ਵਿੱਚ ਬਦਲਾਅ ਨਹੀਂ ਕਰਨਗੇ।
ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੀ ਨੇ ਫ਼ਖ਼ਰੀਜ਼ਾਦੇਹ ਦੀ ਹੱਤਿਆ ਕਰਨ ਵਾਲਿਆਂ ਨੂੰ ਨਿਸ਼ਚਿਤ ਤੌਰ 'ਤੇ ਸਜ਼ਾ ਦੇਣ ਦੀ ਸੌਂਹ ਖਾਧੀ ਹੈ।
ਸੁਰੱਖਿਆ ਅਤੇ ਖ਼ੁਫ਼ੀਆ ਅਣਗਹਿਲੀ
ਇਰਾਨ ਦੀ ਐਕਸੀਪੈਂਡੀਐਂਸੀ ਕਾਉਂਸਲ ਦੇ ਹੈੱਡ ਮੋਹਸੇਨ ਰੋਜਾਈ ਨੇ ਇਸ ਘਟਨਾ ਪਿੱਛੇ ਸੁਰੱਖਿਆ ਅਤੇ ਖ਼ੁਫ਼ੀਆ ਅਣਗਹਿਲੀ ਵੱਲ ਇਸ਼ਾਰਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ, "ਇਰਾਨ ਦੀਆਂ ਖ਼ੁਫੀਆ ਏਜੰਸੀਆਂ ਨੂੰ ਘੁਸਪੈਠੀਆਂ ਅਤੇ ਵਿਦੇਸ਼ੀ ਖ਼ੁਫ਼ੀਆ ਸੇਵਾਵਾਂ ਦੇ ਸੂਤਰਾਂ ਦਾ ਪਤਾ ਲਾਉਣਾ ਚਾਹੀਦਾ ਹੈ ਅਤੇ ਹੱਤਿਆ ਕਰਨ ਵਾਲੀਆਂ ਟੀਮਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨਾ ਚਾਹੀਦਾ ਹੈ।"
ਦੂਸਰੇ ਪਾਸੇ, ਸੋਸ਼ਲ ਮੀਡੀਆ 'ਤੇ ਮੌਜੂਦ ਕਈ ਇਰਾਨੀ ਇਹ ਪੁੱਛ ਰਹੇ ਹਨ ਕਿ ਇਰਾਨ ਦੀ ਆਪਣੇ ਬਹਿਤਰ ਸੈਨਿਕ ਅਤੇ ਖ਼ੁਫ਼ੀਆ ਤੰਤਰ ਦੇ ਦਾਅਵਿਆਂ ਦੇ ਬਾਵਜੂਦ ਇੰਨੀ ਜ਼ਬਰਦਸਤ ਸੁਰੱਖਿਆ ਪ੍ਰਾਪਤ ਕਿਸੇ ਵਿਅਕਤੀ ਦੀ ਦਿਨ ਦਿਹਾੜੇ ਹੱਤਿਆ ਕਿਵੇਂ ਮੁਮਕਿਨ ਹੈ।
ਇਨ੍ਹਾਂ ਲੋਕਾਂ ਨੂੰ ਇਹ ਵੀ ਚਿੰਤਾ ਹੈ ਕਿ ਇਸ ਹੱਤਿਆ ਬਹਾਨੇ ਦੇਸ ਵਿੱਚ ਫ਼ਿਰ ਗ੍ਰਿਫ਼ਤਾਰੀਆਂ ਦਾ ਦੌਰ ਸ਼ੁਰੂ ਹੋ ਸਕਦਾ ਹੈ।
ਹੁਣ ਜਦੋਂ ਟਰੰਪ ਜਾ ਰਹੇ ਹਨ ਅਤੇ ਇਸਰਾਈਲ ਅਤੇ ਸਾਊਦੀ ਅਰਬ ਕੋਲ ਉਨ੍ਹਾਂ ਦਾ ਮੁੱਖ ਸਹਿਯੋਗੀ ਨਹੀਂ ਰਹੇਗਾ, ਅਜਿਹੇ ਵਿੱਚ ਇਰਾਨ ਬਾਇਡਨ ਪ੍ਰਸ਼ਾਸਨ ਤੋਂ ਰੋਕਾਂ ਵਿੱਚ ਰਾਹਤ ਅਤੇ ਅਰਥਵਿਵਸਥਾ ਨੂੰ ਫ਼ਿਰ ਤੋਂ ਖੜ੍ਹੇ ਕਰਨ ਦਾ ਮੌਕਾ ਮਿਲਣ ਦੀ ਉਮੀਦ ਕਰ ਰਿਹਾ ਹੈ।
ਇਸ ਲਿਹਾਜ਼ ਤੋਂ ਪ੍ਰਤੀਕਿਰਿਆ ਕਰਨਾ ਤਰਕਹੀਣ ਹੋਵੇਗਾ।
ਇਹ ਵੀ ਪੜ੍ਹੋ: