ਗੁਰਨਾਮ ਸਿੰਘ ਚੜੂਨੀ: ਹਰਿਆਣਾ 'ਚ ਕਿਸਾਨ ਅੰਦੋਲਨ ਦਾ ਚਿਹਰਾ ਬਣਿਆ ਆਗੂ ਕੌਣ ਹੈ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ 60 ਸਾਲਾ ਗੁਰਨਾਮ ਸਿੰਘ ਚੜੂਨੀ ਅੱਜ ਹਰਿਆਣਾ ਵਿੱਚ ਕਿਸਾਨ ਅੰਦੋਲਨ ਦਾ ਚਿਹਰਾ ਬਣੇ ਹਨ।

ਉਨ੍ਹਾਂ ਨੇ ਸਾਲ 2019 ਵਿੱਚ ਚੋਣਾਂ ਦੌਰਾਨ ਦਿੱਤੇ ਹਲਫ਼ੀਆ ਬਿਆਨ ਵਿੱਚ ਖੁਦ ਨੂੰ ਇੱਕ ਕਿਸਾਨ ਅਤੇ ਕਮਿਸ਼ਨ ਏਜੰਟ ਦੱਸਿਆ ਸੀ। ਉਹ ਕੁਰੂਕਸ਼ੇਤਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਬਾਦ ਵਿੱਚ ਪੈਂਦੇ ਪਿੰਡ ਚੜੂਨੀ ਜੱਟਾਂ ਤੋਂ ਹਨ।

ਸੂਬੇ ਦੇ ਕੁਝ ਹਿੱਸਿਆਂ ਵਿੱਚ ਆਪਣੇ ਨਾਂ ਪਿੱਛੇ ਆਪਣੇ ਸਰਨੇਮ ਦੀ ਥਾਂ ਜਾਤ ਦੀ ਬਜਾਇ ਪਿੰਡ ਦਾ ਨਾਮ ਲਾਉਣਾ ਆਮ ਗੱਲ ਹੈ।

ਦੋ ਦਹਾਕਿਆਂ ਤੋਂ ਕਿਸਾਨ ਅੰਦੋਲਨ ਵਿਚ ਸਰਗਰਮ

ਭਾਵੇਕਿ ਸੂਬੇ ਵਿੱਚ ਬੀਕੇਯੂ ਦੇ ਇੱਕ ਦਰਜਨ ਤੋਂ ਵੱਧ ਧੜੇ ਹਨ, ਗੁਰਨਾਮ ਤਕਰੀਬਨ ਦੋ ਦਹਾਕਿਆਂ ਤੋਂ ਸਰਗਰਮ ਹਨ।

ਉਹ ਜੀਟੀ ਰੋਡ 'ਤੇ ਪੈਂਦੇ ਉੱਤਰੀ ਜ਼ਿਲ੍ਹਿਆਂ ਕੁਰੂਕਸ਼ੇਤਰ, ਯਮੁਨਾਨਗਰ, ਕੈਥਲ ਅਤੇ ਅੰਬਾਲਾ, ਜਿਨ੍ਹਾਂ ਨੂੰ ਸੂਬੇ ਦੀ ਝੋਨਾ ਬੈਲਟ ਵਜੋਂ ਜਾਣਿਆ ਜਾਂਦਾ ਹੈ, ਵਿੱਚ ਕਾਫੀ ਸਰਗਰਮ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਧੜਾ ਕਿਸਾਨਾਂ ਦੀ ਮਦਦ ਲਈ ਗੰਨੇ ਦੇ ਬਕਾਏ ਦਾ ਭੁਗਤਾਨ ਨਾ ਹੋਣ ਦੇ ਮੁੱਦੇ ਨੂੰ ਚੁੱਕ ਰਿਹਾ ਹੈ ਅਤੇ ਇਸ ਸਭ ਨੇ ਉਨ੍ਹਾਂ ਦੀ ਇਨ੍ਹਾਂ ਜਿਲ੍ਹਿਆਂ ਵਿੱਚ ਜਿੱਥੇ ਅਮੀਰ ਜ਼ਿੰਮੀਦਾਰਾਂ ਅਤੇ ਕਮਿਸ਼ਨ ਏਜੰਟਾਂ ਦੀ ਤਾਕਤਵਰ ਲੌਬੀ ਹੈ, ਵਿੱਚ ਪਕੜ ਮਜ਼ਬੂਤ ਕੀਤੀ ਹੈ।

ਸਥਾਨਕ ਸਮਰਥਨ ਹਾਸਲ

ਸੀਮਤ ਪ੍ਰਭਾਵ ਦੇ ਬਾਵਜੂਦ ਗੁਰਨਾਮ ਸੂਬੇ ਵਿੱਚ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਵਿੱਚ ਹਮੇਸ਼ਾਂ ਸਰਗਰਮ ਰਹੇ ਅਤੇ ਹਿੰਦੀ ਅਤੇ ਪੰਜਾਬੀ ਦੇ ਨਾਲ-ਨਾਲ ਕਈ ਸਥਾਨਕ ਬੋਲੀਆਂ ,ਦੇਸਵਾਲੀ,ਬਾਂਗਰੂ, ਬਾਗੜੀ ਵੀ ਬਹੁਤ ਹੀ ਸਹਿਜਤਾ ਨਾਲ ਬੋਲ ਲੈਂਦੇ ਹਨ।

ਹੋਰ ਕਿਸਾਨ ਜਥੇਬੰਦੀਆਂ ਨਾਲ ਸਬੰਧਿਤ ਉਨ੍ਹਾਂ ਦੇ ਸਹਿਕਰਮੀ ਉਨ੍ਹਾਂ ਨੂੰ ਕਿਸਾਨ ਅੰਦੋਲਨ ਲਈ ਸ਼ਿੱਦਤ ਨਾਲ ਦਿਲੋਂ ਸਮਰਪਿਤ ਦੱਸਦੇ ਹਨ।

ਬੀਕੇਯੂ ਦੇ ਇੱਕ ਧੜੇ ਦੇ ਆਗੂ ਨੇ ਕਿਹਾ, "ਉਹ ਸਥਾਨਕ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਣ ਵਿੱਚ ਕਦੇ ਵੀ ਝਿਜਕਦੇ ਨਹੀਂ ਪਰ ਚਾਹੁੰਦੇ ਹਨ ਕਿ ਸਭ ਕੁਝ ਉਨ੍ਹਾਂ ਦੀ ਅਗਵਾਈ ਵਿੱਚ ਹੋਵੇ।"

ਚੜੂਨੀ ਪਿੰਡ ਦੇ ਵਸਨੀਕ ਸ਼ਿਸ਼ੂਪਾਲ ਸਿੰਘ ਨੇ ਕਿਹਾ ਕਿ ਹੁਣ ਉਹ 32 ਸਾਲਾਂ ਦੇ ਹਨ ਅਤੇ ਸ਼ੁਰੂ ਤੋਂ ਹੀ ਗੁਰਨਾਮ ਸਿੰਘ ਨੂੰ ਧਰਨੇ ਲਾਉਂਦਿਆਂ, ਕਿਸਾਨ ਰੈਲੀਆਂ 'ਤੇ ਜਾਂਦਿਆਂ, ਮਦਦ ਇੱਕਠੀ ਕਰਦਿਆਂ ਦੇਖ ਰਹੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, "ਉਹ ਸਿਦਕੀ ਕਿਸਾਨ ਆਗੂ ਹਨ ਅਤੇ ਉਨ੍ਹਾਂ ਨੂੰ ਪਿੰਡ ਵਲੋਂ ਪੂਰੀ ਇੱਜ਼ਤ ਅਤੇ ਸਮਰਥਨ ਦਿੱਤਾ ਜਾਂਦਾ ਹੈ।"

ਹਾਲ ਹੀ ਵਿੱਚ 10 ਸਤੰਬਰ ਨੂੰ ਹੋਈ ਪਿੱਪਲੀ ਰੈਲੀ ਵਿੱਚ ਤਿੰਨ ਕਿਸਾਨ ਬਿੱਲਾਂ ਦਾ ਵਿਰੋਧ ਕਰਨ ਤੋਂ ਬਾਅਦ ਉਹ ਖ਼ਬਰਾਂ ਵਿੱਚ ਆਏ। ਇਸ ਰੈਲੀ ਵਿੱਚ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਅਤੇ ਇਸ ਨੇ ਲੋਕਾਂ ਦਾ ਧਿਆਨ ਖਿੱਚਿਆ।

ਉਨ੍ਹਾਂ ਨੇ ਫ਼ਿਰ ਤੋਂ 20 ਸਤੰਬਰ ਨੂੰ ਸੂਬਾ ਬੰਦ ਕਰਨ ਦਾ ਸੱਦਾ ਦਿੱਤਾ ਜੋ ਕਿ ਬਹੁਤ ਕਾਮਯਾਬ ਰਿਹਾ ਅਤੇ ਬੀਕੇਯੂ ਦੇ ਧੜਿਆਂ ਨੇ ਉਨ੍ਹਾਂ ਦੇ ਸੱਦੇ ਨੂੰ ਸਮਰਥਨ ਦਾ ਐਲਾਨ ਕੀਤਾ। ਉਨ੍ਹਾਂ ਵਿਰੁੱਧ ਹਰਿਆਣਾ ਪੁਲਿਸ ਵਲੋਂ ਇੱਕ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਹਰ ਪਾਸਿਓਂ ਅਤੇ ਧੜਿਆਂ ਤੋਂ ਸਮਰਥਨ ਮਿਲਣ ਤੋਂ ਬਾਅਦ, ਗੁਰਨਾਮ ਨੇ ਸਾਰਿਆਂ ਨੂੰ ਬਰਾਬਰ ਨੁਮਾਇੰਦਗੀ ਦੇਣ ਅਤੇ ਕਿਸਾਨ ਬਿੱਲਾਂ ਵਿਰੁੱਧ ਤਾਕਤ ਨੂੰ ਇਕੱਠਿਆਂ ਕਰਨ ਲਈ ਇੱਕ 'ਸਾਂਝਾ ਕਿਸਾਨ ਮੋਰਚਾ' ਗਠਿਤ ਕੀਤਾ।

ਸਿਆਸਤ ਵਿੱਚ ਕਦਮ

ਗੁਰਨਾਮ ਨੇ ਸਾਲ 2019 ਵਿੱਚ ਕੁਰੂਕੁਸ਼ੇਤਰ ਦੇ ਵਿਧਾਨ ਸਭਾ ਹਲਕੇ ਲਾਡਵਾ ਤੋਂ ਵਿਧਾਨ ਸਭਾ ਚੋਣ ਲੜੀ ਪਰ ਜਿੱਤ ਨਾ ਸਕੇ।

ਉਨ੍ਹਾਂ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਜਨਤਕ ਮੀਟਿੰਗਾਂ ਦੌਰਾਨ ਕੇਂਦਰੀ ਨਾਅਰਿਆਂ ਵਿੱਚ ਰੱਖਿਆ ਪਰ ਸਮਰਥਨ ਅਤੇ ਵੋਟਾਂ ਹਾਸਿਲ ਨਾ ਕਰ ਸਕੇ।

ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਨਾਕਾਮਯਾਬ ਰਹੇ ਸਨ।

ਗੁਰਨਾਮ ਆਮ ਆਦਮੀ ਪਾਰਟੀ ਵਲੋਂ ਟਿਕਟ ਦੀ ਦੌੜ ਵਿੱਚ ਮੋਹਰੀ ਸਨ, ਪਰ ਪਾਰਟੀ ਨੇ ਆਖ਼ਰੀ ਪਲਾਂ ਵਿੱਚ ਉਨ੍ਹਾਂ ਦੀ ਪਤਨੀ ਨੂੰ ਮੈਦਾਨ ਵਿੱਚ ਉਤਾਰਿਆ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)