ਕਿਸਾਨ ਪ੍ਰਦਰਸ਼ਨ: ਕੇਸਰੀ ਚੁੰਨੀਆਂ ਲੈ ਕੇ ਰੇਲਵੇ ਟਰੈਕ 'ਤੇ ਬੈਠੀਆਂ ਬੀਬੀਆਂ ਨੇ ਕੀ ਦਿੱਤਾ ਸੁਨੇਹਾ

ਪੰਜਾਬ ਵਿੱਚ ਖੇਤੀ ਬਿੱਲਾਂ ਖਿਲਾਫ਼ ਕਿਸਾਨਾਂ ਦਾ ਰੇਲ ਰੋਕੋ ਤੇ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ।

ਬੀਬੀਸੀ ਪੰਜਾਬੀ ਲਈ ਸੁਰਿੰਦਰ ਮਾਨ ਨੇ ਰਿਪੋਰਟ ਕੀਤਾ ਕਿ ਕਿਸਾਨਾਂ ਨੇ ਲੁਧਿਆਣਾ-ਫਿਰੋਜ਼ਪੁਰ ਰੇਲਵੇ ਟਰੈਕ 'ਤੇ ਪ੍ਰਦਰਸ਼ਨ ਕੀਤਾ। ਸੈਂਕੜੇ ਕਿਸਾਨ ਮੋਗਾ ਰੇਵਲੇ ਸਟੇਸ਼ਨ 'ਤੇ ਇਕੱਠੇ ਹੋਏ ਅਤੇ ਟਰੈਕ ਰੋਕੇ।

ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸਤਦਾਨਾਂ ਦਾ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਕਿਸਾਨਾਂ ਦੇ ਮੁੱਦੇ 'ਤੇ ਡਰਾਮਾ ਕਰ ਰਹੇ ਹਨ।

ਦਰਅਸਲ ਖੇਤੀ ਬਿੱਲਾਂ ਖਿਲਾਫ਼ ਇੱਕ ਅਕਤੂਬਰ ਨੂੰ 31 ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਜਾਰੀ ਹੈ।

ਭਾਜਪਾ ਵਲੋਂ ਮੌਨ ਵਰਤ

ਉੱਧਰ ਭਾਜਪਾ ਨੇ ਅੱਜ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ।

ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ ਦੀ ਰਿਪੋਰਟ: ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਭਾਜਪਾ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਵਲੋਂ ਇੱਕ ਘੰਟੇ ਦਾ ਮੌਨ ਵਰਤ ਰੱਖਿਆ ਗਿਆ।

ਇਸੇ ਤਰ੍ਹਾਂ ਭਾਜਪਾ ਦੇ ਹੋਰ ਆਗੂਆਂ ਵਲੋਂ ਵੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਇਹ ਪ੍ਰਦਰਸ਼ਨ ਕੀਤੇ ਗਏ।

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ, "ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸੰਵਿਧਾਨਕ ਜ਼ਿੰਮੇਦਾਰੀਆਂ ਨੂੰ ਭੁੱਲ ਚੁੱਕੇ ਹਨ। ਇੱਕ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਹੈ ਕਿ ਕਾਨੂੰਨੀ ਵਿਵਸਥਾ ਬਣੀ ਰਹੇ ਅਤੇ ਅਮਨ ਸ਼ਾਂਤੀ ਬਣੀ ਰਹੇ।"

"ਪਰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਾਨੂੰਨ ਨੂੰ ਗ਼ਲਤ ਢੰਗ ਨਾਲ ਪੇਸ਼ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਪੰਜਾਬ ਦੇ ਭਾਈਚਾਰੇ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਕਾਂਗਰਸ ਆਗੂ ਦਾ ਘਿਰਾਓ

ਬੀਬੀਸੀ ਪੰਜਾਬੀ ਲਈ ਸੁਖਚਰਨ ਪ੍ਰੀਤ ਦੀ ਰਿਪੋਰਟ: ਕਿਸਾਨਾਂ ਵੱਲੋਂ ਬਰਨਾਲਾ ਦੇ ਪਿੰਡ ਰਾਏਸਰ ਵਿੱਚ ਮਹਿਲ ਕਲਾਂ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਚੰਦ ਕੌਰ ਘਨੌਰੀ ਦਾ ਘਿਰਾਓ ਕੀਤਾ ਗਿਆ।

ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਸਰਕਾਰ ਦੇ ਮੰਤਰੀ ਗੁਰਪ੍ਰੀਤ ਕਾਂਗੜ ਸਟੇਡੀਅਮ ਦਾ ਉਦਘਾਟਨ ਕਰਨ ਆ ਰਹੇ ਹਨ ਪਰ ਉਹ ਸ਼ਾਇਦ ਵਿਰੋਧ ਦਾ ਪਤਾ ਲੱਗਣ ਕਰਕੇ ਨਹੀਂ ਆਏ।

ਪਰ ਸਾਬਕਾ ਵਿਧਾਇਕ ਤੇ ਹਲਕਾ ਮਹਿਲ ਕਲਾਂ ਦੀ ਕਾਂਗਰਸ ਇੰਚਾਰਜ ਹਰਚੰਦ ਕੌਰ ਘਨੌਰੀ ਆਏ।

ਕਿਸਾਨ ਆਗੂਆਂ ਦੀ ਸ਼ਰਤ 'ਤੇ ਹਰਚੰਦ ਕੌਰ ਘਨੌਰੀ ਨੂੰ ਇਕੱਠ ਵਿੱਚ ਆ ਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਪਏ ਅਤੇ ਉਨ੍ਹਾਂ ਦੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਵਾਅਦਾ ਕਰਨ ਤੋਂ ਬਾਅਦ ਕਿਸਾਨਾਂ ਨੇ ਘਿਰਾਓ ਖ਼ਤਮ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

ਹਰਚੰਦ ਕੌਰ ਘਨੌਰੀ ਨੇ ਕਿਹਾ, "ਅਸੀਂ ਤੁਹਾਡੇ ਨਾਲ ਹਾਂ। ਅਸੀਂ ਕਿਸਾਨਾਂ ਦੇ ਨਾਲ ਹਾਂ। ਜਿੱਥੇ ਤੁਸੀਂ ਕਹੋਗੇ, ਉੱਥੇ ਹੀ ਤੁਹਾਡੇ ਨਾਲ ਬੈਠਾਂਗੇ। ਅਸੀਂ ਚਾਰ ਤਰੀਕ ਨੂੰ ਬਹੁਤ ਵੱਡਾ ਧਰਨਾ ਲਾ ਰਹੇ ਹਾਂ। ਤੁਹਾਡੀਆਂ ਮੰਗਾਂ ਕੈਪਟਨ ਸਾਹਿਬ ਕੋਲ ਜ਼ਰੂਰ ਪਹੁੰਚਾਵਾਂਗੇ।"

ਕਿਸਾਨਾਂ ਦੀ ਮੰਗ ਸੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸਨ ਬੁਲਾ ਕੇ ਖ਼ੇਤੀ ਕਾਨੂੰਨਾਂ ਖਿਲਾਫ਼ ਮਤਾ ਪਾਸ ਕਰੇ ਅਤੇ ਵੱਡੇ ਕਾਰੋਬਾਰੀ ਕਿਸਾਨਾਂ ਦੀਆਂ ਜ਼ਮੀਨਾਂ ਨਾ ਖੋਹਣ ਦੀ ਗਾਰੰਟੀ ਦਾ ਮਤਾ ਪਾਸ ਕਰੇ ਅਤੇ ਘਰ-ਘਰ ਨੌਕਰੀ ਦਾ ਵਾਅਦਾ ਲਾਗੂ ਕਰੇ।

ਮਹਿਲਾ ਕਿਸਾਨ ਧਰਨੇ 'ਚ ਸ਼ਾਮਲ

ਬੀਬੀਸੀ ਪੰਜਾਬੀ ਲਈ ਸੁਖਚਰਨ ਪ੍ਰੀਤ ਦੀ ਰਿਪੋਰਟ: ਉੱਥੇ ਹੀ ਔਰਤਾਂ ਵੀ ਇਨ੍ਹਾਂ ਧਰਨਿਆਂ ਵਿੱਚ ਸ਼ਾਮਿਲ ਹੋ ਰਹੀਆਂ ਹਨ।

ਸੁਨਾਮ ਰੇਲਵੇ ਸਟੇਸ਼ਨ 'ਤੇ ਅਣਮਿੱਥੇ ਸਮੇਂ ਲਈ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਅੱਜ ਸੈਂਕੜੇ ਕਿਸਾਨ ਔਰਤਾਂ ਨੇ ਕੇਸਰੀ ਚੁੰਨੀਆਂ ਲੈ ਕੇ ਸ਼ਮੂਲੀਅਤ ਕੀਤੀ।

ਕਿਸਾਨ ਔਰਤਾਂ ਨੇ ਕਿਹਾ ਜਿੰਨੀ ਦੇਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ।

ਇਸ ਦੌਰਾਨ ਇੱਕ ਮਹਿਲਾ ਕਿਸਾਨ ਨੇ ਕਿਹਾ,"ਇਹ ਖੇਤੀ ਬਿੱਲ ਸਾਡੇ ਗੱਲ ਵਿੱਚ ਫਾਹਾ ਹੈ। ਅਸੀਂ ਔਰਤਾਂ ਨੂੰ ਜਾਗਰੂਕ ਕਰਕੇ ਇਸ ਸੰਘਰਸ਼ ਵਿੱਚ ਹੋਰ ਸ਼ਾਮਲ ਕਰਾਂਗੇ।"

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ: ਅੰਮ੍ਰਿਤਸਰ: ਉੱਥੇ ਹੀ ਅੰਮ੍ਰਿਤਸਰ ਵਿੱਚ ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ 'ਤੇ ਧਰਨਾ ਲਾਇਆ। ਇਸ ਦੌਰਾਨ ਉਨ੍ਹਾਂ ਨੇ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਕੀਤੀ।

ਕਿਸਾਨ ਜਥੇਬੰਦੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਅਕਾਲੀ, ਭਾਜਪਾ ਤੇ ਕਾਂਗਰਸ ਦੇ ਸਿਆਸਤਦਾਨਾਂ ਦੇ ਪੁਤਲੇ ਫੂਕੇ।

ਹਰਿਆਣਾ ਵਿੱਚ ਕਿਸਾਨ ਪ੍ਰਦਰਸ਼ਨ

ਬੀਬੀਸੀ ਪੰਜਾਬੀ ਲਈ ਪ੍ਰਭੂ ਦਿਆਲ ਦੀ ਰਿਪੋਰਟ: ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਹਾੜੇ ਮੌਕੇ 'ਤੇ ਕਾਂਗਰਸ ਵਲੋਂ ਨਵੇਂ ਖੇਤੀ ਕਾਨੂੰਨਾਂ ਤੇ ਯੂਪੀ ਦੇ ਹਾਥਰਸ ਕਾਂਡ ਦੇ ਖ਼ਿਲਾਫ਼ ਟਰੈਕਟਰ ਮਾਰਚ ਕੱਢਿਆ ਗਿਆ।

ਇਸ ਦੇ ਨਾਲ ਹੀ ਪਿੰਡਾਂ ਵਿੱਚੋਂ ਕਿਸਾਨ ਟਰੈਕਟਰਾਂ 'ਤੇ ਰੋਸ ਪ੍ਰਦਰਸ਼ਨ ਕਰਦੇ ਹੋਈ ਅਨਾਜ ਮੰਡੀ ਸਥਿਤ ਮਹਾਤਮਾ ਗਾਂਧੀ ਪਾਰਕ ਪਹੁੰਚੇ ਜਿੱਥੇ ਮਹਾਤਮਾ ਗਾਂਧੀ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾਉਣ ਤੋਂ ਬਾਅਦ ਕੇਂਦਰ ਤੇ ਯੂਪੀ ਸਰਕਾਰ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕੀਤਾ।

ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ 'ਤੇ ਜ਼ੋਰ ਦਿੱਤਾ।

ਉੱਥੇ ਹੀ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਜਦੋਂ ਪਿੰਡ ਓਢਾਂ ਪਹੁੰਚੇ ਕਿਸਾਨਾਂ ਨੇ ਕਾਲੇ ਝੰਡੀਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ।

ਕਿਸਾਨਾਂ ਵਲੋਂ ਸੁਨੀਤਾ ਦੁੱਗਲ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨ ਮੌਜੂਦ ਸਨ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਲਈ ਸਤ ਸਿੰਘ ਦੀ ਰਿਪੋਰਟ: ਰੋਹਤਕ ਦੇ ਮਹਿਮ ਚੌਬੀਸੀ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਸੀ ਕਿ ਯੋਗੇਂਦਰ ਯਾਦਵ ਉਨ੍ਹਾਂ ਦੇ ਸਮਰਥਨ ਲਈ ਪਹੁੰਚੇ।

ਯੋਗੇਂਦਰ ਯਾਦਵ ਨੇ ਇਸ ਮੌਕੇ ਕਿਹਾ, "ਖੇਤੀ ਬਿੱਲਾਂ ਖਿਲਾਫ਼ ਅੱਜ ਸਭ ਤੋਂ ਵੱਧ ਆਵਾਜ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਚੁੱਕ ਰਹੇ ਹਨ ਪਰ ਇਸ ਦਾ ਅਸਰ ਪੂਰੇ ਦੇਸ 'ਤੇ ਪਏਗਾ। ਇਹ ਦੇਸ ਪੱਧਰੀ ਅੰਦੋਲਨ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਘਬਰਾਈ ਹੋਈ ਹੈ। ਉਹ ਚਾਹੁੰਦੇ ਹਨ ਕਿ ਇਹ ਭਾਜਪਾ ਬਨਾਮ ਕਾਂਗਰਸ ਹੋ ਜਾਵੇ ਜਦੋਂਕਿ ਇਹ ਸੱਤਾ ਬਨਾਮ ਕਿਸਾਨ ਦਾ ਖੇਡ।"

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)