US Election Results: ਅਮਰੀਕਾ ਦੀ ਫਸਟ ਲੇਡੀ ਬਣਨ ਜਾ ਰਹੀ ਜੋ ਬਾਇਡਨ ਦੀ ਪਤਨੀ ਜਿਲ ਬਾਇਡਨ ਕੌਣ ਹੈ

ਜਦੋਂ ਜਿਲ ਬਾਇਡਨ ਦੇ ਪਤੀ ਜੋਅ ਨੂੰ ਅਧਿਕਾਰਤ ਤੌਰ 'ਤੇ ਡੈਮੋਕ੍ਰੇਟਿਕ ਪਾਰਟੀ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕੀਤਾ ਗਿਆ ਤਾਂ ਉਸਨੇ ਪਾਰਟੀ ਦੀ ਕਨਵੈਂਸ਼ਨ ਨੂੰ ਇੱਕ ਸਕੂਲ ਦੇ ਖਾਲੀ ਕਲਾਸ ਰੂਮ ਵਿੱਚ ਸੰਬੋਧਿਤ ਕੀਤਾ ਸੀ, ਜਿੱਥੇ ਉਹ 1990 ਵਿੱਚ ਅੰਗਰੇਜ਼ੀ ਪੜ੍ਹਾਉਂਦੇ ਸਨ।

ਜੋਅ ਬਾਈਡਨ ਨੂੰ ਚੋਣਾਂ ਲਈ ਤਿਆਰ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ, ਜੋਅ ਸੰਭਾਵਿਤ ਪ੍ਰਥਮ ਮਹਿਲਾ ਵਜੋਂ ਉਸ ਦੀ ਕਾਬਲੀਅਤ ਦੀ ਤਾਰੀਫ਼ ਕਰਦੇ ਸਨ।

ਉਨ੍ਹਾਂ ਨੇ ਕਿਹਾ, "ਦੇਸ਼ ਭਰ ਵਿੱਚ ਤੁਹਾਡੇ ਸਾਰਿਆਂ ਲਈ, ਆਪਣੇ ਉਸ ਪਸੰਦੀਦਾ ਅਧਿਆਪਕ ਬਾਰੇ ਸੋਚੋ ਜਿਸਨੇ ਤੁਹਾਨੂੰ ਆਪਣੇ ਆਪ 'ਤੇ ਭਰੋਸਾ ਕਰਨ ਦਾ ਹੌਸਲਾ ਦਿੱਤਾ। ਇਸ ਤਰ੍ਹਾਂ ਦੀ ਹੁੰਦੀ ਹੈ ਪ੍ਰਥਮ ਮਹਿਲਾ...ਜਿਲ ਬਾਇਡਨ ਅਜਿਹੀ ਹੋਵੇਗੀ।"

ਇਹ ਵੀ ਪੜ੍ਹੋ:

ਆਓ ਜਿਲ ਬਾਇਡਨ ਬਾਰੇ ਜਾਣਦੇ ਹਾਂ ਜੋ ਜਲਦ ਹੀ ਅਮਰੀਕਾ ਦੀ ਪ੍ਰਥਮ ਮਹਿਲਾ ਵਜੋਂ ਆਪਣੇ ਪਤੀ ਨਾਲ ਵ੍ਹਾਈਟ ਹਾਊਸ ਵਿੱਚ ਨਿਵਾਸ ਕਰਨਗੇ?

ਪੰਜ ਭੈਣਾਂ

ਜਿਲ ਜੈਕੋਬਜ਼ ਦਾ ਜਨਮ ਜੂਨ 1951 ਵਿੱਚ ਅਮਰੀਕਾ ਦੇ ਸੂਬੇ ਨਿਊ ਜਰਸੀ ਵਿੱਚ ਹੋਇਆ। ਪੰਜ ਭੈਣਾਂ ਵਿੱਚ ਸਭ ਤੋਂ ਵੱਡੀ ਜਿਲ ਵਿਲੋ ਗਰੋਵ ਦੇ ਉਪਨਗਰ ਫ਼ਿਲਾਡੈਲਫ਼ੀਆ ਵਿੱਚ ਵੱਡੀ ਹੋਈ।

ਜੋਅ ਨਾਲ ਵਿਆਹ ਤੋਂ ਪਹਿਲਾਂ ਉਹ ਸਾਬਕਾ ਕਾਲਜ ਫੁੱਟਬਾਲ ਖਿਡਾਰੀ ਬਿਲ ਸਟੀਵਨਸਨ ਨਾਲ ਵਿਆਹੀ ਹੋਈ ਸੀ।

ਜੋਅ ਬਾਇਡਨ ਨਾਲ ਵਿਆਹ

1972 ਵਿੱਚ ਇੱਕ ਕਾਰ ਐਕਸੀਡੈਂਟ ਵਿੱਚ ਜੋਅ ਨੇ ਆਪਣੀ ਪਹਿਲੀ ਪਤਨੀ ਅਤੇ ਇੱਕ ਸਾਲਾਂ ਦੀ ਧੀ ਗੁਆ ਦਿੱਤੀ। ਉਸਦੇ ਬੇਟੇ ਬੀਉ ਅਤੇ ਹੰਟਰ ਦੋਵੇਂ ਇਸ ਹਾਦਸੇ ਵਿੱਚ ਬਚ ਗਏ। ਜਿਲ ਦਾ ਕਹਿਣਾ ਹੈ ਕਿ ਤਿੰਨ ਸਾਲ ਬਾਅਦ ਜੋਅ ਦੇ ਭਰਾ ਨੇ ਉਸਦਾ ਤਾਰੁਫ਼ ਜੋਅ ਨਾਲ ਕਰਵਾਇਆ।

ਉਸ ਸਮੇਂ ਜੋਅ ਸੰਸਦ ਮੈਂਬਰ ਸੀ ਜਦ ਕਿ ਉਹ ਹਾਲੇ ਵੀ ਕਾਲਜ ਵਿੱਚ ਸੀ।

ਮੈਂ ਜੀਨਜ਼, ਕਲੌਗ ਅਤੇ ਟੀ-ਸ਼ਰਟ ਪਾਉਣ ਵਾਲੇ ਮੁੰਡਿਆਂ ਨਾਲ ਡੇਟ ਕਰ ਰਹੀ ਸੀ, ਉਹ ਦਰਵਾਜ਼ੇ 'ਤੇ ਆਇਆ, ਉਸਨੇ ਸਪੋਰਟਸ ਕੋਰਟ ਅਤੇ ਲੋਫ਼ਰਜ਼ (ਇਕ ਗ਼ੈਰ-ਰਸਮੀ ਮੌਕਿਆਂ 'ਤੇ ਪਹਿਨੀ ਜਾਣ ਵਾਲੀ ਜੁੱਤੀ) ਪਹਿਨੇ ਹੋਏ ਸਨ, ਮੈਂ ਸੋਚਿਆ, 'ਗੌਡ, ਇਹ ਕਦੀ ਵੀ ਨਹੀਂ ਜਚੇਗਾ, ਲੱਖਾਂ ਸਾਲਾਂ ਵਿੱਚ ਵੀ ਨਹੀਂ।'

ਉਸਨੇ ਵੋਗ ਮੈਗਜ਼ੀਨ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ, "ਉਹ ਮੇਰੇ ਤੋਂ 9 ਸਾਲ ਵੱਡਾ ਸੀ। ਪਰ ਅਸੀਂ ਫ਼ਿਲਾਡੈਲਫ਼ੀਆਂ ਦੇ ਸਿਨੇਮਾਘਰ ਵਿੱਚ ਇੱਕ ਮਰਦ ਅਤੇ ਇੱਕ ਔਰਤ ਨੂੰ ਦੇਖਣ ਗਏ ਤੇ ਉਹ ਸੱਚੀਂ ਇੱਕ ਦੂਜੇ ਦੇ ਮਿੱਤਰ ਬਣ ਗਏ।"

ਉਹ ਦੱਸਦੇ ਹਨ, ਜੋਅ ਨੇ ਉਨ੍ਹਾਂ ਦੇ ਸਵਿਕਾਰ ਕਰਨ ਤੋਂ ਪਹਿਲਾਂ, ਪੰਜ ਵਾਰ ਵਿਆਹ ਦਾ ਪ੍ਰਸਤਾਵ ਉਨ੍ਹਾਂ ਸਾਹਮਣੇ ਰੱਖਿਆ।

ਉਨ੍ਹਾਂ ਦੱਸਿਆ, " ਮੈਂ ਨਹੀਂ ਚਾਹੁੰਦੀ ਸੀ ਜੋਅ ਦੇ ਬੱਚੇ ਇੱਕ ਹੋਰ ਮਾਂ ਗੁਆਉਣ। ਇਸ ਲਈ ਮੈਨੂੰ 100ਫ਼ੀਸਦ ਪੱਕਾ ਹੋਣਾ ਚਾਹੀਦਾ ਸੀ।"

ਜੋੜੇ ਨੇ 1977 ਵਿੱਚ ਨਿਊਯਾਰਕ ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੀ ਧੀ, ਐਸ਼ਲੇ ਦਾ ਜਨਮ 1981 ਵਿੱਚ ਹੋਇਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਬਾਇਡਨ ਦਾ ਚੋਣਾਂ ਵਿੱਚ ਸਾਥ

ਜਿਲ ਆਪਣੇ ਪਰਿਵਾਰ ਅਤੇ ਉਸ ਸੰਘਰਸ਼ ਬਾਰੇ ਦੱਸਦੀ ਹੈ ਜਿਸ ਦਾ ਸਾਹਮਣਾ ਉਨ੍ਹਾਂ ਨੇ ਆਪਣੇ ਪਤੀ ਦਾ ਰਾਸ਼ਟਰਪਤੀ ਦੇ ਅਹੁਦੇ ਲਈ ਕਨਵੈਂਸ਼ਨ ਦੌਰਾਨ ਸਰਮਥਨ ਵਿੱਚ ਕੀਤਾ ਸੀ।

ਉਨ੍ਹਾਂ ਦੇ ਬੇਟੇ ਬੀਉ ਬਾਇਡਨ ਦੀ 46 ਸਾਲ ਦੀ ਉਮਰ ਵਿੱਚ ਦਿਮਾਗ ਦੇ ਕੈਂਸਰ ਨਾਲ ਮਈ 2015 ਵਿੱਚ ਮੌਤ ਹੋ ਗਈ।

ਉਹ ਕਹਿੰਦੇ ਹਨ, " ਮੈਂ ਜਾਣਦੀ ਸੀ ਕਿ ਜੇ ਅਸੀਂ ਦੇਸ ਜੋਅ ਨੂੰ ਸੌਂਪਦੇ ਹਾਂ, ਉਹ ਤੁਹਾਡੇ ਪਰਿਵਾਰ ਲਈ ਉਹ ਕਰੇਗਾ ਜੋਂ ਉਸਨੇ ਸਾਡੇ ਲਈ ਕੀਤਾ, ਸਾਨੂੰ ਇਕੱਠੇ ਕਰਕੇ ਮੁਕੰਮਲ ਕਰੋ, ਸਾਡੇ ਲੋੜ ਦੇ ਸਮੇਂ ਵਿੱਚ ਸਾਨੂੰ ਅੱਗੇ ਵਧਾਓ, ਸਾਡੇ ਸਭ ਲਈ ਅਮਰੀਕਾ ਦੇ ਸੁਫ਼ਨੇ ਨੂੰ ਪੂਰਿਆਂ ਕਰੋ।"

ਅਧਿਆਪਨ ਦਾ ਕਿੱਤਾ

69 ਸਾਲਾਂ ਦੀ ਜਿਲ ਬਾਇਡਨ ਨੇ ਇੱਕ ਅਧਿਆਪਕ ਦੇ ਤੌਰ 'ਤੇ ਦਹਾਕੇ ਬਿਤਾਏ ਹਨ।

ਬੈਚੁਲਰ ਦੀ ਡਿਗਰੀ ਦੇ ਨਾਲ ਉਨ੍ਹਾਂ ਕੋਲ ਦੋ ਮਾਸਟਰਜ਼ ਦੀਆਂ ਡਿਗਰੀਆਂ ਵੀ ਹਨ। ਜਿਲ ਨੇ 2007 ਵਿੱਚ ਯੂਨੀਵਰਸਿਟੀ ਆਫ਼ ਡੇਲਾਵੇਅਰ ਤੋਂ ਅਤੇ ਡਾਕਟਰੇਟ ਆਫ਼ ਐਜੂਕੇਸ਼ਨ ਵੀ ਮੁਕੰਮਲ ਕੀਤੀ।

ਵਾਸ਼ਿੰਗਟਨ ਡੀਸੀ ਆਉਣ ਤੋਂ ਪਹਿਲਾਂ ਉਹ ਇੱਕ ਕਮਿਊਨਿਟੀ ਕਾਲਜ, ਇੱਕ ਪਬਲਿਕ ਹਾਈ ਸਕੂਲ ਅਤੇ ਨਾਬਾਲਗਾਂ ਲਈ ਮਾਨਸਿਕ ਰੋਗਾਂ ਦੇ ਹਸਪਤਾਲ ਵਿੱਚ ਪੜ੍ਹਾਉਂਦੀ ਸੀ। ਉਸਨੇ ਇਸ ਸਾਲ ਡੈਮੋਕ੍ਰੇਟਿਕ ਪਾਰਟੀ ਦੀ ਕਨਵੈਂਸ਼ਨ ਵਿੱਚ ਆਪਣਾ ਸੰਬੋਧਨ, ਡੇਲਾਵੇਅਰ ਦੇ ਬਰੈਂਡੀਵਾਈਨ ਹਾਈ ਸਕੂਲ ਦੇ ਇੱਕ ਪੁਰਾਣੇ ਕਲਾਸ ਰੂਮ ਤੋਂ ਦਿੱਤਾ, ਜਿਥੇ ਉਸਨੇ 1991 ਤੋਂ 1993 ਤੱਕ ਅੰਗਰੇਜ਼ੀ ਪੜ੍ਹਾਈ ਸੀ।

ਜਦੋਂ ਉਸਦਾ ਪਤੀ ਉਪ-ਰਾਸ਼ਟਰਪਤੀ ਦੀਆਂ ਸੇਵਾਵਾਂ ਨਿਭਾ ਰਿਹਾ ਸੀ, ਜਿਲ ਬਾਇਡਨ ਉੱਤਰੀ ਵਰਜ਼ੀਨੀਆਂ ਦੇ ਕਮਿਊਨਿਟੀ ਕਾਲਜ ਵਿੱਚ ਅੰਗਰੇਜ਼ੀ ਦੀ ਪ੍ਰੋਫ਼ੈਸਰ ਸੀ।

ਉਸਨੇ ਅਗਸਤ ਵਿੱਚ ਟਵੀਟ ਕੀਤਾ ਸੀ, "ਅਧਿਆਪਨ ਉਹ ਨਹੀਂ ਜੋ ਮੈਂ ਕਰਦੀ ਹਾਂ, ਇਹ ਉਹ ਹੈ ਜੋ ਮੈਂ ਹਾਂ"

ਰਾਜਨੀਤੀ

ਜਿਲ ਬਾਇਡਨ ਕੋਲ ਪਹਿਲਾਂ ਅਮਰੀਕਾ ਦੀ ਸੈਕਿੰਡ ਲੇਡੀ ਦਾ ਖਿਤਾਬ ਸੀ ਜਦੋਂ ਉਨ੍ਹਾਂ ਦਾ ਪਤੀ 2009 ਤੋਂ 2017 ਤੱਕ ਉਪ ਰਾਸ਼ਟਰਪਤੀ ਸੀ।

ਇਸ ਸਮੇਂ ਦੌਰਾਨ ਉਨ੍ਹਾ ਦੇ ਕੰਮ ਵਿੱਚ ਕਮਿਊਨਿਟੀ ਕਾਲਜਾਂ ਨੂੰ ਉਤਸ਼ਾਹਿਤ ਕਰਨਾ, ਮਿਲਟਰੀ ਪਰਿਵਾਰਾਂ ਦੀ ਵਕਾਲਤ ਕਰਨਾ ਅਤੇ ਛਾਤੀ ਦੇ ਕੈਂਸਰ ਤੋਂ ਬਚਾਅ ਪ੍ਰਤੀ ਜਾਗਰੂਕ ਕਰਨਾ ਸ਼ਾਮਲ ਸੀ।

ਉਨ੍ਹਾਂ ਨੇ ਉਸ ਸਮੇਂ ਪ੍ਰਥਮ ਮਹਿਲਾ ਮਿਸ਼ੈਲ ਉਬਾਮਾ ਨਾਲ ਮਿਲਕੇ 'ਜੁਆਨਿੰਗ ਫ਼ੋਰਸਿਜ਼' ( ਸੇਨਾਵਾਂ ਵਿੱਚ ਭਰਤੀ) ਦੀ ਪਹਿਲਕਦਮੀ ਕੀਤੀ ਸੀ ਜਿਸ ਵਿੱਚ ਮਿਲਟਰੀ ਵੈਟਰਨਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਸਿਖਿਆ ਪ੍ਰੋਗਰਾਮਾਂ ਅਤੇ ਰੋਜ਼ਗਾਰ ਦੇ ਸਾਧਨਾਂ ਦੀ ਪਹੁੰਚ ਕਰਵਾਉਣ ਵਿੱਚ ਸਹਾਇਤਾ ਕਰਨਾ ਸ਼ਾਮਲ ਸੀ।

ਸਾਲ 2012 ਵਿੱਚ ਉਨ੍ਹਾਂ ਨੇ ਬੱਚਿਆਂ ਲਈ ਇੱਕ ਕਿਤਾਬ 'ਡੌਂਟ ਫੌਰਗੈਟ, ਗੌਡ ਬਲੈਸ ਅਵਰ ਟਰੂਪਸ' ਪ੍ਰਕਾਸ਼ਿਤ ਕੀਤੀ। ਇਹ ਕਿਤਾਬ ਉਨ੍ਹਾਂ ਦੀ ਪੋਤੀ ਦੇ ਮਿਲਟਰੀ ਪਰਿਵਾਰ ਤੋਂ ਹੋਣ ਵਾਲੇ ਤਜ਼ਰਬਿਆਂ 'ਤੇ ਅਧਾਰਿਤ ਸੀ।

2020 ਦੀਆਂ ਅਮਰੀਕੀ ਚੋਣਾਂ ਵਿੱਚ ਉਹ ਆਪਣੇ ਪਤੀ ਦੀ ਪ੍ਰਚਾਰ ਮੁਹਿੰਮ ਦੀ ਪ੍ਰਮੁੱਖ ਸਮਰਥਕ ਸੀ। ਜੋ ਕਿ ਹਮੇਸ਼ਾਂ ਸਮਾਗਮ ਕਰਵਾਉਣ ਅਤੇ ਫ਼ੰਡ ਇਕੱਠੇ ਕਰਵਾਉਣ ਸਮੇਂ ਆਪਣੇ ਪਤੀ ਦੇ ਅੰਗ ਸੰਗ ਰਹੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)