You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੀ ਦਵਾਈ: ਰੂਸ ਨੇ ਕੀਤਾ ਪਹਿਲੀ ਦਵਾਈ ਬਣਾ ਲੈਣ ਦਾ ਦਾਅਵਾ
ਕੋਰੋਨਾਵਾਇਰਸ ਦੀ ਲਾਗ ਹੁਣ ਤੱਕ ਪੂਰੀ ਦੁਨੀਆਂ ਵਿੱਚ ਇੱਕ ਕਰੋੜ 28 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕੀ ਹੈ। ਇਸ ਵਾਇਰਸ ਕਾਰਨ ਕਰੀਬ 5 ਲੱਖ 55 ਹਜ਼ਾਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਇਸ ਵਾਇਰਸ ਦੇ ਲਗਭਗ ਸੱਤ ਮਹੀਨੇ ਲੰਬੇ ਕਹਿਰ ਤੋਂ ਬਾਅਦ ਰੂਸ ਨੇ ਇਹ ਦਾਅਵਾ ਕੀਤਾ ਹੈ ਕਿ 'ਉਨ੍ਹਾਂ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ।'
ਰੂਸੀ ਖ਼ਬਰ ਏਜੰਸੀ ਸਪੁਤਨਿਕ ਮੁਤਾਬਕ, ਇੰਸਟਿਚੀਊਟ ਫਾਰ ਟ੍ਰਾਂਸਲੇਸ਼ਨਲ ਮੈਡੀਸਿਨ ਐਂਡ ਬਾਇਓਟੈਕਨੌਲਿਜੀ ਦੇ ਡਾਇਰਕੈਟਰ ਵਾਦਿਮ ਤਰਾਸੋਵ ਨੇ ਕਿਹਾ ਹੈ ਕਿ ''ਦੁਨੀਆਂ ਦੀ ਪਹਿਲੀ ਕੋਰੋਨਾਵਾਇਰਸ ਵੈਕਸੀਨ ਦਾ ਕਲੀਨੀਕਿਲ ਟ੍ਰਾਇਲ ਕਾਮਯਾਬੀ ਨਾਲ ਪੂਰਾ ਕਰ ਲਿਆ ਗਿਆ ਹੈ।''
ਉਨ੍ਹਾਂ ਨੇ ਦੱਸਿਆ ਕਿ 'ਮਾਸਕੋ ਸਥਿਤ ਸਰਕਾਰੀ ਮੈਡੀਕਲ ਯੂਨੀਵਰਸਿਟੀ ਸੇਚੇਨੋਫ਼ ਨੇ ਇਹ ਟ੍ਰਾਇਲ ਕੀਤੇ ਅਤੇ ਪਤਾ ਲੱਗਿਆ ਕਿ ਇਹ ਵੈਕਸੀਨ ਇਨਸਾਨਾਂ ਉੱਤੇ ਸੁਰੱਖਿਅਤ ਹੈ।
ਜਿਨ੍ਹਾਂ ਲੋਕਾਂ 'ਤੇ ਵੈਕਸੀਨ ਅਜ਼ਮਾਈ ਗਈ ਹੈ, ਉਨ੍ਹਾਂ ਦੇ ਇੱਕ ਗਰੁੱਪ ਨੂੰ 15 ਜੁਲਾਈ ਅਤੇ ਦੂਜੇ ਗਰੁੱਪ ਨੂੰ 20 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ।'
ਯੂਨੀਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੈਮਲੀ ਇੰਸਟਿਚੀਊਟ ਆਫ਼ ਐਪਿਡੇਮਿਯੋਲੌਜੀ ਐਂਡ ਮਾਈਕ੍ਰੋਬਾਇਲੌਜੀ ਵੱਲੋਂ ਬਣਾਈ ਇਸ ਵੈਕਸੀਨ ਦੇ ਕਲੀਨੀਕਿਲ ਟ੍ਰਾਇਲ ਸ਼ੁਰੂ ਕੀਤੇ ਸੀ।
ਸੇਚੇਨੋਫ਼ ਯੂਨੀਵਰਸਿਟੀ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਏਲੇਕਜ਼ਾਂਡਰ ਲੁਕਾਸ਼ੇਵ ਮੁਤਾਬਕ, 'ਵੈਕਸੀਨ ਟ੍ਰਾਇਲ ਦੇ ਇਸ ਪੜਾਅ ਦਾ ਮਕਸਦ ਇਹ ਪੱਕਾ ਕਰਨਾ ਸੀ ਕਿ ਵੈਕਸੀਨ ਇਨਸਾਨਾਂ ਦੇ ਲਈ ਸੁਰੱਖਿਅਤ ਹੈ ਜਾਂ ਨਹੀ। ਟ੍ਰਾਇਲ ਸਫ਼ਲਤਾ ਨਾਲ ਪੂਰਾ ਕਰ ਲਿਆ ਗਿਆ ਹੈ। ਅਸੀਂ ਨਤੀਜਾ ਕੱਢਿਆ ਹੈ ਕਿ ਇਹ ਵੈਕਸੀਨ ਸੁਰੱਖਿਅਤ ਹੈ।'
ਲੁਕਾਸ਼ੇਵ ਨੇ ਕਿਹਾ ਕਿ ਵੈਕਸੀਨ ਦੇ ਵਿਆਪਕ ਉਤਪਾਦਨ ਲਈ ਅੱਗੇ ਕੀ-ਕੀ ਤਿਆਰੀਆਂ ਕਰਨੀਆਂ ਹਨ, ਇਸ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ।
ਵਾਦਿਮ ਤਰਾਸੋਵ ਨੇ ਕਿਹਾ, ''ਮਹਾਮਾਰੀ ਦੇ ਦੌਰ 'ਚ ਸੇਚੇਨੋਫ਼ ਯੂਨੀਵਰਸਿਟੀ ਨੇ ਨਾ ਸਿਰਫ਼ ਇੱਕ ਸਿੱਖਿਆ ਅਦਾਰੇ ਦੇ ਰੂਪ 'ਚ, ਸਗੋਂ ਇੱਕ ਵਿਗਿਆਨੀ ਅਤੇ ਤਕਨੀਕੀ ਖੋਜ ਕੇਂਦਰ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਇਹ ਦਵਾਈਆਂ ਵਰਗੇ ਅਹਿਮ ਅਤੇ ਔਖੇ ਉਤਪਾਦਾਂ ਦੇ ਨਿਰਮਾਣ ਵਿੱਚ ਸ਼ਾਮਲ ਹੋਣ ਦੇ ਸਮਰੱਥ ਹੈ।''
ਪੂਰੀ ਦੁਨੀਆਂ 'ਚ ਹੁਣ ਤੱਕ 70 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਲਾਗ ਲੱਗਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਇਸ ਨੂੰ ਦੇਖਦਿਆਂ ਦੁਨੀਆਂ ਭਰ ਦੇ ਵਿਗਿਆਨੀ ਅਤੇ ਹੈਲਥ ਕੇਅਰ ਨਾਲ ਜੁੜੇ ਹੋਰ ਅਦਾਰੇ ਕੋਵਿਡ-19 ਦੀ ਵੈਕਸੀਨ ਦੇ ਉਤਪਾਦਨ ਅਤੇ ਉਸਦੇ ਵਿਕਾਸ ਨੂੰ ਛੇਤੀ ਤੋਂ ਛੇਤੀ ਪੂਰੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਗਿਲਿਏਡ ਸਾਇੰਸਿਜ਼, ਔਕਸਫੋਰਡ ਯੂਨੀਵਰਸਿਟੀ ਦੇ ਖੋਜਾਰਥੀ ਅਤੇ ਅਮਰੀਕੀ ਬਾਇਓਟੈੱਕ ਕੰਪਨੀ ਮੌਡਰਨਾ ਕੋਵਿਡ-19 ਦੀ ਵੈਕਸੀਨ ਨੂੰ ਵਿਕਸਿਤ ਕਰਨ ਵਿੱਚ ਫ਼ਿਲਹਾਲ ਸਭ ਤੋਂ ਅੱਗੇ ਹਨ। ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਵਿੱਚ ਬਣੀ ਵੈਕਸੀਨ ਦੇ ਸ਼ੁਰੂਆਤੀ ਨਤੀਜੇ ਵੀ ਹੌਸਲੇ ਭਰਪੂਰ ਰਹੇ ਹਨ।
ਉੱਧਰ, ਭਾਰਤ 'ਚ ਬਣੀ ਵੈਕਸੀਨ ਦੇ ਕਲੀਨੀਕਿਲ ਟ੍ਰਾਇਲ ਵੀ ਚੱਲ ਰਹੇ ਹਨ।
ਹਾਲਾਂਕਿ, ਗਿਲਿਏਡ ਸਾਇੰਸਿਜ਼ ਨੇ ਪਹਿਲਾਂ ਕਿਹਾ ਸੀ ਕਿ ਇੱਕ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ 'ਉਨ੍ਹਾਂ ਦੀ ਐਂਟੀ- ਵਾਇਰਲ ਦਵਾਈ ਰੈਮਡੇਸੇਵੀਅਰ ਨੇ ਗੰਭੀਰ ਰੂਪ ਤੋਂ ਬਿਮਾਰ ਕੋਵਿਡ-19 ਮਰੀਜ਼ਾਂ 'ਚ ਮੌਤ ਦੇ ਜ਼ੋਖ਼ਮ ਨੂੰ ਘੱਟ ਕਰਨ ਵਿੱਚ ਮਦਦ ਕੀਤੀ', ਪਰ ਸਾਵਧਾਨੀ ਵਰਤਦੇ ਹੋਏ ਕੰਪਨੀ ਨੇ ਇਹ ਵੀ ਕਿਹਾ ਕਿ 'ਰੇਮਡੇਸੇਵੀਅਰ ਦੇ ਲਾਭ ਦੀ ਪੁਸ਼ਟੀ ਕਰਨ ਲਈ ਸਖ਼ਤ ਕਲੀਨੀਕਿਲ ਟ੍ਰਾਇਲ ਦੀ ਲੋੜ ਹੈ।'
ਇਹ ਵੀਡੀਓ ਵੀ ਦੇਖੋ