ਪਾਕਿਸਤਾਨ: ਕਰਾਚੀ ਸਟੌਕ ਐਕਸਚੇਂਜ ’ਤੇ ਹਮਲੇ ਦੀ ਜ਼ਿੰਮੇਵਾਰੀ ਕਿਹੜੇ ਸੰਗਠਨ ਨੇ ਲਈ

ਕਰਾਚੀ ਸਟੌਕ ਐਕਸਚੇਂਜ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ। ਸਥਾਨਕ ਮੀਡੀਆ ਅਨੁਸਾਰ ਕਰਾਚੀ ਸਟਾਕ ਐਕਸਚੇਂਜ ਉੱਤੇ ਹੋਏ ਹਮਲੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋਈ ਹੈ।

ਹਮਲਾਵਰ ਇਮਾਰਤ ਵਿੱਚ ਵੜ੍ਹ ਗਏ ਅਤੇ ਮੇਨ ਗੇਟ ’ਤੇ ਗ੍ਰੇਨੇਡ ਸੁੱਟਿਆ।

ਸਿੰਧ ਰੇਂਜਰਜ਼ ਅਨੁਸਾਰ ਹਮਲੇ ਵਿੱਚ ਸ਼ਾਮਿਲ ਚਾਰ ਹਮਲਾਵਰ ਵੀ ਮਾਰੇ ਗਏ ਹਨ ਅਤੇ ਇਮਾਰਤ ਦੀ ਤਲਾਸ਼ੀ ਲਈ ਜਾ ਰਹੀ ਹੈ।

ਬੀਬੀਸੀ ਪੱਤਰਕਾਰ ਰਿਆਜ਼ ਸੋਹੇਲ ਅਨੁਸਾਰ ਪਾਬੰਦੀਸ਼ੁਦਾ ਜਥੇਬੰਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲੇ ਨੂੰ ਜਥੇਬੰਦੀ ਦੇ ਮਾਜਿਦ ਗਰੁੱਪ ਨੇ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ:

ਕਰਾਚੀ ਤੋਂ ਬੀਬੀਸੀ ਪੱਤਰਕਾਰ ਰਿਆਜ਼ ਸੋਹੇਲ ਅਨੁਸਾਰ ਘਟਨਾ ਪਾਕਿਸਤਾਨ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਹੋਈ ਸੀ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ ਹਮਲਾਵਰ ਪਾਰਕਿੰਗ ਵਾਲੇ ਏਰੀਆ ਤੋਂ ਅੰਦਰ ਵੜੇ ਸਨ।

ਹੁਣ ਇਮਾਰਤ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।

ਲੋਕਾਂ ਦੀ ਮਦਦ ਲਈ ਆਈ ਈਧੀ ਫਾਊਂਡੇਸ਼ਨ ਦੇ ਮੁਖੀ ਫੈਸਲ ਈਧੀ ਨੇ ਕਿਹਾ ਹੈ ਕਿ ਜ਼ਖਮੀ ਗਾਰਡਾਂ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਗਿਆ ਹੈ।

ਸਿੰਧ ਦੇ ਐਡੀਸ਼ਨਲ ਆਈਜੀ ਗੁਲਾਮ ਨਬੀ ਮੈਮਨ ਨੇ ਬੀਬੀਸੀ ਨੂੰ ਦੱਸਿਆ ਕਿ ਹਮਲਾਵਰ ਸਿਲਵਰ ਕੋਰੋਲਾ ਵਿੱਚ ਆਏ ਸਨ ਅਤੇ ਜਦੋਂ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਰੋਕਿਆ ਤਾਂ ਫਾਇਰਿੰਗ ਸ਼ੁਰੂ ਹੋ ਗਈ।

ਉਨ੍ਹਾਂ ਕਿਹਾ ਕਿ ਦੋ ਹਮਲਾਵਰਾਂ ਦੀ ਮੌਤ ਗੇਟ 'ਤੇ ਹੀ ਹੋ ਗਈ ਸੀ ਜਦਕਿ ਦੋ ਹਮਲਾਵਰ ਇਮਾਰਤ ਵਿੱਚ ਦਾਖਿਲ ਹੋਣ ਵਿੱਚ ਕਾਮਯਾਬ ਹੋ ਗਏ ਸਨ ਪਰ ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਮਾਰ ਦਿੱਤਾ ਹੈ।

ਗੁਲਾਬ ਨਬੀ ਮੈਮਨ ਨੇ ਕਿਹਾ, "ਹਮਲਾਵਰ ਮੇਨ ਇਮਾਰਤ ਵਿੱਚ ਦਾਖਿਲ ਨਹੀਂ ਹੋ ਸਕੇ ਸਨ। ਉਨ੍ਹਾਂ ਤੋਂ ਗ੍ਰੇਨੇਡ, ਬੰਬ ਅਤੇ ਹੋਰ ਹਥਿਆਰ ਬਰਾਮਦ ਹੋਏ ਹਨ।

ਪਰ ਸਟੌਕ ਐਕਸਚੇਂਜ ਦੇ ਡਾਇਰੈਕਟਰ ਅਬੀਦ ਅਲੀ ਹਬੀਬ ਨੇ ਜੀਓ ਟੀਵੀ ਨੂੰ ਦੱਸਿਆ ਕਿ ਹਮਲਾਵਰ ਇਮਰਾਤ ਦੇ ਟਰੇਡਿੰਗ ਹਾਲ ਵਿੱਚ ਵੀ ਦਾਖਿਲ ਹੋ ਗਏ ਸਨ। ਉਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਜਿਸ ਨਾਲ ਹੜਕੰਪ ਮੱਚ ਗਿਆ ਸੀ।

ਸਿੰਧ ਦੇ ਗਵਰਨਰ ਇਮਰਾਨ ਇਸਮਾਇਲ ਨੇ ਟਵੀਟ ਕਰਕੇ ਇਸ ਹਮਲੇ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਲਿਖਿਆ, "ਪਾਕਿਸਤਾਨ ਸਟੌਕ ਐਕਸਚੇਂਜ 'ਤੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਇਸ ਦਾ ਮਕਸਦ ਅੱਤਵਾਦ ਖਿਲਾਫ ਸਾਡੀ ਜੰਗ ਨੂੰ ਬਦਨਾਮ ਕਰਨਾ ਹੈ।"

ਕਰਾਚੀ ਦਾ ਸਟੌਕ ਐਕਸਚੇਂਜ ਚੰਦਰਗੜ੍ਹ ਰੋਡ ਉੱਤੇ ਸਥਿੱਤ ਹੈ। ਇਸ ਦੇ ਨਾਲ ਹੀ ਬੈਂਕ ਆਫ ਪਾਕਿਸਤਾਨ, ਪੁਲਿਸ ਹੈਡਕੁਆਟਰਜ਼ ਤੇ ਹੋਰ ਬੈਂਕਾਂ ਤੇ ਮੀਡੀਆ ਅਦਾਰਿਆਂ ਦੇ ਦਫ਼ਤਰ ਹਨ।

ਸਿੰਧ ਰੇਂਜਰਜ਼ ਦਾ ਹੈਡਕੁਆਟਰ ਵੀ ਇੱਥੋਂ ਢਾਈ ਕਿਲੋਮੀਟਰ ਉੱਤੇ ਸਥਿੱਤ ਹੈ। ਸੈਂਕੜੇ ਲੋਕ ਰੋਜ਼ ਸਟੌਕ ਐਕਸਚੇਂਜ ਆਉਂਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)