India China Border: ਉਹ ਲੜਾਈ ਜਦੋਂ ਭਾਰਤ ਚੀਨ 'ਤੇ ਭਾਰੀ ਪਿਆ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

2017 ਵਿੱਚ ਡੋਕਲਾਮ 'ਤੇ ਢਾਈ ਮਹੀਨਿਆਂ ਤੱਕ ਚੱਲੀ ਖਿੱਚੋਤਾਣ ਦੌਰਾਨ ਚੀਨੀਆਂ ਨੇ ਵਾਰੀ-ਵਾਰੀ ਭਾਰਤ ਨੂੰ ਯਾਦ ਦਿਵਾਇਆ ਕਿ 1962 ਵਿੱਚ ਚੀਨ ਦੇ ਸਾਹਮਣੇ ਭਾਰਤੀ ਫੌਜੀਆਂ ਦਾ ਕੀ ਹਸ਼ਰ ਹੋਇਆ ਸੀ।

ਪਰ ਚੀਨ ਦੇ ਸਰਕਾਰੀ ਮੀਡੀਆ ਨੇ ਕਦੇ ਵੀ ਪੰਜ ਸਾਲ ਬਾਅਦ 1967 ਵਿੱਚ ਨਾਥੂ ਲਾ ਵਿੱਚ ਹੋਈ ਇਸ ਘਟਨਾ ਦਾ ਜ਼ਿਕਰ ਨਹੀਂ ਕੀਤਾ ਹੈ ਜਿਸ ਵਿੱਚ ਉਸਦੇ 300 ਤੋਂ ਜ਼ਿਆਦਾ ਫੌਜੀ ਮਾਰੇ ਗਏ ਸਨ ਜਦੋਂਕਿ ਭਾਰਤ ਦੇ 65 ਜਵਾਨਾਂ ਦੀ ਮੌਤ ਹੋਈ ਸੀ।

ਨਾਥੂ ਲਾ ਨੂੰ ਲੈ ਕੇ ਭਾਰਤ-ਚੀਨ ਵਿੱਚ ਕੀ ਹੈ ਵਿਵਾਦ?

1962 ਦੀ ਲੜਾਈ ਤੋਂ ਬਾਅਦ ਭਾਰਤ ਅਤੇ ਚੀਨ ਦੋਵਾਂ ਨੇ ਇੱਕ ਦੂਜੇ ਵੱਲੋਂ ਆਪਣੇ ਰਾਜਦੂਤ ਵਾਪਸ ਬੁਲਾ ਲਏ ਸਨ। ਦੋਹਾਂ ਰਾਜਧਾਨੀਆਂ ਵਿੱਚ ਇੱਕ ਛੋਟਾ ਮਿਸ਼ਨ ਜ਼ਰੂਰ ਕੰਮ ਕਰ ਰਿਹਾ ਸੀ। ਅਚਾਨਕ ਚੀਨ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਮਿਸ਼ਨ ਵਿੱਚ ਕੰਮ ਕਰ ਰਹੇ ਦੋ ਮੁਲਾਜ਼ਮ ਭਾਰਤ ਲਈ ਜਾਸੂਸੀ ਕਰ ਰਹੇ ਹਨ।

ਉਨ੍ਹਾਂ ਨੇ ਇਨ੍ਹਾਂ ਦੋਵਾਂ ਨੂੰ ਤੁਰੰਤ ਆਪਣੇ ਇੱਥੋਂ ਕੱਢ ਦਿੱਤਾ ਸੀ।

ਉਹ ਇੱਥੇ ਰੁਕੇ ਨਹੀਂ, ਉੱਥੋਂ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਭਾਰਤ ਦੇ ਦੂਤਾਵਾਸ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਉਸਦੇ ਅੰਦਰ ਅਤੇ ਬਾਹਰ ਜਾਣ ਵਾਲੇ ਲੋਕਾਂ 'ਤੇ ਰੋਕ ਲਗਾ ਦਿੱਤੀ।

ਭਾਰਤ ਨੇ ਵੀ ਚੀਨ ਨਾਲ ਇਹੀ ਸਲੂਕ ਕੀਤਾ। ਇਹ ਕਾਰਵਾਈ ਤਿੰਨ ਜੁਲਾਈ, 1967 ਨੂੰ ਸ਼ੁਰੂ ਹੋਈ ਅਤੇ ਅਗਸਤ ਵਿੱਚ ਜਾ ਕੇ ਦੋਵੇਂ ਦੇਸ਼ ਇੱਕ ਦੂਜੇ ਦੇ ਦੂਤਾਵਾਸਾਂ ਦੀ ਘੇਰਾਬੰਦੀ ਤੋੜਨ ਲਈ ਰਾਜ਼ੀ ਹੋਏ।

ਇਹ ਵੀ ਪੜ੍ਹੋ:

ਉਨ੍ਹਾਂ ਦਿਨਾਂ ਵਿੱਚ ਚੀਨ ਦੀ ਸ਼ਿਕਾਇਤ ਸੀ ਕਿ ਭਾਰਤੀ ਫੌਜ ਉਨ੍ਹਾਂ ਦੀਆਂ ਭੇਡਾਂ ਦੇ ਝੁੰਡ ਨੂੰ ਭਾਰਤ ਵਿੱਚ ਹੱਕ ਕੇ ਲੈ ਗਈ ਹੈ। ਉਸ ਸਮੇਂ ਵਿਰੋਧੀ ਪਾਰਟੀ ਪਾਰਤੀ ਜਨਸੰਘ ਨੇ ਇਸਦਾ ਅਜੀਬੋ-ਗਰੀਬ ਢੰਗ ਨਾਲ ਵਿਰੋਧ ਕਰਨ ਦਾ ਫੈਸਲਾ ਕੀਤਾ।

ਉਸ ਸਮੇਂ ਪਾਰਟੀ ਦੇ ਸੰਸਦ ਮੈਂਬਰ ਅਟਲ ਬਿਹਾਰੀ ਵਾਜਪਈ ਜੋ ਬਾਅਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ, ਚੀਨ ਦੇ ਨਵੀਂ ਦਿੱਲੀ ਵਿੱਚ ਸ਼ਾਂਤੀ ਪਥ 'ਤੇ ਸਥਿਤ ਦੂਤਾਵਾਸ ਵਿੱਚ ਭੇਡਾਂ ਦੇ ਇੱਕ ਝੁੰਡ ਨੂੰ ਲੈ ਕੇ ਵੜ ਗਏ।

ਚੀਨ ਦਾ ਨਾਥੂ ਨਾ ਖਾਲੀ ਕਰਨ ਦਾ ਅਲਟੀਮੇਟਮ

ਇਸ ਤੋਂ ਪਹਿਲਾਂ 1965 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਜਦੋਂ ਭਾਰਤ ਪਾਕਿਸਤਾਨ 'ਤੇ ਭਾਰੀ ਪੈਣ ਲੱਗਿਆ ਤਾਂ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਂ ਗੁਪਤ ਰੂਪ ਨਾਲ ਚੀਨ ਗਏ ਅਤੇ ਉਨ੍ਹਾਂ ਨੇ ਚੀਨ ਨੂੰ ਬੇਨਤੀ ਕੀਤੀ ਕਿ ਪਾਕਿਸਤਾਨ 'ਤੇ ਦਬਾਅ ਹਟਾਉਣ ਲਈ ਭਾਰਤ 'ਤੇ ਫੌਜੀ ਦਬਾਅ ਬਣਾਏ।

'ਲੀਡਰਸ਼ਿਪ ਇਨ ਦਿ ਇੰਡੀਅਨ ਆਰਮੀ' ਦੇ ਲੇਖਕ ਮੇਜਰ ਜਨਰਲ ਵੀ. ਕੇ. ਸਿੰਘ ਦੱਸਦੇ ਹਨ, ''ਇਤਫ਼ਾਕ ਨਾਲ ਮੈਂ ਉਨ੍ਹਾਂ ਦਿਨਾਂ ਵਿੱਚ ਸਿੱਕਮ ਵਿੱਚ ਹੀ ਤਾਇਨਾਤ ਸੀ। ਚੀਨ ਨੇ ਪਾਕਿਸਤਾਨ ਦੀ ਮਦਦ ਕਰਨ ਲਈ ਭਾਰਤ ਨੂੰ ਇੱਕ ਤਰ੍ਹਾਂ ਨਾਲ ਅਲਟੀਮੇਟਮ ਦਿੱਤਾ ਕਿ ਉਹ ਸਿੱਕਮ ਦੀ ਸਰਹੱਦ 'ਤੇ ਨਾਥੂ ਲਾ ਅਤੇ ਜੇਲੇਪ ਲਾ ਦੀਆਂ ਸਰਹੱਦੀ ਚੌਕੀਆਂ ਨੂੰ ਖਾਲੀ ਕਰ ਦੇਣ।''

ਜਨਰਲ ਸਿੰਘ ਅੱਗੇ ਦੱਸਦੇ ਹਨ, ''ਉਸ ਸਮੇਂ ਸਾਡੀ ਮੁੱਖ ਰੱਖਿਆ ਲਾਈਨ ਛੰਗੂ 'ਤੇ ਸੀ। ਕੋਰ ਹੈੱਡਕੁਆਰਟਰ ਦੇ ਪ੍ਰਮੁੱਖ ਜਨਰਲ ਬੇਵੂਰ ਨੇ ਜਨਰਲ ਸਗਤ ਸਿੰਘ ਨੂੰ ਹੁਕਮ ਦਿੱਤਾ ਕਿ ਤੁਸੀਂ ਇਨ੍ਹਾਂ ਚੌਕੀਆਂ ਨੂੰ ਖਾਲੀ ਕਰ ਦਿਓ, ਪਰ ਜਨਰਲ ਸਗਤ ਨੇ ਕਿਹਾ ਕਿ ਇਸਨੂੰ ਖਾਲੀ ਕਰਨਾ ਬਹੁਤ ਵੱਡੀ ਬੇਫਕੂਫ਼ੀ ਹੋਵੇਗੀ। ਨਾਥੂ ਲਾ ਉੱਚਾਈ 'ਤੇ ਹੈ ਅਤੇ ਉੱਥੋਂ ਚੀਨੀ ਖੇਤਰ ਵਿੱਚ ਜੋ ਕੁਝ ਹੋ ਰਿਹਾ ਹੈ, ਉਸ 'ਤੇ ਨਜ਼ਰ ਰੱਖੀ ਜਾ ਸਕਦੀ ਹੈ।''

ਉਨ੍ਹਾਂ ਨੇ ਕਿਹਾ, ''ਜੇਕਰ ਅਸੀਂ ਉਸਨੂੰ ਖਾਲੀ ਕਰ ਦੇਵਾਂਗੇ ਤਾਂ ਚੀਨੀ ਅੱਗੇ ਵੱਧ ਜਾਣਗੇ ਅਤੇ ਉੱਥੋਂ ਸਿੱਕਮ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਸਾਫ਼-ਸਾਫ਼ ਦੇਖ ਸਕਣਗੇ। ਤੁਸੀਂ ਪਹਿਲਾਂ ਹੀ ਮੈਨੂੰ ਹੁਕਮ ਦੇ ਚੁੱਕੇ ਹੋ ਕਿ ਨਾਥੂ ਲਾ ਨੂੰ ਖਾਲੀ ਕਰਨ ਬਾਰੇ ਫੈਸਲਾ ਲੈਣ ਦਾ ਅਧਿਕਾਰ ਮੇਰਾ ਹੋਵੇਗਾ। ਮੈਂ ਅਜਿਹਾ ਨਹੀਂ ਕਰਨ ਜਾ ਰਿਹਾ।''

ਦੂਜੇ ਪਾਸੇ 27 ਮਾਉਂਟੇਨ ਡਿਵੀਜ਼ਨ ਨੇ ਜਿਸਦੇ ਅਧਿਕਾਰ ਖੇਤਰ ਵਿੱਚ ਜੇਲੇਪ ਲਾ ਆਉਂਦਾ ਸੀ, ਉਹ ਚੌਕੀ ਖਾਲੀ ਕਰ ਦਿੱਤੀ। ਚੀਨ ਦੇ ਸੈਨਿਕਾਂ ਨੇ ਤੁਰੰਤ ਅੱਗੇ ਵਧ ਕੇ ਉਸ 'ਤੇ ਕਬਜ਼ਾ ਕਰ ਲਿਆ।

ਇਹ ਚੌਕੀ ਅੱਜ ਤੱਕ ਚੀਨ ਦੇ ਕੰਟਰੋਲ ਵਿੱਚ ਹੈ। ਇਸਦੇ ਬਾਅਦ ਚੀਨੀਆਂ ਨੇ 17 ਅਸਮ ਰਾਈਫਲ ਦੀ ਇੱਕ ਬਟਾਲੀਅਨ 'ਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸਦੇ ਦੋ ਜਵਾਨ ਮਾਰੇ ਗਏ। ਸਗਤ ਸਿੰਘ ਇਸ 'ਤੇ ਬਹੁਤ ਨਾਰਾਜ਼ ਹੋਏ ਅਤੇ ਉਨ੍ਹਾਂ ਨੇ ਉਸੇ ਵੇਲੇ ਤੈਅ ਕਰ ਲਿਆ ਕਿ ਉਹ ਮੌਕਾ ਆਉਣ 'ਤੇ ਇਸਦਾ ਬਦਲਾ ਲੈਣਗੇ।

ਭਾਰਤੀ ਅਤੇ ਚੀਨੀ ਫੌਜ ਵਿੱਚ ਧੱਕਾ-ਮੁੱਕੀ

ਉਸ ਸਮੇਂ ਨਾਥੂ ਲਾ ਵਿੱਚ ਤਾਇਨਾਤ ਮੇਜਰ ਜਨਰਲ ਸ਼ੇਰੂ ਥਪਲਿਆਲ 'ਇੰਡੀਅਨ ਡਿਫੈਂਸ ਰੀਵਿਊ' ਦੇ 22 ਸਤੰਬਰ, 2014 ਦੇ ਅੰਕ ਵਿੱਚ ਲਿਖਦੇ ਹਨ, ''ਨਾਥੂ ਲਾ ਵਿੱਚ ਦੋਵਾਂ ਫੌਜਾਂ ਦਾ ਦਿਨ ਕਥਿਤ ਸਰਹੱਦ 'ਤੇ ਗਸ਼ਤ ਨਾਲ ਸ਼ੁਰੂ ਹੁੰਦਾ ਸੀ ਅਤੇ ਇਸ ਦੌਰਾਨ ਦੋਵੇਂ ਦੇਸ਼ਾਂ ਦੇ ਫ਼ੌਜੀਆਂ ਵਿਚਕਾਰ ਕੁਝ-ਨਾ-ਕੁਝ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਜਾਂਦੀ ਸੀ।"

"ਚੀਨ ਵੱਲੋਂ ਸਿਰਫ਼ ਇਨ੍ਹਾਂ ਦਾ ਸਿਆਸੀ ਕਮਿਸਾਰ ਹੀ ਟੁੱਟੀ-ਫੁੱਟੀ ਅੰਗਰੇਜ਼ੀ ਬੋਲ ਸਕਦਾ ਸੀ। ਉਸਦੀ ਪਛਾਣ ਸੀ ਕਿ ਉਸਦੀ ਟੋਪੀ 'ਤੇ ਇੱਕ ਲਾਲ ਕੱਪੜਾ ਲੱਗਿਆ ਰਹਿੰਦਾ ਸੀ।"

"ਦੋਵੇਂ ਪਾਸੇ ਦੇ ਜਵਾਨ ਇੱਕ ਦੂਜੇ ਤੋਂ ਸਿਰਫ਼ ਇੱਕ ਮੀਟਰ ਦੀ ਦੂਰੀ 'ਤੇ ਖੜ੍ਹੇ ਰਹਿੰਦੇ ਸਨ। ਉੱਥੋਂ ਇੱਕ ਨਹਿਰੂ ਸਟੋਨ ਹੁੰਦਾ ਸੀ, ਇਹ ਉਹੀ ਜਗ੍ਹਾ ਸੀ ਜਿੱਥੋਂ ਹੋ ਕੇ ਜਵਾਹਰ ਲਾਲ ਨਹਿਰੂ 1958 ਵਿੱਚ ਟਰੈਕ ਕਰਦੇ ਹੋਏ ਭੂਟਾਨ ਵਿੱਚ ਦਾਖਲ ਹੋਏ ਸਨ।"

"ਕੁਝ ਦਿਨਾਂ ਬਾਅਦ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹੋ ਰਹੀ ਕਹਾ-ਸੁਣੀ, ਧੱਕਾ-ਮੁੱਕੀ ਵਿੱਚ ਬਦਲ ਗਈ ਅਤੇ 6 ਸਤੰਬਰ, 1967 ਨੂੰ ਭਾਰਤੀ ਜਵਾਨਾਂ ਨੇ ਚੀਨ ਦੇ ਸਿਆਸੀ ਕਮਿਸਾਰ ਨੂੰ ਧੱਕਾ ਦੇ ਕੇ ਸੁੱਟ ਦਿੱਤਾ, ਜਿਸ ਨਾਲ ਉਸਦਾ ਚਸ਼ਮਾ ਟੁੱਟ ਗਿਆ।''

ਇਹ ਵੀ ਪੜ੍ਹੋ:

ਤਾਰ ਦੀ ਬਾੜ ਲਗਾਉਣ ਦਾ ਫੈਸਲਾ

ਇਲਾਕੇ ਵਿੱਚ ਤਣਾਅ ਘੱਟ ਕਰਨ ਲਈ ਭਾਰਤੀ ਫੌਜੀ ਅਧਿਕਾਰੀਆਂ ਨੇ ਤੈਅ ਕੀਤਾ ਕਿ ਉਹ ਨਾਥੂ ਲਾ ਤੋਂ ਸੇਬੂ ਲਾ ਤੱਕ ਭਾਰਤ-ਚੀਨ ਸਰਹੱਦ ਨੂੰ ਡੀਮਾਰਕੇਟ ਕਰਨ ਲਈ ਤਾਰ ਦੀ ਇੱਕ ਬਾੜ ਲਗਾਉਣਗੇ।

11 ਸਤੰਬਰ ਦੀ ਸਵੇਰ ਨੂੰ 70 ਫੀਲਡ ਕੰਪਨੀ ਦੇ ਇੰਜੀਨੀਅਰ ਅਤੇ 18 ਰਾਜਪੂਤ ਦੇ ਜਵਾਨਾਂ ਨੇ ਬਾੜ ਲਗਾਉਣੀ ਸ਼ੁਰੂ ਕਰ ਦਿੱਤੀ, ਜਦੋਂਕਿ 2 ਗ੍ਰੇਨੇਡਿਅਰਜ਼ ਅਤੇ ਸੇਬੂ ਲਾ 'ਤੇ ਆਰਟਿਲਰੀ ਅਬਜ਼ਰਵੇਸ਼ਨ ਪੋਸਟ ਨੂੰ ਕਿਹਾ ਗਿਆ ਕਿ ਉਹ ਕਿਸੇ ਅਣਹੋਣੀ ਘਟਨਾ ਨਾਲ ਨਜਿੱਠਣ ਲਈ ਸਾਵਧਾਨ ਰਹਿਣ।

ਜਿਵੇਂ ਹੀ ਕੰਮ ਸ਼ੁਰੂ ਹੋਇਆ ਚੀਨ ਦੇ ਰਾਜਨੀਤਕ ਕਮਿਸਾਰ ਆਪਣੇ ਕੁਝ ਜਵਾਨਾਂ ਨਾਲ ਉਸ ਜਗ੍ਹਾ 'ਤੇ ਪਹੁੰਚ ਗਏ ਜਿੱਥੇ 2 ਗ੍ਰੇਨੇਡਿਅਰਜ਼ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਰਾਏ ਸਿੰਘ ਆਪਣੀ ਕਮਾਂਡੋ ਪਲਟਣ ਨਾਲ ਖੜੇ ਸਨ।

ਕਮਿਸਾਰ ਨੇ ਰਾਏ ਸਿੰਘ ਨੂੰ ਕਿਹਾ ਕਿ ਉਹ ਤਾਰ ਵਿਛਾਉਣਾ ਬੰਦ ਕਰ ਦੇਣ, ਪਰ ਉਨ੍ਹਾਂ ਨੂੰ ਹੁਕਮ ਸੀ ਕਿ ਚੀਨ ਦੀ ਅਜਿਹੀ ਬੇਨਤੀ ਨੂੰ ਸਵੀਕਾਰ ਨਾ ਕੀਤਾ ਜਾਵੇ, ਫਿਰ ਅਚਾਨਕ ਚੀਨੀਆਂ ਨੇ ਮਸ਼ੀਨ ਗਨ ਫਾਇਰਿੰਗ ਸ਼ੁਰੂ ਕਰ ਦਿੱਤੀ।

ਚੀਨੀਆਂ 'ਤੇ ਤੋਪਾ ਨਾਲ ਗੋਲਾਬਾਰੀ

ਭਾਰਤੀ ਫੌਜ ਦੇ ਸਾਬਕਾ ਮੇਜਰ ਜਨਰਲ ਰਣਧੀਰ ਸਿੰਘ ਜਿਨ੍ਹਾਂ ਨੇ ਜਨਰਲ ਸਗਤ ਸਿੰਘ ਦੀ ਜੀਵਨੀ ਲਿਖੀ ਹੈ, ਦੱਸਦੇ ਹਨ, ''ਲੈਫਟੀਨੈਂਟ ਕਰਨਲ ਰਾਏ ਸਿੰਘ ਨੂੰ ਜਨਰਲ ਸਗਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਉਹ ਬੰਕਰ ਵਿੱਚ ਹੀ ਰਹਿ ਕੇ ਤਾਰ ਲਗਾਉਣ 'ਤੇ ਨਿਗਰਾਨੀ ਰੱਖਣ ਪਰ ਉਹ ਖੁੱਲ੍ਹੇ ਵਿੱਚ ਹੀ ਖੜ੍ਹੇ ਹੋ ਕੇ ਆਪਣੇ ਜਵਾਨਾਂ ਦਾ ਮਨੋਬਲ ਵਧਾ ਰਹੇ ਸਨ।"

"7.45 ਵਜੇ ਅਚਾਨਕ ਇੱਕ ਸੀਟੀ ਵੱਜੀ ਅਤੇ ਚੀਨੀਆਂ ਨੇ ਭਾਰਤੀ ਸੈਨਿਕਾਂ 'ਤੇ ਆਟੋਮੈਟਿਕ ਫਾਇਰ ਸ਼ੁਰੂ ਕਰ ਦਿੱਤਾ। ਰਾਏ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ। ਉਨ੍ਹਾਂ ਦੇ ਮੈਡੀਕਲ ਅਫ਼ਸਰ ਉਨ੍ਹਾਂ ਨੂੰ ਖਿੱਚ ਕੇ ਸੁਰੱਖਿਅਤ ਜਗ੍ਹਾ 'ਤੇ ਲੈ ਗਏ।"

"ਮਿੰਟਾਂ ਵਿੱਚ ਹੀ ਜਿੰਨੇ ਵੀ ਭਾਰਤੀ ਜਵਾਨ ਖੁੱਲ੍ਹੇ ਵਿੱਚ ਖੜ੍ਹੇ ਸਨ ਜਾਂ ਕੰਮ ਕਰ ਰਹੇ ਸਨ, ਢਹਿ-ਢੇਰੀ ਕਰ ਦਿੱਤੇ।

ਫਾਇਰਿੰਗ ਇੰਨੀ ਜ਼ਬਰਦਸਤ ਸੀ ਕਿ ਭਾਰਤੀਆਂ ਨੂੰ ਆਪਣੇ ਜ਼ਖ਼ਮੀਆਂ ਤੱਕ ਨੂੰ ਉਠਾਉਣ ਦਾ ਮੌਕਾ ਨਹੀਂ ਮਿਲਿਆ। ਮ੍ਰਿਤਕਾਂ ਦੀ ਗਿਣਤੀ ਇਸ ਲਈ ਵੀ ਜ਼ਿਆਦਾ ਸੀ ਕਿਉਂਕਿ ਭਾਰਤ ਦੇ ਸਾਰੇ ਜਵਾਨ ਬਾਹਰ ਸਨ ਅਤੇ ਉੱਥੇ ਉਨ੍ਹਾਂ ਨੂੰ ਆਸਰਾ ਲੈਣ ਲਈ ਕੋਈ ਜਗ੍ਹਾ ਨਹੀਂ ਸੀ।

ਜਦੋਂ ਸਗਤ ਸਿੰਘ ਨੇ ਦੇਖਿਆ ਕਿ ਚੀਨੀ ਅਸਰਦਾਰ ਫਾਇਰਿੰਗ ਕਰ ਰਹੇ ਹਨ ਤਾਂ ਉਨ੍ਹਾਂ ਨੇ ਤੋਪ ਨਾਲ ਫਾਇਰਿੰਗ ਦਾ ਹੁਕਮ ਦੇ ਦਿੱਤਾ।

ਉਸ ਸਮੇਂ ਤੋਪਖਾਨੇ ਦੀ ਫਾਇਰਿੰਗ ਦਾ ਹੁਕਮ ਦੇਣ ਦਾ ਅਧਿਕਾਰ ਸਿਰਫ਼ ਪ੍ਰਧਾਨ ਮੰਤਰੀ ਕੋਲ ਸੀ। ਇੱਥੋਂ ਤੱਕ ਕਿ ਫੌਜ ਮੁਖੀ ਨੂੰ ਵੀ ਇਹ ਫੈਸਲਾ ਲੈਣ ਦਾ ਅਧਿਕਾਰ ਨਹੀਂ ਸੀ।

ਪਰ ਜਦੋਂ ਉੱਪਰ ਤੋਂ ਕੋਈ ਹੁਕਮ ਨਹੀਂ ਆਇਆ ਅਤੇ ਚੀਨੀ ਦਬਾਅ ਵਧਾਉਣ ਲੱਗੇ ਤਾਂ ਜਨਰਲ ਸਗਤ ਸਿੰਘ ਨੇ ਤੋਪਾਂ ਨਾਲ ਫਾਇਰ ਖੁੱਲ੍ਹਵਾ ਦਿੱਤਾ। ਇਸ ਨਾਲ ਚੀਨ ਨੂੰ ਬਹੁਤ ਨੁਕਸਾਨ ਹੋਇਆ ਅਤੇ ਉਨ੍ਹਾਂ ਦੇ 300 ਤੋਂ ਜ਼ਿਆਦਾ ਜਵਾਨ ਮਾਰੇ ਗਏ।''

ਉੱਚਾਈ ਦਾ ਫਾਇਦਾ

ਮੇਜਰ ਜਨਰਲ ਵੀ. ਕੇ. ਸਿੰਘ ਦੱਸਦੇ ਹਨ, ''ਜਿਵੇਂ ਹੀ ਗ੍ਰੇਨੇਡਿਅਰਜ਼ ਨੇ ਆਪਣੇ ਸੀਓ ਨੂੰ ਡਿੱਗਦੇ ਹੋਏ ਦੇਖਿਆ, ਉਹ ਗੁੱਸੇ ਵਿੱਚ ਪਾਗਲ ਹੋ ਗਏ।"

"ਉਹ ਆਪਣੇ ਬੰਕਰਾਂ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਕੈਪਟਨ ਪੀ. ਐੱਸ. ਡਾਗਰ ਦੀ ਅਗਵਾਈ ਵਿੱਚ ਚੀਨੀ ਟਿਕਾਣਿਆਂ 'ਤੇ ਹਮਲਾ ਕਰ ਦਿੱਤਾ। ਇਸ ਕਾਰਵਾਈ ਵਿੱਚ ਕੈਪਟਨ ਡਾਗਰ ਅਤੇ ਮੇਜਰ ਹਰਭਜਨ ਸਿੰਘ ਦੋਵੇਂ ਮਾਰੇ ਗਏ ਅਤੇ ਚੀਨੀ ਸੈਨਿਕਾਂ ਦੀ ਮਸ਼ੀਨ ਗਨ ਫਾਇਰਿੰਗ ਨੇ ਕਈ ਭਾਰਤੀ ਸੈਨਿਕਾਂ ਨੂੰ ਢਹਿ-ਢੇਰੀ ਕਰ ਦਿੱਤਾ।"

ਇਸ ਤੋਂ ਬਾਅਦ ਤਾਂ ਪੂਰੇ ਪੱਧਰ 'ਤੇ ਲੜਾਈ ਸ਼ੁਰੂ ਹੋ ਗਈ ਜੋ ਤਿੰਨ ਦਿਨ ਤੱਕ ਚੱਲੀ। ਜਨਰਲ ਸਗਤ ਸਿੰਘ ਨੇ ਹੇਠ ਤੋਂ ਦਰਮਿਆਨੀ ਦੂਰੀ ਦੀਆਂ ਤੋਪਾਂ ਮੰਗਵਾਈਆਂ ਅਤੇ ਚੀਨੀ ਟਿਕਾਣਿਆਂ 'ਤੇ ਜ਼ਬਰਦਸਤ ਗੋਲਾਬਾਰੀ ਸ਼ੁਰੂ ਕਰ ਦਿੱਤੀ।

ਭਾਰਤੀ ਜਵਾਨ ਉੱਚਾਈ 'ਤੇ ਸਨ ਅਤੇ ਉਨ੍ਹਾਂ ਨੂੰ ਚੀਨੀ ਟਿਕਾਣੇ ਸਾਫ਼ ਨਜ਼ਰ ਆ ਰਹੇ ਸਨ, ਇਸ ਲਈ ਉਨ੍ਹਾਂ ਦੇ ਗੋਲੇ ਨਿਸ਼ਾਨੇ 'ਤੇ ਡਿੱਗ ਰਹੇ ਸਨ। ਜਵਾਬ ਵਿੱਚ ਚੀਨੀ ਵੀ ਫਾਇਰ ਕਰ ਰਹੇ ਸਨ ਪਰ ਉਨ੍ਹਾਂ ਦੀ ਫਾਇਰਿੰਗ ਅੰਧਾਧੁੰਦ ਸੀ ਕਿਉਂਕਿ ਉਹ ਹੇਠ ਤੋਂ ਭਾਰਤੀ ਸੈਨਿਕਾਂ ਨੂੰ ਨਹੀਂ ਦੇਖ ਸਕਦੇ ਸਨ।''

ਭਾਰਤੀ ਜਵਾਨਾਂ ਦਾ ਹੌਂਸਲਾ ਵਧਿਆ

ਜਨਰਲ ਵੀ. ਕੇ. ਸਿੰਘ ਅੱਗੇ ਦੱਸਦੇ ਹਨ, ''ਜਦੋਂ ਯੁੱਧ ਬੰਦੀ ਹੋਈ ਤਾਂ ਚੀਨੀਆਂ ਨੇ ਭਾਰਤ 'ਤੇ ਇਲਜ਼ਾਮ ਲਗਾਇਆ ਕਿ ਉਸਨੇ ਚੀਨੀ ਖੇਤਰ 'ਤੇ ਹਮਲਾ ਕੀਤਾ ਹੈ। ਇੱਕ ਤਰ੍ਹਾਂ ਨਾਲ ਉਨ੍ਹਾਂ ਦੀ ਗੱਲ ਸਹੀ ਵੀ ਸੀ ਕਿਉਂਕਿ ਸਾਰੇ ਭਾਰਤੀ ਜਵਾਨਾਂ ਦੇ ਮ੍ਰਿਤਕ ਸਰੀਰ ਚੀਨੀ ਇਲਾਕੇ ਵਿੱਚ ਮਿਲੇ ਸਨ ਕਿਉਂਕਿ ਉਨ੍ਹਾਂ ਨੇ ਚੀਨੀ ਇਲਾਕੇ ਵਿੱਚ ਹਮਲਾ ਕੀਤਾ ਸੀ।''

ਭਾਰਤੀ ਫੌਜ ਦੇ ਇਸ ਕਰਾਰੇ ਜਵਾਬ ਨੂੰ ਭਾਰਤੀ ਸੈਨਾ ਦੇ ਉੱਚ ਅਧਿਕਾਰੀਆਂ ਨੇ ਪਸੰਦ ਨਹੀਂ ਕੀਤਾ ਅਤੇ ਕੁਝ ਹੀ ਦਿਨਾਂ ਦੇ ਅੰਦਰ ਲੈਫਟੀਨੈਂਟ ਜਨਰਲ ਸਗਤ ਸਿੰਘ ਦਾ ਉੱਥੋਂ ਤਬਾਦਲਾ ਕਰ ਦਿੱਤਾ ਗਿਆ। ਪਰ ਇਸ ਝੜਪ ਨੇ ਭਾਰਤੀ ਫੌਜ ਨੂੰ ਬਹੁਤ ਵੱਡਾ ਮਨੋਵਿਗਿਆਨਕ ਫਾਇਦਾ ਪਹੁੰਚਾਇਆ।

ਜਨਰਲ ਵੀ. ਕੇ. ਸਿੰਘ ਯਾਦ ਕਰਦੇ ਹਨ, ''1962 ਦੀ ਲੜਾਈ ਦੇ ਬਾਅਦ ਭਾਰਤੀ ਫੌਜ ਦੇ ਜਵਾਨਾਂ ਵਿੱਚ ਚੀਨ ਦੀ ਜੋ ਦਹਿਸ਼ਤ ਹੋ ਗਈ ਸੀ ਕਿ ਇਹ ਲੋਕ ਤਾਂ ਸੁਪਰ ਮੈਨ ਹਨ ਅਤੇ ਭਾਰਤੀ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਉਹ ਹਮੇਸ਼ਾ ਲਈ ਖ਼ਤਮ ਹੋ ਗਈ।"

"ਭਾਰਤ ਦੇ ਜਵਾਨ ਨੂੰ ਪਤਾ ਲੱਗ ਗਿਆ ਕਿ ਉਹ ਵੀ ਚੀਨੀਆਂ ਨੂੰ ਮਾਰ ਸਕਦਾ ਹੈ ਅਤੇ ਉਸਨੇ ਮਾਰਿਆ ਵੀ। ਇੱਕ ਰੱਖਿਆ ਮਾਹਿਰ ਨੇ ਬਿਲਕੁਲ ਸਹੀ ਕਿਹਾ, ''ਦਿਸ ਵਾਜ਼ ਦਿ ਫਸਟ ਟਾਈਮ ਦਿ ਚਾਈਨੀਜ਼ ਹੈਡ ਗੌਟ ਏ ਬਲੱਡੀ ਨੋਜ਼।''

1962 ਦਾ ਖ਼ੌਫ ਨਿਕਲਿਆ

ਭਾਰਤ ਦੇ ਸਖ਼ਤ ਵਿਰੋਧ ਦਾ ਇੰਨਾ ਅਸਰ ਹੋਇਆ ਕਿ ਚੀਨ ਨੇ ਭਾਰਤ ਨੂੰ ਇੱਥੋਂ ਤੱਕ ਧਮਕੀ ਦੇ ਦਿੱਤੀ ਕਿ ਉਹ ਉਸਦੇ ਖਿਲਾਫ਼ ਆਪਣੀ ਹਵਾਈ ਸੈਨਾ ਦੀ ਵਰਤੋਂ ਕਰੇਗਾ ਪਰ ਭਾਰਤ 'ਤੇ ਇਸ ਧਮਕੀ ਦਾ ਕੋਈ ਅਸਰ ਨਹੀਂ ਹੋਇਆ।

ਇੰਨਾ ਹੀ ਨਹੀਂ 15 ਦਿਨਾਂ ਬਾਅਦ 1 ਅਕਤੂਬਰ, 1967 ਨੂੰ ਸਿੱਕਮ ਵਿੱਚ ਹੀ ਇੱਕ ਹੋਰ ਜਗ੍ਹਾ ਚੋ ਲਾ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਇੱਕ ਹੋਰ ਮੁਕਾਬਲਾ ਹੋਇਆ।

ਇਸ ਵਿੱਚ ਵੀ ਭਾਰਤੀ ਫੌਜਾਂ ਨੇ ਚੀਨ ਦਾ ਜ਼ਬਰਦਸਤ ਮੁਕਾਬਲਾ ਕੀਤਾ ਅਤੇ ਉਨ੍ਹਾਂ ਦੇ ਜਵਾਨਾਂ ਨੂੰ ਤਿੰਨ ਕਿਲੋਮੀਟਰ ਅੰਦਰ 'ਕਾਮ ਬੈਰੈਕਸ' ਤੱਕ ਧੱਕ ਦਿੱਤਾ।

ਦਿਲਚਸਪ ਗੱਲ ਇਹ ਹੈ ਕਿ 15 ਸਤੰਬਰ, 1967 ਨੂੰ ਜਦੋਂ ਲੜਾਈ ਰੁਕੀ ਤਾਂ ਮਾਰੇ ਗਏ ਭਾਰਤੀ ਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਲੈਣ ਲਈ ਸਰਹੱਦ 'ਤੇ ਇਸ ਸਮੇਂ ਪੂਰਬੀ ਕਮਾਂਡ ਦੇ ਪ੍ਰਮੁੱਖ ਸੈਮ ਮਾਨੇਕ ਸ਼ਾਅ, ਜਨਰਲ ਜਗਜੀਤ ਸਿੰਘ ਅਰੋੜਾ ਅਤੇ ਜਨਰਲ ਸਗਤ ਸਿੰਘ ਮੌਜੂਦ ਸਨ।

ਚਾਰ ਸਾਲ ਬਾਅਦ 1971 ਵਿੱਚ ਇਹੀ ਤਿੰਨੋਂ ਵਿਅਕਤੀ ਪਾਕਿਸਤਾਨ ਖਿਲਾਫ਼ ਲੜਾਈ ਵਿੱਚ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਨ।

'ਇੰਡੀਅਨ ਐਕਸਪ੍ਰੈੱਸ' ਦੇ ਐਸੋਸੀਏਟ ਐਡੀਟਰ ਸੁਸ਼ਾਂਤ ਸਿੰਘ ਦੱਸਦੇ ਹਨ, ''1962 ਦੀ ਲੜਾਈ ਵਿੱਚ ਚੀਨ ਦੇ 740 ਜਵਾਨ ਮਾਰੇ ਗਏ ਸਨ। ਇਹ ਲੜਾਈ ਲਗਭਗ ਇੱਕ ਮਹੀਨੇ ਤੱਕ ਚੱਲੀ ਸੀ ਅਤੇ ਇਸਦਾ ਖੇਤਰ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਫੈਲਿਆ ਹੋਇਆ ਸੀ।

ਜੇ ਅਸੀਂ ਮੰਨੀਏ ਕਿ 1967 ਵਿੱਚ ਸਿਰਫ਼ ਤਿੰਨ ਦਿਨਾਂ ਵਿੱਚ ਚੀਨੀਆਂ ਨੂੰ 300 ਸੈਨਿਕਾਂ ਤੋਂ ਹੱਥ ਧੋਣਾ ਪਿਆ। ਇਹ ਬਹੁਤ ਵੱਡੀ ਗਿਣਤੀ ਸੀ। ਇਸ ਲੜਾਈ ਤੋਂ ਬਾਅਦ ਕਾਫ਼ੀ ਹੱਦ ਤੱਕ 1962 ਦਾ ਖ਼ੌਫ ਨਿਕਲ ਗਿਆ। ਭਾਰਤੀ ਜਵਾਨਾਂ ਨੂੰ ਪਹਿਲੀ ਵਾਰ ਲੱਗਿਆ ਕਿ ਚੀਨ ਵੀ ਸਾਡੀ ਤਰ੍ਹਾਂ ਹੈ ਅਤੇ ਉਹ ਵੀ ਪਿਟ ਸਕਦੇ ਹਨ ਅਤੇ ਹਾਰ ਸਕਦੇ ਹਨ।''

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)