ਚੀਨ ਵਿੱਚ ਕਿਉਂ ਤਿਆਰ ਹੋ ਰਹੀ ਹੈ ਕਾਕਰੋਚਾਂ ਦੀ ਫੌਜ?

ਕਾਕਰੋਚ ਤੁਹਾਨੂੰ ਭਾਵੇਂ ਹੀ ਪਸੰਦ ਨਾ ਹੋਵੇ ਜਾਂ ਫਿਰ ਤੁਹਾਨੂੰ ਉਸ ਤੋਂ ਡਰ ਲਗਦਾ ਹੋਵੇ, ਪਰ ਚੀਨ ਵਿੱਚ ਲੋਕਾਂ ਲਈ ਇਹ ਕਮਾਈ ਦਾ ਜ਼ਰੀਆ ਹੈ।

ਕਾਕਰੋਚ ਦੇ ਸੰਭਾਵਿਤ ਦਵਾਈਆਂ ਵਾਲੇ ਗੁਣਾਂ ਕਾਰਨ ਚੀਨੀ ਉਦਯੋਗ ਲਈ ਵਪਾਰਕ ਅਵਸਰ ਦੀ ਤਰ੍ਹਾਂ ਹੈ।

ਚੀਨ ਸਹਿਤ ਕਈ ਏਸ਼ੀਆਈ ਦੇਸਾਂ ਵਿੱਚ ਕਾਕਰੋਚ ਨੂੰ ਤਲ਼ ਕੇ ਖਾਧਾ ਜਾਂਦਾ ਹੈ ਪਰ ਹੁਣ ਇਸ ਨੂੰ ਵੱਡੇ ਪੈਮਾਨੇ 'ਤੇ ਪੈਦਾ ਕੀਤਾ ਜਾਣ ਲੱਗਾ ਹੈ।

ਚੀਨ ਦੇ ਸ਼ੀਚਾਂਗ ਸ਼ਹਿਰ ਵਿੱਚ ਇੱਕ ਦਵਾਈ ਕੰਪਨੀ ਹਰ ਸਾਲ 600 ਕਰੋੜ ਕਾਕਰੋਚ ਦਾ ਪੈਦਾ ਕਰਦੀ ਹੈ।

ਦੱਖਣੀ ਚੀਨ ਦੇ ਅਖ਼ਬਾਰ ਮੋਰਨਿੰਗ ਪੋਸਟ ਮੁਤਾਬਕ ਇੱਕ ਬਿਲਡਿੰਗ ਵਿੱਚ ਇਨ੍ਹਾਂ ਨੂੰ ਪਾਲਿਆ ਜਾ ਰਿਹਾ ਹੈ।

ਇਸ ਬਿਲਡਿੰਗ ਦਾ ਖੇਤਰਫਲ ਲਗਭਗ ਦੋ ਖੇਡ ਦੇ ਮੈਦਾਨਾਂ ਦੇ ਬਰਾਬਰ ਹੈ।

ਅਲਮਾਰੀਆਂ ਦੀਆਂ ਪਤਲੀਆਂ ਕਤਾਰਾਂ ਵਿੱਚ ਇਨ੍ਹਾਂ ਨੂੰ ਪਾਲਿਆ ਜਾਂਦਾ ਹੈ। ਇਨ੍ਹਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ ਹੁੰਦਾ ਹੈ।

ਅੰਦਰ ਬਿਲਕੁਲ ਹਨੇਰਾ ਹੁੰਦਾ ਹੈ ਅਤੇ ਵਾਤਾਵਰਣ ਵਿੱਚ ਗਰਮੀ ਅਤੇ ਸੀਲਨ ਬਣਾ ਕੇ ਰੱਖੀ ਜਾਂਦੀ ਹੈ। ਫਾਰਮ ਦੇ ਅੰਦਰ ਕੀੜਿਆਂ ਨੂੰ ਘੁੰਮਣ ਅਤੇ ਪ੍ਰਜਨਣ ਕਰਨ ਦੀ ਆਜ਼ਾਦੀ ਹੁੰਦੀ ਹੈ।

ਇਨ੍ਹਾਂ ਨੂੰ ਸੂਰਜ ਦੀ ਰੋਸ਼ਨੀ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਉਹ ਬਿਲਡਿੰਗ ਤੋਂ ਬਾਹਰ ਨਹੀਂ ਜਾ ਸਕਦੇ।

ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਤੋਂ ਕਾਕਰੋਚ ਪਾਲਣ 'ਤੇ ਨਜ਼ਰ ਰੱਖੀ ਜਾਂਦੀ ਹੈ। ਇਸਦੇ ਜ਼ਰੀਏ ਬਿਲਡਿੰਗ ਦੇ ਅੰਦਰ ਤਾਪਮਾਨ, ਖਾਣੇ ਦੀ ਉਲਪਬਧਤਾ ਅਤੇ ਨਮੀ 'ਤੇ ਕਾਬੂ ਰੱਖਿਆ ਜਾਂਦਾ ਹੈ।

ਟੀਚਾ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਕਾਕਰੋਚ ਪੈਦਾ ਕਰਨ ਦਾ ਹੁੰਦਾ ਹੈ।

ਮੈਡੀਕਲ ਗੁਣ

ਜਦੋਂ ਕਾਕਰੋਚ ਰੁੱਝੇ ਹੋਏ ਹੁੰਦੇ ਹਨ ਤਾਂ ਇਨ੍ਹਾਂ ਨੂੰ ਕੁਚਲ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਸ਼ਰਬਤ ਦੀ ਤਰ੍ਹਾਂ ਚੀਨ ਦੀ ਰਵਾਇਤੀ ਦਵਾਈ ਦੇ ਰੂਪ ਵਿੱਚ ਪੀਤਾ ਜਾਂਦਾ ਹੈ।

ਇਸ ਨੂੰ ਦਸਤ, ਉਲਟੀ, ਪੇਟ ਦੇ ਅਲਸਰ, ਸਾਹ ਦੀ ਪਰੇਸ਼ਾਨੀ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ।

ਸ਼ਾਨਡੌਂਗ ਐਗਰੀਕਲਚਰ ਯੂਨੀਵਰਸਟੀ ਦੇ ਪ੍ਰੋਫੈਸਰ ਅਤੇ ਇੰਸੈਕਟ ਐਸੋਸੀਏਸ਼ਨ ਆਫ਼ ਸ਼ਾਨਡੌਂਗ ਪ੍ਰੋਵਿੰਸ ਦੇ ਡਾਇਰੈਕਟਰ ਲਿਊ ਯੂਸ਼ੇਂਗ ਨੇ ਦਿ ਟੈਲੀਗ੍ਰਾਫ ਅਖ਼ਬਾਰ ਨੂੰ ਕਿਹਾ,''ਇਹ ਅਸਲ ਵਿੱਚ ਇੱਕ ਚਮਤਕਾਰੀ ਦਵਾਈ ਹੈ।''

ਉਹ ਅੱਗੇ ਕਹਿੰਦੇ ਹਨ,''ਉਹ ਕਈ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਨ ਅਤੇ ਹੋਰਨਾਂ ਦਵਾਈਆਂ ਦੀ ਤੁਲਨਾ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰਦੇ ਹਨ।''

ਸਸਤੀ ਦਵਾਈ

ਪ੍ਰੋਫੈਸਰ ਲਿਊ ਕਹਿੰਦੇ ਹਨ,''ਬਜ਼ੁਰਗ ਆਬਾਦੀ ਚੀਨ ਦੀ ਸਮੱਸਿਆ ਹੈ। ਅਸੀਂ ਨਵੀਂ ਦਵਾਈ ਖੋਜਣ ਦੀ ਕਸ਼ਿਸ਼ ਕਰ ਰਹੇ ਹਾਂ ਅਤੇ ਇਹ ਪੱਛਮੀ ਦੇਸਾਂ ਦੀ ਦਵਾਈ ਤੋਂ ਸਸਤੀ ਹੋਵੇਗੀ।''

ਦਵਾਈ ਲਈ ਕਾਕਰੋਚ ਦਾ ਪਾਲਣ ਸਰਕਾਰੀ ਸਕੀਮਾਂ ਦਾ ਹਿੱਸਾ ਹੈ ਅਤੇ ਇਸਦੀ ਦਵਾਈ ਦੀ ਹਸਪਤਾਲ ਵਿੱਚ ਵਰਤੋਂ ਕੀਤੀ ਜਾ ਰਹੀ ਹੈ।

ਕਈ ਅਜਿਹੇ ਵੀ ਹਨ ,ਜਿਹੜੇ ਇਸ 'ਤੇ ਚਿੰਤਾ ਜ਼ਾਹਰ ਕਰਦੇ ਹਨ। ਬੀਜਿੰਗ ਦੇ ਚਾਈਨਿਜ਼ ਅਕੈਡਮੀ ਆਫ਼ ਮੈਡੀਕਲ ਸਾਇੰਸ ਦੇ ਇੱਕ ਰਿਸਰਚਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਸਾਊਥ ਚਾਇਨਾ ਮਾਰਨਿੰਗ ਪੋਸਟ ਨੂੰ ਕਿਹਾ,''ਕਾਕਰੋਚ ਦਾ ਸ਼ਰਬਤ ਬਿਮਾਰੀਆਂ ਲਈ ਰਾਮਬਾਣ ਇਲਾਜ ਨਹੀਂ ਹੈ। ਇਹ ਸਾਰੀਆਂ ਬਿਮਾਰੀਆਂ 'ਤੇ ਜਾਦੂਈ ਅਸਰ ਨਹੀਂ ਕਰਦਾ ਹੈ।''

ਇੱਕ ਬੰਦ ਥਾਂ 'ਤੇ ਇਸ ਤਰ੍ਹਾਂ ਦੇ ਕੀੜੇ ਨੂੰ ਪਾਲਣ ਅਤੇ ਪੈਦਾਵਾਰ ਵਧਾਉਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਚਾਈਨਿਜ਼ ਅਕੈਡਮੀ ਆਫ਼ ਸਾਇੰਸ ਦੇ ਪ੍ਰੋਫੈਸਰ ਝੂ ਕੇਓਡੌਂਗ ਕਹਿੰਦੇ ਹਨ,''ਜੇਕਰ ਇਹ ਇਨਸਾਨ ਦੀ ਗ਼ਲਤੀ ਜਾਂ ਫਿਰ ਭੂਚਾਲ ਦੇ ਕਾਰਨ ਅਰਬਾਂ ਕਾਕਰੋਚ ਬਾਹਰ ਆ ਜਾਣ ਤਾਂ ਇਹ ਤਬਾਹਕਾਰੀ ਸਾਬਿਤ ਹੋ ਸਕਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)