You’re viewing a text-only version of this website that uses less data. View the main version of the website including all images and videos.
India China Border : ਗਲਵਾਨ ਘਾਟੀ ਕਿਉਂ ਹੈ ਅਹਿਮ ਤੇ ਦੋਵਾਂ ਮੁਲਕਾਂ ਵਿਚ ਇਸ 'ਤੇ ਕੀ ਹੈ ਵਿਵਾਦ
- ਲੇਖਕ, ਕਮਲੇਸ਼ ਮਠੇਨੀ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਅਤੇ ਚੀਨ ਵਿਚਾਲੇ ਪਿਛਲੇ ਕਈ ਹਫ਼ਤਿਆਂ ਤੋਂ ਤਣਾਅ ਦੇ ਹਾਲਾਤ ਬਣੇ ਹੋਏ ਹਨ। ਦੋਹਾਂ ਦੇਸ਼ਾਂ ਵੱਲੋਂ ਲਾਈਨ ਆਫ਼ ਏਕਚੁਅਲ ਕੰਟਰੋਲ ,ਐਲਏਸੀ 'ਤੇ ਆਪੋ ਆਪਣੇ ਸੈਨਿਕਾਂ ਦੀ ਮੌਜੂਦਗੀ ਨੂੰ ਵਧਾਇਆ ਜਾ ਰਿਹਾ ਹੈ।ਚੀਨੀ ਫੌਜ ਦੀ ਹਮਲਾਵਰ ਸ਼ੈਲੀ ਨਾਲ ਨਜਿੱਠਣ ਲਈ ਭਾਰਤੀ ਫੌਜ ਵੀ ਸਖਤ ਰੁਖ਼ ਅਖ਼ਤਿਆਰ ਕਰ ਰਹੀ ਹੈ।
ਅਕਸਾਈ ਚੀਨ (ਭਾਰਤ ਅਤੇ ਚੀਨ ਦਰਮਿਆਨ ਤਕਰਾਰੀ ਸਰਹੱਦੀ ਇਲਾਕਾ ਹੈ) 'ਚ ਪੈਂਦੀ ਗਲਵਾਨ ਘਾਟੀ ਨੂੰ ਲੈ ਕੇ ਦੋਵੇਂ ਦੇਸ਼ ਇਕ ਦੂਜੇ ਦੇ ਸਾਹਮਣੇ ਖੜ੍ਹੇ ਹਨ।ਹੁਣ ਤਣਾਅ ਇੰਨ੍ਹਾਂ ਵੱਧ ਗਿਆ ਹੈ ਕਿ ਇਸ ਇਲਾਕੇ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਨੇ ਝੜਪਾਂ ਦਾ ਰੂਪ ਲੈ ਲਿਆ ਹੈ।
ਇਹ ਵੀ ਪੜ੍ਹੋ:
ਭਾਰਤ ਦਾ ਕਹਿਣਾ ਹੈ ਕਿ ਗਲਵਾਨ ਘਾਟੀ ਦੇ ਨੇੜੇ ਉਨ੍ਹਾਂ ਨੇ ਚੀਨੀ ਫੌਜ ਦੇ ਕੁੱਝ ਟੈਂਟ ਵੇਖੇ ਹਨ।ਜਿਸ ਤੋਂ ਬਾਅਧ ਚੌਕਸੀ ਵਰਤਦਿਆਂ ਭਾਰਤ ਨੇ ਵੀ ਉਸ ਖੇਤਰ ਨਜ਼ਦੀਕ ਆਪਣੀ ਫੌਜ ਦੀ ਗਸ਼ਤ ਵਧਾ ਦਿੱਤੀ ਅਤੇ ਆਸ-ਪਾਸ ਸਾਵਧਾਨੀ ਦੇ ਤੌਰ 'ਤੇ ਫੌਜ ਦੀ ਤੈਨਾਤੀ ਵੀ ਕੀਤੀ।
ਭਾਰਤ ਵੱਲੋਂ ਚੁੱਕੇ ਗਏ ਇਸ ਕਦਮ 'ਤੇ ਇਤਰਾਜ਼ ਪ੍ਰਗਟ ਕਰਦਿਆਂ ਚੀਨ ਨੇ ਕਿਹਾ ਹੈ ਕਿ ਭਾਰਤ ਗਲਵਾਨ ਘਾਟੀ ਨਜ਼ਦੀਕ ਰੱਖਿਆ ਸਬੰਧੀ ਗੈਰ ਕਾਨੂੰਨੀ ਨਿਰਮਾਣ ਨੂੰ ਅੰਜਾਮ ਦੇ ਰਿਹਾ ਹੈ।
ਇਸ ਤੋਂ ਪਹਿਲਾਂ ਮਈ ਮਹੀਨੇ ਦੋਵਾਂ ਧਿਰਾਂ ਵਿਚਾਲੇ ਸਰਹੱਦ 'ਤੇ ਟਕਰਾਵ ਹੋ ਚੁੱਕਾ ਹੈ। 9 ਮਈ ਨੂੰ ਉੱਤਰੀ ਸਿੱਕਮ ਦੇ ਨਾਕੂ ਲਾ ਸੈਕਟਰ 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਸੀ।
ਇਸ ਦੇ ਨਾਲ ਹੀ ਲੱਦਾਖ 'ਚ ਐਲਏਸੀ ਨੇੜੇ ਚੀਨੀ ਹੈਲੀਕਾਪਟਰਾਂ ਨੇ ਵੀ ਉਡਾਣ ਭਰੀ ਸੀ।ਜਿਸ ਤੋਂ ਬਾਅਧ ਭਾਰਤੀ ਹਵਾਈ ਫੌਜ ਨੇ ਵੀ ਸੁਖੋਈ ਸਮੇਤ ਦੂਜੇ ਲੜਾਕੂ ਜਹਾਜ਼ਾਂ ਨਾਲ ਹਵਾਈ ਗਸ਼ਤ ਸ਼ੁਰੂ ਕੀਤੀ।
ਸੋਮਵਾਰ ਨੂੰ ਹਵਾਈ ਸੈਨਾ ਮੁੱਖੀ ਆਰ ਕੇ ਐਸ ਭਦੋਰੀਆ ਨੇ ਵੀ ਚੀਨ ਦਾ ਜ਼ਿਕਰ ਕਰਦਿਆਂ ਕਿਹਾ ਸੀ, " ਉੱਥੇ ਕੁੱਝ ਅਸਾਧਾਰਣ ਗਤੀਵਿਧੀਆਂ ਵੇਖੀਆਂ ਗਈਆਂ ਹਨ।ਚੀਨ ਦੀ ਹਰ ਹਰਕਤ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਨਾਲ ਹੀ ਲੋੜ ਪੈਣ 'ਤੇ ਭਾਰਤੀ ਫੌਜ ਕਾਰਵਾਈ ਵੀ ਕਰ ਰਹੀ ਹੈ।ਅਜਿਹੇ ਮਾਮਲਿਆਂ 'ਚ ਵਧੇਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।"
ਇਸ ਦੇ ਨਾਲ ਹੀ ਫੌਜ ਮੁੱਖੀ ਜਨਰਲ ਐਮ ਐਮ ਨਰਵਾਣੇ ਨੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਸ਼ੁਰੂ ਹੋਏ ਟਕਰਾਵ ਤੋਂ ਬਾਅਦ ਪਿਛਲੇ ਹਫ਼ਤੇ ਕਿਹਾ ਸੀ ਕਿ ਚੀਨ ਨਾਲ ਲੱਗਦੀ ਭਾਰਤੀ ਹਦੂਦ 'ਤੇ ਸੈਨਿਕਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ।ਸਰਹੱਦੀ ਖੇਤਰਾਂ 'ਚ ਬੁਨਿਆਦੀ ਢਾਂਚੇ ਦੇ ਵਿਕਾਸ ਸਬੰਧੀ ਕੰਮ ਚੱਲ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇੰਨ੍ਹਾਂ ਝੜਪਾਂ 'ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਾ ਰਵੱਈਆ ਹਮਲਾਵਰ ਸੀ ਜਿਸ ਕਰਕੇ ਕੁੱਝ ਸੈਨਿਕ ਜ਼ਖਮੀ ਵੀ ਹੋਏ ਹਨ।
ਚੀਨ ਦਾ ਭਾਰਤ 'ਤੇ ਦੋਸ਼
ਚੀਨ ਨੇ ਇਸ ਤਣਾਅ ਪਿੱਛੇ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਹੈ।ਚੀਨ ਦੇ ਇੱਕ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ 'ਚ ਸੋਮਵਾਰ ਨੂੰ ਪ੍ਰਕਾਸ਼ਿਤ ਹੋਏ ਇੱਕ ਲੇਖ 'ਚ ਕਿਹਾ ਗਿਆ ਹੈ ਕਿ ਗਲਵਾਨ ਘਾਟੀ 'ਚ ਪੈਦਾ ਹੋਈ ਤਣਾਅ ਦੀ ਸਥਿਤੀ ਲਈ ਭਾਰਤ ਜ਼ਿੰਮੇਵਾਰ ਹੈ।
ਅਖ਼ਬਾਰ ਨੇ ਚੀਨੀ ਫੌਜ ਦੇ ਹਵਾਲੇ ਨਾਲ ਲਿਿਖਆ ਹੈ , " ਭਾਰਤ ਨੇ ਇਸ ਖੇਤਰ 'ਚ ਰੱਖਿਆ ਸਬੰਧੀ ਗੈਰ-ਕਾਨੂੰਨੀ ਨਿਰਮਾਣ ਕੀਤੇ ਹਨ।ਜਿਸ ਕਰਕੇ ਚੀਨ ਨੂੰ ਉੱਥੇ ਆਪਣੇ ਸੈਨਿਕਾਂ ਦੀ ਤੈਨਾਤੀ ਕਰਨੀ ਪਈ ਹੈ।ਭਾਰਤ ਨੇ ਇਸ ਤਣਅ ਦਾ ਆਗਾਜ਼ ਕੀਤਾ ਹੈ।ਪਰ ਸਾਨੂੰ ਯਕੀਨ ਹੈ ਕਿ ਇੱਥੇ ਡੋਕਲਾਮ ਵਰਗੀ ਸਥਿਤੀ ਪੈਦਾ ਨਹੀਂ ਹੋਵੇਗੀ।ਭਾਰਤ ਇਸ ਸਮੇਂ ਕੋਵਿਡ-19 ਦੇ ਕਾਰਨ ਪੈਦਾ ਹੋਈਆਂ ਆਰਥਿਕ ਤੰਗੀਆਂ ਨੂੰ ਝੇਲ ਰਿਹਾ ਹੈ ਅਤੇ ਲੋਕਾਂ ਦਾ ਧਿਆਨ ਦੂਜੇ ਪਾਸੇ ਲਗਾਉਣ ਲਈ ਹੀ ਭਾਰਤ ਨੇ ਗਲਵਾਨ ਘਾਟੀ 'ਚ ਤਣਾਅ ਦਾ ਮਾਹੌਲ ਪੈਦਾ ਕੀਤਾ ਹੈ।"
ਗਲੋਬਲ ਟਾਈਮਜ਼ ਨੇ ਤਾਂ ਇਹ ਵੀ ਲਿਿਖਆ ਹੈ ਕਿ ਗਲਵਾਨ ਘਾਟੀ ਚੀਨੀ ਇਲਾਕਾ ਹੈ।ਇਸ ਖੇਤਰ 'ਚ ਭਾਰਤ ਵੱਲੋਂ ਚੁੱਕੇ ਗਏ ਕਦਮ ਸਰਹੱਦ ਸਬੰਧੀ ਮਸਲਿਆਂ 'ਤੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ ਦੀ ਉਲੰਘਣਾ ਕਰਦੇ ਹਨ।ਭਾਰਤ ਮਈ ਮਹੀਨੇ ਤੋਂ ਹੀ ਗਲਵਾਨ ਘਾਟੀ 'ਤੇ ਆਪਣਾ ਕਬਜ਼ਾ ਵਧਾ ਰਿਹਾ ਹੈ ਅਤੇ ਚੀਨੀ ਹਦੂਦ ਅੰਦਰ ਦਾਖਲ ਹੋ ਰਿਹਾ ਹੈ।
ਘਲਵਾਨ ਘਾਟੀ ਦੀ ਕੀ ਹੈ ਅਹਿਮੀਅਤ
ਗਲਵਾਨ ਘਾਟੀ ਵਿਵਾਦਿਤ ਖੇਤਰ ਅਕਸਾਈ ਚੀਨ 'ਚ ਸਥਿਤ ਹੈ।ਇਹ ਘਾਟੀ ਲੱਦਾਖ ਅਤੇ ਅਕਸਾਈ ਚੀਨ ਦੇ ਵਿਚਕਾਰ ਭਾਰਤ-ਚੀਨ ਨਜ਼ਦੀਕ ਮੌਜੂਦ ਹੈ।
ਇੱਥੇ ਅਸਲ ਨਿਯੰਤਰਣ ਰੇਖਾ, ਐਲਏਸੀ ਅਕਸਾਈ ਚੀਨ ਨੂੰ ਭਾਰਤ ਤੋਂ ਵੱਖ ਕਰਦੀ ਹੈ।ਅਕਸਾਈ ਚੀਨ 'ਤੇ ਭਾਰਤ ਅਤੇ ਚੀਨ ਦੋਵੇਂ ਹੀ ਆਪੋ ਆਪਣਾ ਦਾਅਵਾ ਠੋਕਦੇ ਹਨ।ਗਲਵਾਨ ਘਾਟੀ ਚੀਨ ਦੇ ਦੱਖਣੀ ਸਿਨਜ਼ਿਆਂਗ ਅਤੇ ਭਾਰਤ 'ਚ ਲੱਦਾਖ ਤੱਕ ਫੈਲੀ ਹੋਈ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਰ ਐਸ ਡੀ ਮੁਨੀ ਦਾ ਕਹਿਣਾ ਹੈ ਕਿ ਇਹ ਖੇਤਰ ਰਣਨੀਤਕ ਤੌਰ 'ਤੇ ਭਾਰਤ ਲਈ ਬਹੁਤ ਮਹੱਤਵਪੂਰਣ ਹੈ।ਇਹ ਖੇਤਰ ਪਾਕਿਸਤਾਨ, ਚੀਨ ਦੇ ਸਿਨਜ਼ਿਆਂਗ ਅਤੇ ਲੱਦਾਖ ਤੱਕ ਫੈਲਿਆ ਹੋਇਆ ਹੈ।1962 ਦੀ ਜੰਗ ਦੌਰਾਨ ਵੀ ਗਲਵਾਨ ਘਾਟੀ ਦਾ ਇਹ ਖੇਤਰ ਯੁੱਧ ਦਾ ਪ੍ਰਮੁੱਖ ਸਥਾਨ ਰਿਹਾ ਸੀ।
ਕੋਰੋਨਾਕਾਲ 'ਚ ਸਰਹੱਦੀ ਤਣਾਅ
ਵਿਸ਼ਵਵਿਆਪੀ ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀਆ ਦੁਨੀਆ ਨੂੰ ਆਪਣੀ ਮਾਰ ਹੇਠ ਲਿਆ ਹੋਇਆ ਹੈ।ਭਾਰਤ ਵੀ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ।ਦੇਸ਼ 'ਚ ਸੰਕ੍ਰਮਿਤ ਮਾਮਲਿਆਂ ਦੀ ਗਿਣਤੀ 1 ਲੱਖ ਨੂੰ ਵੀ ਪਾਰ ਕਰ ਗਈ ਹੈ।ਚੀਨ ਦੇ ਵੁਹਾਨ ਸ਼ਹਿਰ 'ਚੋਂ ਸ਼ੁਰੂ ਹੋਈ ਇਸ ਲਾਗ ਦੇ ਸਬੰਧ 'ਚ ਯੂਰਪ ਅਤੇ ਅਮਰੀਕਾ ਕਈ ਸਵਾਲ ਖੜ੍ਹੇ ਕਰ ਰਹੇ ਹਨ।ਅਜਿਹੇ 'ਚ ਦੋਵਾਂ ਦੇਸ਼ਾਂ ਦੇ ਇੱਕ ਨਵੇਂ ਵਿਵਾਦ 'ਚ ਪੈਣ ਦਾ ਕੀ ਕਾਰਨ ਹੈ।
ਐਸਡੀ ਮੁਨੀ ਕਹਿੰਦੇ ਹਨ ਕਿ ਭਾਰਤ ਇਸ ਸਮੇਂ ਉਨ੍ਹਾਂ ਖੇਤਰਾਂ 'ਤੇ ਆਪਣੀ ਪ੍ਰਭੂਸੱਤਾ ਕਾਇਮ ਕਰਨਾ ਚਾਹੁੰਦਾ ਹੈ, ਜੋ ਕਿ ਵਿਵਾਦਿਤ ਹਨ ਪਰ ਭਾਰਤ ਸ਼ੁਰੂ ਤੋਂ ਹੀ ਉਨ੍ਹਾਂ ਖੇਤਰਾਂ ਨੂੰ ਆਪਣਾ ਮੰਨਦਾ ਹੈ।
" ਇਸ ਦੀ ਸ਼ੁਰੂਆਤ 1958 'ਚ ਹੋ ਗਈ ਸੀ ਜਦੋਂ ਚੀਨ ਨੇ ਅਕਸਾਈ ਚੀਨ 'ਚ ਸੜਕ ਦਾ ਨਿਰਮਾਣ ਕੀਤਾ ਸੀ, ਜੋ ਕਿ ਕਰਾਕੋਰਮ ਰੋਡ ਨਾਲ ਜੁੜਦੀ ਹੈ ਅਤੇ ਪਾਕਿਸਤਾਨ ਨਾਲ ਵੀ ਲੰਿਕ ਕਾਇਮ ਕਰਦੀ ਹੈ।ਜਿਸ ਸਮੇਂ ਇਸ ਸੜਕ ਨੂੰ ਬਣਾਇਆ ਜਾ ਰਿਹਾ ਸੀ ਉਸ ਸਮੇਂ ਭਾਰਤ ਨੇ ਇਸ ਵੱਲ ਧਿਆਨ ਨਾ ਦਿੱਤਾ, ਪਰ ਬਾਅਦ 'ਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ 'ਤੇ ਇਤਰਾਜ਼ ਪ੍ਰਗਟ ਕੀਤਾ ਸੀ।ਉਦੋਂ ਤੋਂ ਹੀ ਅਕਸਾਈ ਚੀਨ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਰਿਹਾ ਹੈ।"
ਉਸ ਸਮੇਂ ਭਾਵੇਂ ਭਾਰਤ ਨੇ ਚੀਨ ਦੇ ਇਸ ਕਦਮ 'ਤੇ ਫੌਜੀ ਕਾਰਵਾਈ ਨਹੀਂ ਕੀਤੀ ਸੀ, ਪਰ ਹੁਣ ਭਾਰਤ ਵੱਲੋਂ ਫੌਜੀ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਹ ਇਸ ਖੇਤਰ 'ਤੇ ਆਪਣਾ ਦਾਅਵਾ ਕਰ ਰਿਹਾ ਹੈ।ਜਿਵੇਂ ਕਿ ਮਕਬੂਜਾ ਕਸ਼ਮੀਰ ਅਤੇ ਗਿਲਗਿਤ-ਬਾਲਤਿਸਤਾਨ ਨੂੰ ਲੈ ਕੇ ਭਾਰਤ ਨੇ ਆਪਣੇ ਦਾਅਵੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ, ਉਸੇ ਤਰ੍ਹਾਂ ਹੀ ਅਕਸਾਈ ਚੀਨ 'ਚ ਵੀ ਭਾਰਤੀ ਗਤੀਵਿਧੀਆਂ ਵੱਧ ਰਹੀਆਂ ਹਨ ਅਤੇ ਹੁਣ ਚੀਨ ਭਾਰਤ ਦੀਆਂ ਕਾਰਵਾਈਆਂ ਤੋਂ ਪ੍ਰੇਸ਼ਾਨ ਹੋ ਰਿਹਾ ਹੈ।
ਐਡੀ ਮੁਨੀ ਅੱਗੇ ਕਹਿੰਦੇ ਹਨ ਕਿ ਚੀਨ ਗਲਵਾਨ ਘਾਟੀ 'ਚ ਭਾਰਤ ਦੇ ਰੱਖਿਆ ਨਿਰਮਾਣ ਨੂੰ ਗੈਰ ਕਾਨੂੰਨੀ ਇਸ ਲਈ ਕਹਿ ਰਿਹਾ ਹੈ ਕਿਉਂਕਿ ਭਾਰਤ ਅਤੇ ਚੀਨ ਦਰਮਿਆਨ ਇੱਕ ਸਮਝੌਤਾ ਸਹੀਬੱਧ ਹੋਇਆ ਹੈ ਕਿ ਦੋਵੇਂ ਦੇਸ਼ ਐਲਏਸੀ ਨੂੰ ਮੰਨਣਗੇ ਅਤੇ ਉਸ 'ਤੇ ਕਿਸੇ ਵੀ ਨਵੇਂ ਨਿਰਮਾਣ ਨੂੰ ਮਨਜ਼ੂਰੀ ਨਹੀਂ ਦੇਣਗੇ।ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਖੇਤਰ 'ਚ ਚੀਨ ਪਹਿਲਾਂ ਹੀ ਲੋੜੀਂਦੀ ਸੈਨਿਕ ਉਸਾਰੀ ਮੁਕੰਮਲ ਕਰ ਚੁੱਕਾ ਹੈ ਅਤੇ ਹੁਣ ਉਹ ਮੌਜੂਦਾ ਸਥਿਤੀ ਕਾਇਮ ਰੱਖਣ ਦਾ ਰਾਗ ਅਲਾਪ ਰਿਹਾ ਹੈ।ਦੂਜੇ ਪਾਸੇ ਇਸ ਖੇਤਰ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਮਕਸਦ ਨਾਲ ਭਾਰਤ ਵੀ ਰਣਨੀਤਕ ਉਸਾਰੀ ਕਰਨ ਦਾ ਚਾਹਵਾਨ ਹੈ।
ਭਾਰਤ ਦੀ ਬਦਲਦੀ ਰਣਨੀਤੀ
ਮਕਬੂਜਾ ਕਸ਼ਮੀਰ ਤੋਂ ਲੈ ਕੇ ਅਕਸਾਈ ਚੀਨ ਤੱਕ ਭਾਰਤ ਦੀ ਰਣਨੀਤੀ 'ਚ ਆ ਰਹੇ ਬਦਲਾਵ ਦਾ ਕਾਰਨ ਕੀ ਹੈ?
ਕੀ ਭਾਰਤ ਸਰਹੱਦ 'ਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ?
ਜਾਂ ਫਿਰ ਉਹ ਹਮਲਾਵਰ ਨੀਤੀ ਅਪਣਾ ਰਿਹਾ ਹੈ?
ਐਸਡੀ ਮੁਨੀ ਅਨੁਸਾਰ ਭਾਰਤ ਹਮਲਾਵਰ ਨਹੀਂ ਹੋਇਆ ਹੈ ਬਲਕਿ ਆਪਣੇ ਅਧਿਕਾਰ ਹੇਠ ਆਉਂਦੇ ਖੇਤਰਾਂ 'ਤੇ ਆਪਣੀ ਮੁਖ਼ਤਿਆਰੀ ਨੂੰ ਮਜ਼ਬੂਤ ਕਰ ਰਿਹਾ ਹੈ।ਜਿੰਨ੍ਹਾਂ ਥਾਵਾਂ ਨੂੰ ਉਹ ਆਪਣੇ ਅਧਿਕਾਰ ਖੇਤਰ ਦਾ ਹਿੱਸਾ ਦੱਸਦਾ ਰਿਹਾ ਹੈ , ਹੁਣ ਉਨ੍ਹਾਂ 'ਤੇ ਆਪਣਾ ਅਧਿਕਾਰ ਜਤਾਉਣ ਲੱਗ ਪਿਆ ਹੈ।
ਉਹ ਅੱਗੇ ਕਹਿੰਦੇ ਹਨ ਕਿ 1962 ਦੇ ਮੁਕਾਬਲੇ ਅੱਜ ਦਾ ਭਾਰਤ ਪਹਿਲਾਂ ਨਾਲੋਂ ਕਿਤੇ ਮਜ਼ਬੂਤ ਹੈ।ਰਣਨੀਤਕ, ਆਰਥਿਕ ਹਰ ਪੱਖ ਤੋਂ ਭਾਰਤ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਹੈ।ਚੀਨ ਨੇ ਜੋ ਹਮਲਾਵਰ ਸ਼ੈਲੀ ਅਪਣਾਈ ਹੈ, ਉਹ ਭਾਰਤ ਲਈ ਖ਼ਤਰਨਾਕ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਨਾਲ ਵੀ ਭਾਰਤ ਦੇ ਸੰਬੰਧ ਵਧੀਆ ਨਹੀਂ ਹਨ।ਇਸ ਲਈ ਭਾਰਤ ਨੂੰ ਵਧੇਰੇ ਚੌਕਸ ਹੋਣ ਦੀ ਜ਼ਰੂਰਤ ਹੈ।ਇਸ ਸਥਿਤੀ ਦੀ ਨਜ਼ਾਕਤ ਨੂੰ ਭਾਂਪਦਿਆਂ ਹੀ ਭਾਰਤ ਸਰਕਾਰ ਨੇ ਆਪਣੀਆਂ ਸਰਹੱਦਾਂ 'ਤੇ ਸੈਨਿਕਾਂ ਦੀ ਤੈਨਾਤੀ ਵਧਾ ਦਿੱਤੀ ਹੈ।ਜੇਕਰ ਭਾਰਤ ਅਕਸਾਈ ਚੀਨ 'ਚ ਫੌਜੀ ਉਸਾਰੀਆਂ ਕਰਦਾ ਹੈ ਤਾਂ ਉਹ ਚੀਨੀ ਫੌਜ ਦੀਆਂ ਗਤੀਵਿਧੀਆਂ 'ਤੇ ਆਸਾਨੀ ਨਾਲ ਨਜ਼ਰ ਰੱਖ ਪਾਵੇਗਾ।
ਗਲੋਬਲ ਟਾਈਮਜ਼ ਨੇ ਇੱਕ ਖੋਜਕਰਤਾ ਦੇ ਹਵਾਲੇ ਨਾਲ ਲਿਖਿਆ ਹੈ ਕਿ ਗਲਵਾਨ ਘਾਟੀ 'ਚ ਡੋਕਲਾਮ ਵਰਗੀ ਸਥਿਤੀ ਨਹੀਂ ਬਣੇਗੀ।ਅਕਸਾਈ ਚੀਨ 'ਚ ਚੀਨੀ ਫੌਜ ਦੀ ਸਥਿਤੀ ਮਜ਼ਬੂਤ ਹੈ ਅਤੇ ਜੇਕਰ ਇੱਥੇ ਤਣਾਅ ਹੋਰ ਵੱਧਦਾ ਹੈ ਤਾਂ ਭਾਰਤ ਨੂੰ ਇਸ ਦਾ ਭਾਰੀ ਖਮਿਆਜ਼ਾ ਚੁਕਾਉਣਾ ਪਵੇਗਾ।
ਇਸ ਸਬੰਧ 'ਚ ਮਾਹਰਾਂ ਦਾ ਵੀ ਇਹੀ ਮੰਨਣਾ ਹੈ ਕਿ ਅਕਸਾਈ ਚੀਨ 'ਚ ਚੀਨ ਦੀ ਸਥਿਤੀ ਮਜ਼ਬੂਤ ਹੈ ਅਤੇ ਭਾਰਤ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।ਪਰ ਕੋਵਿਡ-19 ਦੇ ਕਾਰਨ ਚੀਨ ਕੂਟਨੀਤਿਕ ਪੱਧਰ 'ਤੇ ਕਮਜ਼ੋਰ ਹੋ ਗਿਆ ਹੈ।ਯੂਰਪੀਅਨ ਯੂਨੀਅਨ ਅਤੇ ਅਮਰੀਕਾ ਚੀਨ 'ਤੇ ਖੁੱਲ੍ਹੇਆਮ ਦੋਸ਼ ਲਗਾ ਰਹੇ ਹਨ ਕਿ ਕੋਰੋਨਾਵਾਇਰਸ ਪਿੱਛੇ ਉਸ ਦੀ ਹੀ ਕੋਈ ਚਾਲ ਹੈ।ਪਰ ਭਾਰਤ ਨੇ ਇਸ ਮੁੱਦੇ 'ਤੇ ਅਜੇ ਤੱਕ ਚੀਨ ਦੇ ਸਬੰਧ 'ਚ ਕੁੱਝ ਵੀ ਨਹੀਂ ਕਿਹਾ ਹੈ।ਅਜਿਹੇ 'ਚ ਚੀਨ ਭਾਰਤ ਵੱਲੋਂ ਸੰਤੁਲਿਤ ਪਹੁੰਚ ਦੀ ਉਮੀਦ ਕਰ ਰਿਹਾ ਹੈ ਅਤੇ ਭਾਰਤ ਇਸ ਮੋਰਚੇ 'ਤੇ ਚੀਨ ਨਾਲ ਆਪਣੀਆਂ ਸ਼ਰਤਾਂ 'ਤੇ ਗੱਲਬਾਤ ਕਰਨ ਲਈ ਤਿਆਰ ਹੈ।
ਕੀ ਦੋਵੇਂ ਦੇਸ਼ ਦਬਾਅ ਹੇਠ ਆਉਣਗੇ?
ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਮਹਾਮਾਰੀ ਨੇ ਲਗਭਗ ਹਰ ਦੇਸ਼ ਨੂੰ ਘੇਰ ਰੱਖਿਆ ਹੈ ਅਜਿਹੇ 'ਚ ਦੋ ਦੇਸ਼ਾਂ ਦਰਮਿਆਨ ਸਰਹੱਦੀ ਤਣਾਅ ਕੀ ਉਨ੍ਹਾਂ 'ਤੇ ਦਬਾਅ ਵਧਾਵੇਗਾ?
ਚੀਨ ਨੇ ਭਾਰਤ 'ਤੇ ਦੋਸ਼ ਲਗਾਇਆ ਹੈ ਕਿ ਉਹ ਦੇਸ਼ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਤੋਂ ਆਪਣੇ ਨਾਗਰਿਕਾਂ ਦਾ ਧਿਆਨ ਹਟਾਉਣ ਲਈ ਹੀ ਅਜਿਹਾ ਕਰ ਰਿਹਾ ਹੈ।
ਇਸ ਸਬੰਧ 'ਚ ਐਸਡੀ ਮੁਨੀ ਕਹਿੰਦੇ ਹਨ ਕਿ ਕੋਰੋਨਾ ਨਾਲ ਲੜਾਈ ਆਪਣੀ ਜਗ੍ਹਾ ਹੈ ਅਤੇ ਦੇਸ਼ ਦੀ ਸੁਰੱਖਿਆ ਆਪਣੀ ਥਾਂ 'ਤੇ।ਚੀਨ ਵੀ ਦੱਖਣੀ ਚੀਨ ਸਾਗਰ 'ਚ ਆਪਣੀ ਫੌਜੀ ਸਮਰੱਥਾ ਦਾ ਨਿਰਮਾਣ ਕਰਨ 'ਚ ਲੱਗਾ ਹੋਇਆ ਹੈ ।ਭਾਵੇਂ ਕਿ ਪੂਰੀ ਦੁਨੀਆ ਕੋਵਿਡ-19 ਨਾਲ ਨਜਿੱਠਣ ਲਈ ਹੱਥ-ਪੱਲੇ ਮਾਰ ਰਹੀ ਹੈ ਪਰ ਫੌਜ ਤਾਂ ਸਰਹੱਦਾਂ 'ਤੇ ਹੀ ਤੈਨਾਤ ਹੈ।ਫੌਜ ਆਪਣੇ ਕਾਰਜ ਖੇਤਰ 'ਚ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰ ਰਹੀ ਹੈ।ਇਹ ਰਣਨੀਤਕ ਮਹੱਤਵ ਦੇ ਮਸਲੇ ਹਨ, ਜੋ ਕਿ ਕੋਰੋਨਾ ਨਾਲੋਂ ਵੀ ਵੱਧ ਖਾਸ ਅਹਿਮੀਅਤ ਰੱਖਦੇ ਹਨ।
ਇਸ ਲਈ ਚੀਨ ਦਾ ਦਾਅਵਾ ਬੇਅਰਥ ਹੈ।
ਇਹ ਵੀਡੀਓ ਵੀ ਦੇਖੋ