ਕੋਰੋਨਾਵਾਇਰਸ: ਭਾਰਤ ਵਿਚ ਕੋਵਿਡ-19 ਦੀ ਲਾਗ ਵਧਣ ਦੇ 5 ਕਾਰਨ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਕਥਿਤ ਤੌਰ 'ਤੇ ਦੁਨੀਆਂ ਦਾ ਸਭ ਤੋਂ ਕਠੋਰ ਲੌਕਡਾਊਨ ਖੁੱਲ੍ਹਣ ਮਗਰੋਂ, ਦੇਸ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਅਜਿਹੇ ਹਾਲਾਤਾਂ ਵਿੱਚ ਤੁਹਾਨੂੰ ਕੋਰੋਨਾ ਸੰਕਟ ਬਾਰੇ ਕੁਝ ਚੀਜ਼ਾਂ ਜਾਣਨ ਦੀ ਲੋੜ ਹੈ।

ਕੀ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲੇ ਚਿੰਤਾਜਨਕ ਹਨ?

ਸਾਫ਼ ਸ਼ਬਦਾਂ ਵਿੱਚ, ਸ਼ਾਇਦ ਭਾਰਤ ਦੇ ਇੰਨੇ ਮਾੜੇ ਹਾਲਾਤ ਵੀ ਨਹੀਂ ਹਨ।

3.4 ਲੱਖ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲਿਆਂ ਨਾਲ ਭਾਰਤ ਦੁਨੀਆਂ ਭਰ ਵਿੱਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ।

ਇਸ ਮਾਮਲੇ ਵਿੱਚ ਭਾਰਤ ਤੋਂ ਮਾੜੇ ਹਾਲਾਤ ਰੂਸ, ਬ੍ਰਾਜ਼ੀਲ ਅਤੇ ਅਮਰੀਕਾ ਦੇ ਹਨ।

ਕਾਰਨੇਲ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਕੌਸ਼ਿਕ ਬਾਸੂ ਦੇ ਅਨੁਸਾਰ ਭਾਰਤ ਪ੍ਰਤੀ ਵਿਅਕਤੀ ਲਾਗ ਦੇ ਹਿਸਾਬ ਨਾਲ ਦੁਨੀਆਂ ਵਿੱਚ 143ਵੇਂ ਨੰਬਰ 'ਤੇ ਹੈ।

ਦੇਸ਼ ਵਿੱਚ ਵਾਇਰਸ ਰਿਪ੍ਰੋਡਕਸ਼ਨ ਨੰਬਰ ਭਾਵ ਬਿਮਾਰੀ ਦੇ ਫੈਲਣ ਦੀ ਸਮਰੱਥਾ ਵਿੱਚ ਘਾਟਾ ਆਇਆ ਹੈ ਤੇ ਨਾਲ ਹੀ ਰਿਪੋਰਟ ਕੀਤੇ ਮਾਮਲਿਆਂ ਦੇ ਦੁੱਗਣੇ ਹੋਣ ਦਾ ਸਮਾਂ ਹੁਣ ਵੱਧ ਗਿਆ ਹੈ।

ਪਰ ਜੇਕਰ ਤੁਸੀਂ ਬਰੀਕੀ ਨਾਲ ਦੇਖੋ ਤਾਂ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਇਸ ਦੇ ਨਾਲ ਹੀ ਮੁੰਬਈ, ਦਿੱਲੀ ਤੇ ਅਹਿਮਦਾਬਾਦ ਵਰਗੇ ਹੌਟਸਪੋਟ ਸ਼ਹਿਰਾਂ ਵਿੱਚ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵੀ ਬਹੁਤ ਵੱਧ ਗਏ ਹਨ।

ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਇੱਕ ਡਾਕਟਰ ਅਨੁਸਾਰ ਜੇਕਰ ਇਨ੍ਹਾਂ ਸ਼ਹਿਰਾਂ ਵਿੱਚ ਮਾਮਲੇ ਇੰਨੀਂ ਤੇਜ਼ੀ ਨਾਲ ਵਧਦੇ ਰਹੇ ਤਾਂ ਛੇਤੀ ਹੀ ਇਨ੍ਹਾਂ ਥਾਵਾਂ ਦੇ ਹਾਲਾਤ ਨਿਊਯਾਰਕ ਵਰਗੇ ਹੋ ਜਾਣਗੇ।

ਇਨ੍ਹਾਂ ਥਾਵਾਂ ’ਤੇ ਦਾਖ਼ਲ ਕਰਨ ਤੋਂ ਮਨਾਂ ਹੋਣ ਮਗਰੋਂ ਮਰ ਰਹੇ ਮਰੀਜ਼ਾਂ ਦੀਆਂ ਭਿਆਨਕ ਰਿਪੋਰਟਾਂ ਸਾਹਮਣੇ ਆਈਆਂ ਹਨ। ਇੱਕ ਥਾਂ 'ਤੇ ਤਾਂ ਇੱਕ ਮਰੀਜ਼ ਬਾਥਰੂਮ ਵਿੱਚ ਮਰਿਆ ਮਿਲਿਆ।

ਟੈਸਟਾਂ ਦੀ ਗੱਲ ਕਰੀਏ ਤਾਂ ਲੈਬਾਂ ਵਿੱਚ ਟੈਸਟਾਂ ਦਾ ਹੜ੍ਹ ਆਇਆ ਹੋਣ ਕਰਕੇ ਨਤੀਜੇ ਦੇਰੀ ਨਾਲ ਆਉਂਦੇ ਹਨ।

ਮਹਾਂਮਾਰੀ ਤੋਂ ਪਹਿਲਾਂ ਹੀ ਭਾਰਤ ਦੀ ਆਰਥਿਕਤਾ ਡੱਗਮਗਾ ਰਹੀ ਸੀ।

ਇਸ ਲਈ ਦੇਸ਼ ਇੱਕ ਹੋਰ ਲੌਕਡਾਊਨ ਲਾਉਣ ਬਾਰੇ ਨਹੀਂ ਸੋਚ ਸਕਦਾ ਜਿਸ ਨਾਲ ਹਜ਼ਾਰਾਂ ਵਪਾਰ ਬੰਦ ਹੋ ਜਾਣਗੇ ਤੇ ਹੋਰ ਕਿੰਨੇ ਲੋਕ ਬੇਰੁਜ਼ਗਾਰ।

ਇਸ ਲਈ ਭਾਰਤ ਨੂੰ ਲਾਗ ਖ਼ਤਮ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ।

ਹਾਰਵਰਡ ਗਲੋਬਲ ਹੈਲਥ ਇੰਸਟੀਚਿਊਟ ਦੇ ਡਾਇਰੈਕਟਰ ਆਸ਼ੀਸ਼ ਝਾ ਅਨੁਸਾਰ ਉਨ੍ਹਾਂ ਨੂੰ ਕੋਰੋਨਾ ਦੇ ਮਾਮਲਿਆਂ ਦੇ ਅੰਕੜੇ ਚਿੰਤਾਜਨਕ ਲੱਗਦੇ ਹਨ।

"ਅਜਿਹਾ ਨਹੀਂ ਹੈ ਕਿ ਕੋਰੋਨਾ ਦੇ ਮਾਮਲੇ ਸਿਖਰ 'ਤੇ ਪਹੁੰਚਣਗੇ ਜਾਂ ਆਪਣੇ-ਆਪ ਘੱਟ ਜਾਣਗੇ। ਤੁਹਾਨੂੰ ਬਦਲਾਅ ਲਿਆਉਣ ਲਈ ਦਖ਼ਲ ਦੇਣੀ ਪਵੇਗੀ।"

ਦੂਜੇ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਭਾਰਤ ਆਪਣੀ 60% ਆਬਾਦੀ ਦੇ ਕੋਰੋਨਾ ਪੀੜਤ ਹੋਕੇ ਹਰਡ ਇਮਿਊਨਟੀ ਵਿਕਸਤ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦਾ।

ਡਾ. ਝਾ ਮੁਤਾਬਕ, “ਇਸ ਦਾ ਮਤਲਬ ਹੋਵੇਗਾ ਕਈ ਲੱਖ ਲੋਕਾਂ ਦੀ ਮੌਤ। ਇਹ ਸਵੀਕਾਰਯੋਗ ਨਤੀਜਾ ਨਹੀਂ ਹੋਵੇਗਾ।”

ਮਿਸ਼ੀਗਨ ਯੂਨੀਵਰਸਿਟੀ ਦੇ ਜੀਵ-ਵਿਗਿਆਨ ਦੇ ਪ੍ਰੋਫੈਸਰ ਭਰਾਮਰ ਮੁਖਰਜੀ ਨੇ ਕਿਹਾ ਕਿ ਭਾਰਤ ਦਾ ਕੋਰੋਨਾ ਕਰਵ ਭਾਵ ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਅਜੇ ਕੋਈ ਨਿਰੰਤਰ ਗਿਰਾਵਟ ਨਹੀਂ ਆਈ ਹੈ।

ਉਨ੍ਹਾਂ ਕਿਹਾ, “ਮੈਨੂੰ ਲੱਗਦਾ ਹੈ ਕਿ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ ਪਰ ਚਿੰਤਾ ਨੂੰ ਦਹਿਸ਼ਤ ਵਿੱਚ ਨਹੀਂ ਬਦਲਣ ਦੇਣਾ ਚਾਹੀਦਾ।"

ਕੀ ਭਾਰਤ ਦਾ ਘੱਟ ਮੌਤ ਦਾ ਦਰ ਭਟਕਾਉਣ ਵਾਲਾ ਹੈ?

ਹਾਂ ਅਤੇ ਨਹੀਂ।

ਭਾਰਤ ਦਾ ਪ੍ਰਤੀ ਮਾਮਲਾ ਮੌਤ ਦਾ ਦਰ (ਸੀ.ਐੱਫ.ਆਰ.) ਜਾਂ ਕੋਰੋਨਾ ਮਰੀਜ਼ਾਂ ਦੇ ਮਰਨ ਦਾ ਅਨੁਪਾਤ ਲਗਭਗ 2.8% ਹੈ।

ਪਰ ਇਹ ਅੰਕੜਾ ਵਿਵਾਦਪੂਰਨ ਹੈ।

ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੇ ਗਣਿਤ-ਵਿਗਿਆਨੀ, ਐਡਮ ਕੁਚਰਸਕੀ ਨੇ ਕਿਹਾ ਕਿ ਮੌਤ ਦੀ ਕੁੱਲ ਗਿਣਤੀ ਨੂੰ ਸਿਰਫ਼ ਰਿਪੋਰਟ ਹੋਏ ਕੁਲ ਕੋਰੋਨਾ ਮਾਮਲਿਆਂ ਦੇ ਹਿਸਾਬ ਨਾਲ ਦੇਖਣਾ ਠੀਕ ਨਹੀਂ ਕਿਉਂਕਿ ਇਸ ਵਿੱਚ ਬਿਨਾਂ ਰਿਪੋਰਟ ਹੋਏ ਮਾਮਲੇ ਤੇ ਬਿਮਾਰੀ ਤੋਂ ਮੌਤ ਤੱਕ ਦੀ ਦੇਰੀ ਨਹੀਂ ਜੋੜੀ ਜਾ ਰਹੀ।

ਮਾਹਰ ਕਹਿੰਦੇ ਹਨ ਕਿ ਮਹਾਂਮਾਰੀ ਦੇ ਇਸ ਪੜਾਅ 'ਤੇ ਸਮੁੱਚੇ ਸੀ.ਐੱਫ.ਆਰ. ਨੂੰ ਵੇਖਣ ਨਾਲ ਸਰਕਾਰਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਦੇ ਅਧਾਰ 'ਤੇ ਰੁਝਾਇਆ ਜਾ ਸਕਦਾ ਹੈ।

ਡਾ. ਮੁਖਰਜੀ ਨੇ ਕਿਹਾ, “ਸੀ.ਐੱਫ.ਆਰ. ਥੋੜ੍ਹਾ ਜਿਹਾ ਭਰਮ ਵਰਗਾ ਹੈ।

"ਭਾਵੇਂ ਮੈਂ ਰਿਪੋਰਟ ਕੀਤੇ ਕੇਸਾਂ ਅਤੇ ਮੌਤ ਦੀ ਗਿਣਤੀ ਨੂੰ ਮੰਨ ਲਵਾਂ, ਅਤੇ ਜੇ ਤੁਸੀਂ ਕੁੱਲ ਕੇਸਾਂ ਦੇ ਹਿਸਾਬ ਨਾਲ ਮੌਤਾਂ ਦੀ ਗਿਣਤੀ ਵੱਲ ਨਜ਼ਰ ਮਾਰੋ ਤਾਂ ਅਸੀਂ ਮੌਤਾਂ ਦਾ ਇੱਕ ਬਹੁਤ ਵੱਡਾ ਪ੍ਰਤੀਸ਼ਤ ਪ੍ਰਾਪਤ ਕਰਦੇ ਹਾਂ।”

ਇੱਥੋਂ ਤੱਕ ਕਿ ਪ੍ਰਤੀ ਵਿਅਕਤੀ ਮੌਤ ਦਾ ਦਰ ਬਿਮਾਰੀ ਦੇ ਫੈਲਣ ਦੀ ਸਮਝ ਨੂੰ ਸੀਮਿਤ ਕਰ ਦਿੰਦਾ ਹੈ। ਭਾਰਤ ਦੇ ਬਹੁਤ ਸਾਰੇ ਵੱਡੇ ਹਿੱਸੇ ਅਜੇ ਵੀ ਵਾਇਰਸ ਤੋਂ ਬਚੇ ਹੋਏ ਹਨ।

ਪਰ ਚਿੰਤਾ ਕਰਨ ਵਾਲੀ ਗੱਲ ਇਹ ਹੈ ਕਿ ਕੋਵਿਡ -19 ਕਾਰਨ ਮਰਨ ਵਾਲੇ 9000 ਨਾਲੋਂ ਵੱਧ ਲੋਕਾਂ ਦਾ ਵੱਡਾ ਹਿੱਸਾ ਤਿੰਨ ਸੂਬਿਆਂ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਤੋਂ ਹੈ।

ਕੋਰੋਨਾ ਰਿਕਾਰਡਾਂ ਦੇ ਉਪਰ-ਨੀਚੇ ਹੋਣ ਦੀਆਂ ਕੁਝ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਚੇਨਈ ਸ਼ਹਿਰ ਵਿੱਚ ਅਧਿਕਾਰਤ ਅੰਕੜਿਆਂ ਨਾਲੋਂ ਦੁੱਗਣੀਆਂ ਮੌਤਾਂ ਹੋਣ ਦੀ ਖ਼ਬਰ ਹੈ।

ਇੱਥੇ ਇੱਕ ਪਰੇਸ਼ਾਨੀ ਇਹ ਵੀ ਹੈ ਕਿ ਕੋਵਿਡ -19 ਕਰਕੇ ਹੋਈ ਮੌਤ ਦੀ ਪਰਿਭਾਸ਼ਾ ਕੀ ਹੈ।

ਅਰਥਸ਼ਾਸਤਰੀ ਪਾਰਥ ਮੁਖੋਪਾਧਿਆਏ ਦੁਆਰਾ ਕੀਤੀ ਗਈ ਨਵੀਂ ਖੋਜ ਸੁਝਾਅ ਦਿੰਦੀ ਹੈ ਕਿ ਭਾਰਤ ਵਿੱਚ ਜਦੋਂ ਤੁਸੀਂ ਉਮਰ ਦੇ ਹਿਸਾਬ ਨਾਲ ਹੋਈਆਂ ਮੌਤਾਂ ਦੇਖੋ ਤਾਂ ਉਮੀਦ ਨਾਲੋਂ ਕਿਤੇ ਵੱਧ ਨੌਜਵਾਨ ਮਰ ਰਹੇ ਹਨ।

30 ਅਪ੍ਰੈਲ ਤੱਕ, ਮਹਾਰਾਸ਼ਟਰ ਵਿੱਚ 40 ਤੋਂ 49 ਸਾਲ ਦੇ ਲੋਕਾਂ ਦੀ ਮੌਤ ਦਾ ਦਰ, ਉਦਾਹਰਣ ਵਜੋਂ, 4% ਸੀ। ਇਟਲੀ ਵਿੱਚ ਇਹੋ ਮਰ ਰਹੇ ਲੋਕਾਂ ਦੀ ਮੌਤ ਦਾ ਦਰ ਇਸ ਅੰਕੜੇ ਦਾ ਦਸਵਾਂ ਹਿੱਸਾ ਸੀ।

ਪ੍ਰੋ. ਮੁਖੋਪਾਧਿਆਏ ਨੇ ਕਿਹਾ, “ਸਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਇੱਥੇ ਬਹੁਤ ਸਾਰੇ ਨੌਜਵਾਨ ਕਿਉਂ ਮਰ ਰਹੇ ਹਨ। ਕੀ ਇਹ ਸਾਡੇ ਸ਼ਹਿਰਾਂ ਦੀ ਗੰਧਲੀ ਹਵਾ ਕਾਰਨ ਜਾਂ ਸ਼ੂਗਰ ਅਤੇ ਸਾਹ ਦੀਆਂ ਸਮੱਸਿਆਵਾਂ ਵਰਗੀਆਂ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਕਾਰਨ ਹੈ? ਕੀ ਸਾਡੇ ਦੇਸ਼ ਵਿੱਚ ਬਾਕੀ ਦੁਨੀਆਂ ਦੀ ਤੁਲਨਾ 'ਚ ਗੈਰ-ਸਿਹਤਮੰਦ ਨੌਜਵਾਨ ਹਨ?"

ਪਰ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਕੁੱਲ ਮੌਤ ਦਾ ਦਰ ਘੱਟ ਰਹੇਗਾ ਤੇ ਜ਼ਿਆਦਾ ਤਰ ਮਰਨ ਵਾਲੇ ਲੋਕਾਂ ਵਿੱਚ ਬਜ਼ੁਰਗ ਸ਼ਾਮਲ ਹੋਣਗੇ।

ਪ੍ਰੋ. ਮੁਖੋਪਾਧਿਆਏ ਨੇ ਕਿਹਾ, "ਸਾਡੇ ਇੱਥੇ ਬਿਮਾਰੀ ਵੱਡੀ ਮਾਤਰਾ ਵਿੱਚ ਮੌਜੂਦ ਹੈ ਪਰ ਬਹੁਤ ਘੱਟ ਲੋਕ ਬਿਮਾਰ ਹਨ। ਇਸ ਮੁਤਾਬਕ ਸ਼ਾਇਦ ਅਸੀਂ ਗੋਲੀ ਨੂੰ ਚਕਮਾ ਦੇ ਦਿੱਤਾ ਹੋਵੇ।”

ਭਾਰਤ ਨੂੰ ਕਿਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ?

ਐਟਲਾਂਟਿਕ ਰਸਾਲੇ ਦੇ ਵਿਗਿਆਨ ਦੇ ਲੇਖਕ ਐਡ ਯੋਂਗ ਨੇ ਕੋਰੋਨਾ ਨੂੰ "ਪੈਚਵਰਕ ਮਹਾਮਾਰੀ" ਕਿਹਾ ਹੈ। ਭਾਰਤ ਨੂੰ ਵੀ ਬਿਮਾਰੀ ਨਾਲ ਇਸ ਤਰੀਕੇ ਨਾਲ ਹੀ ਪੇਸ਼ ਆਉਣਾ ਚਾਹੀਦਾ ਹੈ।

ਪੈਚਵਰਕ ਮਹਾਂਮਾਰੀ ਉਦੋਂ ਹੁੰਦੀ ਹੈ ਜਦੋਂ ਲਾਗ ਦੇਸ਼ ਭਰ ਵਿੱਚ ਫੈਲਦੀ ਹੈ ਤੇ ਵੱਖ-ਵੱਖ ਹਿੱਸਿਆਂ ਨੂੰ ਵੱਖਰੇ ਢੰਗ ਨਾਲ ਪ੍ਰਭਾਵਤ ਕਰਦੀ ਹੈ।

ਯੋਂਗ ਲਿਖਦੇ ਹਨ ਕਿ ਮਹਾਂਮਾਰੀ ਸਮਾਜਕ ਦੂਰੀਆਂ, ਟੈਸਟਿੰਗ ਸਮਰੱਥਾ, ਆਬਾਦੀ ਦੀ ਘਣਤਾ, ਉਮਰ ਦਾ ਢਾਂਚਾ, ਦੌਲਤ, ਸਮਾਜਿਕ ਸਮੂਹਕਤਾ ਅਤੇ ਕਿਸਮਤ ਵਰਗੇ ਕਾਰਕਾਂ 'ਤੇ ਨਿਰਭਰ ਕਰਦੀ ਹੈ।

ਭਾਰਤ ਵਿੱਚ ਲੱਖਾਂ ਗੈਰ-ਰਸਮੀ ਕਾਮਿਆਂ ਦੁਆਰਾ ਇਹ ਵਾਇਰਸ ਜ਼ਿਆਦਾ ਫੈਲਿਆ ਹੈ।

ਇਹ ਉਸ ਵੇਲੇ ਹੋਇਆ ਜਦੋਂ ਭਾਰਤ ਵਿੱਚ ਅਚਾਨਕ ਲੌਕਡਾਊਨ ਲਾ ਦਿੱਤਾ ਗਿਆ ਜਿਸ ਕਰਕੇ ਇਹ ਲੋਕ ਬੇਰੁਜ਼ਗਾਰ ਹੋ ਗਏ ਅਤੇ ਉਨ੍ਹਾਂ ਕੋਲ ਪੈਸੇ ਵੀ ਨਹੀਂ ਸਨ।

ਉਹ ਪੈਦਲ, ਭੀੜ ਵਾਲੀਆਂ ਰੇਲ ਗੱਡੀਆਂ ਅਤੇ ਬੱਸਾਂ ਵਿੱਚ ਸ਼ਹਿਰਾਂ ਤੋਂ ਆਪਣੇ ਪਿੰਡ ਵਾਪਸ ਪਰਤੇ।

ਉਦਾਹਰਣ ਵਜੋਂ, ਉਡੀਸ਼ਾ ਸੂਬੇ ਵਿੱਚ ਇਸ ਕਰਕੇ 80% ਨਵੇਂ ਮਾਮਲੇ ਵਧੇ ਹਨ।

ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਇੱਕ ਨਾੜੀ ਸਰਜਨ ਡਾਕਟਰ ਅੰਬਰਿਸ਼ ਸਤਵਿਕ ਅਨੁਸਾਰ, “ਇਹ ਜ਼ਰੂਰੀ ਹੈ ਕਿ ਅਸੀਂ ਮਹਾਂਮਾਰੀ ਨੂੰ ਦੇਸ਼ ਦੇ ਪੱਧਰ 'ਤੇ ਨਾ ਦੇਖੀਏ।"

"ਇੱਥੇ ਦਿੱਲੀ ਮਹਾਂਮਾਰੀ, ਮੁੰਬਈ ਮਹਾਂਮਾਰੀ, ਅਹਿਮਦਾਬਾਦ ਮਹਾਂਮਾਰੀ ਹੈ।”

ਉਨ੍ਹਾਂ ਕਿਹਾ, "ਇਨ੍ਹਾਂ ਸ਼ਹਿਰਾਂ ਵਿੱਚ, ਸਕਾਰਾਤਮਕਤਾ ਦਰ, ਪ੍ਰਤੀ 100 ਨਮੂਨਿਆਂ ਮਗਰ ਮਾਮਲਿਆਂ ਦੀ ਗਿਣਤੀ, ਰਾਸ਼ਟਰੀ ਔਸਤ ਨਾਲੋਂ ਚਾਰ ਤੋਂ ਪੰਜ ਗੁਣਾ ਵਧੇਰੇ ਹੈ।”

"ਜਿਵੇਂ ਕਿ ਦੇਸ਼ ਭਰ ਵਿੱਚ ਲਾਗ ਦੇ ਮਾਮਲੇ ਵੱਧ-ਘੱਟ ਰਹੇ ਹਨ, ਦੇਸ਼ ਵਿੱਚ ਨਵੇਂ ਹੌਟਸਪੌਟਸ ਉਭਰਨਗੇ ਤੇ ਸਥਾਨਕ ਸਿਹਤ ਪ੍ਰਣਾਲੀ ਤਣਾਅ ਵਿੱਚ ਆਵੇਗੀ।"

ਡਾ. ਮੁਖਰਜੀ ਨੇ ਦੱਸਿਆ, " ਵੱਖੋ-ਵਖਰੇ ਸੂਬਿਆਂ ਵਿੱਚ ਸਮੇਂ-ਸਮੇਂ 'ਤੇ ਕੋਰੋਨਾ ਸਿਖਰ 'ਤੇ ਪਹੁੰਚੇਗਾ। ਭਾਰਤ ਨੂੰ ਸਚਮੁੱਚ ਸਿਹਤ ਸੰਭਾਲ ਸਮਰੱਥਾ ਵਧਾਉਣ ਦੀ ਲੋੜ ਹੈ।"

ਦੂਜੇ ਸ਼ਬਦਾਂ ਵਿੱਚ, ਭਾਰਤ ਨੂੰ ਤੇਜ਼ੀ ਨਾਲ ਘੱਟ ਰਹੇ ਮਾਮਲਿਆੰ ਵਾਲੇ ਇਲਾਕਿਆਂ ਵਿੱਚੋਂ ਡਾਕਟਰਾਂ, ਸਿਹਤ ਸੰਭਾਲ ਕਰਮਚਾਰੀਆਂ, ਗੀਅਰ, ਦਵਾਈਆਂ, ਵੈਂਟੀਲੇਟਰਾਂ ਨੂੰ ਉਨ੍ਹਾਂ ਥਾਵਾਂ 'ਤੇ ਭੇਜਣ ਦੀ ਲੋੜ ਹੈ ਜਿੱਥੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੋਵੇ।

ਮਾਹਰ ਕਹਿੰਦੇ ਹਨ ਕਿ ਮੋਬਾਈਲ ਸਰੋਤਾਂ ਜਿਵੇਂ ਕਿ ਫ਼ੌਜ ਦੀਆਂ ਮੈਡੀਕਲ ਸੇਵਾਵਾਂ ਨਾਲ ਉਨ੍ਹਾਂ ਨੂੰ ਤੇਜ਼ੀ ਨਾਲ ਉਭਰ ਰਹੇ ਹੌਟਸਪੌਟਸ ਵੱਲ ਲਿਜਾਣ ਵਿੱਚ ਮਦਦ ਮਿਲੇਗੀ। ਉਹ ਕਹਿੰਦੇ ਹਨ ਕਿ ਫ਼ੌਜ ਦੀਆਂ ਮੈਡੀਕਲ ਸੇਵਾਵਾਂ ਵਿੱਚ ਸ਼ਾਨਦਾਰ ਡਾਕਟਰ ਅਤੇ ਸਿਹਤ ਸੰਭਾਲ ਪੇਸ਼ੇਵਰ ਹਨ।

ਕੀ ਭਾਰਤ ਵਿੱਚ ਲੰਬੇ ਸਮੇਂ ਤੱਕ ਲੱਗਣ ਵਾਲਾ ਲੌਕਡਾਊਨ ਮਦਦਗਾਰ ਰਿਹਾ?

ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਵਾਇਰਸ ਦੇ ਅਸਰ ਨੂੰ ਘਟਾਉਣ ਲਈ 25 ਮਾਰਚ ਨੂੰ ਲੌਕਡਾਊਨ ਕਰਨ ਦਾ ਫ਼ੈਸਲਾ ਲੈ ਕੇ ਸਮਝਦਾਰੀ ਕੀਤੀ।

ਡਾ. ਝਾ ਨੇ ਕਿਹਾ, “ਕਿਸੇ ਦੇਸ਼ ਨੇ ਇਹ ਇੰਨੀ ਜਲਦੀ ਨਹੀਂ ਕੀਤਾ। ਇਸ ਨਾਲ ਸਰਕਾਰ ਨੂੰ ਤਿਆਰੀ ਕਰਨ ਤੇ ਮੌਤਾਂ ਨੂੰ ਟਾਲਣ ਦਾ ਸਮਾਂ ਮਿਲ ਗਿਆ।”

ਪਰ ਇਹ ਚਾਰ ਘੰਟਿਆਂ ਦੇ ਨੋਟਿਸ 'ਤੇ ਹੋਇਆ ਜਿਸ ਕਰਕੇ ਪਰਵਾਸੀ ਮਜ਼ਦੂਰ ਘਬਰਾ ਕੇ ਤੇਜ਼ੀ ਨਾਲ ਸ਼ਹਿਰ ਛੱਡਣ ਲੱਗੇ।

ਹੁਣ ਇਸ ਗੱਲ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ ਕਿ ਕੀ ਉਸ ਸਮੇਂ ਦੌਰਾਨ ਸਰਕਾਰਾਂ ਟੈਸਟਾਂ ਨੂੰ ਵਧਾਉਣ ਅਤੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਕਾਮਯਾਬ ਹੋਈਆਂ ਸੀ।

ਇਸ ਮਾਮਲੇ ਵਿੱਚ ਕੇਰਲ ਤੇ ਕਰਨਾਟਕ ਵਰਗੇ ਕੁਝ ਸੂਬੇ ਗੁਜਰਾਤ, ਮਹਾਰਾਸ਼ਟਰ, ਦਿੱਲੀ ਤੇ ਹੋਰਨਾਂ ਨਾਲੋਂ ਬਿਹਤਰ ਕੰਮ ਕੀਤੇ ਜਾਪਦੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਜੇ ਭਾਰਤ ਨੇ ਚੰਗੀ ਤਿਆਰੀ ਕਰ ਲਈ ਹੁੰਦੀ, ਤਾਂ ਮੁੰਬਈ, ਅਹਿਮਦਾਬਾਦ ਅਤੇ ਦਿੱਲੀ ਵਿੱਚ ਤੇਜ਼ੀ ਨਾਲ ਵੱਧ ਰਹੇ ਇਨਫੈਕਸ਼ਨਾਂ 'ਤੇ ਕਾਬੂ ਪਾਉਣ ਵਿੱਚ ਅਸਫ਼ਲਤਾ ਦੇਖਣ ਨੂੰ ਨਹੀਂ ਮਿਲਦੀ।

ਡਾਕਟਰਾਂ ਤੇ ਸਿਹਤ ਕਰਮਚਾਰੀਆਂ ਦੀ ਘਾਟ, ਮਰੀਜ਼ਾਂ ਲਈ ਲੋੜੀਂਦੇ ਬੈੱਡ ਨਾ ਹੋਣਾ ਅਤੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ਵਾਸ ਦੀ ਘਾਟ ਨੇ ਸੂਬਿਆਂ ਨੂੰ ਸੰਘਰਸ਼ ਦੇ ਹਾਲਾਤਾਂ ਵਿੱਚ ਖੜ੍ਹਾ ਕਰ ਦਿੱਤਾ ਹੈ।

ਨਤੀਜੇ ਵਜੋਂ, ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦਾਖ਼ਲ ਹੋਣ ਲਈ ਭੀੜ ਲੱਗੀ ਹੋਈ ਹੈ। ਇਹ ਨਿੱਜੀ ਹਸਪਤਾਲ ਇਸ ਐਮਰਜੈਂਸੀ ਲਈ ਕਦੇ ਪੂਰੀ ਤਰ੍ਹਾਂ ਤਿਆਰ ਨਹੀਂ ਸਨ।

ਅੱਗੇ ਕੀ ਹੋਵੇਗਾ?

ਟੈਸਟਿੰਗ ਦੇ ਮਾਮਲੇ ਵਿੱਚ ਅਸੀਂ ਕਮਜ਼ੋਰ ਰਹੇ।

ਭਾਰਤ ਹੁਣ ਇੱਕ ਦਿਨ ਵਿੱਚ ਤਕਰੀਬਨ 1,50,000 ਨਮੂਨਿਆਂ ਦੀ ਜਾਂਚ ਕਰ ਰਿਹਾ ਹੈ। ਜਦੋਂ ਲੌਕਡਾਊਨ ਸ਼ੁਰੂ ਹੋਇਆ ਤਾਂ ਇਹ ਅੰਕੜਾ ਇੱਕ ਹਜ਼ਾਰ ਦੇ ਕਰੀਬ ਸੀ।

ਪਰ ਇਹ ਅਜੇ ਵੀ ਪ੍ਰਤੀ ਵਿਅਕਤੀ ਟੈਸਟਿੰਗ ਰੇਟ ਦੇ ਹਿਸਾਬ ਨਾਲ ਬਹੁਤ ਘੱਟ ਹੈ।

ਕਈਆਂ ਦਾ ਮੰਨਣਾ ਹੈ ਕਿ 30 ਜਨਵਰੀ ਨੂੰ ਦੇਸ ਵਿੱਚ ਪਹਿਲੇ ਕੇਸ ਦੀ ਰਿਪੋਰਟ ਆਉਣ ਤੋਂ ਬਾਅਦ ਭਾਰਤ ਟੈਸਟਿੰਗ ਦੀ ਸਮਰੱਥਾ ਵਧਾ ਸਕਦਾ ਸੀ।

ਪ੍ਰੋ: ਮੁਖੋਪਾਧਿਆਏ ਨੇ ਕਿਹਾ, “ਸਾਡੇ ਕੋਲ ਸਰੋਤ ਸਨ। ਅਸੀਂ ਇੱਕ ਸਮਰੱਥ ਦੇਸ਼ ਹਾਂ ਜਿਸ ਨੇ ਅੱਗੇ ਦੀ ਸਹੀ ਯੋਜਨਾ ਨਹੀਂ ਬਣਾਈ।”

"ਅਤੇ ਅਸੀਂ ਲੌਕਡਾਊਨ ਦੇ ਸ਼ੁਰੂਆਤੀ ਲਾਭਾਂ ਦਾ ਵੀ ਫ਼ਾਇਦਾ ਨਹੀਂ ਚੁੱਕ ਸਕੇ।”

ਦਿੱਲੀ ਵਿੱਚ ਲਾਗ, ਹਸਪਤਾਲ ਦਾਖਲੇ ਅਤੇ ਮੌਤਾਂ, ਸਭ ਵਿੱਚ ਵਾਧਾ ਹੋਇਆ ਹੈ। ਇਹ ਮਾੜੀ ਯੋਜਨਾ ਦਾ ਇੱਕ ਉਦਾਹਰਣ ਹੈ।

ਆਉਣ ਵਾਲੇ ਹਫ਼ਤਿਆਂ ਵਿੱਚ ਮਾਮਲਿਆਂ ਦੀ ਸੁਨਾਮੀ ਦੇ ਡਰ ਤੋਂ ਸਥਾਨਕ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਕੋਵਿਡ -19 ਦੇ ਮਰੀਜ਼ਾਂ ਨੂੰ ਬੈੱਡ ਅਲਾਟ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਵਿਆਹ ਦੇ ਹਾਲਾਂ, ਸਟੇਡੀਅਮਾਂ ਅਤੇ ਹੋਟਲਾਂ ਵਿੱਚ ਵੀ ਬੈਡਾਂ ਵੀ ਸਹੂਲਤ ਮੁਹਈਆ ਕਰਵਾਈ ਹੈ।

ਪਰ ਮਾਹਿਰ ਇਸ ਨੂੰ ਲੈ ਕੇ ਸੰਦੇਹ ਵਿੱਚ ਹਨ।

ਵਿਆਹ ਦੇ ਹਾਲਾਂ ਅਤੇ ਸਟੇਡੀਅਮਾਂ ਵਿੱਚ ਪਾਈਪ ਆਕਸੀਜਨ ਨੂੰ ਘੱਟ ਸਮੇਂ ਵਿੱਚ ਕਿਵੇਂ ਯਕੀਨੀ ਬਣਾਇਆ ਜਾਵੇਗਾ? ਡਾਕਟਰ ਅਤੇ ਨਰਸਾਂ ਕਿੱਥੋਂ ਆਉਣਗੇ? ਜੇ ਸ਼ਹਿਰ ਦਾ ਹਰ ਆਈਸੀਯੂ ਭਰਿਆ ਹੋਇਆ ਹੈ, ਤਾਂ ਹੋਰ ਗੰਭੀਰ ਹਾਲਾਤਾਂ ਵਾਲੇ ਮਰੀਜ਼ਾਂ ਦੀ ਦੇਖਭਾਲ ਕਿਵੇਂ ਕੀਤੀ ਜਾਵੇਗੀ।

ਅੰਤ ਵਿੱਚ, ਮਾਹਿਰਾਂ ਦਾ ਕਹਿਣਾ ਹੈ ਕਿ ਅਫਸਰਸ਼ਾਹੀ ਰਵਈਏ ਅਤੇ ਅਧੂਰੀ ਯੋਜਨਾਬੰਦੀ ਦੁਆਰਾ ਜਨਤਕ ਸਿਹਤ ਐਮਰਜੈਂਸੀ ਨੂੰ ਸੰਭਾਲਣਾ ਮੁਸ਼ਕਲ ਹੈ।

ਜੇ ਸਰਕਾਰ ਲਾਗ ਦੇ ਨਿਰੰਤਰ ਖ਼ਤਰੇ ਬਾਰੇ ਸਪੱਸ਼ਟ ਤੌਰ 'ਤੇ ਗੱਲਬਾਤ ਕਰਨ ਵਿੱਚ ਅਸਫ਼ਲ ਰਹਿੰਦੀ ਹੈ, ਤਾਂ ਸਮਾਜਕ ਦੂਰੀ ਅਤੇ ਸਫ਼ਾਈ ਬਣਾ ਕੇ ਰੱਖਣ ਵਰਗੀਆਂ ਕੋਸ਼ਿਸ਼ਾਂ ਪਾਣੀ ਹੋ ਜਾਣਗੀਆਂ।

ਡਾ. ਝਾ ਨੇ ਕਿਹਾ, “ਇਹ ਬਹੁਤ ਮੁਸ਼ਕਲ ਸਥਿਤੀ ਹੈ।”

"ਅਸੀਂ ਅਜੇ ਵੀ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਹਾਂ ਅਤੇ ਇਸ ਦੇ ਘੱਟਣ ਵਿੱਚ ਅਜੇ ਕਾਫ਼ੀ ਸਮਾਂ ਲੱਗੇਗਾ। ਪ੍ਰਸ਼ਨ ਇਹ ਉੱਠਦਾ ਹੈ ਕਿ ਭਾਰਤ ਦੀ ਆਉਣ ਵਾਲੇ 12-16 ਮਹੀਨਿਆਂ ਦੀ ਕੀ ਯੋਜਨਾ ਹੈ?"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)