You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਤੇ ਲੌਕਡਾਊਨ ਖ਼ਤਮ ਹੋਣ ਮਗਰੋਂ ਕਿਹੋ ਜਿਹਾ ਹੋਵੇਗਾ ਧਰਮ ਦਾ ਭਵਿੱਖ
- ਲੇਖਕ, ਜ਼ੂਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਕੋਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਵਿੱਚ ਮੰਦਰ, ਮਸਜਿਦ, ਗੁਰਦੁਆਰੇ ਅਤੇ ਹੋਰ ਧਾਰਮਿਕ ਅਸਥਾਨ ਬੰਦ ਹੋਏ ਸਨ ਤਾਂ ਟੈਲੀਵਿਜ਼ਨ 'ਤੇ 'ਰਾਮਾਇਣ' ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਸੀ।
'ਰਾਮਾਇਣ' ਵਿੱਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਕਲਿਆ ਟੋਪੀਵਾਲਾ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਬਾਅਦ ਦੁਨੀਆਂ ਵਿੱਚ ਅਧਿਆਤਮਕਤਾ ਜ਼ਿਆਦਾ ਪ੍ਰਭਾਵੀ ਸ਼ਕਤੀ ਹੋਵੇਗੀ।
ਉਨ੍ਹਾਂ ਦਾ ਮੰਨਣਾ ਹੈ ਕਿ ਮਹਾਮਾਰੀ ਦੇ ਸਿੱਟੇ ਵਜੋਂ ਭਾਰਤੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ 'ਕੁਦਰਤ ਅਤੇ ਅਧਿਆਤਮਕਤਾ' ਵੱਲ ਮੁੜ ਸਕਦਾ ਹੈ।
ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਤੁਹਾਨੂੰ ਹੁਣ ਪਾਰਕ ਵਿੱਚ ਜ਼ਿਆਦਾ ਲੋਕ ਮੈਡੀਟੇਸ਼ਨ ਕਰਦੇ ਹੋਏ ਮਿਲਣਗੇ।''
ਅਜਮੇਰ ਵਿਖੇ ਸਥਿਤ 13ਵੀਂ ਸਦੀ ਦੇ ਸੂਫੀ ਸੰਤ ਖਵਾਜਾ ਮੋਇਨੁਦੀਨ ਚਿਸ਼ਤੀ ਦੀ ਦਰਗਾਹ ਦੀ ਸੇਵਾ ਸੰਭਾਲ ਕਰਨ ਵਾਲੇ ਸਈਦ ਗੁਹਾਰ ਨੇ ਵਾਇਰਸ ਨੂੰ 'ਅੱਲ੍ਹਾ ਦਾ ਕਹਿਰ' ਕਿਹਾ।
ਉਨ੍ਹਾਂ ਦੇ ਭਾਈਚਾਰੇ ਵਿੱਚ ਅਜਿਹੇ ਲੋਕ ਅਤੇ ਧਾਰਮਿਕ ਨੇਤਾ ਹਨ ਜੋ ਮੰਨਦੇ ਹਨ ਕਿ ਮਸਜਿਦ ਵਿੱਚ ਪ੍ਰਵੇਸ਼ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ।
ਕਈ ਲੋਕਾਂ ਨੇ ਵਾਇਰਸ ਨੂੰ ਮਾਤ ਦੇਣ ਲਈ ਗਾਂ ਦੇ ਮੂਤਰ ਦੇ ਸੇਵਨ ਦੀ ਸਲਾਹ ਦਿੱਤੀ ਹੈ।
ਦਿੱਲੀ ਸਥਿਤ ਸੈਂਟਰ ਫਾਰ ਦਿ ਸਟੱਡੀ ਆਫ ਡਿਵੈਲਪਿੰਗ ਸੁਸਾਈਟੀਜ਼ (ਸੀਐੱਸਡੀਐੱਸ) ਦੇ ਡਾ. ਹਿਲਾਲ ਅਹਿਮਦ ਕਹਿੰਦੇ ਹਨ ਕਿ 'ਆਧੁਨਿਕ ਧਰਮਾਂ ਦਾ ਵਿਗਿਆਨ ਨਾਲ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਨੇ ਵਿਗਿਆਨ ਨੂੰ ਮਿਲ ਕੇ ਅਪਣਾਇਆ ਹੈ।''
ਜਦੋਂ ਉਹ ਕੁਝ ਅਣਕਿਆਸੀ ਸਥਿਤੀ ਦਾ ਸਾਹਮਣਾ ਕਰਦੇ ਹਨ ਤਾਂ ਉਹ ਹਮੇਸ਼ਾਂ ਕਹਿੰਦੇ ਹਨ, ''ਉਨ੍ਹਾਂ ਦੇ ਧਰਮ ਵਿੱਚ ਇਹ ਹਮੇਸ਼ਾਂ ਤੋਂ ਸੀ।''
ਧਰਮਾਂ ਲਈ ਨਵੇਂ ਹਾਲਾਤ ਬਣਨਾ
ਅਨਿਸ਼ਚਿਤਤਾਵਾਂ ਦੁਖਦਾਇਕ ਹਨ, ਪਰ ਆਖਰ ਲੋਕਾਂ ਨੂੰ ਇਸ ਸੱਚਾਈ ਨਾਲ ਰਹਿਣਾ ਸ਼ੁਰੂ ਕਰਨਾ ਹੋਵੇਗਾ। ਖਾਸ ਕਰਕੇ ਉਸ ਵੇਲੇ ਤੱਕ ਜਦੋਂ ਤੱਕ ਕਿ ਇਸ ਲਈ ਕੋਈ ਵੈਕਸੀਨ ਵਿਕਸਤ ਨਹੀਂ ਹੁੰਦੀ ਅਤੇ ਹਰੇਕ ਇਨਸਾਨ ਤੱਕ ਇਸ ਦੀ ਪਹੁੰਚ ਨਹੀਂ ਹੁੰਦੀ।
ਮਾਹਰ ਕਹਿੰਦੇ ਹਨ ਕਿ ਇਸ ਵਿੱਚ ਮਹੀਨੇ ਜਾਂ ਕਈ ਸਾਲ ਵੀ ਲੱਗ ਸਕਦੇ ਹਨ।
ਹਾਲਾਂਕਿ ਇਹ ਅਨੁਮਾਨ ਲਗਾਉਣਾ ਮੁਸ਼ਕਲ ਹੈ ਕਿ ਕੀ ਭਾਰਤੀ ਸਮਾਜ ਜ਼ਿਆਦਾ ਧਾਰਮਿਕ ਬਣ ਜਾਵੇਗਾ ਜਾਂ ਜ਼ਿਆਦਾ ਵਿਗਿਆਨਕ ਸੁਭਾਅ ਵਿਕਸਤ ਕਰੇਗਾ।
ਹਫ਼ੜਾ-ਦਫ਼ੜੀ ਵਿੱਚ ਅਸੀਂ ਕਈ ਰੁਝਾਨਾਂ ਨੂੰ ਪੈਦਾ ਹੁੰਦੇ ਦੇਖ ਸਕਦੇ ਹਾਂ।
ਦਿੱਲੀ ਦੀ ਸਮਾਜਿਕ ਕਾਰਕੁਨ ਗੀਤਾ ਸ਼ਰਮਾ ਇੱਕ ਸੁਚੇਤ ਅਤੇ ਆਤਮਨਿਰਭਰ ਔਰਤ ਹੈ। ਲੌਕਡਾਊਨ ਦੌਰਾਨ ਉਨ੍ਹਾਂ ਨੇ ਬਿਨਾਂ ਜ਼ਿਆਦਾ ਸ਼ਿਕਾਇਤਾਂ ਦੇ ਆਪਣਾ ਜੀਵਨ ਬਤੀਤ ਕੀਤਾ।
ਉਨ੍ਹਾਂ ਦੀ ਤਾਕਤ ਕੀ ਹੈ? ਉਹ ਹੈ 'ਮੈਡੀਟੇਸ਼ਨ।' ਗੀਤਾ ਨੂੰ ਲੱਗਦਾ ਹੈ ਕਿ ਉਹ ਹੁਣ ਜ਼ਿਆਦਾ ਅਧਿਆਤਮਕ ਹੋ ਗਏ ਹਨ।
ਉਹ ਕਹਿੰਦੇ ਹਨ, ''ਜੇਕਰ ਮੈਂ ਮੌਜੂਦਾ ਸਥਿਤੀ ਬਾਰੇ ਗੱਲ ਕਰਾਂ ਤਾਂ ਈਸ਼ਵਰ ਨੇ ਸਾਨੂੰ ਅਧਿਆਤਮਕਤਾ ਦਾ ਵਿਕਲਪ ਚੁਣਨ ਦਾ ਮੌਕਾ ਦਿੱਤਾ ਹੈ।''
ਗੀਤਾ ਦੇ ਕਰੀਅਰ ਦਾ ਪਿਛੋਕੜ ਪੱਤਰਕਾਰੀ ਵਾਲਾ ਹੈ, ਉਹ ਆਫ਼ਤਾਂ ਦੇ ਸਮੇਂ ਖ਼ੁਦ ਨਾਲ ਰਹਿਣਾ ਪਸੰਦ ਕਰਦੇ ਹਨ।
ਉਹ ਮਹਾਂਮਾਰੀ ਬਾਰੇ ਦ੍ਰਿੜ੍ਹਤਾ ਨਾਲ ਕਹਿੰਦੇ ਹਨ, ''ਕੋਰੋਨਾ ਇੱਕ ਸਬਕ ਹੈ, ਸਰਾਪ ਨਹੀਂ। ਮੈਡੀਟੇਸ਼ਨ ਇਸ ਦਾ ਜਵਾਬ ਹੈ।''
ਯੋਗ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ ਜੋ ਬੰਗਲੁਰੂ ਵਿੱਚ ਇੱਕ ਵਿਸ਼ਾਲ ਆਸ਼ਰਮ ਚਲਾਉਂਦੇ ਹਨ। ਉਨ੍ਹਾਂ ਦੇ ਦੁਨੀਆਂ ਭਰ ਵਿੱਚ ਲੱਖਾਂ ਪੈਰੋਕਾਰ ਹਨ।
ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਮਹਾਂਮਾਰੀ ਨਾਲ ਨਜਿੱਠਣ ਲਈ ਮੈਡੀਟੇਸ਼ਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।
ਦੂਜੇ ਪਾਸੇ ਸਈਦ ਗੁਹਾਰ ਕਹਿੰਦੇ ਹਨ, ''ਮੇਰਾ ਮੰਨਣਾ ਹੈ ਕਿ ਲੋਕ ਜ਼ਿਆਦਾ ਅਧਿਆਤਮਕ ਹੋ ਜਾਣਗੇ ਅਤੇ ਪਰਮਾਤਮਾ ਦੇ ਨਜ਼ਦੀਕ ਹੋ ਜਾਣਗੇ।''
ਔਨਲਾਈਨ ਪ੍ਰਾਰਥਨਾਵਾਂ ਹੋਣਗੀਆਂ
ਦੇਸ਼ ਵਿੱਚ ਲੌਕਡਾਊਨ ਦੌਰਾਨ ਦੋ ਮਹੀਨੇ ਲਈ ਲਗਭਗ ਸਾਰੀਆਂ ਮਸਜਿਦਾਂ, ਮੰਦਰਾਂ, ਚਰਚਾਂ ਅਤੇ ਗੁਰਦੁਆਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਹਾਲ ਹੀ ਵਿੱਚ 8 ਜੂਨ ਨੂੰ ਕਈ ਸਥਾਨਾਂ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ, ਪਰ ਕਈ ਪਾਬੰਦੀਆਂ ਅਤੇ ਦਿਸ਼ਾ ਨਿਰਦੇਸ਼ਾਂ ਨਾਲ ।
ਧਾਰਮਿਕ ਖੇਤਰ ਵਿੱਚ ਵੀ ਸਮਾਜਿਕ ਦੂਰੀ ਇੱਕ ਆਦਰਸ਼ ਬਣਨ ਦੀ ਉਮੀਦ ਹੈ, ਜਿੱਥੇ ਭਾਈਚਾਰੇ ਦਾ ਵੱਡਾ ਅਤੇ ਜ਼ਿਆਦਾ ਮਿਲਿਆ ਜੁਲਿਆ ਇਕੱਠ ਹੁੰਦਾ ਸੀ।
ਮਹਾਰਾਸ਼ਟਰ ਵਰਗੇ ਰਾਜ ਵਿੱਚ ਅਜੇ ਵੀ ਧਾਰਮਿਕ ਅਸਥਾਨ ਜਨਤਾ ਲਈ ਨਹੀਂ ਖੋਲ੍ਹੇ ਗਏ ਹਨ, ਪਰ ਇਹ ਸ਼ਰਧਾਲੂਆਂ ਨੂੰ ਇੰਟਰਨੈਂਟ ਰਾਹੀਂ ਤੀਰਥ ਸਥਾਨਾਂ 'ਤੇ ਜਾਣ ਤੋਂ ਨਹੀਂ ਰੋਕਦਾ।
ਰਾਜਸਥਾਨ ਦੇ ਕੋਟਾ ਵਿੱਚ ਇੱਕ ਦੁਕਾਨਦਾਰ ਖੁਰਸ਼ੀਦ ਆਲਮ ਖਵਾਜਾ ਮੋਇਨੁਦੀਨ ਚਿਸ਼ਤੀ ਦੀ ਦਰਗਾਹ 'ਤੇ ਜਾਂਦੇ ਹਨ।
ਉਹ ਕਹਿੰਦੇ ਹਨ, ''ਮੈਂ ਦਰਗਾਹ ਤਾਂ ਨਹੀਂ ਜਾ ਸਕਦਾ, ਇਸ ਲਈ ਮੈਂ ਸਮੇਂ ਸਮੇਂ 'ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਵੀਡੀਓ ਕਾਲ ਕਰਦਾ ਹਾਂ।''
ਉਨ੍ਹਾਂ ਵਰਗੇ ਲੋਕ ਹਨ ਜੋ ਆਪਣੀਆਂ ਅਧਿਆਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀਡੀਓ ਸੇਵਾਵਾਂ ਦਾ ਉਪਯੋਗ ਕਰ ਰਹੇ ਹਨ।
ਲੌਕਡਾਊਨ ਕਾਰਨ ਇਸ ਤੀਰਥ ਅਸਥਾਨ ਦੇ ਬੰਦ ਹੋਣ 'ਤੇ ਸ਼ਰਧਾਲੂਆਂ ਵੱਲੋਂ ਔਨਲਾਈਨ ਨਜ਼ਰਾਨੇ (ਭੇਟਾ) ਲਈ ਬੇਨਤੀਆਂ ਕੀਤੀਆਂ ਗਈਆਂ ਹਨ।
ਸਈਦ ਗੁਹਾਰ ਦਾ ਅਨੁਮਾਨ ਹੈ ਕਿ ਇਸ ਰੁਝਾਨ ਵਿੱਚ ਵਾਧਾ ਜਾਰੀ ਰਹਿ ਸਕਦਾ ਹੈ। ਉਨ੍ਹਾਂ ਨੇ ਕਿਹਾ ''ਸਾਡੇ ਕੋਲ ਪਹਿਲਾਂ ਤੋਂ ਹੀ ਔਨਲਾਈਨ ਸੇਵਾਵਾਂ ਹਨ, ਪਰ ਮੈਨੂੰ ਲੱਗਦਾ ਹੈ ਕਿ ਕੋਰੋਨਾ ਤੋਂ ਬਾਅਦ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਇਨ੍ਹਾਂ ਸੇਵਾਵਾਂ ਵਿੱਚ ਉਛਾਲ ਆਵੇਗਾ।''
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਦਾ ਕਹਿਣਾ ਹੈ ਕਿ ਸਿੱਖ ਸ਼ਰਧਾਲੂ ਵੱਡੀ ਮਾਤਰਾ ਵਿੱਚ ਹਰਿਮੰਦਰ ਸਾਹਿਬ ਵਾਪਸ ਆਉਣਾ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ, "ਬਿਨਾਂ ਸ਼ੱਕ ਦੁਨੀਆਂ ਭਰ ਤੋਂ ਲੋਕ ਇੱਥੇ ਆਉਣਾ ਚਾਹੁੰਦੇ ਹਨ, ਪਰ ਮੈਨੂੰ ਲੱਗਦਾ ਹੈ ਕਿ ਸਭ ਕੁਝ ਆਮ ਹੋਣ ਤੋਂ ਬਾਅਦ ਵੀ ਕੁਝ ਪਾਬੰਦੀਆਂ ਅਜੇ ਵੀ ਜਾਰੀ ਰਹਿਣਗੀਆਂ।''
ਪੋਪ ਫਰਾਂਸਿਸ ਦੇ ਮਾਸ ਅਤੇ ਹਫ਼ਤਾਵਰੀ ਉਪਦੇਸ਼ ਵੈਟੀਕਨ ਤੋਂ ਸਿੱਧੇ ਪ੍ਰਸਾਰਿਤ ਕੀਤੇ ਜਾ ਰਹੇ ਹਨ। ਅਮਰੀਕਾ ਵਿੱਚ ਚਰਚਾਂ ਅਤੇ ਇਜ਼ਰਾਇਲ ਵਿੱਚ ਪ੍ਰਾਰਥਨਾ ਸਥਾਨਾਂ ਤੋਂ ਵੀ ਧਾਰਮਿਕ ਸੇਵਾਵਾਂ ਦਾ ਸਿੱਧਾ ਪ੍ਰਸਾਰਣ ਸ਼ੁਰੂ ਹੋ ਗਿਆ ਹੈ।
ਮੱਕਾ ਵਿੱਚ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨ ਵਿੱਚ ਵਿਸ਼ਾਲ ਮਸਜਿਦ ਬੰਦ ਹੈ। ਸਿਰਫ਼ ਦਿਨ ਵਿੱਚ ਪੰਜ ਵਾਰ ਇੱਥੋਂ ਕੀਤਾ ਜਾਣ ਵਾਲਾ 'ਅਜ਼ਾਨ' ਦਾ ਸਿੱਧਾ ਪ੍ਰਸਾਰਣ ਮੱਕਾ ਦੀ ਹਵਾ ਦੀ ਭਿਆਨਕ ਚੁੱਪ ਨੂੰ ਤੋੜਦਾ ਹੈ।
ਧਰਮ ਦੀ ਆਰਥਿਕਤਾ
ਧਾਰਮਿਕ ਅਸਥਾਨਾਂ ਅਤੇ ਸੰਸਥਾਨਾਂ ਦੇ ਅਚਾਨਕ ਬੰਦ ਹੋਣ ਨਾਲ ਇਨ੍ਹਾਂ ਧਾਰਮਿਕ ਅਸਥਾਨਾਂ ਨੂੰ ਸ਼ਰਧਾਲੂਆਂ ਤੋਂ ਪ੍ਰਾਪਤ ਹੋਣ ਵਾਲੇ ਦਾਨ ਵਿੱਚ ਵੀ ਭਾਰੀ ਗਿਰਾਵਟ ਆਈ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਹਨ, ''ਪਹਿਲਾਂ ਹਰ ਦਿਨ ਹਜ਼ਾਰਾਂ ਲੋਕ ਗੁਰਦੁਆਰਾ ਸਾਹਿਬ ਜਾਂਦੇ ਸਨ ਅਤੇ ਉਹ ਦਾਨ ਪੇਟੀ ਵਿੱਚ ਕੁਝ ਨਾ ਕੁਝ ਪੈਸੇ ਪਾਉਂਦੇ ਸਨ। ਹੁਣ ਪੈਸੇ ਦੀ ਆਮਦ ਬਿਲਕੁਲ ਬੰਦ ਹੋ ਗਈ ਹੈ।''
ਸਿਰਸਾ ਨੇ ਕਿਹਾ ਕਿ ਕਮੇਟੀ ਲਈ ਸ਼ਾਇਦ ਇਹ ਸਭ ਤੋਂ 'ਚੁਣੌਤੀਪੂਰਨ ਸਮਾਂ' ਹੈ ਅਤੇ ਉਹ ਹਰ ਦਿਨ ਔਨਲਾਈਨ ਅਤੇ ਟੀਵੀ 'ਤੇ ਦਾਨ ਦੇਣ ਦੀ ਅਪੀਲ ਕਰਦੇ ਹਨ।
ਦਿੱਲੀ ਦੇ ਸਭ ਤੋਂ ਵੱਡੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਲੌਕਡਾਊਨ ਤੋਂ ਪਹਿਲਾਂ ਇੱਥੇ ਵਾਲੰਟੀਅਰ ਅਤੇ ਸਟਾਫ ਵੱਲੋਂ ਲੰਗਰ ਲਈ ਰੋਜ਼ਾਨਾ ਹਜ਼ਾਰਾਂ ਵਿਅਕਤੀਆਂ ਲਈ ਭੋਜਨ ਤਿਆਰ ਕੀਤਾ ਜਾਂਦਾ ਸੀ।
ਹਫ਼ਤੇ ਦੇ ਅੰਤ ਵਿੱਚ ਇਹ ਗਿਣਤੀ ਲਗਭਗ ਇੱਕ ਲੱਖ ਹੋ ਜਾਂਦੀ ਹੈ।
ਪਰ ਹੁਣ ਦੇਸ਼ ਵਿੱਚ ਲੌਕਡਾਊਨ ਨਾਲ ਅਤੇ ਗਰੀਬ ਬੇਰੁਜ਼ਗਾਰ ਹੋ ਗਏ ਹਨ ਅਤੇ ਜੀਵਨ ਨੂੰ ਚੱਲਦਾ ਰੱਖਣ ਲਈ ਉਨ੍ਹਾਂ ਕੋਲ ਗੁਰਦੁਆਰੇ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ ਹੈ।
ਸਿਰਸਾ ਨੇ ਅੱਗੇ ਕਿਹਾ, ''ਸਾਨੂੰ ਉਮੀਦ ਹੈ ਕਿ ਜਦੋਂ ਇੱਕ ਵਾਰ ਲੌਕਡਾਊਨ ਖ਼ਤਮ ਹੋ ਗਿਆ ਤਾਂ ਇਹ ਗਿਣਤੀ ਦੋ ਜਾਂ ਤਿੰਨ ਗੁਣਾ ਵਧ ਜਾਵੇਗੀ।''
ਸਿਰਸਾ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਧਾਰਮਿਕ ਅਸਥਾਨਾਂ ਦੇ ਖੁੱਲ੍ਹਣ ਦੇ ਬਾਅਦ ਵੀ ਮੁੱਠੀ ਭਰ ਲੋਕ ਹੀ ਕੋਵਿਡ ਦੇ ਬਾਅਦ ਦੀ ਦੁਨੀਆਂ ਵਿੱਚ ਇੱਥੇ ਆਉਣਗੇ, ਜਿਸਦਾ ਅਰਥ ਹੈ ਕਿ ਗੁਰਦੁਆਰੇ ਕੋਲ ਕੋਰੋਨਾਵਾਇਰਸ ਕਹਿਰ ਤੋਂ ਪਹਿਲਾਂ ਜਿੰਨਾ ਪੈਸਾ ਸੀ, ਉਸਨੂੰ ਇਕੱਠਾ ਕਰਨ ਦੇ ਸਮਰੱਥ ਹੋਣ ਵਿੱਚ ਕਈ ਸਾਲ ਲੱਗ ਸਕਦੇ ਹਨ।
ਹੁਣ ਗੁਰਦੁਆਰੇ ਵਿੱਚ ਪਹਿਲਾਂ ਦੇ ਮੁਕਾਬਲੇ ਕੁੱਲ ਰਾਸ਼ੀ ਵਿੱਚ ਭਾਰੀ ਗਿਰਾਵਟ ਆਈ ਹੈ।
ਦੇਸ਼ ਅਤੇ ਦੁਨੀਆਂ ਦੇ ਵੱਖਰੇ ਹਿੱਸਿਆਂ ਤੋਂ ਸਾਰੇ ਧਰਮਾਂ ਦੇ ਲੋਕਾਂ ਤੋਂ ਪ੍ਰਾਪਤ ਹੋਏ ਔਨਲਾਈਨ ਦਾਨ ਕਾਰਨ ਉਨ੍ਹਾਂ ਨੂੰ ਆਪਣਾ ਕੰਮ ਜਾਰੀ ਰੱਖਣ ਵਿੱਚ ਮਦਦ ਮਿਲੀ ਹੈ।
ਉਨ੍ਹਾਂ ਨੇ ਕਿਹਾ, ''ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਧਾਰਮਿਕ ਸੰਸਥਾਨ ਦੇ ਬੰਦ ਹੋਣ ਦੇ ਬਾਵਜੂਦ ਲੋਕਾਂ ਦੀ ਮਨੁੱਖਤਾ ਦੀ ਸੇਵਾ ਕਰਨ ਦੀ ਭਾਵਨਾ ਬੰਦ ਨਹੀਂ ਹੋਈ ਹੈ।''
ਇਹ ਵੀਡੀਓ ਵੀ ਦੇਖੋ