ਕੋਰੋਨਾਵਾਇਰਸ ਪੌਜ਼ਿਟਿਵ ਮਾਵਾਂ ਦੇ ਨਵਜੰਮੇ ਬੱਚੇ ਨੂੰ ਦੁੱਧ ਚੁੰਘਾਉਣ ਬਾਰੇ WHO ਕੀ ਕਹਿੰਦਾ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਐਡਹਾਨੋਮ ਗਿਬਰਿਏਸੋਸ ਅਦਾਨੋਮ ਨੇ ਕੋਰੋਨਾ ਪੌਜ਼ਿਟੀਵ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਵਜੰਮੇ ਬੱਚਿਆਂ ਨੂੰ ਦੁੱਧ ਚੁੰਘਾਉਣਾ ਜਾਰੀ ਰੱਖਣ।

ਜਿਨੇਵਾ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਮਾਮਲੇ ਦਾ ਅਧਿਐਨ ਕੀਤਾ ਹੈ ਅਤੇ ਪਾਇਆ ਹੈ ਕਿ ਵਾਇਰਸ ਦੀ ਲਾਗ ਦੇ ਖ਼ਤਰੇ ਦੀ ਤੁਲਨਾ ਵਿੱਚ ਬੱਚੇ ਲਈ ਮਾਂ ਦੇ ਦੁੱਧ ਦੇ ਫ਼ਾਇਦੇ ਜ਼ਿਆਦਾ ਹਨ।

ਉਨ੍ਹਾਂ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਵੱਡਿਆਂ ਦੇ ਮੁਕਾਬਲੇ ਬੱਚਿਆਂ ਨੂੰ ਕੋਵਿਡ-19 ਦਾ ਖ਼ਤਰਾ ਵਧੇਰੇ ਹੁੰਦਾ ਹੈ ਪਰ ਦੂਜੇ ਪਾਸੇ ਅਜਿਹੀਆਂ ਕਈ ਬੀਮਾਰੀਆਂ ਹਨ ਜਿਨ੍ਹਾਂ ਨਾਲ ਬੱਚੇ ਨੂੰ ਵਧੇਰੇ ਖ਼ਤਰਾ ਹੋ ਸਕਦਾ ਹੈ ਅਤੇ ਮਾਂ ਦੇ ਦੁੱਧ ਨਾਲ ਅਜਿਹੀਆਂ ਬੀਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਮੌਜੂਦਾ ਸਬੂਤਾਂ ਦੇ ਅਧਾਰ ਉੱਪਰ ਸੰਗਠਨ ਇਹ ਸਲਾਹ ਦਿੰਦਾ ਹੈ ਕਿ ਵਾਇਰਸ ਦੀ ਲਾਗ ਦੇ ਖ਼ਤਰੇ ਨਾਲੋਂ ਮਾਂ ਦੇ ਦੁੱਧ ਦੇ ਫ਼ਾਇਦੇ ਜ਼ਿਆਦਾ ਹਨ।”

ਡਾ਼ ਅਦਾਨੋਮ ਨੇ ਕਿਹਾ, “ਜਿਨ੍ਹਾਂ ਮਾਵਾਂ ਨੂੰ ਕੋਰੋਨਾ ਦੀ ਲਾਗ ਹੋਣ ਦਾ ਸ਼ੱਕ ਹੈ ਜਾਂ ਫਿਰ ਜਿਨ੍ਹਾਂ ਦੇ ਲਾਗ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਨੂੰ ਬੱਚਿਆਂ ਨੂੰ ਦੁੱਧ ਚੁੰਘਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਜੇ ਮਾਂ ਦੀ ਸਿਹਤ ਬਹੁਤੀ ਗੰਭੀਰ ਨਹੀਂ ਹੈ ਤਾਂ ਨਵਜਾਤ ਨੂੰ ਮਾਂ ਤੋਂ ਦੂਰ ਨਹੀਂ ਕੀਤਾ ਜਾਣਾ ਚਾਹੀਦਾ।”

ਵਿਸ਼ਵ ਸਿਹਤ ਸੰਗਠਨ ਵਿੱਚ ਪ੍ਰਜਨਣ ਸਿਹਤ ਮਾਮਲਿਆਂ ਦੇ ਸਲਾਹਕਾਰ ਡਾ਼ ਅੰਸ਼ ਬੈਨਰਜੀ ਨੇ ਕਿਹਾ ਹੈ,“ ਹੁਣ ਤੱਕ ਅਸੀਂ ਮਾਂ ਦੇ ਦੁੱਧ ਵਿੱਚ ਕਿਸੇ ਵੀ ਜ਼ਿੰਦਾ ਵਾਇਰਸ ਦੀ ਹੋਂਦ ਦਾ ਪਤਾ ਨਹੀਂ ਲਾ ਸਕੇ ਹਾਂ। ਕਈ ਮਾਮਲੇ ਹਨ ਜਿਨ੍ਹਾਂ ਵਿੱਚ ਮਾਂ ਦੇ ਦੁੱਧ ਵਿੱਚ ਵਾਇਰਸ ਦੇ ਆਰਐੱਨਏ ਦੇ ਅੰਸ਼ ਮਿਲੇ ਹਨ ( ਕੋਰੋਨਾਵਾਇਰਸ ਆਰਐੱਨਏ ਮਤਲਬ ਪ੍ਰੋਟੀਨ ਮੌਲੀਕਿਊਲ ਤੋਂ ਬਣਿਆ ਹੈ।) ਲੇਕਿਨ ਹੁਣ ਤੱਕ ਸਾਨੂੰ ਅਸਲ ਵਿੱਚ ਮਾਂ ਦੇ ਦੁੱਧ ਵਿੱਚ ਕੋਈ ਵਾਇਰਸ ਨਹੀਂ ਮਿਲਿਆ ਹੈ। ਇਸ ਵਜ੍ਹਾ ਕਰ ਕੇ ਮਾਂ ਤੋਂ ਬੱਚੇ ਨੂੰ ਕੋਰੋਨਾ ਦੀ ਲਾਗ ਦਾ ਖ਼ਤਰਾ ਸਾਬਤ ਨਹੀਂ ਕੀਤਾ ਜਾ ਸਕਿਆ ਹੈ।”

ਮਾਂ ਦਾ ਦੁੱਧ ਸਭ ਤੋਂ ਵਧੀਆ ਖ਼ੁਰਾਕ

ਉੱਥੇ ਹੀ ਅਮਰੀਕਾ ਦੇ ਸੈਂਟਰ ਆਫ਼ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ ਨਵਜੰਮੇ ਬੱਚੇ ਲਈ ਮਾਂ ਦਾ ਦੁੱਧ ਹੀ ਸਭ ਤੋਂ ਵਧੀਆ ਖ਼ੁਰਾਕ ਹੈ।

CDC ਦਾ ਇਹ ਵੀ ਕਹਿਣਾ ਹੈ ਕਿ ਹਾਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਮਾਂ ਤੋਂ ਦੁੱਧ ਰਾਹੀਂ ਬੱਚੇ ਨੂੰ ਵਾਇਰਸ ਦੀ ਲਾਗ ਲੱਗ ਸਕਦੀ ਹੈ ਜਾਂ ਨਹੀਂ ਪਰ ਜੋ ਸੀਮਤ ਡਾਟ ਉਪਲਭਦ ਹੈ ਉਸ ਮੁਤਾਬਕ ਇਸ ਦੀ ਸੰਭਾਵਨਾ ਨਹੀਂ ਹੈ।

ਸੀਡੀਸੀ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ ਮਾਂ ਤੋਂ ਬੱਚੇ ਨੂੰ ਲਾਗ ਨਾ ਲੱਗੇ ਇਸ ਲਈ ਮਾਂ ਨੂੰ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ ਅਤੇ ਆਪਣਾ ਮੂੰਹ ਢਕ ਕੇ ਰੱਖਣਾ ਚਾਹੀਦਾ ਹੈ।

ਇਸ ਮਸਲੇ ’ਤੇ ਬ੍ਰਿਟੇਨ ਦੀ ਸਰਕਾਰੀ ਸਿਹਤ ਸੇਵਾ ਐੱਨਐੱਚਐੱਸ ਦੀ ਸਲਾਹ ਵੀ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਵਾਲੀ ਹੀ ਹੈ।

NHS ਮੁਤਾਬਕ ਹੁਣ ਤੱਕ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਮਾਂ ਦੇ ਦੁੱਧ ਤੋਂ ਬੱਚੇ ਨੂੰ ਕੋਰੋਨਾ ਦੀ ਲਾਗ ਦਾ ਖ਼ਤਰਾ ਹੋ ਸਕਦਾ ਹੈ।

ਦੁੱਧ ਚੁੰਘਾਉਂਦੇ ਸਮੇਂ ਬੱਚੇ ਨਾਲ ਨਜ਼ਦੀਕੀ ਤੋਂ ਖ਼ਤਰਾ ਹੋ ਸਕਦਾ ਹੈ। ਇਸ ਲਈ ਡਾਕਟਰ ਨਾਲ ਸਲਾਹ ਜਰੂਰ ਕਰਨੀ ਚਾਹੀਦੀ ਹੈ।

ਭਾਰਤ ਦੀ ਆਈਸੀਐੱਮਆਰ ਮੁਤਾਬਕ ਕੋਰੋਨਾ ਮਰੀਜ਼ ਮਾਂ ਜੇ ਬੱਚੇ ਨੂੰ ਦੁੱਧ ਚੁੰਘਾਉਣਾ ਚਾਹੁੰਦੀ ਹੈ ਤਾਂ ਚੰਗੀ ਤਰ੍ਹਾਂ ਹੱਥ-ਮੂੰਹ ਢਕਣ ਲਈ ਕਹਿਣਾ ਚਾਹੀਦਾ ਹੈ।

ਆਈਸੀਐੱਮਆਰ ਮੁਤਾਬਕ ਵੀ ਹੁਣ ਤੱਕ ਮਾਂ ਦੇ ਦੁੱਧ ਤੋਂ ਕੋਰੋਨਾ ਦੀ ਲਾਗ ਲੱਗਣ ਦੇ ਕੋਈ ਸਬੂਤ ਨਹੀਂ ਮਿਲੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)