ਕੋਰੋਨਾਵਾਇਰਸ: ਅਫ਼ਗਾਨਿਸਤਾਨ ਵਿੱਚ ਮੋਟਰਸਾਈਕਲਾਂ ਤੇ ਕਾਰਾਂ ਦੇ ਪੁਰਜਿਆਂ ਤੋਂ ਵੈਂਟੀਲੇਟਰ ਕਿਵੇਂ ਬਣਾ ਰਹੀਆਂ ਇਹ ਕੁੜੀਆਂ

    • ਲੇਖਕ, ਸੋਦਾਬਾ ਹੈਦਰੀ
    • ਰੋਲ, ਬੀਬੀਸੀ ਨਿਊਜ਼

ਅਫ਼ਗਾਨਿਸਤਾਨ ਦੀ ਆਲ-ਗਰਲ ਰੋਬੋਟਿਕਸ ਟੀਮ ਨੇ ਕਾਰ ਦੇ ਪੁਰਜਿਆਂ ਤੋਂ ਕਿਫ਼ਾਇਤੀ ਵੈਂਟੀਲੇਟਰ ਬਣਾ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ।

ਇਹ ਅੱਲ੍ਹੜ ਉਮਰ ਦੀਆਂ ਕੁੜੀਆਂ ਉਦੋਂ ਸੁਰਖੀਆਂ ਵਿੱਚ ਆਈਆਂ ਜਦੋਂ ਉਨ੍ਹਾਂ ਨੇ ਅਮਰੀਕਾ ਵਿੱਚ ਇੱਕ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਵਿਸ਼ੇਸ਼ ਪੁਰਸਕਾਰ ਜਿੱਤਿਆ ਸੀ।

ਹੁਣ ਇਹ ਕੁੜੀਆਂ ਮਈ ਦੇ ਅੰਤ ਤੱਕ ਬਾਜ਼ਾਰ ਤੋਂ ਘੱਟ ਕੀਮਤ 'ਤੇ ਵੈਂਟੀਲੇਟਰ ਦੇਣ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ।

ਕਈ ਸਾਲਾਂ ਤੱਕ ਜੰਗ ਦਾ ਮੈਦਾਨ ਰਹੇ ਅਫ਼ਗਾਨਿਸਤਾਨ ਵਿੱਚ ਸਿਰਫ਼ 400 ਵੈਂਟੀਲੇਟਰ ਹਨ।

ਅਫਗਾਨਿਸਤਾਨ ਵਿੱਚ ਮਾਮਲੇ ਵੱਧ ਰਹੇ ਹਨ ਅਤੇ ਮੌਤਾਂ ਵੀ, ਅਧਿਕਾਰੀਆਂ ਨੂੰ ਡਰ ਹੈ ਕਿ ਸਥਿਤੀ ਬਦਤਰ ਹੋ ਸਕਦੀ ਹੈ ਅਤੇ ਪਹਿਲਾਂ ਤੋਂ ਹੀ ਮਾੜੀ ਸਿਹਤ ਪ੍ਰਣਾਲੀ 'ਤੇ ਇਹ ਭਾਰੀ ਪੈ ਸਕਦਾ ਹੈ।

ਵੈਂਟੀਲੇਟਰ ਬਣਾਉਣ ਵਾਲੀ ਟੀਮ ਦੀ 17 ਸਾਲਾ ਮੈਂਬਰ ਨਾਹਿਦ ਰਹੀਮੀ ਨੇ ਬੀਬੀਸੀ ਨੂੰ ਦੱਸਿਆ, ''ਜੇ ਅਸੀਂ ਆਪਣੇ ਯਤਨ ਨਾਲ ਇੱਕ ਵੀ ਜ਼ਿੰਦਗੀ ਬਚਾ ਸਕੀਆਂ ਤਾਂ ਇਹ ਵੀ ਮਹੱਤਵਪੂਰਨ ਹੈ।''

ਇਨ੍ਹਾਂ ਕੁੜੀਆਂ ਦੀ ਟੀਮ ਨੂੰ 'ਅਫ਼ਗਾਨ ਡਰੀਮਰਜ਼' ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਇਹ ਹੇਰਾਤ ਦੇ ਪੱਛਮੀ ਖੇਤਰ ਤੋਂ ਹਨ ਜਿੱਥੇ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਦੱਸਿਆ ਗਿਆ ਸੀ।

ਕੋਰੋਨਾਵਾਇਰਸ ਮਹਾਂਮਾਰੀ ਦੇ ਕਹਿਰ ਲਈ ਇਹ ਦੇਸ਼ ਦਾ ਹੌਟਸਪੌਟ ਇਲਾਕਾ ਹੈ ਕਿਉਂਕਿ ਇਹ ਈਰਾਨ ਦੇ ਨੇੜੇ ਹੈ, ਜਿਹੜਾ ਇਸ ਖੇਤਰ ਦਾ ਕੋਰੋਨਾ ਕਹਿਰ ਦਾ ਐਪੀਸੈਂਟਰ ਹੈ।

14 ਤੋਂ 17 ਸਾਲ ਦੀ ਉਮਰ ਦੀਆਂ ਕੁੜੀਆਂ ਨੇ ਹੌਂਡਾ ਮੋਟਰਸਾਈਕਲ ਦੀ ਚੇਨ ਡਰਾਈਵ ਅਤੇ ਇੱਕ ਪੁਰਾਣੀ ਕਾਰ ਟੋਇਟਾ ਕਰੋਲਾ ਦੀ ਮੋਟਰ ਦੀ ਵਰਤੋਂ ਕਰਕੇ ਪ੍ਰੋਟੋਟਾਈਪ ਬਣਾਇਆ ਹੈ।

ਉਹ ਕਹਿੰਦੀਆਂ ਹਨ ਕਿ ਉਨ੍ਹਾਂ ਦੇ ਵੈਂਟੀਲੇਟਰ ਮਿਆਰੀ ਵੈਂਟੀਲੇਟਰ ਨਾ ਉਪਲੱਬਧ ਹੋਣ 'ਤੇ ਐਮਰਜੈਂਸੀ ਸਥਿਤੀ ਵਿੱਚ ਸਾਹ ਦੀ ਪਰੇਸ਼ਾਨੀ ਦਾ ਸਾਹਮਣਾ ਕਰਨ ਵਾਲੇ ਮਰੀਜ਼ਾਂ ਨੂੰ ਅਸਥਾਈ ਰੂਪ ਵਿੱਚ ਰਾਹਤ ਦੇਣਗੇ।

ਟੀਮ ਦੀ ਕੈਪਟਨ ਸੋਨੀਆ ਫਾਰੂਕੀ ਕਹਿੰਦੀ ਹੈ, ''ਮੈਂ ਟੀਮ ਦਾ ਇੱਕ ਹਿੱਸਾ ਹੋਣ 'ਤੇ ਮਾਣ ਮਹਿਸੂਸ ਕਰਦੀ ਹਾਂ ਜੋ ਸਾਡੇ ਡਾਕਟਰਾਂ ਅਤੇ ਨਰਸਾਂ - ਜੋ ਇਸ ਸਮੇਂ ਸਾਡੇ ਨਾਇਕ ਹਨ, ਦੀ ਸਹਾਇਤਾ ਕਰਨ ਲਈ ਕੁਝ ਸਾਰਥਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।''

ਵੈਂਟੀਲੇਟਰਾਂ ਦੀ ਵਿਸ਼ਵ ਵਿਆਪੀ ਘਾਟ ਇੱਕ ਸਮੱਸਿਆ ਹੈ ਅਤੇ ਆਲਮੀ ਬਾਜ਼ਾਰ ਵਿੱਚ ਉਨ੍ਹਾਂ ਦੀ ਭਾਰੀ ਕੀਮਤ 30,000 ਡਾਲਰ (24,000 ਪੌਂਡ) ਤੋਂ 50,000 ਡਾਲਰ (40,000 ਪੌਂਡ) ਤੱਕ ਹੈ ਜਿਸਦਾ ਮਤਲਬ ਹੈ ਕਿ ਗਰੀਬ ਦੇਸ਼ ਇਨ੍ਹਾਂ ਨੂੰ ਖਰੀਦ ਨਹੀਂ ਸਕਦੇ।

ਪਰ ਇਨ੍ਹਾਂ ਕੁੜੀਆਂ ਦਾ ਕਹਿਣਾ ਹੈ ਕਿ ਉਹ 600 ਡਾਲਰ ਤੋਂ ਘੱਟ ਕੀਮਤ ਵਿੱਚ ਬਹੁਤ ਜ਼ਰੂਰੀ ਉਪਕਰਨ ਦਾ ਨਿਰਮਾਣ ਕਰ ਰਹੀਆਂ ਹਨ।

ਦੁਕਾਨਾਂ ਬੰਦ ਹੋਣ ਅਤੇ ਹੇਰਾਤ ਸ਼ਹਿਰ ਵਿੱਚ ਲੌਕਡਾਊਨ ਹੋਣ ਕਾਰਨ ਕੁੜੀਆਂ ਨੂੰ ਇਸ ਲਈ ਸਾਮਾਨ ਖਰੀਦਣ ਲਈ ਸੂਬੇ ਤੋਂ ਬਾਹਰ ਜਾਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਰ ਇਸ ਗਰੁੱਪ ਦੀ ਬਾਨੀ ਰੋਇਆ ਮਹਿਬੂਬ ਜੋ ਇੱਕ ਉੱਦਮੀ ਹੈ ਅਤੇ 'ਟਾਈਮਜ਼' ਮੈਗਜ਼ੀਨ ਦੇ 100 ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਲ ਹੈ, ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਮਈ ਦੇ ਅੰਤ ਤੱਕ ਵੈਂਟੀਲੇਟਰ ਪ੍ਰਦਾਨ ਕਰਨ ਦੀ ਉਮੀਦ ਕਰ ਰਹੀ ਹੈ।

'ਇਹ ਲਗਭਗ 70 ਫੀਸਦੀ ਮੁਕੰਮਲ ਹੋ ਚੁੱਕਿਆ ਹੈ। ਸਿਰਫ਼ ਇੱਕ ਚੀਜ਼ ਜਿਸਦੀ ਅਸੀਂ ਘਾਟ ਮਹਿਸੂਸ ਕਰ ਰਹੇ ਹਾਂ, ਉਹ ਹੈ ਏਅਰ ਸੈਂਸਰ ਜਿਸ ਨੂੰ ਅਸੀਂ ਅਸਲ ਸਰੋਤ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਾਂ, ਬਸ਼ਰਤੇ ਕਿ ਇਸ ਨੂੰ ਕਬਾੜ ਤੋਂ ਬਣਾਇਆ ਜਾਵੇ ਕਿਉਂਕਿ ਇਸ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।''

''ਪਹਿਲਾ ਪੜਾਅ ਪੂਰਾ ਹੋ ਗਿਆ ਹੈ ਅਤੇ ਦੋ ਦਿਨ ਪਹਿਲਾਂ ਇੱਕ ਹਸਪਤਾਲ ਵਿੱਚ ਇਸਦੀ ਜਾਂਚ ਕੀਤੀ ਗਈ ਸੀ। ਟੀਮ ਦੂਜੇ ਪੜਾਅ 'ਤੇ ਕੰਮ ਕਰ ਰਹੀ ਹੈ ਜਿਸ ਨੂੰ ਇੱਕ ਵਾਰ ਪੂਰਾ ਕਰਨ ਤੋਂ ਬਾਅਦ ਬਾਜ਼ਾਰ ਵਿੱਚ ਲਿਆਂਦਾ ਜਾ ਸਕਦਾ ਹੈ।''

ਦੇਸ਼ ਵਿੱਚ 30 ਫੀਸਦੀ ਤੋਂ ਘੱਟ ਮਹਿਲਾ ਸਾਖਰਤਾ ਦਰ ਨਾਲ ਇਨ੍ਹਾਂ ਕੁੜੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਪ੍ਰੋਜੈਕਟ ਦੂਜਿਆਂ ਨੂੰ ਪ੍ਰੇਰਿਤ ਕਰੇਗਾ ਅਤੇ ਇੰਜਨੀਅਰਿੰਗ ਉਦਯੋਗ ਵਿੱਚ ਔਰਤਾਂ ਦੀ ਧਾਰਨਾ ਨੂੰ ਬਦਲ ਦੇਵੇਗਾ।

ਟੀਮ ਦੀ ਇੱਕ ਹੋਰ 16 ਸਾਲਾ ਮੈਂਬਰ ਇਲਹਾਮ ਮਨਸੂਰੀ ਕਹਿੰਦੀ ਹੈ, ''ਇਹ ਵੈਂਟੀਲੇਟਰ ਬਣਾਉਣ ਵਿੱਚ ਸਮਰੱਥ ਹਨ - ਘੱਟ ਉਮਰ ਵਿੱਚ ਕੁੜੀਆਂ ਨੂੰ ਪੜ੍ਹਾਉਣ ਦਾ ਮਹੱਤਵ ਅਤੇ ਸਾਡੇ ਸਮਾਜ ਵਿੱਚ ਸਰਗਰਮ ਨਾਗਰਿਕਾਂ ਦੇ ਰੂਪ ਵਿੱਚ ਔਰਤਾਂ ਦੀ ਭੂਮਿਕਾ ਨੂੰ ਦਰਸਾਉਂਦਾ ਹੈ।''

ਅਫ਼ਗਾਨ ਸਰਕਾਰ ਨੇ ਇਸ ਪਹਿਲ ਦਾ ਸਵਾਗਤ ਕੀਤਾ ਹੈ।

ਮਹਿਬੂਬ ਕਹਿੰਦੀ ਹੈ, ''ਮੈਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਧਿਕਾਰੀਆਂ ਨੂੰ ਸਾਡੇ ਪ੍ਰੌਜੈਕਟ 'ਤੇ ਧਿਆਨ ਦੇਣ ਅਤੇ ਕਿਸੇ ਵੀ ਤਰ੍ਹਾਂ ਨਾਲ ਸਾਡੀ ਮਦਦ ਕਰਨ ਦਾ ਆਦੇਸ਼ ਦਿੱਤਾ ਹੈ।''

ਅਫ਼ਗਾਨਸਿਤਾਨ ਦਾ ਸਿਹਤ ਮੰਤਰਾਲਾ ਇਨ੍ਹਾਂ ਕੁੜੀਆਂ ਦੀ ਮਦਦ ਕਰ ਰਿਹਾ ਹੈ।

ਸਿਹਤ ਮੰਤਰਾਲੇ ਦੇ ਬੁਲਾਰੇ ਵਹੀਦ ਮੇਅਰ ਨੇ ਬੀਬੀਸੀ ਨੂੰ ਕਿਹਾ, ''ਅਸੀਂ ਉਨ੍ਹਾਂ ਦੀ ਪਹਿਲ ਦੀ ਸ਼ਲਾਘਾ ਕਰਦੇ ਹਾਂ, ਪਰ ਕਿਸੇ ਵੀ ਹੋਰ ਵਿਗਿਆਨਕ ਖੋਜ ਦੀ ਤਰ੍ਹਾਂ ਇਸ ਲਈ ਪੜਾਅ ਹਨ ਜਿਵੇਂ ਖੋਜ ਅਤੇ ਵਿਕਾਸ, ਪ੍ਰੀ-ਕਲੀਨਿਕਲ ਰਿਸਰਚ ਅਤੇ ਜਦੋਂ ਇਹ ਬਾਜ਼ਾਰ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਇਸਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਪ੍ਰਵਾਨ ਕੀਤਾ ਜਾਂਦਾ ਹੈ।''

''ਮਰੀਜ਼ ਦੀ ਸੁਰੱਖਿਆ ਸਾਡੀ ਤਰਜੀਹ ਹੈ, ਇਸ ਲਈ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਰੋਨਾਵਾਇਰਸ ਮਰੀਜ਼ਾਂ 'ਤੇ ਅਜ਼ਮਾਇਸ਼ ਕਰਨ ਤੋਂ ਪਹਿਲਾਂ ਇਸ ਉਪਕਰਨ ਦੀ ਪ੍ਰਯੋਗਸ਼ਾਲਾਵਾਂ ਵਿੱਚ ਪਸ਼ੂਆਂ 'ਤੇ ਜਾਂਚ ਕੀਤੀ ਜਾਵੇ।''

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)