ਕੋਰੋਨਾਵਾਇਰਸ ਕੋਵਿਡ-19: ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਮੌਤ ਤੋਂ ਵੱਧ ਹਸਪਤਾਲ ਜਾਣ ਦਾ ਡਰ ਕਿਉਂ

    • ਲੇਖਕ, ਪੈਤਰੇਸੀਆ ਸੋਬਰਿਐਨ ਲੋਵੇਰਾ ਤੇ ਬੀਆਤਰੇਜ਼ ਡੀਏਜ਼
    • ਰੋਲ, ਬੀਬੀਸੀ ਨਿਊਜ਼

ਅਮਰੀਕਾ ਵਿੱਚ ਦੁਨੀਆਂ ਦੇ ਕਈ ਹਿੱਸਿਆਂ ਤੋਂ ਲੋਕ ਬਿਹਤਰ ਮੌਕਿਆਂ ਅਤੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਹੁੰਚਦੇ ਹਨ। ਇਹ ਸਿਲਸਿਲਾ ਪੁਰਾਣਾ ਅਤੇ ਲੰਬਾ ਹੈ। ਲੋਕ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਪਹੁੰਚਦੇ ਹਨ।

ਬਿਨਾਂ ਦਸਤਾਵੇਜ਼ਾਂ ਦੇ ਪਹੁੰਚਣ ਵਾਲੇ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ, ਇਹ ਕਿਸੇ ਤੋਂ ਲੁਕੀ ਨਹੀਂ ਹੈ। ਕੋਰੋਨਾਵਾਇਰਸ ਨੇ ਅਜਿਹੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ। ਇਹ ਅਜਿਹੇ ਹੀ ਕੁਝ ਪਰਿਵਾਰਾਂ ਦੀ ਕਹਾਣੀ ਹੈ।

ਕਲੌਡੀਆ ਆਪਣੇ ਚਾਰ ਬੱਚਿਆਂ ਨਾਲ ਅਮਰੀਕਾ ਦੇ ਮਿਆਮੀ ਸੂਬੇ ਵਿੱਚ ਦੋ ਕਮਰਿਆਂ ਦੇ ਘਰ ਵਿੱਚ ਰਹਿ ਰਹੀ ਹੈ।

ਕਲੌਡੀਆ ਨਿਕਾਗੁਆਰਾ ਨਾਲ ਸੰਬੰਧਿਤ ਹੈ। ਉਹ ਲਗਭਗ ਦਸ ਸਾਲ ਪਹਿਲਾਂ ਇੱਥੇ ਆ ਕੇ ਵਸੀ ਸੀ। ਉਸ ਕੋਲ ਦਸਤਾਵੇਜ਼ ਨਹੀਂ ਹਨ ਪਰ ਉਹ ਹੁਣ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨੀ ਉਲਝਣਾਂ ਤੋਂ ਆਪਣੇ ਆਪ ਨੂੰ ਲਾਂਭੇ ਰੱਖਣ ਵਿੱਚ ਕਾਮਯਾਬ ਰਹੀ ਹੈ।

ਸਾਲ 2011 ਵਿੱਚ ਉਸ ਦੇ ਪਤੀ ਨੂੰ ਟਰੈਫਿਕ ਨਿਯਮਾਂ ਦੀ ਉਲੰਘਾਣਾ ਕਰਦਿਆਂ ਫੜ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਡੀਪੋਰਟ ਕਰ ਦਿੱਤਾ ਗਿਆ। ਉਸ ਸਮੇਂ ਤੋਂ ਕਲੌਡੀਆ ਨਿਰੰਤਰ ਫੜੇ ਜਾਣ ਦੇ ਡਰ ਹੇਠ ਦਿਨ ਕੱਟ ਰਹੀ ਹੈ।

ਫਿਲਹਾਲ ਕਲੌਡੀਆ ਨੂੰ ਫੜੇ ਜਾਣ ਤੋਂ ਵੀ ਭਿਆਨਕ ਡਰ ਸਤਾ ਰਿਹਾ ਹੈ, ਕੋਰੋਨਾਵਾਇਰਸ।

ਜੇ ਕੋਰੋਨਾਵਾਇਰਸ ਦੀ ਲਾਗ ਹੋ ਜਾਵੇ ਤਾਂ ਤੁਹਾਡੇ ਕੋਲ ਇਲਾਜ ਦਾ ਖ਼ਰਚੇ ਲਈ ਤੁਹਾਡੇ ਕੋਲ ਨਾ ਤਾਂ ਸਿਹਤ ਦਾ ਬੀਮਾ ਹੈ ਅਤੇ ਨਾ ਹੀ ਕੋਈ ਬਚਤ।

ਕੋਰੋਨਾਵਾਇਰਸ ਦੀ ਲਾਗ ਫ਼ੈਲਣ ਤੋਂ ਪਹਿਲਾਂ ਕਲੌਡੀਆ ਇੱਕ ਰਸੋਈਏ ਵਜੋਂ ਕੰਮ ਕਰ ਰਹੀ ਸੀ। ਉਸ ਤੋਂ ਬਾਅਦ ਲਗਭਗ ਇੱਕ ਮਹੀਨੇ ਤੋਂ ਉਹ ਬੇਰੁਜ਼ਗਾਰ ਘਰ ਬੈਠੀ ਹੈ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

ਉਹ ਆਪਣੇ ਆਪ ਨੂੰ ਅਤੇ ਆਪਣੇ ਚਾਰ ਬੱਚਿਆਂ ਨੂੰ ਜਿਊਂਦੇ ਰੱਖਣ ਲਈ ਸੰਘਰਸ਼ ਕਰ ਰਹੀ ਹੈ।

ਕਲੌਡੀਆ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਇਹ ਬਹੁਤ ਡਰਾਉਣਾ ਹੈ, ਜਿਵੇਂ ਮੈਨੂੰ ਲਕਵਾ ਮਾਰ ਜਾਂਦਾ ਹੈ।"

ਇਹ ਕਹਾਣੀ ਇਕੱਲੀ ਕਲੌਡੀਆ ਦੀ ਨਹੀਂ ਹੈ।

ਖ਼ਤਰੇ ਵਿੱਚ ਕੌਣ ਲੋਕ ਹਨ?

ਨਿਊਯਾਰਕ ਇਸ ਵੇਲੇ ਅਮਰੀਕਾ ਵਿੱਚ ਕੋਰੋਨਾਵਾਇਰਸ ਦਾ ਕੇਂਦਰ ਹੈ। ਇੱਥੇ ਲੈਟਿਨ ਅਮਰੀਕੀ ਦੇਸ਼ਾਂ ਤੋਂ ਆਏ ਲੋਕ (ਜਿਨ੍ਹਾਂ ਨੂੰ ਲੈਟੀਨੋ ਕਿਹਾ ਜਾਂਦਾ ਹੈ) ਅਤੇ ਅਫ਼ੀਰੀਕੀ-ਅਮਰੀਕੀ ਲੋਕ ਇਸ ਦੇ ਵਧੇਰੇ ਸ਼ਿਕਾਰ ਹੋ ਰਹੇ ਹਨ। ਮਰਨ ਵਾਲਿਆਂ ਵਿੱਚ ਵੀ ਇਨ੍ਹਾਂ ਲੋਕਾਂ ਦੀ ਹੀ ਗਿਣਤੀ ਜ਼ਿਆਦਾ ਹੈ।

ਇਸ ਪਿੱਛੇ ਕਈ ਕਾਰਨ ਕੰਮ ਕਰਦੇ ਹਨ।

ਅਮਰੀਕਾ ਦੇ ਬਿਊਰੋ ਆਫ਼ ਲੇਬਰ ਦੇ ਅੰਕੜਿਆਂ ਮੁਤਾਬਕ ਮਹਿਜ਼ 16 ਫ਼ੀਸਦੀ ਲੈਟੀਨੋ ਲੋਕਾਂ ਕੋਲ ਅਜਿਹੇ ਰੁਜ਼ਗਾਰ ਹਨ ਜੋ ਉਹ ਘਰੋਂ ਕਰ ਸਕਦੇ ਹਨ।

ਇਸ ਲਈ ਇਸ ਵਸੋਂ ਦੇ ਬਹੁਤ ਵੱਡੇ ਹਿੱਸੇ ਨੂੰ ਕੰਮ ਲਈ ਬਾਹਰ ਨਿਕਲਣਾ ਹੀ ਪੈਂਦਾ ਹੈ ਜਿੱਥੋਂ ਕਿ ਉਨ੍ਹਾਂ ਨੂੰ ਲਾਗ ਦਾ ਖ਼ਤਰਾ ਹੈ।

ਲੈਟੀਨੋ ਭਾਈਚਾਰੇ ਦੇ ਵੀ ਕੁਝ ਹਿੱਸਿਆਂ ਨੂੰ ਜ਼ਿਆਦਾ ਖ਼ਤਰਾ ਹੈ। ਬਿਨਾਂ ਦਸਤਾਵੇਜ਼ਾਂ ਵਾਲੇ ਕੁਝ 11 ਮਿਲਿਅਨ ਲੋਕ ਜਿਨ੍ਹਾਂ ਕੋਲ ਸਿਹਤ-ਬੀਮਾ ਨਹੀਂ ਹੈ, ਜਿਨ੍ਹਾਂ ਕੋਲ ਕੋਈ ਪੱਕਾ ਕੰਮ ਨਹੀਂ ਹੈ, ਦਸਤਾਵੇਜ਼ਾਂ ਦੀ ਕਮੀ ਕਾਰਨ ਇਹ ਲੋਕ ਬੇਰੁਜ਼ਗਾਰਾਂ ਨੂੰ ਮਿਲਣ ਵਾਲੇ ਭੱਤੇ ਦੇ ਵੀ ਹੱਕਦਾਰ ਨਹੀਂ ਹੁੰਦੇ।

ਹਾਲਾਂਕਿ ਇਨ੍ਹਾਂ ਵਿੱਚੋਂ ਕਈ ਟੈਕਸ ਵੀ ਦਿੰਦੇ ਹਨ ਪਰ ਫਿਰ ਵੀ ਉਹ ਸਰਕਾਰ ਵੱਲੋਂ ਦਿੱਤੀ ਮਦਦ ਰਾਸ਼ੀ ਤੋਂ ਮਹਿਰੂਮ ਰਹਿ ਗਏ।

ਰਾਸ਼ਟਰਪਤੀ ਟਰੰਪ ਲਈ ਇਹ ਪਹਿਲਤਾਵਾਂ ਦਾ ਮਸਲਾ ਹੈ।

ਪਹਿਲੀ ਅਪ੍ਰੈਲ ਨੂੰ ਜਦੋਂ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ, ਕੀ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਲੋਕਾਂ ਨੂੰ ਵੀ ਮਦਦ ਰਾਸ਼ੀ ਮਿਲੇਗੀ ਤਾਂ ਉਨ੍ਹਾਂ ਦਾ ਜਵਾਬ ਕੁਝ ਇਸ ਤਰ੍ਹਾਂ ਸੀ:

''ਜਦੋਂ ਤੁਸੀਂ ਬਿਨਾਂ ਦਸਤਾਵੇਜ਼ਾਂ ਦੇ ਲੋਕਾਂ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਮਤਲਬ ਹੈ ਉਹ ਗ਼ੈਰ-ਕਾਨੂੰਨੀ ਤੌਰ 'ਤੇ ਆਏ ਸਨ। ਕਈ ਲੋਕ ਕਹਿਣਗੇ ਕਿ ਸਾਡੇ ਬਹੁਤ ਸਾਰੇ ਨਾਗਰਿਕਾਂ ਕੋਲ ਇਸ ਸਮੇਂ ਕੰਮ ਨਹੀਂ ਹੈ। ਫਿਰ ਤੁਸੀਂ ਕੀ ਕਰ ਰਹੇ ਹੋ?''

''ਜੇ ਮੈਂ ਇਮਾਨਦਾਰੀ ਨਾਲ ਕਹਾਂ ਤਾਂ ਇਹ ਮੁਸ਼ਕਲ ਹੈ...ਬਹੁਤ ਦੁਖਦ ਮਸਲਾ ਹੈ। ਪਰ ਉਹ ਗ਼ੈਰ-ਕਾਨੂੰਨੀ ਤੌਰ 'ਤੇ ਆਏ ਅਤੇ ਸਾਡੇ ਦੇਸ਼ ਦੇ ਬਹੁਤ ਸਾਰੇ ਨਾਗਰਿਕ ਕੰਮ ਨਹੀਂ ਕਰ ਪਾ ਰਹੇ।"

ਸਿੰਡੀ ਬੇਨਾਵਿਡੇਸ ਲੀਗ ਆਫ਼ ਯੂਨਾਇਟਡ ਲੈਟਿਨ ਅਮੈਰੀਕਨ ਸਿਟੀਜ਼ਨਜ਼ ਦੇ ਕਾਰਜਾਰੀ ਨਿਰਦੇਸ਼ਕ ਹਨ। ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਵਾਇਰਸ ਵਿਤਕਰਾ ਨਹੀਂ ਕਰਦਾ, ਇਹ ਉਨ੍ਹਾਂ ਦੀ ਉਮਰ, ਨਾਂਅ, ਉਹ ਕਿੱਥੋਂ ਆਏ, ਉਨ੍ਹਾਂ ਕੋਲ ਦਸਤਾਵੇਜ਼ ਹਨ ਜਾਂ ਨਹੀਂ ਇਹ ਨਹੀਂ ਪੁੱਛਦਾ।"

"ਜੇ ਕਿਸੇ ਨੂੰ ਲਾਗ ਹੈ ਤਾਂ ਅਸੀਂ ਚਾਹੁੰਦੇ ਹਾਂ ਉਨ੍ਹਾਂ ਦਾ ਇਲਾਜ ਹੋਵੇ ਤੇ ਉਹ ਠੀਕ ਹੋਣ।"

ਪ੍ਰਵਾਸੀ ਮੂਹਰਲੀ ਪੰਕਤੀ ਵਿੱਚ ਕੰਮ ਕਰਦੇ ਹਨ

ਬਹੁਤ ਸਾਰੇ ਬਿਨਾਂ ਦਸਤਾਵੇਜ਼ਾਂ ਦੇ ਪ੍ਰਵਾਸੀ ਅਜਿਹੇ ਖੇਤਰਾਂ ਵਿੱਚ ਕੰਮ ਕਰਦੇ ਹਨ ਜਿਨ੍ਹਾਂ ਨੂੰ ਜ਼ਰੂਰੀ ਮੰਨਿਆ ਗਿਆ ਹੈ, ਜਿਵੇਂ- ਖੇਤੀ, ਸਫ਼ਾਈ, ਟਰਾਂਸਪੋਰਟ, ਮੀਟ ਸਨਮਅਤ, ਸੂਪਰ ਮਾਰਕਿਟਾਂ ਤੇ ਬਾਲ ਅਤੇ ਬਿਰਧ ਸੰਭਾਲ ਘਰ।

26 ਸਾਲਾ ਕਾਰਲੋਸ ਨਿਕਾਗੂਆਰਾ ਨਾਲ ਸੰਬੰਧਿਤ ਹਨ। ਉਹ ਪਿਛਲੇ ਸਾਨ ਜੂਨ ਵਿੱਚ ਅਮਰੀਕਾ ਵਿੱਚ ਦਾਖ਼ਲ ਹੋਏ ਸਨ। ਉਨ੍ਹਾਂ ਨੂੰ 6 ਮਹੀਨੇ ਹਿਰਾਸਤ ਵਿੱਚ ਰੱਖਿਆ ਗਿਆ ਜਿੱਥੋਂ ਉਹ ਦਸੰਬਰ ਵਿੱਚ ਰਿਹਾਅ ਹੋਏ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਿਕਾਗੂਆਰਾ ਉੱਥੋਂ ਦੀ ਸਰਕਾਰ ਨਾਲ ਪ੍ਰੇਸ਼ਾਨੀ ਹੋਣ ਮਗਰੋਂ ਇੱਥੇ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਮਾਰਨਾ ਚਾਹੁੰਦੀ ਸੀ। ਉਨ੍ਹਾਂ ਕੋਲ ਨਰਸਿੰਗ ਦੀ ਡਿਗਰੀ ਹੈ ਪਰ ਅਮਰੀਕਾ ਵਿੱਚ ਹਾਲੇ ਉਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੈ।

ਕਾਰਲੋਸ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਮੈਂ ਇੱਕ ਚੰਗੀ ਕੰਪਨੀ ਵਿੱਚ ਕੰਮ ਸ਼ੁਰੂ ਕੀਤਾ ਸੀ। ਮੈਂ ਇੱਥੇ ਇਕੱਲਾ ਰਹਿੰਦਾ ਹਾਂ। ਮੇਰਾ ਨਾ ਇੱਥੇ ਪਰਿਵਾਰ ਹੈ ਨਾ ਕੁਝ। ਮੇਰੇ ਲਈ ਇਹ ਮੁਸ਼ਕਲ ਹੈ ਕਿਉਂਕਿ ਮੈਨੂੰ ਆਪਣੇ ਕੰਮ ਵਾਲੀ ਥਾਂ 'ਤੇ ਬੱਸ ਰਾਹੀਂ ਜਾਣਾ ਪੈਂਦਾ ਹੈ।( ਲਗਭਗ ਪੰਜਾਹ ਕਿੱਲੋਮੀਟਰ) ਜੋ ਕਿ ਲਗਭਗ ਦੋ ਘੰਟੇ ਦਾ ਰਾਹ ਹੈ।"

''ਮੇਰਾ ਕੰਮ ਉਤਪਾਦ ਪੈਕ ਕਰਨਾ ਹੈ। ਡੱਬਿਆਂ ਵਿੱਚ ਰਹਿ ਗਏ ਉਤਪਾਦ ਪੂਰੇ ਕਰਨਾ। ਉਨ੍ਹਾਂ ਦਾ ਭਾਰ ਦੇਖਣਾ। ਚੀਜ਼, ਹਰ ਕਿਸਮ ਦੀਆਂ ਸਬਜ਼ੀਆਂ-ਪਿਆਜ਼, ਆਲੂ, ਖੀਰੇ, ਗਾਜਰਾਂ...।''

''ਅਸੀਂ ਇੱਕ ਫ਼ੈਕਟਰੀ ਦੇ ਠੰਡੇ ਕਮਰੇ ਵਿੱਚ ਕੰਮ ਕਰਦੇ ਹਾਂ। ਜਿਸ ਕਮਰੇ ਵਿੱਚ ਮੈਂ ਕੰਮ ਕਰਦਾ ਹਾਂ ਉਸੇ ਵਿੱਚ ਛੇ ਜਣੇ ਹਨ। ਅਸੀਂ ਇੱਕ-ਦੂਜੇ ਦੇ ਬਹੁਤ ਨੇੜੇ ਰਹਿ ਕੇ ਕੰਮ ਕਰਦੇ ਹਾਂ। ਲਗਭਗ ਦੋ ਫੁੱਟ ਦੂਰ ਰਹਿ ਕੇ।''

''ਹੁਣ ਉਹ ਲਾਜ਼ਮੀ ਹੁਕਮਾਂ ਤੋਂ ਬਾਅਦ ਸਾਨੂੰ ਸਿਰਫ਼ ਮਾਸਕ ਦੇ ਰਹੇ ਹਨ। ਉਨ੍ਹਾਂ ਨੇ ਸਾਨੂੰ ਦਸਤਾਨੇ ਨਹੀਂ ਦਿੱਤੇ। ਇਹ ਧੋਤੇ ਜਾ ਸਕਦੇ ਹਨ ਪਰ ਇਨ੍ਹਾਂ ਦਾ ਕੱਪੜਾ ਛਿੱਦ ਰਿਹਾ ਹੈ। ਮੈਂ ਇਸ ਨੂੰ ਹਰ ਸਮੇਂ ਵਰਤਦਾ ਹਾਂ ਸਾਰਾ ਦਿਨ।"

"ਉਹ ਮੈਨੂੰ ਘੱਟੋ-ਘੱਟ ਮਿਹਨਤਾਨਾ ਦਿੰਦੇ ਹਨ। 14 ਡਾਲਰ ਪ੍ਰਤੀ ਘੰਟਾ। ਮੇਰੇ ਕੋਲ ਕੋਈ ਲਾਭ ਨਹੀਂ ਹਨ। ਇਹ ਸਾਨੂੰ ਤਿੰਨ ਸਾਲਾਂ ਬਾਅਦ ਇਹ ਸਭ ਕੁਝ ਦੇਣਗੇ। ਜਦਕਿ ਮੈਨੂੰ ਇੱਥੇ ਆਇਆਂ ਸਿਰਫ਼ ਤਿੰਨ ਹਫ਼ਤੇ ਹੋਏ ਹਨ।"

"ਮੈਨੂੰ ਬੱਸ ਦੇ ਸਫ਼ਰ ਤੋਂ ਡਰ ਲੱਗ ਰਿਹਾ ਹੈ। ਹਾਲਾਂਕਿ ਅਸੀਂ ਸੁਰੱਖਿਆ ਦੇ ਉਪਾਅ ਕਰਦੇ ਹਾਂ ਪਰ ਫਿਰ ਵੀ ਲਾਗ ਦਾ ਡਰ ਤਾਂ ਹੈ ਹੀ।"

"ਮੈਂ ਸੋਚਦਾ ਹਾਂ ਕਿ ਮੈਂ ਇੱਥੇ ਇਕੱਲਾ ਰਹਿੰਦਾ ਹਾਂ ਤੇ ਜੇ ਮੈਂ ਬੀਮਾਰ ਹੋ ਜਾਵਾਂ ਤਾਂ ਮੈਂ ਕੀ ਕਰਾਂਗਾ। ਪਰ ਫਿਲਹਾਲ ਮੈਂ ਅਜਿਹਾ ਨਹੀਂ ਸੋਚ ਸਕਦਾ।"

ਡਰ ਅਤੇ ਗਲਤ ਜਾਣਕਾਰੀ

ਬੀਬੀਸੀ ਮੁੰਡੋ ਨੇ ਜਿਹੜੇ ਵੀ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਉਹ ਸਾਰੇ ਸਹਿਮਤ ਸਨ ਕਿ ਵੱਡੀ ਸਮੱਸਿਆ ਤਾਂ ਜਾਣਕਾਰੀ ਦੀ ਕਮੀ ਹੈ।

ਇਨ੍ਹਾਂ ਵਿੱਚੋਂ ਬਹੁਤ ਸਾਰੇ ਬਿਨਾਂ ਕਾਗਜ਼ਾਂ ਵਾਲੇ ਪ੍ਰਵਾਸੀਆਂ ਨੂੰ ਡਰ ਹੈ ਕਿ ਜੇ ਉਹ ਹਸਪਤਾਲ ਜਾਣਗੇ ਤਾਂ ਉਨ੍ਹਾਂ ਤੋਂ ਕਾਗਜ਼ ਮੰਗੇ ਜਾਣਗੇ ਜੋ ਕਿ ਉਨ੍ਹਾਂ ਕੋਲ ਨਹੀਂ ਹਨ। ਉਸ ਤੋਂ ਵੀ ਬੁਰਾ ਹੈ ਆਪਣੇ ਆਪ ਨੂੰ ਮਰਨ ਦੇਣਾ।

ਬਾਸੀਲੀਓ ਪਿਨਜ਼ੋਨ ਮੈਕਸੀਕੋ ਤੋਂ ਹਨ। ਨਿਊ ਯਾਰਕ ਦੇ ਸਥਾਨਕ ਮੀਡੀਆ ਮੁਤਾਬਕ ਉਹ ਸ਼ਹਿਰ ਵਿੱਚ ਮਰਨ ਵਾਲਾ ਪਹਿਲਾ ਵਿਅਕਤੀ ਸੀ। ਉਸ ਦੀ ਬਰੂਕਲਿਨ ਵਿੱਚ ਆਪਣੇ ਘਰੇ ਹੀ ਕੋਵਿਡ-19 ਨਾਲ ਮੌਤ ਹੋਈ। ਉਹ ਕਾਗਜ਼ਾਤ ਨਾ ਹੋਣ ਕਾਰਨ ਹਸਪਤਾਲ ਜਾਣ ਤੋਂ ਡਰੇ ਹੋਏ ਸਨ।

ਜਦੋਂ ਦਿੱਕਤ ਸ਼ੁਰੂ ਹੋਈ ਤਾਂ ਪਿਨਜ਼ੋਨ ਡਾਕਟਰ ਕੋਲ ਗਏ ਸਨ। ਉਸ ਨੇ ਬੀਮਾਰੀ ਦਾ ਪਤਾ ਵੀ ਲਗਾ ਲਿਆ। ਫਿਰ ਪਿਨਜ਼ੋਨ ਨੇ ਆਪਣਾ ਇਲਾਜ ਘਰ ਵਿੱਚ ਹੀ ਕਰਨ ਦਾ ਫ਼ੈਸਲਾ ਲਿਆ ਕਿਉਂਕਿ ਉਨ੍ਹਾਂ ਨੂੰ ਯਕੀਨ ਸੀ ਕਿ ਇਮੀਗਰੇਸ਼ਨ ਦੇ ਸਟੇਟਸ ਕਾਰਨ ਹਸਪਤਾਲ ਉਨ੍ਹਾਂ ਦਾ ਇਲਾਜ ਨਹੀਂ ਕਰੇਗਾ।

ਇਸ ਵਸੋਂ ਦੀ ਸੁਰੱਖਿਆ ਅਮਰੀਕਾ ਦੇ ਹਰ ਸੂਬੇ ਵਿੱਚ ਵੱਖੋ-ਵੱਖ ਹੈ। ਨਿਊ ਯਾਰਕ ਵਿੱਚ ਪ੍ਰਸ਼ਾਸਨ ਨੇ ਬਿਨਾਂ ਦਸਤਾਵੇਜ਼ਾਂ ਦੇ ਲੋਕਾਂ ਨੂੰ ਇਲਾਜ ਦਾ ਲਾਭ ਦੇਣ ਲਈ ਕੁਝ ਖੁੱਲ੍ਹ ਦਿਲੀ ਦਿਖਾਈ ਹੈ।

ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਇਲਾਜ ਦੀ ਸਹੂਲਤ ਦੇਣ ਲਈ 75 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਕੀਤਾ ਹੈ।

ਕੁੱਲ ਮਿਲਾ ਕੇ ਇਹ ਵਸੋਂ ਦਾ ਇੱਕ ਨਜ਼ਰ ਅੰਦਾਜ ਕੀਤਾ ਗਿਆ ਹਿੱਸਾ ਹੈ।

ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ

ਮਹਿੰਗੇ ਬਿਲ

ਪ੍ਰਵਾਸੀਆਂ ਦੀ ਸੁਰੱਖਿਆ ਲਈ ਕੰਮ ਕਰ ਰਹੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਕਿਸੇ ਨੂੰ ਵੀ ਇਲਾਜ ਤੋਂ ਮਨਾਂ ਨਹੀਂ ਕਰ ਸਕਦੀਆਂ। ਭਾਵੇਂ ਉਸ ਦਾ ਕਾਨੂੰਨੀ ਦਰਜਾ ਕੁਝ ਵੀ ਹੋਵੇ।

ਫਿਰ ਵੀ ਸਵਾਲ ਤਾਂ ਇਹ ਹੈ ਕਿ ਬਿਲ ਕੌਣ ਭਰੇਗਾ?

ਮਰਲਿਨ (ਬਦਲਿਆ ਹੋਇਆ ਨਾਂਅ) ਨੇ ਹਾਲੇ ਤੱਕ ਇੱਕ ਹਸਪਤਾਲ ਦੇ ਪੈਸੇ ਚੁਕਾਉਣੇ ਹਨ ਜਿਸ ਵਿੱਚ ਉਹ ਇੱਕ ਸਾਲ ਪਹਿਲਾਂ ਗਈ ਸੀ।

ਉਮਰ ਦੇ ਪੰਜਾਹਵਿਆਂ ਵਿੱਚ ਪਹੁੰਚੀ ਇਹ ਅਧਖੜ ਔਰਤ ਇੱਕ ਮੋਬਾਈਲ-ਹੋਮ ਵਿੱਚ ਆਪਣੇ ਦੋ ਪੋਤਿਆਂ ਨਾਲ ਰਹਿੰਦੀ ਹੈ।

ਮਰਲਿਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ,"ਹੁਣ ਮੈਂ ਆਪਣੀ ਬਚਤ ਦੇ ਸਿਰ 'ਤੇ ਜਿਊਂ ਰਹੀ ਹਾਂ। ਮੈਨੂੰ ਖਾਣੇ ਅਤੇ ਕਿਰਾਏ ਦੇ ਪੈਸੇ ਦੇਣੇ ਪੈਂਦੇ ਹਨ। ਮੋਬਾਈਲ-ਹੋਮ ਦਾ ਮਹੀਨੇ ਦਾ ਕਿਰਾਇਆ 1,000 ਡਾਲਰ ਹੈ। ਇਸ ਤੋਂ ਉੱਪਰ ਪਾਣੀ ਤੇ ਬਿਜਲੀ ਦੇ ਖ਼ਰਚੇ ਵੀ ਹਨ।"

''ਸਾਡੀ ਕੋਈ ਖਾਣੇ ਦੀ ਵੀ ਮਦਦ ਨਹੀਂ ਕਰ ਰਿਹਾ। ਜਦੋਂ ਮੈਂ ਦੇਖਦੀ ਹਾਂ ਕਿ ਫਰਿੱਜ ਵਿੱਚ ਖਾਣ ਲਈ ਕੁਝ ਨਹੀਂ ਹੈ ਤਾਂ ਮੈਂ ਜੋ ਹੈ ਉਹ ਖਾ ਲੈਂਦੀ ਹਾਂ। ਕਿਉਂਕਿ ਮੇਰੇ ਕੋਲ ਖਰਚਣ ਲਈ ਬਹੁਤੇ ਪੈਸੇ ਨਹੀਂ ਹਨ।"

"ਰੱਬ ਦਾ ਸ਼ੁਕਰ ਹੈ ਬੱਚੇ ਠੀਕ ਹਨ। ਮੈਥੋਂ ਜਿਨਾਂ ਹੋ ਸਕਦਾ ਹੈ ਧਿਆਨ ਰੱਖਦੀ ਹਾਂ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇ ਮੈਂ ਬੀਮਾਰ ਹੋ ਜਾਵਾਂ ਤਾਂ ਮੇਰਾ ਖਰਚਾ ਚੁੱਕਣ ਲਈ ਕੋਈ ਬੀਮਾ ਨਹੀਂ ਹੈ।"

ਨੋਰਾ ਸੈਨਡਿਆਗੋ ਅਮੈਰਿਕਨ ਫਰੈਟਰਨਿਟੀ ਔਰਗਨਾਈਜ਼ੇਸ਼ਨ ਦੀ ਮੋਢੀ ਅਤੇ ਨਿਰਦੇਸ਼ਕ ਹੈ। ਬਿਨਾਂ ਦਸਤਾਵੇਜ਼ਾਂ ਦੇ ਮਾਪਿਆਂ ਦੇ ਸੈਂਕੜੇ ਬੱਚਿਆਂ ਦੀ ਉਨ੍ਹਾਂ ਕੋਲ ਕਾਨੂੰਨੀ ਕਸਟੱਡੀ ਹੈ।

ਅਜਿਹੀ ਹੀ ਇੱਕ 8 ਸਾਲਾ ਬੱਚੀ ਉਨ੍ਹਾਂ ਕੋਲ ਹੈ ਜਿਸ ਨੂੰ ਕੈਂਸਰ ਹੈ ਤੇ ਕੋਰੋਨਾਵਾਇਰਸ ਕਾਰਨ ਉਸਦਾ ਇਲਾਜ ਨਹੀਂ ਹੋ ਪਾ ਰਿਹਾ। ਇੱਕ ਦਿਨ ਬੱਚੀ ਦੀ ਗੱਲ ਸੁਣ ਕੇ ਸੈਨਡਿਆਗੋ ਅਵਾਕ ਰਹਿ ਗਈ।

"ਉਹ ਤੁਹਾਡਾ ਰੱਬ ਇੱਥੋਂ ਦੀ ਨਹੀਂ ਲੰਘਦਾ। ਉਹ ਮੈਨੂੰ ਨਹੀਂ ਜਾਣਦਾ। ਉਹ ਮੈਨੂੰ ਦੇਖਣ ਨਹੀਂ ਆਇਆ।"

ਪਬਲਿਕ-ਚਾਰਜ

ਇਹ ਨਿਯਮ ਫਰਵਰੀ ਦੇ ਅਖ਼ੀਰ ਵਿੱਚ ਲਾਗੂ ਹੋਇਆ। ਇਸ ਤਹਿਤ ਉਨ੍ਹਾਂ ਪ੍ਰਵਾਸੀਆਂ ਨੂੰ ਸਥਾਈ ਨਾਗਰਿਕਤਾ ਦੇਣ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ ਜਿਨ੍ਹਾਂ ਬਾਰੇ ਸੰਦੇਹ ਹੋਵੇ ਕਿ ਉਹ ਆਪਣਾ ਭਰਣ-ਪੋਸ਼ਣ ਖ਼ੁਦ ਨਹੀਂ ਕਰ ਸਕਣਗੇ। ਅਜਿਹੇ ਲੋਕਾਂ ਨੂੰ ਸਰਕਾਰ ਉੱਪਰ ਆਰਥਿਕ ਬੋਝ ਸਮਝਿਆ ਜਾਂਦਾ ਹੈ।

ਇਸ ਕਾਰਨ ਵੀ ਜਿਨ੍ਹਾਂ ਲੋਕਾਂ ਕੋਲ ਕਿਸੇ ਕਿਸਮ ਦੇ ਕਾਗਜ਼ਾਤ ਨਹੀਂ ਹਨ ਮੈਡੀਕਲ ਸਹਾਇਤਾ ਮੰਗਣ ਤੋਂ ਝਿਜਕਦੇ ਹਨ।

ਮਾਰਚ ਵਿੱਚ ਪ੍ਰਸ਼ਾਸਨ ਨੇ ਪਬਲਿਕ ਚਾਰਜ ਬਾਰੇ ਐਲਾਨ ਕੀਤਾ ਕਿ ਮਹਾਂਮਾਰੀ ਦੌਰਾਨ ਇਹ ਲਾਗੂ ਨਹੀਂ ਰਹੇਗਾ।

ਇਸ ਤੋਂ ਇਲਵਾ ਅਮਰੀਕਾ ਦੀ ਇਮੀਗਰੇਸ਼ਨ ਐਂਡ ਇਨਫੋਰਸਮੈਂਟ ਕੰਟਰੋਲ ਸਰਵਿਸ (Immigration and Customs Enforcement Service (ICE) ਨੇ ਕਿਹਾ ਕਿ ਉਹ ਲੋਕਾਂ ਨੂੰ ਡੀਪੋਰਟ ਕਰਨ ਲਈ ਕੀਤੀ ਜਾਂਦੀ ਛਾਪੇਮਾਰੀ ਸਿਵਾਏ ਅਪਰਾਧਿਕ ਗਤੀਵਿਧੀ ਵਾਲੀਆਂ ਥਾਵਾਂ ਦੇ ਕਿਤੇ ਨਹੀਂ ਕਰੇਗੀ।

ਇਹ ਸਾਰੇ ਐਲਾਨ ਸਾਰੇ ਲੋਕਾਂ ਤੱਕ ਨਹੀਂ ਪਹੁੰਚਦੇ। ਖ਼ਾਸ ਕਰ ਕੇ ਉਨ੍ਹਾਂ ਲੋਕਾਂ ਤੱਕ ਜਿਨ੍ਹਾਂ ਕੋਲ ਕਿ ਜਾਣਕਾਰੀ ਤੱਕ ਢੁਕਵੀਂ ਪਹੁੰਚ ਨਹੀਂ ਹੈ।

ਉਹ ਇਸ ਸੰਕਟ ਵਿੱਚ ਬੇਬੱਸ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਸਥਿਤੀ ਦਾ ਕਿਤੇ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।

ਕਲੌਡੀਆ, ਕਾਰਲੋਸ ਅਤੇ ਮਰਲਿਨ ਇਸ ਬੇਬਸੀ ਦੀਆਂ ਤਿੰਨ ਮਿਸਾਲਾਂ ਹਨ। ਉਨ੍ਹਾਂ ਦੇ ਹਾਲਤ ਵੱਖੋ-ਵੱਖ ਹੋ ਸਕਦੇ ਹਨ ਪਰ ਉਨ੍ਹਾਂ ਦੇ ਤੌਖਲੇ ਅਤੇ ਫਿਕਰ ਲਗਭਗ ਇੱਕੋ-ਜਿਹੇ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)