ਅਫ਼ਗਾਨ ਸਮਝੌਤਾ: ਤਾਲਿਬਾਨ ਨਾਲ ਸਮਝੌਤਾ ਕਰਵਾਉਣ ਵਾਲੀ ਨਿਡਰ ਔਰਤ

ਫੌਜ਼ੀਆ ਕੂਫੀ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦੀ ਸੀ, ਪਰ ਉਸ ਦਾ ਇਹ ਸੁਪਨਾ ਉਸ ਸਮੇਂ ਚਕਨਾਚੂਰ ਹੋ ਗਿਆ ਜਦੋਂ 1990 ਦੇ ਦਸ਼ਕ 'ਚ ਤਾਲਿਬਾਨ ਦਹਿਸ਼ਤਗਰਦਾਂ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ।

ਤਾਲਿਬਾਨ ਉਹ ਸਮੂਹ ਸੀ ਜਿਸ ਨੇ ਕੂਫੀ ਦੇ ਪਤੀ ਨੂੰ ਹਿਰਾਸਤ 'ਚ ਲੈ ਲਿਆ ਸੀ ਅਤੇ ਬਾਅਦ 'ਚ ਜਦੋਂ ਕੂਫੀ ਨੇ ਸਿਆਸਤਦਾਨ ਬਣਨ ਦਾ ਫ਼ੈਸਲਾ ਕੀਤਾ ਤਾਂ ਉਸ ਨੂੰ ਮਾਰਨ ਦੇ ਯਤਨ ਵੀ ਕੀਤੇ ਗਏ।

ਫਿਰ ਵੀ ਉਸ ਨੇ ਤਾਲਿਬਾਨ ਨਾਲ ਸਮਝੌਤਾ ਕਰਵਾਉਣ ਲਈ ਗੱਲਬਾਤ ਕੀਤੀ। ਉਨ੍ਹਾਂ ਨੇ ਅਮਰੀਕਾ ਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤਾ ਕਰਵਾਉਣ ਲਈ ਇੱਕ ਅਹਿਮ ਭੂਮਿਕਾ ਨਿਭਾਈ।

ਫੌਜ਼ੀਆ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਕਿਸੇ ਦਾ ਵੀ ਡਰ ਨਹੀਂ ਸੀ। ਮੇਰੇ ਲਈ ਮਜ਼ਬੂਤ ਅਤੇ ਨਿਡਰ ਹੋਣਾ ਜ਼ਰੂਰੀ ਸੀ ਕਿਉਂਕਿ ਮੈਂ ਅਫ਼ਗਾਨਿਸਤਾਨ ਦੀਆਂ ਮਹਿਲਾਵਾਂ ਦੀ ਨੁਮਾਇੰਦਗੀ ਕਰ ਰਹੀ ਸੀ।"

ਇਹ ਵੀ ਪੜ੍ਹੋ:

'ਕੁਝ ਤਾਲਿਬਾਨੀ ਮੇਰੇ ਵੱਲ ਵੇਖ ਰਹੇ ਸਨ'

ਕੂਫੀ ਉਨ੍ਹਾਂ ਮਹਿਲਾਵਾਂ 'ਚੋਂ ਇੱਕ ਸੀ, ਜੋ ਕਿ ਪੂਰੇ ਅਫ਼ਗਾਨ ਵਫ਼ਦ ਦਾ ਹਿੱਸਾ ਸਨ। ਇਸ ਵਫ਼ਦ ਨੇ ਦੇਸ 'ਚ ਕੱਟੜਪੰਥੀ ਇਸਲਾਮਿਕ ਸਾਬਕਾ ਸ਼ਾਸਕਾਂ ਨਾਲ ਕਈ ਵਾਰ ਗੱਲਬਾਤ ਕੀਤੀ।ਅਮਰੀਕਾ ਵੱਲੋਂ ਮਹੀਨਿਆਂ ਬੱਧੀ ਚੱਲੀ ਸ਼ਾਂਤੀ ਵਾਰਤਾ ਵੀ ਇਸ ਦੇ ਨਾਲ-ਨਾਲ ਹੀ ਅੱਗੇ ਵੱਧ ਰਹੀ ਸੀ।

ਪਿਛਲੇ ਸਾਲ ਕੂਫੀ ਅਤੇ ਇੱਕ ਹੋਰ ਮਹਿਲਾ ਲੈਲਾ ਜਾਫਰੀ, ਜੋ ਕਿ ਮਨੁੱਖੀ ਅਧਿਕਾਰਾਂ ਦੀ ਪ੍ਰਚਾਰਕ ਹੈ, ਦੋਵੇਂ ਹੀ ਮਾਸਕੋ ਦੇ ਇੱਕ ਹੋਟਲ ਦੇ ਕਮਰੇ 'ਚ ਦਾਖਲ ਹੋਈਆਂ। ਉਸ ਸਮੇਂ ਕਮਰੇ 'ਚ 70 ਆਦਮੀ ਬੈਠੇ ਹੋਏ ਸਨ।

ਕਮਰੇ ਦੀ ਇੱਕ ਨੁਕਰ 'ਚ ਤਾਲਿਬਾਨੀ ਸਨ ਅਤੇ ਦੂਜੇ ਪਾਸੇ ਦੋ ਮਹਿਲਾਵਾਂ ਨੇ ਅਫ਼ਗਾਨੀ ਸਿਆਸਤਦਾਨਾਂ ਅਤੇ ਕਾਰਕੁੰਨਾਂ ਵਿਚਾਲੇ ਆਪਣੀ ਸੀਟ ਲਈ। ਉਨ੍ਹਾਂ ਤੋਂ ਇਲਾਵਾ ਕਮਰੇ 'ਚ ਸਾਰੇ ਮਰਦ ਹੀ ਸਨ।

ਫੌਜ਼ੀਆ ਨੇ ਕਿਹਾ, "ਮੈਂ ਉਨ੍ਹਾਂ ਨੂੰ ਦੱਸਿਆ ਕਿ ਹੁਣ ਅਫ਼ਗਾਨਿਸਤਾਨ ਨੂੰ ਵੱਖਰੇ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਹੈ ਅਤੇ ਹੁਣ ਦੇਸ ਕਿਸੇ ਇੱਕ ਵਿਚਾਰਧਾਰਾ ਨਾਲ ਬੱਝਿਆ ਹੋਇਆ ਨਹੀਂ ਹੈ।"

"ਤਾਲਿਬਾਨ ਵਫ਼ਦ ਦੇ ਕੁੱਝ ਮੈਂਬਰ ਮੇਰੇ ਵੱਲ ਵੇਖ ਰਹੇ ਸਨ। ਕੁਝ ਤਾਂ ਬਹੁਤ ਧਿਆਨ ਨਾਲ ਸੁਣ ਰਹੇ ਸਨ ਪਰ ਕੁਝ ਕਮਰੇ 'ਚ ਮੌਜੂਦ ਹੋ ਕੇ ਵੀ ਉੱਥੇ ਮੌਜੂਦ ਨਹੀਂ ਸਨ। ਉਹ ਇੱਧਰ-ਉਧਰ ਵੇਖ ਰਹੇ ਸਨ।"

ਵੀਡੀਓ: ਅਮਰੀਕਾ ਤੇ ਤਾਲਿਬਾਨ ਵਿਚਾਲੇ ਸਮਝੌਤਾ ਤਾਂ ਹੋ ਗਿਆ ਪਰ ਅਫ਼ਗਾਨੀ ਡਾਕਟਰ ਨੇ ਦੱਸਿਆ ਕਿ ਔਰਤਾਂ ਕਿਉਂ ਡਰ ਰਹੀਆਂ ਹਨ

ਕਈ ਘੰਟਿਆਂ ਤੱਕ ਚੱਲੀ ਗੱਲਬਾਤ ਦੀ ਪ੍ਰਕ੍ਰਿਆ ਤੋਂ ਬਾਅਦ ਤਾਲਿਬਾਨ ਨੇ ਅਫ਼ਗਾਨ ਹਕੂਮਤ ਨਾਲ ਸਿੱਧੀ ਵਾਰਤਾ ਕਰਨ ਤੋਂ ਇਨਕਾਰ ਕਰ ਦਿੱਤਾ।

ਤਾਲਿਬਾਨ ਨੇ ਆਪਣੇ ਇਸ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ 'ਉਹ ਕਿਸੇ ਕਠਪੁਤਲੀ ਸਰਕਾਰ ਨਾਲ ਲੈਣਾ ਦੇਣਾ ਨਹੀਂ ਰੱਖ ਸਕਦੇ'। ਉਹ ਕਿਸੇ ਦੇ ਇਸ਼ਾਰਿਆਂ 'ਤੇ ਚੱਲ ਰਹੀ ਹਕੂਮਤ ਨੂੰ ਮਾਨਤਾ ਨਹੀਂ ਦਿੰਦੇ ਹਨ।

ਪਰ ਰੂਸ ਅਤੇ ਅਮਰੀਕਾ ਤੋਂ ਲਗਾਤਾਰ ਪੈ ਰਹੇ ਦਬਾਅ ਤੋਂ ਬਾਅਦ ਇੱਕ ਰਾਜ਼ੀਨਾਮਾ ਕੀਤਾ ਗਿਆ ਅਤੇ ਤਾਲਿਬਾਨ ਗੈਰ ਰਸਮੀ ਤੌਰ 'ਤੇ ਅਫ਼ਗਾਨ ਵਫ਼ਦ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਗਿਆ।

ਤਿੰਨ ਮੌਕਿਆਂ 'ਤੇ ਕੂਫੀ ਇਸ ਟੀਮ ਦਾ ਹਿੱਸਾ ਸੀ।

ਤਾਲਿਬਾਨ ਵੱਲੋਂ ਜੀਵਨ ਬਦਲੇ ਜਾਣ ਮਗਰੋਂ ਵੀ, ਕੂਫੀ ਨੇ ਸਿੱਧੇ ਤੌਰ 'ਤੇ ਮਹਿਲਾਵਾਂ ਦੇ ਅਧਿਕਾਰਾਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਸ਼ਾਂਤੀ ਵਾਰਤਾ 'ਚ ਹੋਰ ਮਹਿਲਾਵਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

"ਕਿਉਂਕਿ ਸਾਡੇ ਵਫ਼ਦ 'ਚ ਔਰਤਾਂ ਸਨ, ਇਸ ਲਈ ਮੈਂ ਤਾਲਿਬਾਨ ਵਫ਼ਦ ਦੇ ਮੈਂਬਰਾਂ ਨੂੰ ਮਸ਼ਵਰਾ ਦਿੱਤਾ ਕਿ ਉਹ ਵੀ ਆਪਣੇ ਵਫ਼ਦ 'ਚ ਔਰਤਾਂ ਨੂੰ ਸ਼ਾਮਲ ਕਰਨ। ਮੇਰਾ ਇਹ ਸੁਝਾਅ ਸੁਣ ਕੇ ਉਹ ਸਾਰੇ ਹੱਸ ਪਏ।"

ਤਾਲਿਬਾਨ ਨੇ 1996-2001 ਦੇ ਆਪਣੇ ਸ਼ਾਸਨ ਦੌਰਾਨ ਔਰਤਾਂ ਨੂੰ ਉਨ੍ਹਾਂ ਦੇ ਮੁਢਲੇ ਅਧਿਕਾਰਾਂ ਤੋਂ ਵਾਂਝਾ ਰੱਖਿਆ। ਔਰਤਾਂ ਲਈ ਸਿੱਖਿਆ ਅਤੇ ਰੁਜ਼ਗਾਰ 'ਤੇ ਰੋਕ ਸੀ।

ਤਾਲਿਬਾਨ ਨੇ ਔਰਤਾਂ 'ਤੇ ਆਪਣੇ ਹਿਸਾਬ ਨਾਲ ਕਰੜੇ ਇਸਲਾਮਿਕ ਕਾਨੂੰਨਾਂ ਨੂੰ ਥੋਪਿਆ ਜਿਸ 'ਚ ਪੱਥਰਬਾਜ਼ੀ ਨਾਲ ਮਾਰਨਾ ਅਤੇ ਮਾਰ-ਕੁਟਾਈ ਕਰਨਾ ਵੀ ਸ਼ਾਮਲ ਸੀ।

ਸਾਰੀ ਜ਼ਿੰਦਗੀ ਅਫ਼ਗਾਨਿਸਤਾਨ 'ਚ ਰਹਿਣ ਕਾਰਨ ਫੌਜ਼ੀਆ ਅਜਿਹੇ ਕਈ ਲੋਕਾਂ ਤੋਂ ਵਾਕਫ਼ ਸੀ ਜਿੰਨ੍ਹਾਂ ਨੇ ਇਸ ਤਰ੍ਹਾਂ ਦੀਆਂ ਸਜ਼ਾਵਾ ਭੁਗਤੀਆਂ ਸਨ।

ਇਹ ਵੀ ਪੜੋ:

ਜਦੋਂ ਉਨ੍ਹਾਂ ਦੇ ਬੋਲਣ ਦੀ ਵਾਰੀ ਆਈ ਤਾਂ ਤਾਲਿਬਾਨ ਵਫ਼ਦ ਦੇ ਇੱਕ ਮੈਂਬਰ ਨੇ ਕੂਫੀ ਵੱਲੋਂ ਬਰਾਬਰੀ ਦੀ ਕੀਤੀ ਮੰਗ ਦਾ ਜਵਾਬ ਦਿੱਤਾ।

"ਉਨ੍ਹਾਂ ਕਿਹਾ ਕਿ ਇੱਕ ਔਰਤ ਪ੍ਰਧਾਨ ਮੰਤਰੀ ਬਣ ਸਕਦੀ ਹੈ ਪਰ ਉਹ ਰਾਸ਼ਟਰਪਤੀ ਨਹੀਂ ਬਣ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਬਤੌਰ ਜੱਜ ਆਪਣੀਆਂ ਸੇਵਾਵਾਂ ਨਹੀਂ ਨਿਭਾ ਸਕਦੀਆਂ ਹਨ।"

"ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸੀ, ਪਰ ਮੈਂ ਉਨ੍ਹਾਂ ਨਾਲ ਇਸ ਮਸਲੇ 'ਤੇ ਬਹਿਸ ਵੀ ਨਹੀਂ ਕਰ ਸਕਦੀ ਸੀ।" ਇਸ ਗੱਲਬਾਤ ਦਾ ਜੋ ਫਾਰਮੈਟ ਸੀ ਉਸ 'ਚ ਦੁਵੱਲੀ ਵਿਚਾਰ ਚਰਚਾ ਕਰਨ ਦੀ ਮਨਜ਼ੂਰੀ ਨਹੀਂ ਸੀ।

ਵੀਡੀਓ: ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਹਮਲੇ ਵਿੱਚ ਮਾਰੇ ਗਏ ਸਿੱਖ ਆਗੂ ਦਾ ਬੀਬੀਸੀ ਨੂੰ ਦਿੱਤਾ ਆਖ਼ਰੀ ਇੰਟਰਵਿਊ

ਅਜੋਕੇ ਸਮੇਂ ਤਾਲਿਬਾਨ ਅਧਿਕਾਰਤ ਤੌਰ 'ਤੇ ਕਹਿ ਰਿਹਾ ਹੈ ਕਿ ਔਰਤਾਂ ਕਮਕਾਜ ਕਰ ਸਕਦੀਆਂ ਹਨ ਅਤੇ ਉਹ ਸਿੱਖਿਅਤ ਵੀ ਹੋ ਸਕਦੀਆਂ ਹਨ। ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਉਹ ਇਸਲਾਮਿਕ ਕਾਨੂੰਨ ਅਤੇ ਅਫ਼ਗਾਨ ਸਭਿਆਚਾਰ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਕਾਰਜਸ਼ੀਲ ਹੋਣ।

ਕੂਫੀ ਵਰਗੇ ਲੋਕਾਂ ਲਈ ਇਹ ਹੀ ਪੂਰੀ ਸਮੱਸਿਆ ਦਾ ਨਿਚੋੜ ਹੈ। ਇਸਲਾਮ ਦੀ ਇੱਕ ਹੀ ਧਾਰਮਿਕ ਕਿਤਾਬ ਹੈ, ਪਰ ਧਾਰਮਿਕ ਵਿਚਾਰਾਂ ਦੀਆਂ ਕਈ ਧਾਰਾਵਾਂ ਮੌਜੂਦ ਹਨ।

"ਮੈਂ ਵੱਖ-ਵੱਖ ਵਿਦਵਾਨਾਂ ਤੋਂ ਇਸਲਾਮਿਕ ਸਿੱਖਿਆਵਾਂ ਸਬੰਧੀ ਕਈ ਵਿਚਾਰ ਸੁਣੇ ਹਨ। ਤਾਲਿਬਾਨ ਕੁਰਾਨ ਦੀਆਂ ਪਰਮ ਵਿਆਖਿਆਵਾਂ ਦੀ ਪਾਲਣਾ ਕਰਦੇ ਹਨ।"

'ਮੈਂ ਕਦੇ ਵੀ ਬੁਰਕਾ ਨਹੀਂ ਖ੍ਰੀਦਿਆ'

ਫੌਜ਼ੀਆ ਨੇ ਪਹਿਲੀ ਵਾਰ ਸਤੰਬਰ 1996 'ਚ ਤਾਲਿਬਾਨ ਲੜਾਕੂ ਵੇਖਿਆ ਸੀ।

"ਮੈਂ ਉਸ ਸਮੇਂ ਡਾਕਟਰੀ ਦੀ ਪੜਾਈ ਕਰ ਰਹੀ ਸੀ, ਜਦੋਂ ਤਾਲਿਬਾਨ ਨੇ ਸ਼ਹਿਰ 'ਤੇ ਹਮਲਾ ਕੀਤਾ। ਮੈਂ ਉਸ ਸਮੇਂ ਪੰਜਵੀ ਮੰਜ਼ਿਲ ਦੇ ਆਪਣੇ ਫਲੈਟ 'ਚ ਸੀ। ਮੈਂ ਉਨ੍ਹਾਂ ਨੂੰ ਵੇਖਿਆ। ਗਲੀ 'ਚ ਅੱਤਵਾਦੀ ਔਟੋਮੈਟਿਕ ਰਾਈਫਲਾਂ ਨਾਲ ਹਮਲਾ ਕਰ ਰਹੇ ਸਨ।"

ਕੁਝ ਹੀ ਦਿਨਾਂ 'ਚ ਉਸ ਦਾ ਡਾਕਟਰ ਬਣਨ ਦਾ ਬਚਪਨ ਦਾ ਸੁਪਨਾ ਚੱਕਣਾਚੂਰ ਹੋ ਗਿਆ। ਮੈਡੀਕਲ ਕਾਲੇਜ ਵੱਲੋਂ ਉਸ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ।

ਅਸਲ 'ਚ ਉਨ੍ਹਾਂ ਨੂੰ ਤਾਲਿਬਾਨ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ। ਉਸ ਨੇ ਕਾਬੁਲ 'ਚ ਰਹਿਣ ਦਾ ਫ਼ੈਸਲਾ ਕੀਤਾ ਅਤੇ ਜਿੰਨ੍ਹਾਂ ਕੁੜੀਆਂ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਸੀ ਉਨ੍ਹਾਂ ਕੁੜੀਆਂ ਨੂੰ ਕੌਫੀ ਨੇ ਅੰਗ੍ਰੇਜ਼ੀ ਪੜਾਉਣੀ ਸ਼ੁਰੂ ਕੀਤੀ।

"ਇਹ ਬਹੁਤ ਹੀ ਤਣਾਅ ਅਤੇ ਨਿਰਾਸ਼ਾ ਭਰਪੂਰ ਸਮਾਂ ਸੀ। ਜੇਕਰ ਕੋਈ ਤੁਹਾਡੀਆਂ ਇੱਛਾਵਾਂ ਦਾ ਗਲਾ ਘੁੱਟ ਦੇਵੇ ਅਤੇ ਤੁਹਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇ …..ਇਸ ਦਾ ਦਰਦ ਬਹੁਤ ਹੀ ਅਸਹਿਣਸ਼ੀਲ ਹੁੰਦਾ ਹੈ।"

ਇਹ ਵੀ ਪੜ੍ਹੋ:

ਤਾਲਿਬਾਨ ਨੇ ਮਹਿਲਾਵਾਂ ਦੇ ਨਾਂ ਇੱਕ ਫ਼ਰਮਾਨ ਜਾਰੀ ਕਰਦਿਆਂ ਕਿਹਾ ਕਿ ਜਨਤਕ ਥਾਵਾਂ 'ਤੇ ਔਰਤਾਂ ਪੂਰੇ ਸਰੀਰ ਨੂੰ ਢੱਕ ਕੇ ਬਾਹਰ ਨਿਕਲਣ ਗਈਆਂ। ਭਾਵ ਸਿਰ ਤੋਂ ਪੈਰਾਂ ਤੱਕ ਬੁਰਕਾ ਪਾਉਣ ਗਈਆਂ।

ਫੌਜ਼ੀਆ ਨੇ ਅੱਗੇ ਕਿਹਾ, "ਮੈਂ ਕਦੇ ਵੀ ਬੁਰਕਾ ਨਹੀਂ ਖ੍ਰੀਦਿਆ ਕਿਉਂਕਿ ਮੈਂ ਉਨ੍ਹਾਂ ਵਸਤਾਂ 'ਤੇ ਪੈਸਾ ਖਰਚ ਨਹੀਂ ਕਰਾਂਗੀ ਜਿਸ ਨੂੰ ਮੈਂ ਆਪਣੇ ਸਭਿਆਚਾਰ ਦਾ ਹਿੱਸਾ ਹੀ ਨਹੀਂ ਮੰਨਦੀ।"

ਇਸ ਤਰ੍ਹਾਂ ਹੂਕਮ-ਅਦੂਲੀ ਦਾ ਹਰਜਾਨਾ ਤਾਂ ਭੁਗਤਣਾ ਹੀ ਪੈਣਾ ਸੀ। ਉਸ ਨੂੰ ਆਪਣੇ ਆਪ ਨੂੰ ਸੁਰੱਖਿਅਤ ਅਤੇ ਮਹਿਫੂਜ਼ ਰੱਖਣ ਲਈ ਆਪਣੇ ਅੰਦੋਲਨਾਂ ਤੇ ਕਾਰਵਾਈਆਂ ਨੂੰ ਕੁਝ ਸਮੇਂ ਲਈ ਰੋਕਣਾ ਪਿਆ।

"ਤਾਲਿਬਾਨ ਸਮੂਹ ਦੇ ਲੋਕ ਸੜਕਾਂ ਅਤੇ ਗਲੀਆਂ 'ਚ ਗਸ਼ਤ ਕਰਦੇ ਸਨ ਅਤੇ ਜੇਕਰ ਉਨ੍ਹਾਂ ਨੂੰ ਕੋਈ ਮਹਿਲਾ ਬਿਨਾ ਬੁਰਕੇ ਦੇ ਦਿਖਾਈ ਪੈਂਦੀ ਤਾਂ ਉਸ ਦੀ ਬੇਰਹਿਮੀ ਨਾਲ ਮਾਰ ਕੁੱਟ ਕਰਦੇ।"

ਅਮਰੀਕਾ 'ਚ ਵਾਪਰੇ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਅਗਵਾਈ ਵਾਲੀ ਫੌਜ ਨੇ ਤਾਲਿਬਾਨ ਨੂੰ ਖਦੇੜ ਦਿੱਤਾ ਜਿਸ ਤੋਂ ਬਾਅਦ ਬਹੁਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

"ਹੁਣ ਅਸੀਂ ਤਾਲਿਬਾਨ ਦੇ ਖੌਫ਼ ਤੋਂ ਬਿਨ੍ਹਾਂ ਹੀ ਸੜਕਾਂ, ਗਲੀਆਂ 'ਚ ਤੁਰ ਫਿਰ ਸਕਦੇ ਹਾਂ ਅਤੇ ਆਪਣੀ ਖਰੀਦਦਾਰੀ ਕਰ ਸਕਦੇ ਹਾਂ।"

ਮੇਰਾ ਕਾਫ਼ਲਾ ਅੱਗ ਦੇ ਹਵਾਲੇ ਹੋਇਆ

ਤਾਲਿਬਾਨ ਦੇ ਪਤਨ ਤੋਂ ਬਾਅਦ ਕੂਫੀ ਨੇ ਸੰਯੁਕਤ ਰਾਸ਼ਟਰ ਲਈ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਸਾਬਕਾ ਬਾਲ ਸੈਨਿਕਾਂ ਦੇ ਮੁੜ ਵਸੇਬੇ ਲਈ ਆਪਣੀਆਂ ਸੇਵਾਵਾਂ ਨਿਭਾਈਆਂ।

ਕੂਫੀ ਦਾ ਪਤੀ ਤਾਲਿਬਾਨ ਦੀ ਹਿਰਾਸਤ 'ਚ ਹੀ ਟੀਬੀ ਦਾ ਸ਼ਿਕਾਰ ਹੋ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਉਸ ਨੇ ਇੱਕਲਿਆਂ ਹੀ ਆਪਣੀਆਂ ਦੋ ਧੀਆਂ ਦਾ ਪਾਲਣ ਪੋਸ਼ਣ ਕੀਤਾ।

ਇੰਨ੍ਹੀਆਂ ਮੁਸ਼ਕਲਾਂ ਦੇ ਬਾਵਜੂਦ ਜਦੋਂ 2005 'ਚ ਸੰਸਦੀ ਚੋਣਾਂ ਦਾ ਐਲਾਨ ਹੋਇਆ ਤਾਂ ਉਸ ਨੇ ਚੋਣ ਮੈਦਾਨ 'ਚ ਉਤਰਨ ਦਾ ਫ਼ੈਸਲਾ ਕੀਤਾ।

ਉਸ ਦੇ ਪਿਤਾ ਸੰਸਦ ਮੈਂਬਰ ਸਨ ਅਤੇ ਕੂਫੀ ਨੇ ਮੰਨਿਆ ਕਿ ਉਨ੍ਹਾਂ ਦੇ ਸਮਰਥਨ ਨਾਲ ਹੀ ਉਹ ਜਿੱਤ ਦਰਜ ਕਰ ਪਾਈ ਸੀ।

"ਪਰ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਆਪਣੀ ਵੱਖਰੀ ਪਛਾਣ ਕਾਇਮ ਕਰਨਾ ਸੀ।"

ਉਸ ਨੇ ਦੋ ਵਾਰ ਬਤੌਰ ਐਮਪੀ ਅਹੁਦਾ ਸੰਭਾਲਿਆ ਅਤੇ ਪਹਿਲੀ ਵਾਰ ਉਹ ਸੰਸਦ ਦੀ ਡਿਪਟੀ ਸਪੀਕਰ ਚੁਣੀ ਗਈ।

ਇਸੇ ਅਰਸੇ ਦੌਰਾਨ ਹੀ ਦੇਸ ਦੇ ਦੱਖਣੀ ਹਿੱਸੇ 'ਚ ਉਸ 'ਤੇ ਤਾਲਿਬਾਨ ਵੱਲੋਂ ਜਾਨਲੇਵਾ ਹਮਲਾ ਵੀ ਹੋਇਆ। ਪਰ ਉਹ ਇਸ ਹਮਲੇ 'ਚ ਵਾਲ-ਵਾਲ ਬਚ ਗਈ ਸੀ।

"ਮਾਰਚ 2010 ਨੂੰ ਮੈਂ ਨੰਗਰਹਾਰ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਗਈ। ਰਸਤੇ 'ਚ ਹੀ ਮੇਰੇ ਕਾਫਲੇ ਨੂੰ ਅੱਗ ਲੱਗ ਗਈ।"

ਨਹਿਰ ਦੇ ਦੂਜੇ ਕਿਨਾਰੇ ਅਤੇ ਪਹਾੜ ਦੀ ਚੋਟੀ ਤੋਂ ਗੋਲੀਆਂ ਚੱਲ ਰਹੀਆਂ ਸਨ। ਕੂਫੀ ਅਤੇ ਉਸ ਦੀਆਂ ਦੋਵੇਂ ਧੀਆਂ ਨੂੰ ਸੁਰੱਖਿਆ ਅਧਿਕਾਰੀਆਂ ਵੱਲੋਂ ਬਚਾ ਲਿਆ ਗਿਆ।

ਉਨ੍ਹਾਂ ਨੂੰ ਪਹਾੜੀ ਸੁਰੰਗ 'ਚ ਲੁਕਾਇਆ ਗਿਆ ਅਤੇ ਬਾਅਦ 'ਚ ਹੈਲੀਕਾਪਟਰ ਰਾਹੀਂ ਕਾਬੁਲ ਲਿਜਾਇਆ ਗਿਆ।

ਵੀਡੀਓ: ਰਾਜਧ੍ਰੋਹ ਕਾਨੂੰਨ ਕੀ ਹੈ?

'ਹਰ ਕੋਈ ਸ਼ਾਂਤੀ ਚਾਹੁੰਦਾ ਹੈ'

ਪਿਛਲੇ ਦਸ ਸਾਲਾਂ ਤੋਂ ਤਾਲਿਬਾਨ ਅਤੇ ਅਮਰੀਕਾ ਸ਼ਾਂਤੀ ਸਮਝੌਤੇ ਲਈ ਕਈ ਗੇੜਾਂ ਦੀਆਂ ਵਾਰਤਾਵਾਂ ਕਰ ਚੁੱਕੇ ਹਨ।

ਇਹ ਅਜੇ ਵੀ ਜਾਰੀ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਫ਼ਤੇ ਸ਼ਾਂਤੀ ਸਮਝੌਤੇ ਨੂੰ ਸਹੀਬੱਧ ਕਰ ਲਿਆ ਜਾਵੇਗਾ।

ਅੱਤਵਾਦੀਆਂ ਨੂੰ ਮੁੜ ਸੰਗਠਿਤ ਹੋਣ ਅਤੇ ਵਾਪਸ ਲੜਾਈ 'ਚ ਸ਼ਾਮਲ ਹੋਣ ਲਈ ਕੁਝ ਸਾਲ ਹੀ ਲੱਗੇ। 2001 ਤੋਂ ਬਾਅਦ ਇੰਨ੍ਹਾਂ ਨੇ ਪਹਿਲਾਂ ਤੋਂ ਵਧੇਰੇ ਖੇਤਰ 'ਤੇ ਆਪਣਾ ਕਬਜ਼ਾ ਕੀਤਾ ਹੈ।

ਜੰਗ ਪ੍ਰਭਾਵਿਤ ਅਫ਼ਗਾਨ 'ਚ ਲੱਖਾਂ ਹੀ ਲੋਕ ਮੌਤ ਦੇ ਘਾਟ ਉਤਾਰੇ ਗਏ ਅਤੇ ਹਜ਼ਾਰਾਂ ਹੀ ਜ਼ਖਮੀ ਹੋਏ। ਹੁਣ ਹਾਲਾਤ ਇਹ ਹਨ ਕਿ ਅਫ਼ਗਾਨਿਸਤਾਨ ਦੁਨੀਆ ਦਾ ਸਭ ਤੋਂ ਗਰੀਬ ਮੁਲਕ ਬਣ ਕੇ ਰਹਿ ਗਿਆ ਹੈ।

ਲਗਭਗ 2.5 ਮਿਲੀਅਨ ਅਫ਼ਗਾਨੀ ਨਾਗਰਿਕਾਂ ਨੇ ਵਿਦੇਸ਼ਾਂ 'ਚ ਆਪਣੇ ਆਪ ਨੂੰ ਬਤੌਰ ਸ਼ਰਨਾਰਥੀ ਰਜਿਸਟਰ ਕਰਵਾਇਆ ਹੈ।

ਇਸ ਤੋਂ ਇਲਾਵਾ ਦੇਸ ਅੰਦਰ ਹੀ 20 ਲੱਖ ਦੇ ਕਰੀਬ ਲੋਕ ਬੇਘਰ ਹੋਏ ਹਨ। ਕੋਈ ਵੀ ਉਨ੍ਹਾਂ ਦੀ ਸਾਰ ਲੈਣਾ ਵਾਲਾ ਨਹੀਂ ਹੈ। ਇੱਕ ਅੰਦਾਜ਼ੇ ਮੁਤਾਬਕ ਦੇਸ 'ਚ 20 ਲੱਖ ਵਿਧਵਾ ਔਰਤਾਂ ਹਨ ਜੋ ਕਿ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੀਆਂ ਹਨ।

ਕੂਫੀ ਕਹਿੰਦੀ ਹਨ, "ਹਰ ਕੋਈ ਸ਼ਾਂਤੀ ਚਾਹੁੰਦਾ ਹੈ। ਅਸੀਂ ਜੰਗ ਦੌਰਾਨ ਜਨਮ ਲਿਆ ਅਤੇ ਇਸੇ ਜੰਗੀ ਹਾਲਾਤਾਂ 'ਚ ਅਸੀਂ ਆਪਣੀ ਸਾਰੀ ਜ਼ਿੰਦਗੀ ਕੱਢ ਦਿੱਤੀ। ਨਾ ਹੀ ਮੇਰੀ ਪੀੜ੍ਹੀ ਅਤੇ ਨਾ ਹੀ ਅਗਲੀ ਪੀੜ੍ਹੀ ਨੂੰ ਸ਼ਾਂਤੀ ਦੇ ਅਸਲ ਮਾਅਨੇ ਪਤਾ ਹਨ।"

ਪਰ ਕਿਸੇ ਵੀ ਕੀਮਤ 'ਤੇ ਸ਼ਾਂਤੀ ਸਮਝੌਤੇ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ।

"ਸ਼ਾਂਤੀ ਦਾ ਮਤਲਬ ਮਾਣ-ਸਮਾਨ , ਨਿਆਂ ਅਤੇ ਆਜ਼ਾਦੀ ਨਾਲ ਜਿਉਣਾ ਹੁੰਦਾ ਹੈ। ਲੋਕਤੰਤਰ ਦਾ ਕੋਈ ਵੀ ਬਦਲ ਨਹੀਂ ਹੈ।"

ਹੁਣ ਇਹ ਦੇਖਣਾ ਬਾਕੀ ਹੈ ਕਿ ਤਾਲਿਬਾਨ ਕਿਸ ਸਿਰੇ ਗੱਲ ਮੁਕਾਉਂਦਾ ਹੈ।

ਵੀਡੀਓ: ਸਕੂਲਾਂ 'ਚ AK-47 ਬੰਦੂਕਾਂ ਲਿਆਉਂਦੇ ਵਿਦਿਆਰਥੀ

ਉਨ੍ਹਾਂ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਬੀਬੀਸੀ ਨੂੰ ਦੱਸਿਆ , "ਜੋ ਲੋਕ ਸ਼ਾਂਤੀ ਸਮਝੌਤੇ ਦੇ ਖਿਲਾਫ ਹਨ, ਉਹ ਔਰਤਾਂ ਦੇ ਅਧਿਕਾਰਾਂ ਦੀ ਆੜ 'ਚ ਇਸ ਸ਼ਾਂਤੀ ਵਾਰਤਾ ਨੂੰ ਲੀਹੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਪਰ ਕੂਫੀ ਨੇ ਕਿਹਾ ਕਿ ਮਹਿਲਾਵਾਂ ਅੱਜ ਤੱਕ ਬਹੁਤ ਕੁਝ ਗਵਾ ਚੁੱਕੀਆਂ ਹਨ।ਹੁਣ ਉਨ੍ਹਾਂ ਕੋਲ ਵੀ ਗੁਆਉਣ ਲਈ ਕੁਝ ਨਹੀਂ ਹੈ।ਦੱਸੋ ਕਿ ਅਸੀਂ ਕੀ ਦਾਅ 'ਤੇ ਲਗਾਈਏ?"

ਉਸ ਦੀਆਂ ਦੋਵੇਂ ਧੀਆਂ ਕਾਬੁਲ ਯੂਨੀਵਰਸਿਟੀ 'ਚ ਪੜਾਈ ਕਰ ਰਹੀਆਂ ਹਨ।ਉਹ ਆਪਣੇ ਜੀਵਨ 'ਚ ਮੀਡੀਆ ਅਤੇ ਇੰਟਰਨੈਟ ਦੀ ਵਰਤੋਂ ਨਾਲ ਅੱਗੇ ਵੱਧ ਰਹੀਆਂ ਹਨ।

"ਕੋਈ ਵੀ ਤਾਕਤ ਮੇਰੀਆਂ ਧੀਆਂ ਅਤੇ ਉਨ੍ਹਾਂ ਵਰਗੀਆਂ ਦੂਜੀਆਂ ਕੁੜੀਆਂ ਨੂੰ ਸਿਰਫ ਘਰ ਦੀ ਚਾਰ ਦੀਵਾਰੀ 'ਚ ਬੰਦ ਕਰ ਰਕੇ ਨਹੀਂ ਰੱਖ ਸਕਦੀ ਹੈ।ਜੋ ਕੋਈ ਵੀ ਦੇਸ 'ਤੇ ਸ਼ਾਸਨ ਕਰਨਾ ਚਾਹੁੰਦਾ ਹੈ, ਉਸ ਨੂੰ ਇਹ ਸਭ ਆਪਣੇ ਧਿਆਨ 'ਚ ਰੱਖਣਾ ਲਾਜ਼ਮੀ ਹੋਵੇਗਾ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ:ਸੰਨੀ ਹਿੰਦੁਸਤਾਨੀ: ਮਿਹਨਤ ਜਾਂ ਕਿਸਮਤ?

ਵੀਡੀਓ: ਬਾਬਾ ਨਜਮੀ ਦਾ ਫ਼ਿਰਕੂ ਸਮਿਆਂ ਨੂੰ ਸਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)