ਸੁਲੇਮਾਨੀ : ਕਾਸਿਮ ਸੁਲੇਮਾਨੀ ਦੇ ਜਨਾਜ਼ੇ ਚ ਭਗਦੜ, 40 ਮੌਤਾਂ

ਈਰਾਨ ਦੇ ਸਰਕਾਰੀ ਸੂਤਰਾਂ ਮੁਤਾਬਕ ਅਮਰੀਕੀ ਡਰੋਨ ਹਮਲੇ ਵਿਚ ਮਾਰੇ ਗਏ ਮੁੱਖ ਕਮਾਂਡਰ ਕਾਸਿਮ ਦੇ ਜਨਾਜ਼ੇ ਵਿਚ ਸ਼ਾਮਲ ਹੋਣ ਆਈ ਭੀੜ ਵਿਚ ਭਗਦੜ ਮੱਚਣ ਨਾਲ ਘੱਟੋ ਘੱਟ 40 ਮੌਤਾਂ ਹੋਈਆਂ ਹਨ।

ਕਾਸਿਮ ਸੁਲੇਮਾਨੀ ਦੇ ਜੱਦੀ ਸ਼ਹਿਰ ਕਰਮਨ ਵਿਚ ਉਨ੍ਹਾਂ ਦੀਆਂ ਆਖ਼ਰੀ ਰਸਮਾਂ ਹੋ ਰਹੀਆਂ ਹਨ। ਸੁਲੇਮਾਨੀ ਦੇ ਜਨਾਜ਼ੇ ਵਿਚ ਸ਼ਾਮਲ ਹੋਣ ਲਈ ਲੱਖਾਂ ਲੋਕ ਇਸ ਸ਼ਹਿਰ ਵਿਚ ਪਹਿਲਾਂ ਹੀ ਪਹੁੰਚ ਚੁੱਕੇ ਹਨ।

ਸੁਲੇਮਾਨੀ ਦੇ ਅਮਰੀਕੀ ਡਰੋਨ ਹਮਲੇ ਵਿਚ ਮੌਤ ਹੋਣ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਝਗੜੇ ਦਾ ਡਰ ਖੜ੍ਹਾ ਹੋ ਗਿਆ ਹੈ।

ਸੁਲੇਮਾਨੀ ਇਰਾਨ ਦੇ ਅਲੀ ਖਾਮੇਨੀ ਤੋਂ ਬਾਅਦ ਦੂਜੇ ਸਭ ਤੋਂ ਵੱਧ ਤਾਕਤਵਰ ਵਿਅਕਤੀ ਸਨ ਅਤੇ ਅਮਰੀਕਾ ਉਨ੍ਹਾਂ ਨੂੰ ਅੱਤਵਾਦੀ ਮੰਨਦਾ ਸੀ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਵੱਡੀ ਗਿਣਤੀ ਵਿਚ ਲੋਕ ਸੁਲੇਮਾਨੀ ਦੇ ਜਨਾਜ਼ੇ ਵਿਚ ਸ਼ਾਮਲ ਹੋਣ ਲਈ ਸ਼ਹਿਰ ਵਿਚ ਇਕੱਠੇ ਹੋਏ ਸਨ।

ਸੁਲੇਮਾਨੀ ਕਰਮਨ ਸ਼ਹਿਰ ਤੋਂ ਹੀ ਸੀ। ਉਸ ਦੀ ਮ੍ਰਿਤਕ ਦੇਹ ਨੂੰ ਇਰਾਕ ਤੋਂ ਅਹਿਵਾਜ਼, ਫਿਰ ਤਹਿਰਾਨ ਅਤੇ ਹੁਣ ਕਰਮਨ ਲਿਆਂਦਾ ਗਿਆ ਹੈ। ਉਸਦਾ ਅੰਤਿਮ ਸੰਸਕਾਰ ਇੱਥੇ ਹੋਵੇਗਾ।

ਈਰਾਨ ਦੀ ਐਮਰਜੈਂਸੀ ਸੇਵਾਵਾਂ ਦੇ ਮੁਖੀ ਨੇ ਕਿਹਾ ਕਿ ਜਨਰਲ ਕਾਸੀਮ ਸੁਲੇਮਾਨੀ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਆਏ ਲੋਕਾਂ ਦੀ ਭੀੜ ਵਿਚ ਮੱਚੀ ਭਗਦੜ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ।

ਸਰਕਾਰੀ ਖ਼ਬਰ ਏਜੰਸੀ ਆਈਆਰਆਈਬੀ ਨਿਊਜ਼ ਤੋਂ ਪੀਰਹੋਸੇਨ ਕੋਲਿਵੰਦ ਨੇ ਦੱਸਿਆ , "ਬਦਕਿਸਮਤੀ ਨਾਲ, ਭਗਦੜ ਵਿਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਕੁਝ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ,"।

ਇਹ ਵੀ ਪੜ੍ਹੋ:

ਕਾਸਿਮ ਸੁਲੇਮਾਨੀ ਕੌਣ ਸਨ?

ਸਾਲ 1998 ਤੋਂ ਬਾਅਦ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੇ ਈਰਾਨ ਦੀਆਂ ਕੁਦਸ ਫੋਰਸਜ਼ ਦੀ ਅਗਵਾਈ ਕੀਤੀ। ਇਹ ਈਰਾਨ ਦੀ ਰੈਵਲੂਸ਼ਨਰੀ ਗਾਰਡਜ਼ ਦਾ ਇੱਕ ਚੋਣਵਾਂ ਦਸਤਾ ਹੈ।

ਉਸ ਹੈਸੀਅਤ ਵਿੱਚ ਸੁਲੇਮਾਨੀ ਨੇ ਬਸ਼ਰ-ਅੱਲ-ਅੱਸਦ ਦੀ ਈਰਾਨੀ ਹਮਾਇਤ ਵਾਲੀ ਸਰਕਾਰ ਦੀ ਸੀਰੀਆ ਦੇ ਗ੍ਰਹਿ ਯੁੱਧ ਵਿੱਚ ਅਤੇ ਇਸਲਾਮਿਕ ਸਟੇਟ (ਆਈਐੱਸ) ਗੁਰੱਪ ਖ਼ਿਲਾਫ਼ ਇਰਾਕ ਵਿੱਚ ਹਮਾਇਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।

ਮਰਹੂਮ ਸੁਲੇਮਾਨੀ ਈਰਾਨੀ ਸੱਤਾ ਦਾ ਇੱਕ ਉੱਘਾ ਚਿਹਰਾ ਸਨ। ਜਿਨ੍ਹਾਂ ਦੀਆਂ ਕੁਦਸ ਫੋਰਸ ਸਿੱਧੀ ਦੇਸ਼ ਪ੍ਰਮੁੱਖ ਅਇਤੋਉੱਲ੍ਹਾ ਅਲੀ ਖ਼ਮੇਨੀ ਨੂੰ ਰਿਪੋਰਟ ਕਰਦੀ ਸੀ।

ਉਹ ਪਹਿਲੀ ਵਾਰ 1980ਵਿਆਂ ਵਿੱਚ ਈਰਾਨ-ਇਰਾਕ ਯੁੱਧ ਦੌਰਾਨ ਚੜ੍ਹਤ ਵਿੱਚ ਆਏ।

ਸਾਲ 2015 ਵਿੱਚ ਇੱਕ ਵੀਡੀਓ ਈਰਾਨ ਵਿੱਚ ਬਹੁਤ ਜ਼ਿਆਦਾ ਸਾਂਝੀ ਕੀਤੀ ਗਈ। ਇਹ ਇੱਕ ਸੰਗੀਤਕ ਵੀਡੀਓ ਸੀ, ਜਿਸ ਵਿੱਚ ਇਰਾਕ ਦੇ ਸ਼ੀਆ ਲੜਾਕੇ ਇੱਕ ਕੰਧ ਤੇ ਸੁਲੇਮਾਨੀ ਦੀ ਤਸਵੀਰ ਛਾਪ ਕੇ ਉਸ ਦੇ ਸਾਹਮਣੇ ਪਰੇਡ ਕਰਦੇ ਹਨ ਤੇ ਇੱਕ ਜੋਸ਼ੀਲਾ ਤਰਾਨਾ ਗਾਉਂਦੇ ਹਨ।

ਸੁਲੇਮਾਨੀ ਉਸ ਸਮੇਂ ਉੱਤਰੀ ਇਰਾਕ ਦੇ ਸਲਾਉਦੀਨ ਸੂਬੇ ਵਿੱਚ ਇਰਾਕੀ ਤੇ ਸ਼ੀਆ ਲੜਾਕਿਆਂ ਦੀ ਅਗਵਾਈ ਕਰ ਰਹੇ ਸਨ। ਇਹ ਲੜਾਕੇ ਤਿਕਰਿਤ ਸ਼ਹਿਰ ਨੂੰ ਇਸਲਾਮਿਕ ਸਟੇਟ ਦੇ ਲੜਾਕਿਆਂ ਤੋਂ ਵਾਪਸ ਲੈਣ ਲਈ ਲੜ ਰਹੇ ਸਨ।

ਇਰਾਨੀ ਖ਼ਬਰ ਏਜੰਸੀ ਫਾਰਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਸੁਲੇਮਾਨੀ ਨੇ ਇਰਾਕੀ ਲੜਾਕਿਆਂ ਦੀ ਇਸ ਮਿਸ਼ਨ ਦੀ ਤਿਆਰੀ ਵਿੱਚ ਕੁਝ ਸਮਾਂ ਮਦਦ ਕੀਤੀ ਸੀ।

ਇਹ ਪਹਿਲੀ ਵਾਰ ਨਹੀਂ ਸੀ ਕਿ ਸੁਲੇਮਾਨੀ ਨੇ ਜਿਹਾਦੀਆਂ ਖ਼ਿਲਾਫ਼ ਮੋਰਚਾ ਲਿਆ ਹੋਵੇ। ਗੁਆਂਢੀ ਸੀਰੀਆ ਵਿੱਚ ਵੀ ਉਨ੍ਹਾਂ ਨੇ ਰਾਸ਼ਟਰਪਤੀ ਬਸ਼ਰ-ਅੱਲ-ਅੱਸਦ ਦੀ ਜਿਹਾਦੀਆਂ ਤੋਂ ਪ੍ਰਮੁੱਖ ਸ਼ਹਿਰ ਵਾਪਸ ਲੈਣ ਵਿੱਚ ਮਦਦ ਕੀਤੀ ਸੀ।

ਹਾਲਾਂਕਿ ਈਰਾਨ ਹਮੇਸ਼ਾ ਹੀ ਸੀਰੀਆ ਤੇ ਇਰਾਕ ਵਿੱਚ ਆਪਣੇ ਦਖ਼ਲ ਤੋਂ ਇਨਕਾਰੀ ਰਿਹਾ ਹੈ ਪਰ ਇਨ੍ਹਾਂ ਦੋਹਾਂ ਦੇਸ਼ਾਂ ਵਿੱਚ ਮਰਨ ਵਾਲੇ ਲੜਾਕਿਆਂ ਦੇ ਆਗੂਆਂ ਦੇ ਸੋਗ ਸਮਾਗਮ ਈਰਾਨ ਵਿੱਚ ਹੁੰਦੇ ਰਹੇ ਹਨ ਤੇ ਸੁਲੇਮਾਨੀ ਵੀ ਇਨ੍ਹਾਂ ਵਿੱਚ ਜਾਂਦੇ ਸਨ।

ਵਿਦੇਸ਼ ਨੀਤੀ 'ਚ ਉੱਚਾ ਰੁਤਬਾ

ਭਾਵੇਂ ਈਰਾਨ ਤੇ ਅਮਰੀਕਾ ਦੀਆਂ ਤਲਵਾਰਾਂ ਖਿੱਚੀਆਂ ਰਹਿੰਦੀਆਂ ਹੋਣ ਪਰ ਆਈਐੱਸ ਦੀ ਸਾਂਝੀ ਵਿਪਤਾ ਨੇ ਇਨ੍ਹਾਂ ਨੂੰ ਅਸਿੱਧਾ ਸਹਿਯੋਗ ਕਰਨ ਲਈ ਮਜਬੂਰ ਕੀਤਾ।

ਸਾਲ 2001 ਵਿੱਚ ਸੁਲੇਮਾਨੀ ਨੇ ਇਸ ਨੀਤੀ ਦਾ ਮੁੱਢ ਬੰਨ੍ਹਿਆ ਸੀ। ਜਦੋਂ ਈਰਾਨ ਨੇ ਅਮਰੀਕਾ ਨੂੰ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਲੜਾਕਿਆਂ ਨਾਲ ਜੰਗ ਕਰਨ ਲਈ ਫੌਜੀ ਜਾਣਕਾਰੀਆਂ ਮੁਹਈਆ ਕਰਵਾਈਆਂ ਸਨ। ਫਿਰ 2007 ਵਿੱਚ ਦੋਹਾਂ ਦੇਸ਼ਾਂ ਨੇ ਤਹਿਰਾਨ ਦੀ ਨਿੱਘਰਦੀ ਜਾ ਰਹੀ ਸਥਿਤੀ ਦੇ ਮੱਦੇਨਜ਼ਰ ਆਪਣੇ ਨੁਮਾਇੰਦੇ ਭੇਜੇ।

ਸਮੇਂ ਦੇ ਨਾਲ-ਨਾਲ ਸੁਲੇਮਾਨੀ ਦਾ ਕੱਦ ਈਰਾਨ ਦੀ ਵਿਦੇਸ਼ ਨੀਤੀ ਵਿੱਚ ਉੱਚਾ ਹੁੰਦਾ ਗਿਆ। ਉਹ ਈਰਾਨ ਦਾ ਅਜਿਹਾ ਚਿਹਰਾ ਬਣੇ ਜੋ ਹਰ ਸੰਕਟ ਵਿੱਚ ਪਹੁੰਚਦਾ ਸੀ।

ਈਰਾਨ ਵੱਲੋਂ ਕੀਤੇ ਇੱਕ ਐਲਾਨ ਮੁਤਾਬਕ ਉਨ੍ਹਾਂ ਨੇ ਇਰਾਕ ਦੇ ਮਰਹੂਮ ਸ਼ਾਸ਼ਕ ਸੱਦਾਮ ਹੁਸੈਨ ਬਾਰੇ ਬਣਾਈ ਜਾਣ ਵਾਲੀ ਦਸਤਾਵੇਜ਼ੀ ਫ਼ਿਲਮ ਦੀ ਨਜ਼ਰਸਾਨੂੀ ਵੀ ਕਰਨੀ ਸੀ।

ਹਾਲਾਂਕਿ ਹਰ ਕੋਈ ਸੁਲੇਮਾਨੀ ਦੇ ਵਧਦੇ ਵਕਾਰ ਤੋਂ ਖ਼ੁਸ਼ ਨਹੀਂ ਸੀ। ਦਸੰਬਰ 2014 ਵਿੱਚ ਈਰਾਨ-ਕੈਨੇਡਾ ਸਿਖ਼ਰ ਸੰਮੇਲਨ ਦੌਰਾਨ ਕੈਨੇਡਾ ਦੇ ਤਤਕਾਲੀ ਵਿਦੇਸ਼ ਮੰਤਰੀ ਨੇ ਸੁਲੇਮਾਨੀ ਬਾਰੇ ਟਿੱਪਣੀ ਕੀਤੀ ਕਿ ਉਹ ਆਈਐੱਸ ਨਾਲ ਲੜਨ ਵਾਲੇ ਦੇ ਨਕਾਬ ਵਿੱਚ ਦਹਿਸ਼ਤ ਦੇ ਏਜੰਟ ਹਨ।

ਹਾਲਾਂਕਿ ਈਰਾਨ ਦੇ ਬਲਾਗਰਾਂ ਨੇ ਇੱਕ ਲਹਿਰ ਅਜਿਹੀ ਵੀ ਚਲਾਈ ਕਿ ਸੁਲੇਮਾਨੀ ਨੂੰ ਸਿਆਸਤ ਵਿੱਚ ਦਾਖ਼ਲ ਹੋ ਜਾਣਾ ਚਾਹੀਦਾ ਹੈ। ਸੁਲੇਮਾਨੀ ਨੂੰ ਈਰਾਨ ਦਾ ਸਭ ਤੋਂ ਪਾਕ ਦਾਮਨ ਸ਼ਖ਼ਸ਼ ਹੋਣ ਦੇ ਨਾਤੇ, ਵਰਦੀ ਲਾਂਭੇ ਰੱਖ ਕੇ, ਇਹ ਲੋਕ ਸੁਲੇਮਾਨੀ ਨੂੰ 2017 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਖੜ੍ਹੇ ਹੋਣ ਲਈ ਕਹਿ ਰਹੇ ਸਨ।

ਹਾਲਾਂਕਿ ਸਾਰੇ ਈਰਾਨੀ ਇਸ ਖ਼ਿਆਲ ਨਾਲ ਇਤਫ਼ਾਕ ਨਹੀਂ ਰੱਖਦੇ ਸਨ। ਇੱਕ ਤਬਕਾ ਦੇਸ਼ ਵਿੱਚ ਸੁਲੇਮਾਨੀ ਦੀ ਅਗਵਾਈ ਵਾਲੇ ਰੈਵਲੂਸ਼ਨਰੀ ਗਾਰਡਜ਼ ਦੇ ਵਧਦੇ ਕੰਟਰੋਲ ਤੋਂ ਫਿਕਰਮੰਦ ਸੀ।

ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਜਾਰੀ ਰਿਹਾ ਤਾਂ ਈਰਾਨ ਵਿੱਚ ਵੀ ਮਿਸਰ ਦਾ ਇਤਿਹਾਸ ਦੁਹਰਾਇਆ ਜਾ ਸਕਦਾ ਹੈ। ਜਿੱਥੇ ਫ਼ੌਜ ਨੇ ਤਖ਼ਤਾ ਪਲਟ ਦਿੱਤਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਸੁਲੇਮਾਨੀ ਈਰਾਨ ਦੇ "ਅੱਲ-ਸੀਸੀ" ਬਣ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)