ਜਪਾਨ 'ਚ ਸਕੂਲ ਜਾਣ ਤੋਂ ਕਿਉਂ ਭੱਜਣ ਲੱਗੇ ਨੇ ਬੱਚੇ

    • ਲੇਖਕ, ਐਲੀਸੀਆ ਸੀਰੈਂਤੋਲਾ
    • ਰੋਲ, ਬੀਬੀਸੀ ਪ੍ਰਤਰਕਾਰ

ਜਪਾਨ ਵਿਚ ਕਈ ਬੱਚੇ ਸਕੂਲ ਜਾਣ ਤੋਂ ਇਨਕਾਰ ਕਰ ਰਹੇ ਹਨ। ਇੱਕ ਅਜਿਹਾ ਵਰਤਾਰਾ ਜਿਸ ਨੂੰ "ਫੁਟੋਕੋ" ਕਿਹਾ ਜਾਂਦਾ ਹੈ। ਜਿਵੇਂ-ਜਿਵੇਂ ਇਹ ਗਿਣਤੀ ਵੱਧਦੀ ਜਾ ਰਹੀ ਹੈ, ਲੋਕ ਪੁੱਛ ਰਹੇ ਹਨ ਕਿ ਵਿਦਿਆਰਥੀਆਂ ਵਿਚ ਸਮੱਸਿਆ ਦੀ ਥਾਂ ਕੀ ਇਹ ਸਕੂਲ ਪ੍ਰਣਾਲੀ ਦਾ ਪ੍ਰਤੀਬਿੰਬ ਹੈ।

ਦਸ ਸਾਲਾ ਯੂਟਾ ਈਟੋ ਨੇ ਪਿਛਲੇ ਬਸੰਤ ਵਿਚ ਆਪਣੇ ਮਾਪਿਆਂ ਨੂੰ ਦੱਸਣ ਲਈ ਸਾਲਾਨਾ ਗੋਲਡਨ ਵੀਕ ਦੀ ਛੁੱਟੀ ਹੋਣ ਤੱਕ ਇੰਤਜ਼ਾਰ ਕੀਤਾ। ਪਰਿਵਾਰ ਨਾਲ ਛੁੱਟੀ ਦੇ ਦਿਨ ਉਸ ਨੇ ਕਬੂਲ ਕੀਤਾ ਕਿ ਉਹ ਹੁਣ ਸਕੂਲ ਨਹੀਂ ਜਾਣਾ ਚਾਹੁੰਦਾ।

ਕਈ ਮਹੀਨਿਆਂ ਤੋਂ ਉਹ ਆਪਣੇ ਪ੍ਰਾਇਮਰੀ ਸਕੂਲ ਵਿਚ ਜਾਣ ਤੋਂ ਇਨਕਾਰ ਕਰਦਾ ਰਿਹਾ ਤੇ ਬੇਮਨ ਨਾਲ ਸਕੂਲ ਜਾਂਦਾ ਰਿਹਾ। ਉਸ ਨਾਲ ਉਸ ਦੇ ਸਹਿਪਾਠੀ ਮਾੜਾ ਵਤੀਰਾ ਕਰ ਰਹੇ ਸਨ ਤੇ ਉਹ ਉਨ੍ਹਾਂ ਨਾਲ ਲੜਦਾ ਰਿਹਾ।

ਉਸਦੇ ਮਾਪਿਆਂ ਕੋਲ ਤਿੰਨ ਬਦਲ ਸਨ- ਯੂਟਾ ਨੂੰ ਸਕੂਲ ਵਿਚ ਕੀਤੀ ਜਾਂਦੀ ਕਾਊਂਸਲਿੰਗ ਵਿਚ ਸ਼ਾਮਲ ਹੋਣ ਲਈ ਮਨਾਉਣਾ, ਉਸ ਨੂੰ ਘਰੇ ਪੜ੍ਹਾਉਣਾ (ਹੋਮ-ਸਕੂਲ), ਜਾਂ ਉਸ ਨੂੰ ਇੱਕ ਫ੍ਰੀ ਸਕੂਲ ਵਿਚ ਭੇਜਣਾ। ਉਨ੍ਹਾਂ ਨੇ ਆਖਿਰੀ ਬਦਲ ਨੂੰ ਚੁਣਿਆ।

ਹੁਣ ਯੂਟਾ ਆਪਣੇ ਸਕੂਲ ਵਿਚ ਜੋ ਚਾਹੇ ਉਹ ਕਰਦਾ ਹੈ ਅਤੇ ਉਹ ਬਹੁਤ ਖੁਸ਼ ਹੈ।

ਯੂਟਾ ਜਪਾਨ ਦੇ ਕਈ ਫੁਟੋਕੋ ਵਿਚੋਂ ਇੱਕ ਹੈ। ਜਪਾਨ ਦੇ ਸਿੱਖਿਆ ਮੰਤਰਾਲੇ ਮੁਤਾਬਕ ਫੁਟੋਕੋ ਉਹ ਬੱਚੇ ਹੁੰਦੇ ਹਨ ਜੋ ਕਿ 30 ਜਾਂ ਉਸ ਤੋਂ ਜ਼ਿਆਦਾ ਦਿਨਾਂ ਤੱਕ ਸਕੂਲ ਨਹੀਂ ਜਾਂਦੇ ਅਤੇ ਇਸ ਦਾ ਕਾਰਨ ਸਿਹਤ ਜਾਂ ਵਿੱਤੀ ਨਹੀਂ ਹੁੰਦਾ।

ਇਸ ਨੂੰ ਗ਼ੈਰ-ਹਾਜ਼ਰੀ, ਸਕੂਲ ਫੋਬੀਆ ਜਾਂ ਸਕੂਲ ਰਿਫਿਊਜ਼ਲ (ਇਨਕਾਰ) ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

ਫੁਟੋਕੋ ਪ੍ਰਤੀ ਰਵੱਈਆ ਦਹਾਕਿਆਂ ਤੋਂ ਬਦਲਿਆ ਹੈ। ਸਾਲ 1992 ਤੱਕ ਸਕੂਲ ਤੋਂ ਇਨਕਾਰ (ਤੋਕੋਕਿਯੋਸ਼ੀ) ਨੂੰ ਮਾਨਸਿਕ ਬਿਮਾਰੀ ਮੰਨਿਆ ਜਾਂਦਾ ਸੀ। ਪਰ 1997 ਵਿਚ ਇਹ ਸ਼ਬਦਾਵਲੀ ਬਦਲੀ ਅਤੇ ਵਧੇਰੇ ਨਿਰਪੱਖ ਸ਼ਬਦ ਫੁਟੋਕੋ ਦੀ ਵਰਤੋਂ ਕੀਤੀ ਜਾਣ ਲੱਗੀ ਜਿਸ ਦਾ ਭਾਵ ਹੈ ਗ਼ੈਰ-ਹਾਜ਼ਰੀ।

17 ਅਕਤੂਬਰ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਐਲੀਮੈਂਟਰੀ ਅਤੇ ਜੂਨੀਅਰ ਹਾਈ ਸਕੂਲ ਦੇ ਵਿਦਿਆਰਥੀਆਂ ਵਿਚ ਗੈਰ-ਹਾਜ਼ਰੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ, ਜਿਸ ਵਿਚ ਸਾਲ 2018 ਦੌਰਾਨ 1,64,528 ਬੱਚੇ 30 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਗ਼ੈਰ-ਹਾਜ਼ਰ ਰਹੇ, ਜੋ ਕਿ ਸਾਲ 2017 ਵਿਚ 1,44,031 ਸੀ।

ਫ੍ਰੀ ਸਕੂਲ ਰੈਗੁਲਰ ਸਕੂਲ ਦਾ ਬਦਲ

ਫੁਟੋਕੋ ਦੀ ਵੱਧਦੀ ਗਿਣਤੀ ਕਾਰਨ ਸਾਲ 1980 ਵਿਚ ਜਾਪਾਨ ਵਿਚ ਫ੍ਰੀ ਸਕੂਲ ਲਹਿਰ ਦੀ ਸ਼ੁਰੂਆਤ ਹੋਈ। ਇਹ ਉਹ ਸਕੂਲ ਹਨ ਜੋ ਕਿ ਆਜ਼ਾਦੀ ਅਤੇ ਵਿਅਕਤੀਗਤ ਦੇ ਸਿਧਾਂਤਾਂ 'ਤੇ ਕੰਮ ਕਰਦੇ ਹਨ।

ਇਹ ਘਰ-ਪੜ੍ਹਾਈ ਦੇ ਨਾਲ-ਨਾਲ ਲਾਜ਼ਮੀ ਸਿੱਖਿਆ ਦਾ ਇੱਕ ਸਵੀਕ੍ਰਿਤ ਬਦਲ ਹਨ ਪਰ ਬੱਚਿਆਂ ਨੂੰ ਮਾਨਤਾ ਪ੍ਰਾਪਤ ਯੋਗਤਾ ਨਹੀਂ ਦੇਵੇਗਾ।

ਨਿਯਮਤ ਸਕੂਲਾਂ ਦੀ ਬਜਾਏ ਫ੍ਰੀ ਜਾਂ ਵਿਕਲਪਿਕ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲਾਂ ਦੌਰਾਨ ਵੱਧ ਗਈ ਹੈ। ਇਹ ਗਿਣਤੀ ਸਾਲ 1992 ਵਿਚ 7,424 ਤੋਂ ਲੈ ਕੇ ਸਾਲ 2017 ਵਿਚ 20,346 ਹੋ ਗਈ ਹੈ।

ਸਕੂਲ ਛੱਡਣ ਦੇ ਲੰਬੇ ਸਮੇਂ ਤੱਕ ਨਤੀਜੇ ਹੋ ਸਕਦੇ ਹਨ। ਇਸ ਗੱਲ ਦਾ ਵੱਡਾ ਖ਼ਤਰਾ ਹੈ ਕਿ ਨੌਜਵਾਨ ਸਮਾਜ ਤੋਂ ਪੂਰੀ ਤਰ੍ਹਾਂ ਪਿੱਛੇ ਹੱਟ ਜਾਣ ਅਤੇ ਖੁਦ ਨੂੰ ਆਪਣੇ ਕਮਰਿਆਂ ਵਿਚ ਬੰਦ ਕਰ ਸਕਦੇ ਹਨ। ਇਹ ਇੱਕ ਵਰਤਾਰਾ ਹੈ ਜਿਸ ਨੂੰ ਹਿਕਿਕੋਮੋਰੀ ਕਿਹਾ ਜਾਂਦਾ ਹੈ।

ਵਧੇਰੇ ਚਿੰਤਾ ਅਜੇ ਵੀ ਉਨ੍ਹਾਂ ਵਿਦਿਆਰਥੀਆਂ ਦੀ ਹੈ ਜੋ ਆਪਣੀ ਜਾਨ ਲੈ ਲੈਂਦੇ ਹਨ। 2018 ਵਿੱਚ ਸਕੂਲੀ ਖੁਦਕੁਸ਼ੀਆਂ ਦੀ ਗਿਣਤੀ 332 ਮਾਮਲਿਆਂ ਦੇ ਨਾਲ 30 ਸਾਲਾਂ ਵਿੱਚ ਸਭ ਤੋਂ ਵੱਧ ਸੀ।

ਸਾਲ 2016 ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀ ਵੱਧਦੀ ਗਿਣਤੀ ਕਾਰਨ ਜਪਾਨ ਦੀ ਸਰਕਾਰ ਨੂੰ ਇੱਕ ਖੁਦਕੁਸ਼ੀ ਰੋਕਥਾਮ ਐਕਟ ਪਾਸ ਕਰਨਾ ਪਿਆ ਜਿਸ ਵਿਚ ਸਕੂਲਾਂ ਲਈ ਵਿਸ਼ੇਸ਼ ਸਿਫ਼ਾਰਿਸ਼ਾਂ ਸਨ।

ਫਿਰ ਬਹੁਤ ਸਾਰੇ ਬੱਚੇ ਜਾਪਾਨ ਵਿਚ ਸਕੂਲ ਤੋਂ ਕਿਉਂ ਪਰਹੇਜ਼ ਕਰ ਰਹੇ ਹਨ?

ਸਿੱਖਿਆ ਮੰਤਰਾਲੇ ਦੇ ਇੱਕ ਸਰਵੇਖਣ ਅਨੁਸਾਰ ਦੋਸਤਾਂ ਨਾਲ ਨਿੱਜੀ ਮੁੱਦੇ ਅਤੇ ਧੱਕੇਸ਼ਾਹੀ ਮੁੱਖ ਕਾਰਨ ਹਨ।

ਆਮ ਤੌਰ 'ਤੇ ਸਕੂਲ ਛੱਡਣ ਵਾਲਿਆਂ ਮੁਤਾਬਕ ਉਹ ਦੂਜੇ ਵਿਦਿਆਰਥੀਆਂ ਨਾਲ ਘੁਲਮਿਲ ਨਹੀਂ ਪਾਉਂਦੇ ਜਾਂ ਕਈ ਵਾਰ ਅਧਿਆਪਕਾਂ ਨਾਲ ਵੀ ਨਹੀਂ।

ਟੋਮੋ ਮੋਰੀਹਾਸ਼ੀ ਦਾ ਵੀ ਇਹੀ ਕਾਰਨ ਸੀ।

12 ਸਾਲਾ ਟੋਮੋ ਦਾ ਕਹਿਣਾ ਹੈ, "ਮੈਂ ਬਹੁਤ ਸਾਰੇ ਲੋਕਾਂ ਨਾਲ ਆਰਾਮ ਮਹਿਸੂਸ ਨਹੀਂ ਕੀਤਾ। ਸਕੂਲ ਦੀ ਜ਼ਿੰਦਗੀ ਦੁਖਦਾਈ ਸੀ।"

ਟੋਮੋ ਸਿਲੈਕਟਿਵ ਮਿਊਟਿਜ਼ਮ (ਅਜਿਹਾ ਡਿਸਆਰਡਰ ਜਿਸ ਕਾਰਨ ਕਿਸੇ ਖਾਸ ਸਮਾਜਿਕ ਥਾਂ ਜਾਂ ਸਕੂਲ 'ਚ ਬੋਲਚਾਲ ਵਿਚ ਮੁਸ਼ਕਿਲ ਹੋਵੇ) ਤੋਂ ਪ੍ਰੇਸ਼ਾਨ ਸੀ, ਜਿਸਦਾ ਅਸਰ ਉਸ 'ਤੇ ਪਿਆ ਜਦੋਂ ਵੀ ਉਹ ਜਨਤਕ ਤੌਰ' ਤੇ ਬਾਹਰ ਹੁੰਦੀ।

"ਮੈਂ ਆਪਣੇ ਘਰ ਤੋਂ ਬਾਹਰ ਜਾਂ ਆਪਣੇ ਪਰਿਵਾਰ ਤੋਂ ਦੂਰ ਨਹੀਂ ਬੋਲ ਸਕਦੀ ਸੀ।"

ਉਸਨੂੰ ਜਾਪਾਨੀ ਸਕੂਲਾਂ ਦੇ ਸਖ਼ਤ ਨਿਯਮ ਵੀ ਪਸੰਦ ਨਹੀਂ ਸਨ ਜੋ ਕਿ ਸਰਕਾਰ ਨੇ ਲਾਗੂ ਕੀਤੇ ਹਨ।

ਉਹ ਕਹਿੰਦੀ ਹੈ, "ਟਾਈਟਜ਼ ਜਾਂ ਪਜਾਮੀਆਂ ਰੰਗਦਾਰ ਨਹੀਂ ਹੋ ਸਕਦੀਆਂ, ਵਾਲਾਂ ਨੂੰ ਰੰਗੇ ਨਹੀਂ ਕਰ ਸਕਦੇ, ਵਾਲਾਂ ਦੇ ਬੈਂਡਜ਼ ਦਾ ਰੰਗ ਨਿਰਧਾਰਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਗੁੱਟ 'ਤੇ ਨਹੀਂ ਪਾ ਸਕਦੇ।"

ਜਪਾਨ ਦੇ ਬਹੁਤ ਸਾਰੇ ਸਕੂਲ ਆਪਣੇ ਵਿਦਿਆਰਥੀਆਂ ਦੀ ਦਿੱਖ ਦੇ ਹਰ ਪਹਿਲੂ ਨੂੰ ਕਾਬੂ ਕਰਦੇ ਹਨ। ਵਿਦਿਆਰਥੀਆਂ ਨੂੰ ਆਪਣੇ ਭੂਰੇ ਵਾਲਾਂ ਦੇ ਰੰਗ ਕਾਲੇ ਰੰਗਣ ਲਈ ਮਜਬੂਰ ਕਰਦੇ ਹਨ ਜਾਂ ਠੰਡੇ ਮੌਸਮ ਵਿੱਚ ਵੀ ਵਿਦਿਆਰਥੀਆਂ ਨੂੰ ਚਟਾਈ ਜਾਂ ਕੋਟ ਨਹੀਂ ਪਾਉਣ ਦਿੰਦੇ। ਕੁਝ ਮਾਮਲਿਆਂ ਵਿੱਚ ਉਹ ਵਿਦਿਆਰਥੀਆਂ ਦੇ ਅੰਡਰਵੀਅਰ ਦੇ ਰੰਗ ਦਾ ਫੈਸਲਾ ਵੀ ਲੈਂਦੇ ਹਨ।

ਹਿੰਸਕ ਅਤੇ ਧੱਕੇਸ਼ਾਹੀ ਦੇ ਜਵਾਬ ਵਿੱਚ 1970 ਅਤੇ 1980 ਵਿਆਂ ਵਿੱਚ ਇਹ ਸਖ਼ਤ ਸਕੂਲ ਨਿਯਮ ਲਾਗੂ ਕੀਤੇ ਗਏ ਸਨ। 1990 ਦੇ ਦਹਾਕੇ ਵਿੱਚ ਇਨ੍ਹਾਂ ਨਿਯਮਾਂ ਵਿਚ ਥੋੜ੍ਹੀ ਢਿੱਲ ਦਿੱਤੀ ਗਈ ਸੀ ਪਰ ਹਾਲ ਹੀ ਵਿੱਚ ਇਹ ਵਧੇਰੇ ਗੰਭੀਰ ਹੋ ਗਏ ਹਨ।

ਇਹ ਨਿਯਮ "ਕਾਲੇ ਸਕੂਲ ਦੇ ਨਿਯਮਾਂ" ਵਜੋਂ ਜਾਣੇ ਜਾਂਦੇ ਹਨ। ਇਹ ਸ਼ਬਦ ਉਹਨਾਂ ਕੰਪਨੀਆਂ ਲਈ ਵਰਤੇ ਜਾਂਦੇ ਹਨ ਜੋ ਕਿ ਆਪਣੇ ਕਾਮਿਆਂ ਦਾ ਸ਼ੋਸ਼ਣ ਕਰਦੀਆਂ ਹਨ।

ਫ੍ਰੀ ਸਕੂਲ ਦਾ ਮਕਸਦ

ਹੁਣ ਟੋਮੋ, ਯੂਟਾ ਦੀ ਤਰ੍ਹਾਂ ਹੀ ਟੋਕਿਓ ਦੇ ਤਮਾਗਾਵਾ ਫ੍ਰੀ ਸਕੂਲ ਵਿੱਚ ਪੜ੍ਹਦੀ ਹੈ ਜਿੱਥੇ ਵਿਦਿਆਰਥੀਆਂ ਨੂੰ ਵਰਦੀ ਪਹਿਨਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਸਕੂਲ, ਮਾਪਿਆਂ ਅਤੇ ਵਿਦਿਆਰਥੀਆਂ ਦੇ ਵਿਚਕਾਰ ਸਹਿਮਤੀ ਨਾਲ ਬਣਾਈ ਯੋਜਨਾ ਮੁਤਾਬਕ ਹੀ ਖੁਦ ਦੀਆਂ ਗਤੀਵਿਧੀਆਂ ਦੀ ਚੋਣ ਕਰਨ ਲਈ ਆਜ਼ਾਦ ਹੁੰਦੇ ਹਨ। ਉਨ੍ਹਾਂ ਨੂੰ ਆਪਣੇ ਵਿਅਕਤੀਗਤ ਹੁਨਰ ਅਤੇ ਹਿੱਤਾਂ ਦੀ ਪਾਲਣਾ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ।

ਮਾਹੌਲ ਬਹੁਤ ਗੈਰ-ਰਸਮੀ ਹੁੰਦਾ ਹੈ, ਇਹ ਇੱਕ ਵੱਡੇ ਪਰਿਵਾਰ ਵਾਂਗ ਹੀ ਹੁੰਦਾ ਹੈ। ਵਿਦਿਆਰਥੀ ਇੱਕ ਸਾਂਝੀ ਥਾਂ 'ਤੇ ਗੱਲਬਾਤ ਕਰਨ ਤੇ ਖੇਡਣ ਲਈ ਮਿਲਦੇ ਹਨ।

ਸਕੂਲ ਦੇ ਮੁਖੀ ਤਾਕਾਸ਼ੀ ਯੋਸ਼ਿਕਾਵਾ ਮੁਤਾਬਕ, "ਅਜਿਹੇ ਸਕੂਲ ਦਾ ਮਕਸਦ ਹੈ ਲੋਕਾਂ ਦੇ ਸਮਾਜਿਕ ਹੁਨਰ ਨੂੰ ਵਿਕਸਿਤ ਕਰਨਾ।"

ਭਾਵੇਂ ਇਹ ਕਸਰਤ, ਖੇਡਾਂ ਖੇਡਣ ਜਾਂ ਅਧਿਐਨ ਰਾਹੀਂ ਹੋਵੇ, ਅਹਿਮ ਗੱਲ ਇਹ ਹੈ ਕਿ ਇਹ ਸਿੱਖਣਾ ਹੈ ਕਿ ਜਦੋਂ ਉਹ ਵੱਡੇ ਸਮੂਹ ਵਿਚ ਹੋਣ ਤਾਂ ਘਬਰਾਉਣਾ ਨਹੀਂ ਹੈ।

ਯੋਸ਼ੀਕਾਵਾ ਨੇ ਸਾਲ 2010 ਵਿਚ ਟੋਕੀਓ ਦੇ ਇੱਕ ਰਿਹਾਇਸ਼ੀ ਇਲਾਕੇ ਨੇੜੇ ਹੀ ਤਿੰਨ ਮੰਜ਼ਿਲਾ ਇਮਾਰਤ ਵਿਚ ਫ੍ਰੀ ਸਕੂਲ ਖੋਲ੍ਹਿਆ।

"ਮੈਨੂੰ ਉਮੀਦ ਸੀ ਕਿ 15 ਸਾਲ ਤੋਂ ਵੱਧ ਉਣਰ ਦੇ ਵਿਦਿਆਰਥੀ ਹੋਣਗੇ ਪਰ ਜੋ ਆਏ ਉਹ 7-8 ਸਾਲ ਦੇ ਸਨ। ਉਨ੍ਹਾਂ ਵਿਚੋਂ ਜ਼ਿਆਦਾਤਰ ਚੁੱਪ ਸਨ ਤੇ ਸਿਲੈਕਟਿਵ ਮਿਊਟਿਜ਼ਮ ਤੋਂ ਪੀੜਤ ਸਨ।"

ਯੋਸ਼ੀਕਾਵਾ ਦਾ ਮੰਨਣਾ ਹੈ ਕਿ ਗੱਲਬਾਤ ਕਰਨ ਵਿਚ ਮੁਸ਼ਕਿਲ, ਵਿਦਿਆਰਥੀਆਂ ਦੇ ਸਕੂਲ ਨਾ ਜਾਣ ਦਾ ਵੱਡਾ ਕਾਰਨ ਹੈ।

ਵਿਦਿਆਰਥੀਆਂ ਲਈ ਚੁਣੌਤੀਆਂ ਤੇ ਹੱਲ

ਸਿੱਖਿਆ ਵਿਚ ਉਸ ਦਾ ਆਪਣਾ ਸਫ਼ਰ ਅਸਾਧਾਰਣ ਸੀ। ਉਨ੍ਹਾਂ ਨੇ 40 ਸਾਲ ਦੇ ਹੁੰਦਿਆਂ ਹੀ ਇੱਕ ਜਪਾਨੀ ਕੰਪਨੀ ਵਿੱਚ "ਸੈਲਰੀ ਮੈਨ" ਵਜੋਂ ਨੌਕਰੀ ਛੱਡ ਦਿੱਤੀ। ਉਦੋਂ ਉਨ੍ਹਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਕੈਰੀਅਰ ਦੀ ਪੌੜੀ ਚੜ੍ਹਨ ਵਿੱਚ ਦਿਲਚਸਪੀ ਨਹੀਂ ਰੱਖਦੇ। ਉਨ੍ਹਾਂ ਦੇ ਪਿਤਾ ਇੱਕ ਡਾਕਟਰ ਸਨ ਅਤੇ ਉਨ੍ਹਾਂ ਵਾਂਗ ਹੀ ਉਹ ਵੀ ਆਪਣੇ ਭਾਈਚਾਰੇ ਦੀ ਸੇਵਾ ਕਰਨਾ ਚਾਹੁੰਦੇ ਸਨ। ਇਸ ਲਈ ਉਹ ਇੱਕ ਸਮਾਜ ਸੇਵੀ ਬਣ ਗਏ।

ਤਜ਼ਰਬੇ ਨੇ ਬੱਚਿਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕਿੰਨੇ ਵਿਦਿਆਰਥੀਆਂ ਨੇ ਦੁੱਖ ਝੱਲਿਆ ਹੈ ਕਿਉਂਕਿ ਉਹ ਗਰੀਬ ਸਨ ਜਾਂ ਘਰੇਲੂ ਸ਼ੋਸ਼ਣ ਦੇ ਸ਼ਿਕਾਰ ਸਨ ਅਤੇ ਇਸ ਕਾਰਨ ਉਨ੍ਹਾਂ ਦੇ ਸਕੂਲੀ ਜੀਵਨ ਉੱਤੇ ਕਿੰਨਾ ਅਸਰ ਪਿਆ ਹੈ।

ਨਾਗੋਆ ਯੂਨੀਵਰਸਿਟੀ ਦੇ ਸਿੱਖਿਆ ਮਾਹਰ ਪ੍ਰੋ. ਰਿਓ ਉਚਿਦਾ ਦਾ ਕਹਿਣਾ ਹੈ ਕਿ ਵੱਡੀ ਕਲਾਸ ਹੋਣਾ ਵੀ ਕਈ ਵਿਦਿਆਰਥੀਆਂ ਲਈ ਚੁਣੌਤੀ ਹੁੰਦਾ ਹੈ।

ਪ੍ਰੋ. ਰਿਓ ਮੁਤਾਬਕ, "ਕਲਾਸਰੂਮਾਂ ਵਿਚ ਜਿਥੇ ਤਕਰੀਬਨ 40 ਵਿਦਿਆਰਥੀ ਇੱਕ ਸਾਲ ਤੱਕ ਇਕੱਠੇ ਪੱੜ੍ਹਦੇ ਹਨ, ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"

ਪ੍ਰੋ. ਉਚੀਦਾ ਨੇ ਕਿਹਾ ਕਿ ਸਾਥ ਤੇ ਦੋਸਤੀ ਜਾਪਾਨ ਵਿਚ ਜ਼ਿੰਦਗੀ ਜਿਉਣ ਲਈ ਇੱਕ ਬੇਹੱਦ ਜ਼ਰੂਰੀ ਹੈ ਕਿਉਂਕਿ ਆਬਾਦੀ ਬਹੁਤ ਜ਼ਿਆਦਾ ਹੈ। ਜੇ ਤੁਸੀਂ ਦੂਜਿਆਂ ਨਾਲ ਤਾਲਮੇਲ ਨਹੀਂ ਰੱਖਦੇ ਤਾਂ ਤੁਸੀਂ ਬਚ ਨਹੀਂ ਸਕਦੇ। ਇਹ ਨਾ ਸਿਰਫ਼ ਸਕੂਲਾਂ 'ਤੇ ਲਾਗੂ ਹੁੰਦਾ ਹੈ, ਬਲਕਿ ਜਨਤਕ ਆਵਾਜਾਈ ਅਤੇ ਹੋਰ ਜਨਤਕ ਥਾਵਾਂ' ਤੇ ਵੀ ਲਾਗੂ ਹੁੰਦਾ ਹੈ, ਜੋ ਕਿ ਸਾਰੇ ਭੀੜ ਨਾਲ ਭਰੇ ਹੋਏ ਹਨ।

ਪ੍ਰੋ. ਉਚੀਦਾ ਕਹਿੰਦੇ ਹਨ, "ਅਜਿਹੀ ਸਥਿਤੀ ਵਿਚ ਅਸਹਿਜ ਮਹਿਸੂਸ ਕਰਨਾ ਆਮ ਗੱਲ ਹੈ।"

"ਫ੍ਰੀ ਸਕੂਲਾਂ ਵਿਚ ਉਹ ਗਰੁੱਪ ਦੀ ਘੱਟ ਪਰਵਾਹ ਕਰਦੇ ਹਨ ਅਤੇ ਉਹ ਹਰ ਇੱਕ ਵਿਦਿਆਰਥੀ ਦੇ ਵਿਚਾਰਾਂ ਅਤੇ ਭਾਵਨਾਵਾਂ ਦੀ ਕਦਰ ਕਰਦੇ ਹਨ।"

ਇਹ ਵੀ ਪੜ੍ਹੋ:

ਹਾਲਾਂਕਿ ਮੁਫ਼ਤ ਸਕੂਲ ਇੱਕ ਬਦਲ ਜ਼ਰੂਰ ਹਨ ਪਰ ਸਿੱਖਿਆ ਪ੍ਰਣਾਲੀ ਦੀਆਂ ਸਮੱਸਿਆਵਾਂ ਬਰਕਰਾਰ ਹਨ। ਪ੍ਰੋ. ਉਚੀਦਾ ਮੁਤਾਬਕ ਵਿਦਿਆਰਥੀਆਂ ਦੀ ਵਿਭਿੰਨਤਾ ਦਾ ਵਿਕਾਸ ਨਾ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਪ੍ਰੋ. ਉਚਿਦਾ ਦਾ ਕਹਿਣਾ ਹੈ ਕਿ ਸਿੱਖਿਆ ਮੰਤਰਾਲਾ ਹੁਣ ਗ਼ੈਰ-ਹਾਜ਼ਰੀ ਨੂੰ ਨਿਯਮ ਦੀ ਉਲੰਘਣਾ ਨਹੀਂ ਸਗੋਂ ਇੱਕ ਰੁਝਾਨ ਮੰਨ ਰਿਹਾ ਹੈ। ਉਹ ਇਹ ਮੰਨ ਰਹੇ ਹਨ ਕਿ ਫੁਟੋਕੋ ਬੱਚੇ ਸਮੱਸਿਆ ਨਹੀਂ ਹਨ, ਬਲਕਿ ਉਹ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਪ੍ਰਤੀ ਪ੍ਰਤੀਕ੍ਰਿਆ ਦੇ ਰਹੇ ਹਨ ਜੋ ਕਿ ਇੱਕ ਵਧੀਆ ਵਾਤਾਵਰਣ ਦੇਣ ਵਿਚ ਅਸਮਰੱਥ ਹੋ ਰਹੀ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)