ਝਾਰਖੰਡ 'ਚ ਭਾਜਪਾ ਦੀ ਹਾਰ ਤੇ ਕਾਂਗਰਸ ਗਠਜੋੜ ਦੀ ਜਿੱਤ ਦੇ 5 ਕਾਰਨ

    • ਲੇਖਕ, ਰਵੀ ਪ੍ਰਕਾਸ਼
    • ਰੋਲ, ਰਾਂਚੀ ਤੋਂ, ਬੀਬੀਸੀ ਲਈ

ਜਦੋਂ ਦਾ ਬਿਹਾਰ ਦੀ ਵੰਡ ਕਰ ਕੇ ਝਾਰਖੰਡ ਸੂਬਾ ਬਣਿਆ ਹੈ, ਭਾਰਤੀ ਜਨਤਾ ਪਾਰਟੀ ਰਘੁਬਰ ਦਾਸ ਪਹਿਲੇ ਆਗੂ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਵਜੋਂ ਪੰਜ ਸਾਲ ਪੂਰੇ ਕੀਤੇ। ਇਸ ਵਾਰ ਉਹ ਆਪਣੀ ਸੀਟ ਵੀ ਨਹੀਂ ਬਚਾ ਸਕੇ।

81 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਚੋਣਾਂ ਤੋਂ ਪਹਿਲਾਂ 'ਅਬ ਕੀ ਬਾਰ 65 ਪਾਰ' ਦਾ ਨਾਅਰਾ ਦੇਣ ਵਾਲੀ ਭਾਜਪਾ ਨੂੰ 30 ਤੋਂ ਵੀ ਘੱਟ ਸੀਟਾਂ 'ਤੇ ਸਿਮਟਣਾ ਪਿਆ ਹੈ। ਭਾਜਪਾ ਦੀ ਇਸ ਵੱਡੀ ਹਾਰ ਦੇ ਕਈ ਕਾਰਨ ਹਨ।

ਲੋਕਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਰਘੁਵਰ ਦਾਸ ਇਸ ਹਾਰ ਦਾ ਇੱਕ ਕਾਰਨ ਹਨ। ਵਿਸ਼ਲੇਸ਼ਕ ਕਹਿੰਦੇ ਹਨ ਕੇ ਜ਼ਮੀਨ ਨੂੰ ਲੈ ਕੇ ਲਏ ਗਏ ਕੁਝ ਫੈਸਲੇ ਵੀ ਕਾਰਨਾਂ 'ਚ ਸ਼ਾਮਲ ਸਨ।

ਆਓ ਵੇਖਦੇ ਹਾਂ ਪੰਜ ਕਾਰਨ:

1. ਮੁੱਖ ਮੰਤਰੀ ਦਾ ਘਟਦਾ ਰਸੂਖ

ਇੱਕ ਤਬਕੇ ਨੂੰ ਜਾਪਦਾ ਸੀ ਕਿ ਰਘੁਬਰ ਦਾਸ ਹੰਕਾਰੀ ਹੋ ਗਏ ਹਨ।

ਇਸ ਲਈ ਪਾਰਟੀ ਵਿਚਕ ਖਾਨਾਜੰਗੀ ਵੀ ਵਧੀ। ਪਾਰਟੀ ਵਿੱਚ ਰਹਿੰਦਿਆਂ ਸਰਯੂ ਦਾਸ — ਜਿਨ੍ਹਾਂ ਨੇ ਹੁਣ ਆਜ਼ਾਦ ਲੜ ਕੇ ਰਘੁਬਰ ਦਾਸ ਨੂੰ ਹਰਾਇਆ ਹੈ — ਨੇ ਇਹ ਮੁੱਦਾ ਕਈ ਵਾਰ ਚੁੱਕਿਆ।

ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਹਰ ਵਾਰੀ ਰਘੁਬਰ ਦਾਸ ਦੀ ਪਿੱਠ ਉੱਤੇ ਹੱਥ ਰੱਖ ਦਿੰਦੇ।

ਇਹ ਵੀ ਪੜ੍ਹੋ

2. ਜ਼ਮੀਨ ਦੇ ਕਾਨੂੰਨਾਂ 'ਚ ਬਦਲਾਅ ਦੀ ਯੋਜਨਾ

ਆਦੀਵਾਸੀਆਂ ਦੀਆਂ ਜ਼ਮੀਨਾਂ ਨਾਲ ਜੁੜੇ ਅਧਿਕਾਰਾਂ ਨੂੰ ਬਚਾਉਣ ਲਈ ਬਣੇ ਦੋ ਕਾਨੂੰਨਾਂ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਵੀ ਭਾਜਪਾ ਨੂੰ ਮਹਿੰਗੀ ਪਈ।

ਵਿਧਾਨ ਸਭਾ ਨੇ ਰੌਲੇ ਵਿੱਚ ਬਦਲਾਵਾਂ ਨੂੰ ਪਾਸ ਤਾਂ ਕਰ ਦਿੱਤਾ ਪਰ ਵਿਰੋਧੀ ਸੜਕਾਂ ਉੱਤੇ ਉੱਤਰੇ ਤਾਂ ਰਾਸ਼ਟਰਪਤੀ ਨੂੰ ਇਸ ਉੱਤੇ ਹਸਤਾਖਰ ਕਰਨੋਂ ਫਿਲਹਾਲ ਨਾਂਹ ਕਰਨੀ ਪਈ।

ਵਿਧਾਨ ਸਭਾ ਕੋਲ ਵਾਪਸ ਆਏ ਬਦਲਾਅ ਸਰਕਾਰ ਨੇ ਮੁੜ ਰਾਸ਼ਟਰਪਤੀ ਕੋਲ ਭੇਜੇ ਹੀ ਨਹੀਂ ਅਤੇ ਫਿਰ ਇਹ ਕਾਨੂੰਨ ਵਿੱਚ ਤਬਦੀਲ ਨਹੀਂ ਹੋ ਸਕੇ। ਇਸ ਦੇ ਬਾਵਜੂਦ ਆਦੀਵਾਸੀ ਤਬਕੇ ਵਿੱਚ ਭਾਜਪਾ ਖ਼ਿਲਾਫ਼ ਸੰਦੇਸ਼ ਤਾਂ ਪਹੁੰਚ ਗਿਆ। ਭਾਜਪਾ ਕਹਿੰਦੀ ਰਹੀ ਕਿ ਬਦਲਾਅ ਚੰਗੇ ਸਨ।

3. ਜ਼ਮੀਨ ਐਕਵਾਇਰ ਕਰਨ ਦੇ ਨਿਯਮਾਂ ਨਾਲ ਛੇੜਖਾਨੀ

ਭਾਜਪਾ ਸਰਕਾਰ ਨੇ ਜ਼ਮੀਨ ਐਕਵਾਇਰ ਕਰ ਨੇ ਕੁਝ ਨਿਯਮਾਂ ਵਿੱਚ ਤਬਦੀਲੀਆਂ ਦੀ ਵੀ ਕੋਸ਼ਿਸ਼ ਕੀਤੀ, ਜਿਸ ਨੇ ਆਦੀਵਾਸੀਆਂ ਨੂੰ ਹੋਰ ਖਿਝਾਇਆ।

ਵਿਰੋਧੀਆਂ ਨੇ ਇਲਜ਼ਾਮ ਲਗਾਇਆ ਕਿ ਫਰਜ਼ੀ ਗ੍ਰਾਮ ਸਭਾ ਕਰ ਕੇ ਲੋਕਾਂ ਦੀ ਜ਼ਮੀਨ ਹੜਪੀ ਜਾ ਰਹੀ ਹੈ।

ਸੂਬਾ ਸਰਕਾਰ ਸਮਝ ਨਹੀਂ ਸਕੀ ਕਿ ਇਸ ਦੀ ਇੰਨਾ ਵਿਰੋਧ ਹੋਵੇਗਾ।

4. ਲਿੰਚਿੰਗ ਅਤੇ ਭੁਖਮਰੀ

ਪਿਛਲੇ ਪੰਜ ਸਾਲਾਂ ਵਿੱਚ ਸੂਬੇ ਵਿੱਚ ਕਈ ਥਾਵਾਂ ਉੱਤੇ ਭੀੜ ਵੱਲੋਂ ਕਤਲ (ਲਿੰਚਿੰਗ) ਦੇ ਮਾਮਲੇ ਸਾਹਮਣੇ ਆਏ। ਈਸਾਈ ਤੇ ਮੁਸਲਮਾਨ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇਲਜ਼ਾਮ ਵੀ ਲੱਗੇ।

ਦੂਜੇ ਪਾਸੀ ਇੱਕੀਵੀਂ ਸਦੀ ਵਿੱਚ ਵੀ ਸੂਬੇ ਵਿੱਚ ਭੁਖਮਰੀ ਨਾਲ ਹੁੰਦੀਆਂ ਮੌਤਾਂ ਦੀਆਂ ਖਬਰਾਂ ਵੀ ਆਈਆਂ।

ਸਮਾਜਿਕ ਕਾਰਕੁਨਾਂ ਨੇ ਕੌਮੀ ਪੱਧਰ ਉੱਤੇ ਇਹ ਮਾਮਲੇ ਚੁੱਕੇ।

ਵਿਸ਼ਲੇਸ਼ਕ ਕਹਿੰਦੇ ਹਨ ਕਿ ਧਰਮ-ਪਰਿਵਰਤਨ ਬਾਰੇ ਮੁੱਖ ਮੰਤਰੀ ਦੇ ਬਿਆਨਾਂ ਨੇ ਈਸਾਈਆਂ ਵਿੱਚ ਡਰ ਪੈਦਾ ਕੀਤਾ।

5. ਬੇਰੁਜ਼ਗਾਰੀ ਤੇ ਅਫ਼ਸਰਸ਼ਾਹੀ

ਪਿਛਲੇ ਪੰਜ ਸਾਲਾਂ ਵਿੱਚ ਬੇਰੁਜ਼ਗਾਰੀ ਵੀ ਵੱਡਾ ਮੁੱਦਾ ਬਣਿਆ ਅਤੇ ਅਫ਼ਸਰਸ਼ਾਹੀ ਨੇ ਅੱਗ ਵਿੱਚ ਘਿਉ ਦਾ ਕੰਮ ਕੀਤਾ।

ਇਸੇ ਨੂੰ ਵਜ੍ਹਾ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀਆਂ 9, ਅਮਿਤ ਸ਼ਾਹ ਦੀਆਂ 11 ਤੇ ਰਘੁਬਰ ਦਾਸ ਦੀਆਂ 51 ਸਭਾਵਾਂ ਵੀ ਬਹੁਤ ਕੰਮ ਨਹੀਂ ਕਰ ਸਕੀਆਂ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਦੀ ਨੇ ਆਪਣੇ ਭਾਸ਼ਣਾਂ ਵਿੱਚ ਧਾਰਾ 370, ਕਸ਼ਮੀਰ, ਪਾਕਿਸਤਾਨ, ਰਾਮ ਮੰਦਰ ਤੇ ਨਾਗਰਿਕਤਾ ਕਾਨੂੰਨ ਦੀਆਂ ਗੱਲਾਂ ਕੀਤੀਆਂ ਜਦਕਿ ਜੇਤੂ ਰਹੀ ਪਾਰਟੀ ਝਾਰਖੰਡ ਮੁਕਤੀ ਮੋਰਚਾ ਅਤੇ ਸਾਥੀ ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਨੇ ਸਥਾਨਕ ਮੁੱਦੇ ਚੁੱਕੇ, ਜੋ ਭਾਰੂ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)