ਯੂਕੇ ਦੀਆਂ ਆਮ ਚੋਣਾਂ ਵਿੱਚ ਨਸਲ ਅਤੇ ਧਰਮ ਕਿਉਂ ਵੱਡੇ ਮੁੱਦੇ ਹਨ

    • ਲੇਖਕ, ਪੀਟਰ ਬੌਲ
    • ਰੋਲ, ਬੀਬੀਸੀ ਪੱਤਰਕਾਰ

ਬ੍ਰਿਟੇਨ ਦੀਆਂ ਆਮ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਮਹੱਤਵਪੂਰਣ ਸਮੇਂ ਵਿੱਚ, ਪ੍ਰਧਾਨ ਮੰਤਰੀ ਬੋਰਿਸ ਜੌਨਸਨ ਮੀਡੀਆ ਪੇਸ਼ਕਾਰੀ ਲਈ ਯਹੂਦੀ ਬੇਕਰੀ 'ਤੇ ਰੁਕ ਗਏ।

ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੌਰਬਿਨ ਦਾ ਹਵਾਲਾ ਦਿੰਦੇ ਹੋਏ ਇੱਕ ਆਦਮੀ ਚੀਕਦਾ ਹੈ, "ਤੁਹਾਨੂੰ ਸਾਨੂੰ ਉਸ ਸ਼ਖਸ ਤੋਂ ਬਚਾਉਣਾ ਪਏਗਾ...।"

ਇੱਕ ਹੋਰ ਸ਼ਖਸ ਬੋਲਦਾ ਹੈ, "ਨਹੀਂ ਤਾਂ ਅਸੀਂ ਸਾਰੇ ਦੇਸ਼ ਛੱਡ ਰਹੇ ਹਾਂ।"

ਕੁਝ ਸਾਲ ਪਹਿਲਾਂ ਇਹ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਸੀ ਕਿ ਇੱਕ ਬ੍ਰਿਟਿਸ਼ ਪ੍ਰਧਾਨ ਮੰਤਰੀ ਧਰਮ ਨੂੰ ਚੋਣ ਪ੍ਰਚਾਰ ਦਾ ਕੇਂਦਰ ਬਣਾਉਣ ਬਾਰੇ ਸੋਚੇਗਾ।

ਪਰ ਯਹੂਦੀ ਧਰਮ, ਇਸਲਾਮ ਅਤੇ ਹਿੰਦੂ ਧਰਮ ਨੂੰ ਲੈ ਕੇ ਵਿਵਾਦ ਬ੍ਰਿਟਿਸ਼ ਰਾਜਨੀਤੀ ਵਿੱਚ ਹੁਣ ਪ੍ਰਮੁੱਖ ਮੁੱਦੇ ਬਣਦੇ ਜਾ ਰਹੇ ਹਨ।

ਇਹ ਵੀ ਪੜ੍ਹੋ:-

ਯਹੂਦੀ ਵੋਟ

ਰਾਜਨੀਤਿਕ ਰਣਨੀਤੀ ਦੀ ਦੁਨੀਆਂ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ, ਅਜਿਹਾ ਨਹੀਂ ਲੱਗਦਾ ਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਬੋਰਿਸ ਜੌਨਸਨ ਬੇਕਰੀ ਵਿਖੇ ਆਪਣੀ ਮੁਹਿੰਮ ਰੋਕਣ ਵੇਲੇ ਯਹੂਦੀ ਵੋਟਰਾਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾ ਰਹੇ ਸਨ।

ਯਹੂਦੀ ਯੂਕੇ ਦੀ ਆਬਾਦੀ ਦਾ ਲਗਭਗ 0.5 ਫੀਸਦ ਹਿੱਸਾ ਬਣਦੇ ਹਨ ਅਤੇ ਇਸ ਹਫਤੇ ਦੀਆਂ ਆਮ ਚੋਣਾਂ ਵਿਚਲੀ ਦੌੜ ਭਾਵੇਂ ਖਤਮ ਹੋ ਰਹੀ ਹੈ, ਉਹਨਾਂ ਤੋਂ ਸੰਤੁਲਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਯਹੂਦੀ ਵੋਟਰਾਂ ਦੇ ਇੱਕ ਸਮੂਹ ਵਲੋਂ ਲੇਬਰ ਪਾਰਟੀ ਦੇ ਆਗੂ ਤੋਂ ਡਰਨ ਦੇ ਬਾਵਜੂਦ ਕੰਜ਼ਰਵੇਟਿਵ ਆਗੂ ਦੀ ਹਮਾਇਤ ਕਰਨ ਦਾ ਪ੍ਰਤੀਕਵਾਦ ਬਹੁਤ ਜ਼ਬਰਦਸਤ ਹੈ।

ਲੇਬਰ ਨੂੰ ਰਵਾਇਤੀ ਤੌਰ 'ਤੇ ਨਸਲਵਾਦ ਵਿਰੋਧਤਾ ਦੇ ਮੁੱਦੇ 'ਤੇ ਸਭ ਤੋਂ ਅੱਗੇ ਰਹਿਣ ਵਾਲੀ ਪਾਰਟੀ ਵਜੋਂ ਦੇਖਿਆ ਜਾਂਦਾ ਹੈ, ਅਤੇ ਉਹ ਜਿਸ ਨੂੰ ਕਈ ਘੱਟ ਗਿਣਤੀ ਸਮੂਹਾਂ ਨੇ ਸਮਰਥਨ ਦਿੱਤਾ ਹੈ।

ਇਸ ਲਈ ਪਾਰਟੀ-ਲੀਡਰਸ਼ਿਪ ਅਤੇ ਮੈਂਬਰਸ਼ਿਪ 'ਤੇ ਲਗਾਏ ਗਏ ਸਾਮਵਾਦ ਵਿਰੋਧੀ ਦੋਸ਼ ਬਹੁਤ ਨੁਕਸਾਨਦੇਹ ਰਹੇ ਹਨ।

ਸਾਮਵਾਦ ਵਿਰੋਧੀ ਦੋਸ਼

ਜਦੋਂ ਜੈਰੇਮੀ ਕੌਰਬਿਨ ਨੇ 2015 ਵਿੱਚ ਪਾਰਟੀ ਦਾ ਸਿਖਰਲਾ ਅਹੁਦਾ ਸੰਭਾਲਿਆ ਤਾਂ ਉਹ ਇਤਿਹਾਸ ਵਿੱਚ ਸਭ ਤੋਂ ਖੱਬੇਪੱਖੀ ਨੇਤਾ ਬਣ ਗਏ ਸਨ।

ਲੇਬਰ ਕੋਲ ਹਮੇਸ਼ਾਂ ਫਲਸਤੀਨੀ-ਪੱਖੀ ਅਤੇ ਕਾਰਪੋਰੇਟ-ਕਾਰੋਬਾਰ ਵਿਰੋਧੀ ਕਾਰਕ ਹੁੰਦੇ ਸਨ, ਪਰ ਕੌਰਬਿਨ ਦੀ ਅਗਵਾਈ ਹੇਠ ਇਹ ਵੱਧ ਗਿਆ।

ਇਹ ਮੁੱਦੇ ਤੇਜ਼ੀ ਨਾਲ ਉੱਠਦੇ ਹਨ ਕਿ ਕੀ ਮੈਂਬਰਾਂ ਵੱਲੋਂ ਇਜ਼ਰਾਈਲ ਦੀ ਆਲੋਚਨਾ ਸਾਮਵਾਦ ਵਿਰੋਧੀ ਹੈ ਅਤੇ ਕੀ ਕਾਰੋਬਾਰ ਉੱਤੇ ਹਮਲੇ ਯਹੂਦੀ ਬੈਂਕਰਾਂ ਖਿਲਾਫ ਸਾਜ਼ਿਸ਼ਾਂ ਹਨ।

ਹਾਲ ਹੀ ਵਿੱਚ ਯੂਕੇ ਦੇ ਯਹੂਦੀ ਭਾਈਚਾਰੇ 'ਚ ਲੇਬਰ ਦੀ ਹਮਾਇਤ ਕਾਫੀ ਡਿੱਗ ਗਈ ਹੈ।

ਇਹ ਪਹਿਲਾਂ ਵੀ ਜ਼ਿਆਦਾ ਨਹੀਂ ਸੀ - 2015 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਦੋਂ ਪਾਰਟੀ ਦੀ ਅਗਵਾਈ ਐਡ ਮਿਲਿਬੈਂਡ ਦੁਆਰਾ ਕੀਤੀ ਗਈ ਸੀ, ਜੋ ਕਿ ਯਹੂਦੀ ਵਿਰਾਸਤ ਦੇ ਹਨ, ਇਸਦਾ ਅਨੁਮਾਨ ਸਿਰਫ 22 ਫੀਸਦ ਸੀ। ਜਦੋਂ ਪਾਰਟੀ ਕੌਰਬਿਨ ਦੇ ਅਧੀਨ ਆਈ ਅਤੇ 2017 ਦੀਆਂ ਚੋਣਾਂ ਦੇ ਆਲੇ ਦੁਆਲੇ 13% ਅਤੇ ਪਿਛਲੇ ਮਹੀਨੇ ਮਹਿਜ਼ 6% ਰਹਿ ਗਈ।

ਯਹੂਦੀ ਲੇਬਰ ਮੂਵਮੈਂਟ ਅਤੇ ਸਾਮਵਾਦ ਵਿਰੋਧੀ ਮੁਹਿੰਮ ਦੇ ਖਿਲਾਫ਼ ਸ਼ਿਕਾਇਤਾਂ ਦੇ ਬਾਅਦ, ਸਮਾਨਤਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਪਾਰਟੀ ਵਿੱਚ ਰਸਮੀ ਜਾਂਚ ਸ਼ੁਰੂ ਕੀਤੀ।

ਕੌਰਬਿਨ ਨੇ ਸਾਮਵਾਦ ਵਿਰੋਧਤਾ ਦੀ ਵਾਰ-ਵਾਰ ਨਿੰਦਾ ਕੀਤੀ, ਪਾਰਟੀ ਵੱਲੋਂ ਕਥਿਤ ਕੇਸਾਂ ਨਾਲ ਨਜਿੱਠਣ ਲਈ ਹੌਲੀ ਕਾਰਵਾਈ ਹੋਣ ਲਈ ਮੁਆਫੀ ਮੰਗੀ ਅਤੇ ਸੁਤੰਤਰ ਜਾਂਚ ਸ਼ੁਰੂ ਕੀਤੀ।

ਜਦੋਂ ਕਿ ਯਹੂਦੀ ਭਾਈਚਾਰੇ ਵਿੱਚ ਵੋਟਾਂ ਗੁਆਉਣ ਦੇ ਅਸਰ ਨਾਲ ਲੇਬਰ ਦੀਆਂ ਚੋਣ ਉਮੀਦਾਂ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਘੱਟ ਹੈ, ਇਹ ਤੱਥ ਕਿ ਇਸ ਦੀ ਚੋਣ ਮੁਹਿੰਮ ਨੂੰ ਸਾਮਵਾਦ ਵਿਰੋਧੀ ਇਲਜ਼ਾਮਾਂ ਨਾਲ ਜੋੜਿਆ ਗਿਆ ਹੈ, ਬਿਨਾਂ ਸ਼ੱਕ ਨੁਕਸਾਨਦੇਹ ਹਨ।

ਇਹ ਵੀ ਪੜ੍ਹੋ:-

ਇਸਲਾਮੋਫੋਬੀਆ

ਕੌਰਬਿਨ ਦੇ ਮੁੱਖ ਵਿਰੋਧੀ, ਕੰਜ਼ਰਵੇਟਿਵ ਨੇਤਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਵੀ ਧਾਰਮਿਕ ਸਮੂਹਾਂ ਦੁਆਰਾ ਕੀਤੀ ਗਈ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਵਿੱਚ ਮੁਸਲਮਾਨ ਭਾਈਚਾਰਾ ਸ਼ਾਮਲ ਹੈ ਜੋ ਬ੍ਰਿਟਿਸ਼ ਆਬਾਦੀ ਦਾ 5% ਤੋਂ ਵੱਧ ਬਣਦਾ ਹੈ।

ਬ੍ਰਿਟੇਨ ਦੀ ਮੁਸਲਿਮ ਕੌਂਸਲ ਨੇ ਪਿਛਲੇ ਮਹੀਨੇ ਉਨ੍ਹਾਂ ਦੀ ਪਾਰਟੀ 'ਤੇ ਹਮਲਾ ਬੋਲਦਿਆਂ ਕਿਹਾ ਸੀ ਕਿ ਉਹ "ਇਸਲਾਮੋਫੋਬੀਆ ਨੂੰ ਸਹਿਣ ਕਰਦੀ ਹੈ, ਸਮਾਜ ਵਿੱਚ ਇਸ ਨੂੰ ਉਤਸ਼ਾਹਤ ਕਰਦੀ ਹੈ, ਅਤੇ ਇਸ ਕਿਸਮ ਦੇ ਨਸਲਵਾਦ ਨੂੰ ਜੜੋਂ ਖਤਮ ਕਰਨ ਲਈ ਜ਼ਰੂਰੀ ਉਪਾਅ ਕਰਨ ਵਿੱਚ ਅਸਫਲ ਰਹਿੰਦੀ ਹੈ।"

ਜੌਨਸਨ ਨੇ ਖ਼ੁਦ ਇਸਲਾਮ ਬਾਰੇ ਆਪਣੀਆਂ ਟਿਪਣੀਆਂ ਕਾਰਨ ਵਿਵਾਦ ਖੜਾ ਕੀਤਾ ਸੀ।

ਇੱਕ ਲੇਖ ਵਿੱਚ ਉਨ੍ਹਾਂ ਨੇ ਬੁਰਕੇ ਦੀ "ਦਮਨਕਾਰੀ" ਹੋਣ ਕਰਕੇ ਅਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਔਰਤਾਂ ਉਨ੍ਹਾਂ ਨੂੰ ਪਹਿਨਦੀਆਂ ਹਨ ਉਹ "ਇੱਕ ਬੈਂਕ ਲੁਟੇਰੇ" ਜਾਂ "ਲੈਟਰ ਬੌਕਸ" ਵਰਗੀਆਂ ਲੱਗਦੀਆਂ ਹਨ।

ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਵਿੱਚ ਇਸਲਾਮੋਫੋਬੀਆ ਕਾਰਨ ਹੋਣ ਵਾਲੇ ਕਿਸੇ "ਦੁੱਖ ਅਤੇ ਅਪਰਾਧ" ਲਈ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਇਸ ਦੇ ਅੰਦਰ ਪੱਖਪਾਤ ਦੀ ਸੁਤੰਤਰ ਜਾਂਚ ਕ੍ਰਿਸਮਸ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ।

ਹਾਲਾਂਕਿ ਮੁਸਲਿਮ ਭਾਈਚਾਰੇ ਵਿੱਚ ਕੰਜ਼ਰਵੇਟਿਵ ਆਗੂਆਂ ਲਈ ਸਮਰਥਨ ਜ਼ਿਆਦਾ ਨਹੀਂ ਹੈ (2017 ਦੀਆਂ ਆਮ ਚੋਣਾਂ ਵਿਚ 87 ਫੀਸਦ ਨੇ ਲੇਬਰ ਨੂੰ ਵੋਟ ਦਿੱਤੀ)। ਪ੍ਰਚਾਰਕਾਂ ਨੂੰ ਇਸ ਨੂੰ ਹੋਰ ਘੱਟ ਕਰਨ ਦੀ ਕੋਸ਼ਿਸ਼ ਕਰਨ ਤੋਂ ਨਹੀਂ ਰੋਕਿਆ ਗਿਆ - ਜੋ ਕਈ ਵਾਰ ਵਿਵਾਦਪੂਰਨ ਵੀ ਰਿਹਾ।

ਵਟਸਐੱਪ ਮੁਹਿੰਮ

ਵੈਬਸਾਈਟ ਬਜ਼ਫੀਡ ਨੇ ਦੱਸਿਆ ਹੈ ਕਿ ਮੁਸਲਿਮ ਪਬਲਿਕ ਅਫੇਅਰਜ਼ ਕਮੇਟੀ - ਲੰਡਨ ਦੀ ਇਕ ਬ੍ਰਿਟਿਸ਼ ਮੁਸਲਿਮ ਲਾਬੀ ਅਤੇ ਨਾਗਰਿਕ ਅਜ਼ਾਦੀ ਸਮੂਹ - ਮੁਸਲਮਾਨਾਂ ਨੂੰ ਵਟਸਐੱਪ ਸੰਦੇਸ਼ ਭੇਜ ਰਹੀ ਹੈ।

ਉਹ ਕੰਜ਼ਰਵੇਟਿਵ ਉਮੀਦਵਾਰਾਂ ਦੇ ਖਿਲਾਫ ਵੋਟ ਪਾਉਣ ਲਈ ਕਹਿ ਰਹੀ ਹੈ। ਸਮੂਹ ਦਾ ਦਾਅਵਾ ਹੈ ਕਿ ਕੰਜ਼ਰਵੇਟਿਵ ਆਗੂਆਂ ਦਾ "ਇਸਲਾਮੋਫੋਬੀਆ ਨੂੰ ਸਮਰੱਥਨ ਕਰਨ ਦਾ ਰਿਕਾਰਡ ਹੈ, ਇਨ੍ਹਾਂ ਇਜ਼ਰਾਈਲ ਦਾ ਸਮਰਥਨ ਕੀਤਾ ਹੈ ਅਤੇ/ਜਾਂ [ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ] ਮੋਦੀ ਦੇ ਕਸ਼ਮੀਰ ਉੱਤੇ ਹੋਏ ਹਮਲੇ ਦਾ ਸਮਰਥਨ ਕੀਤਾ ਹੈ।"

ਇਨ੍ਹਾਂ ਸੰਦੇਸ਼ਾਂ ਦੀ ਅਲੋਚਨਾ ਫੁੱਟ ਪਾਉਣ ਅਤੇ ਡਾਟਾ ਸੁਰੱਖਿਆ ਬਾਰੇ ਚੋਣ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਕੀਤੀ ਗਈ ਹੈ।

ਐਮ ਪੀ ਏ ਸੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਦੋਸ਼ਾਂ ਦਾ ਉੱਤਰ ਦੇਣ ਦਾ ਉਚਿਤ ਅਧਿਕਾਰ ਨਹੀਂ ਦਿੱਤਾ ਗਿਆ ਹੈ ਅਤੇ ਇਹ ਕਿ ਕੰਜ਼ਰਵੇਟਿਵ ਉਮੀਦਵਾਰਾਂ ਬਾਰੇ ਉਸ ਦੇ ਦਾਅਵਿਆਂ ਦਾ ਸਮਰਥਨ ਉਨ੍ਹਾਂ ਦੇ ਵੋਟਿੰਗ ਰਿਕਾਰਡ ਦੁਆਰਾ ਕੀਤਾ ਜਾਂਦਾ ਹੈ।

ਪਰ ਇਹ ਸਿਰਫ ਵਟਸਐੱਪ ਮੁਹਿੰਮ ਨਹੀਂ ਹੈ ਜੋ ਸੁਰਖੀਆਂ 'ਚ ਆ ਗਈ ਹੈ।

ਹਿੰਦੂ ਵੋਟ

ਹਾਲਾਂਕਿ ਯਹੂਦੀ ਅਤੇ ਮੁਸਲਮਾਨ ਵੱਡੀ ਗਿਣਤੀ ਵਿੱਚ ਆਪਣੀ ਵੋਟ ਨਹੀਂ ਬਦਲ ਰਹੇ ਹਨ, ਪਰ ਪ੍ਰਤੀਤ ਹੁੰਦਾ ਹੈ ਕਿ ਇੱਕ ਸਮੂਹ ਜੋ ਅਜਿਹਾ ਕਰ ਰਿਹਾ ਬ੍ਰਿਟਿਸ਼ ਹਿੰਦੂ ਹੈ।

ਬਹੁਤ ਸਾਰੇ ਘੱਟਗਿਣਤੀ ਸਮੂਹਾਂ ਦੀ ਤਰ੍ਹਾਂ, ਇਸ ਸਮੂਹ ਨੇ ਲੇਬਰ ਦੀ ਇਤਿਹਾਸਕ ਤੌਰ 'ਤੇ ਹਮਾਇਤ ਕੀਤੀ ਹੈ, ਪਰ ਕੁਝ ਹਮਲਾਵਰ ਅਤੇ ਵਿਵਾਦਪੂਰਨ ਮੁਹਿੰਮਾਂ ਦੇ ਵਿਚਕਾਰ ਉਹ ਕੰਜ਼ਰਵੇਟਿਵ ਵੱਲ ਵਧ ਗਏ ਹਨ।

ਪਰ 2010 ਤੋਂ 2017 ਤੱਕ, ਯੂਕੇ ਵਿੱਚ ਰਹਿੰਦੇ 10 ਲੱਖ ਤੋਂ ਵੱਧ ਹਿੰਦੂਆਂ ਦਾ ਕੰਜ਼ਰਵੇਟਿਵ ਵੋਟ ਦਾ ਹਿੱਸਾ ਤਕਰੀਬਨ 30 ਫੀਸਦ ਤੋਂ ਵੱਧ ਕੇ 40 ਫੀਸਦ ਹੋ ਗਿਆ ਹੈ - ਅਤੇ ਇਸ ਦੇ ਹੋਰ ਵੱਧਣ ਦੀ ਉਮੀਦ ਹੈ।

ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕਰਦਿਆਂ ਓਵਰਸੀਜ਼ ਫਰੈਂਡਸ ਆਫ ਬੀਜੇਪੀ ਦਾਅਵਾ ਕਰਦੇ ਹਨ ਕਿ ਉਹ ਯੂਕੇ ਦੀ ਹਿੰਦੂ ਅਬਾਦੀ ਨੂੰ ਲੇਬਰ ਨੂੰ ਵੋਟ ਨਾ ਦੇਣ ਲਈ ਪ੍ਰੇਰਿਤ ਕਰਨ ਲਈ ਕੰਜ਼ਰਵੇਟਿਵ ਉਮੀਦਵਾਰਾਂ ਨਾਲ ਕੰਮ ਕਰ ਰਹੇ ਹਨ।

ਇਸਦਾ ਕਾਰਨ ਕਸ਼ਮੀਰ ਦੇ ਹਿੱਸੇ ਉੱਤੇ ਕੰਟਰੋਲ ਕਰਨ ਲਈ ਭਾਰਤ ਦੀ ਸਖ਼ਤੀ ਦੀ ਲੇਬਰ ਵਲੋਂ ਕੀਤੀ ਅਲੋਚਨਾ ਹੈ।

ਵਟਸਐੱਪ ਸੰਦੇਸ਼ - ਅਸਲ ਵਿੱਚ ਇਕ ਵੱਖਰੀ ਮੁਹਿੰਮ ਲਈ ਲਿਖੇ ਗਏ ਸਨ - ਨੂੰ ਪੂਰੇ ਯੂਕੇ ਦੇ ਹਿੰਦੂਆਂ ਨੂੰ ਭੇਜਿਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਨੇ "ਅੰਨ੍ਹੇਵਾਹ ਪਾਕਿਸਤਾਨ ਦੇ ਪ੍ਰਚਾਰ ਦਾ ਸਮਰਥਨ ਕੀਤਾ ਹੈ" ਅਤੇ ਉਨ੍ਹਾਂ ਨੂੰ ਕੰਜ਼ਰਵੇਟਿਵ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:-

ਲੇਬਰ ਸਿਆਸਤਦਾਨਾਂ ਨੇ ਸੰਦੇਸ਼ਾਂ ਦੀ ਅਲੋਚਨਾ ਕੀਤੀ ਹੈ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ "ਧਾਰਮਿਕ ਕੱਟੜਪੰਥੀਆ ਦੀਆਂ ਵੰਡੀਆਂ ਪਾਉਣ ਵਾਲੀਆਂ ਚਾਲਾਂ ਤੋਂ ਬਚਣ"।

ਪਰ ਉਹ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਹਿੰਦੂ ਭਾਈਚਾਰੇ ਨਾਲ ਪਾਰਟੀ ਦੇ ਸਬੰਧਾਂ ਨੂੰ ਸੁਧਾਰਨ ਦੀ ਵੀ ਸਖ਼ਤ ਕੋਸ਼ਿਸ਼ ਕਰ ਰਹੇ ਹਨ।

ਯੂਕੇ ਦੀ ਇਹ ਆਮ ਚੋਣ ਪਹਿਲਾਂ ਹੀ ਵੰਡ ਪਾਉਣ ਵਾਲੀ ਵਜੋਂ ਵੇਖੀ ਜਾ ਰਹੀ ਸੀ, ਕਿਉਂਕਿ ਦੇਸ ਬ੍ਰੈਕਸਿਟ ਕਾਰਨ ਟੁੱਟ ਗਿਆ ਹੈ।

ਯੂਕੇ ਦੀ ਰਾਜਨੀਤੀ ਵਿੱਚ ਧਰਮ ਦਾ ਘੱਟ ਹੀ ਜ਼ਿਕਰ ਕੀਤਾ ਜਾਂਦਾ ਸੀ, ਪਰ ਹੁਣ ਇਹ ਇੱਕ ਅਹਿਮ ਮੁੱਦਾ ਬਣ ਗਿਆ ਹੈ। ਅਤੇ ਇਹ ਸਿਰਫ ਮੁਹਿੰਮ ਦੀ ਕੁੜੱਤਣ ਨੂੰ ਵਧਾਉਂਦਾ ਪ੍ਰਤੀਤ ਹੁੰਦਾ ਹੈ।

ਇਹ ਵੀਡੀਓ ਦੇਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)