ਕੀ ਮਕਬੂਲ ਬੱਟ ਨੂੰ ਫਾਂਸੀ ਭਾਰਤੀ ਸਫ਼ੀਰ ਦੇ ਕਤਲ ਦਾ ਬਦਲਾ ਸੀ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਮਕਬੂਲ ਬੱਟ ਫ਼ੈਜ਼ ਅਹਿਮਦ 'ਫ਼ੈਜ਼' ਦਾ ਲਿਖਿਆ ਇਹ ਸ਼ੇਅਰ ਅਕਸਰ ਪੜ੍ਹਦੇ ਸਨ-

'ਜਿਸ ਧਜ ਸੇ ਕੋਈ ਮਕਤਲ ਮੇਂ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ

ਯੇ ਜਾਨ ਤੋ ਆਨੀ-ਜਾਨੀ ਹੈ, ਇਸ ਜਾਨ ਕੀ ਤੋ ਕੋਈ ਬਾਤ ਨਹੀਂ'

ਤਿਹਾੜ ਜੇਲ੍ਹ ਦੇ ਜੇਲ੍ਹਰ ਸੁਨੀਲ ਗੁਪਤਾ ਲਈ ਮਕਬੂਲ ਬੱਟ ਕਸ਼ਮੀਰ ਦੇ ਇੱਕ ਵੱਖਵਾਦੀ ਨੇਤਾ ਨਹੀਂ, ਸਗੋਂ ਇੱਕ ਉੱਚ ਦਰਜੇ ਦੇ ਬੁੱਧੀਮਾਨ ਸ਼ਖ਼ਸ ਸਨ ਜਿਨ੍ਹਾਂ ਨਾਲ ਉਹ ਆਪਣੀ ਅੰਗਰੇਜ਼ੀ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਸਨ।

'ਬਲੈਕ ਵਾਰੰਟ ਕਾਨਫ਼ਰੰਸ ਆਫ਼ ਏ ਤਿਹਾੜ ਜੇਲਰ' ਦੇ ਲੇਖਕ ਸੁਨੀਲ ਗੁਪਤਾ ਯਾਦ ਕਰਦੇ ਹਨ, "ਜਦੋਂ ਮੈਂ ਮਕਬੂਲ ਬੱਟ ਨੂੰ ਪਹਿਲੀ ਵਾਰ ਦੇਖਿਆ ਉਦੋਂ ਤੱਕ ਉਹ ਤਿਹਾੜ ਦੇ ਕੈਦੀਆਂ ਵਿੱਚ ਬਹੁਤ ਮਸ਼ਹੂਰ ਹੋ ਗਏ ਸਨ। ਕਿਸੇ ਨੂੰ ਜੇਕਰ ਕੋਈ ਦਿੱਕਤ ਹੁੰਦੀ ਸੀ ਅਤੇ ਜੇ ਕਿਸੇ ਨੂੰ ਜੇਲ੍ਹ ਦੇ ਸੁਪਰੀਡੈੰਟ ਨੇ ਕੋਈ ਮੇਮੋ ਦਿੱਤਾ ਹੁੰਦਾ ਸੀ ਤਾਂ ਉਸ ਦਾ ਜਵਾਬ ਬਣਾਉਣ ਲਈ ਕੈਦੀ ਜਾਂ ਤਾਂ ਚਾਰਲਸ ਸ਼ੋਭਰਾਜ ਕੋਲ ਜਾਂਦੇ ਸਨ ਜਾਂ ਮਕਬੂਲ ਬੱਟ ਕੋਲ ਜਾਂਦੇ।"

ਜੇਲ੍ਹ 'ਚ ਨਹੀਂ ਮਿਲਿ ਇਕੱਲਾਪਣ

ਸੁਨੀਲ ਗੁਪਤਾ ਨੇ ਦੱਸਿਆ, "ਉਨ੍ਹਾਂ ਦੀ ਪੂਰੀ ਸ਼ਖ਼ਸੀਅਤ ਵਿੱਚ ਇੱਕ ਖ਼ਾਸ ਕਿਸਮ ਦੀ ਨਰਮੀ ਸੀ। ਉਨ੍ਹਾਂ ਸ਼ੱਫ਼ਾਕ ਗੋਰਾ ਚਿਹਰਾ ਸੀ ਅਤੇ ਉਹ ਹਮੇਸ਼ਾ ਖ਼ਾਦੀ ਦਾ ਚਿੱਟਾ ਕੁੜਤਾ-ਪਜ਼ਾਮਾ ਪਾਉਂਦੇ ਸਨ। ਹਾਲਾਂਕਿ ਉਹ ਉਮਰ ਵਿੱਚ ਵੱਡੇ ਸਨ ਪਰ ਜਦੋਂ ਵੀ ਮੈਂ ਉਨ੍ਹਾਂ ਦੇ ਸੈੱਲ ਵਿੱਚ ਜਾਂਦਾ ਉਹ ਉੱਠ ਕੇ ਖੜ੍ਹੇ ਹੋ ਜਾਂਦੇ ਸਨ।"

"ਜੇਲ੍ਹ ਵਿੱਚ ਕੋਈ ਵੀ ਕੈਦੀ ਆਉਂਦਾ ਹੈ, ਚਾਹੇ ਉਸ ਨੇ ਕਿੰਨਾ ਬਰਹਿਮੀ ਭਰਿਆ ਕਾਰਾ ਕੀਤਾ ਹੋਵੇ, ਕੁਝ ਦਿਨਾਂ ਬਾਅਦ ਸਾਨੂੰ ਉਹ ਆਪਣੇ ਪਰਿਵਾਰ ਦਾ ਹਿੱਸਾ ਲੱਗਣ ਲੱਗ ਜਾਂਦਾ ਹੈ।"

"ਵਧੇਰੇ ਕੈਦੀਆਂ ਦੇ ਨਾਲ ਸਾਡੇ ਦੋਸਤਾਨਾ ਸਬੰਧ ਬਣ ਜਾਂਦੇ ਹਨ। ਇਨ੍ਹਾਂ ਨਾਲ ਤਾਂ ਸਾਡੇ ਖ਼ਾਸ ਸਬੰਧ ਬਣ ਗਏ ਸੀ। ਅਸੀਂ ਜਦੋਂ ਵੀ ਉਨ੍ਹਾਂ ਕੋਲ ਜਾਂਦੇ ਉਹ ਬਹੁਤ ਚੰਗੀ ਤਰ੍ਹਾਂ ਸਾਡੇ ਨਾਲ ਗੱਲਬਾਤ ਕਰਦੇ ਸਨ। ਬੇਸ਼ੱਕ ਮੇਰੀ ਸਾਰੀ ਸਿੱਖਿਆ ਅੰਗਰੇਜ਼ੀ ਮਾਧਿਆਮ ਨਾਲ ਹੋਈ ਹੈ ਪਰ ਫਿਰ ਵੀ ਮੈਨੂੰ ਅੰਗਰੇਜ਼ੀ ਬੋਲਣ ਵਿੱਚ ਝਿਝਕ ਜਿਹੀ ਹੁੰਦੀ ਸੀ। ਮਕਬੂਲ ਨੇ ਹੀ ਮੈਨੂੰ ਸਭ ਤੋਂ ਪਹਿਲਾਂ ਦੱਸਿਆ ਕਿ ਕਿਵੇਂ ਕਮੀ 'ਤੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ।"

ਇਹ ਵੀ ਪੜ੍ਹੋ:

"ਉਹ ਮੈਨੂੰ ਦੱਸਦੇ ਸਨ ਕਿ ਜੇਕਰ ਤੁਹਾਨੂੰ ਹਿੰਦੀ ਆਉਂਦੀ ਹੈ ਤਾਂ ਅੰਗਰੇਜ਼ੀ ਉਸ ਦੀ ਤੁਲਨਾ ਵਿੱਚ ਸੌਖੀ ਭਾਸ਼ਾ ਹੈ। ਉਨ੍ਹਾਂ ਦੇ ਬਿਹਤਰੀਨ ਵਿਹਾਰ ਕਾਰਨ ਹੀ ਮੌਤ ਦੀ ਸਜ਼ਾ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਇਕੱਲਿਆਂ ਕੈਦ 'ਚ ਨਹੀਂ ਰੱਖਿਆ ਗਿਆ ਸੀ।"

ਸੀਆਈਡੀ ਇੰਸਪੈਕਟਰ ਦੀ ਕਤਲ ਦੇ ਦੋਸ਼ 'ਚ ਫਾਂਸੀ

ਸਾਲ 1966 ਵਿੱਚ ਸੀਆਈਡੀ ਇੰਸਪੈਕਟਰ ਅਮਰ ਚੰਦ ਦੇ ਕਤਲ ਮਾਮਲੇ ਵਿੱਚ ਮਕਬੂਲ ਬੱਟ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਕਿਹਾ ਜਾਂਦਾ ਹੈ ਕਿ ਜਦੋਂ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਤਾਂ ਉਨ੍ਹਾਂ ਨੇ ਮਜਿਸਟਰੇਟ ਨਾਲ ਭਰੀ ਅਦਾਲਤ ਵਿੱਚ ਕਿਹਾ ਸੀ, "ਜੱਜ ਸਾਬ੍ਹ, ਉਹ ਰੱਸੀ ਅਜੇ ਤੱਕ ਬਣੀ ਨਹੀਂ ਜੋ ਮਕਬੂਲ ਨੂੰ ਫਾਂਸੀ ਲਗਾ ਸਕੇ।"

ਇਸ ਫ਼ੈਸਲੇ ਦੇ 4 ਮਹੀਨਿਆਂ ਬਾਅਦ ਹੀ ਬੱਟ ਨੇ ਜੇਲ੍ਹ ਵਿੱਚ 38 ਫੁੱਟ ਲੰਬੀ ਸੁਰੰਗ ਪੁੱਟੀ ਸੀ ਅਤੇ ਉਹ ਦੋ ਹਫ਼ਤੇ ਲਗਾਤਾਰ ਪੈਦਲ ਤੁਰਦਿਆਂ ਪਾਕਿਸਤਾਨ ਸ਼ਾਸਿਤ ਕਸ਼ਮੀਰ ਵੱਲ ਭੱਜ ਗਏ ਸਨ।

ਉੱਥੇ ਅੱਠ ਸਾਲ ਬਿਤਾਉਣ ਤੋਂ ਬਾਅਦ ਉਹ ਦੁਬਾਰਾ ਭਾਰਤ ਸ਼ਾਸਿਤ ਕਸ਼ਮੀਰ ਵਾਪਸ ਆਏ ਸਨ ਅਤੇ ਉਨ੍ਹਾਂ ਨੇ ਆਪਣੇ ਸਾਥੀਆਂ ਸਣੇ ਹਿੰਡਵਾਰਾ, ਬਾਰਾਮੁੱਲਾ ਵਿੱਚ ਇੱਕ ਬੈਂਕ ਲੁੱਟਿਆ ਸੀ ਅਤੇ ਬੈਂਕ ਮੈਨੇਜਰ ਦਾ ਕਤਲ ਕਰ ਦਿੱਤਾ ਸੀ।

1971 'ਚ ਭਾਰਤੀ ਜਹਾਜ਼ ਦੀ ਹਾਈਜੈਕਿੰਗ 'ਚ ਭੂਮਿਕਾ

ਸਾਲ 1971 ਵਿੱਚ ਇੰਡੀਅਨ ਏਅਰਲਾਈਂਸ ਦੇ ਜਹਾਜ਼ 'ਗੰਗਾ' ਨੂੰ ਪਾਕਿਸਤਾਨ 'ਹਾਈਜੈਕ' ਕਰ ਲੈ ਕੇ ਜਾਣ ਦੀ ਯੋਜਨਾ ਵੀ ਉਨ੍ਹਾਂ ਦੇ ਦਿਮਾਗ਼ ਦੀ ਉਪਜ ਸੀ।

ਬੀਬੀਸੀ ਨੇ ਉਸ ਹਾਈਜੈਕਿੰਗ ਨੂੰ ਅੰਜ਼ਾਮ ਦੇਣ ਵਾਲੇ ਅਤੇ ਇਸ ਵੇਲੇ ਸ੍ਰੀਨਗਰ 'ਚ ਰਹਿ ਰਹੇ ਹਾਸ਼ਿਮ ਕੁਰੈਸ਼ੀ ਕੋਲੋਂ ਪੁੱਛਿਆ ਕਿ ਇਸ ਘਟਨਾ ਵਿੱਚ ਮਕਬੂਲ ਬੱਟ ਦਾ ਕੀ ਰੋਲ ਸੀ?

ਹਾਸ਼ਿਮ ਕੁਰੈਸ਼ੀ ਦਾ ਜਵਾਬ ਸੀ, "ਉਸ ਵਿੱਚ ਮਕਬੂਲ ਬੱਟ ਦਾ ਹੀ ਤਾਂ ਰੋਲ ਸੀ। ਉਨ੍ਹਾਂ ਨੇ ਸਪੈਸ਼ਲ ਕੋਰਟ ਵਿੱਚ ਆਪਣੇ ਬਿਆਨ ਵਿੱਚ ਸਾਫ਼ ਕਿਹਾ ਹੈ ਕਿ ਉਨ੍ਹਾਂ ਨੇ ਕੋਈ ਸਾਜ਼ਿਸ਼ ਨਹੀਂ ਕੀਤੀ। ਅਸੀਂ ਆਪਣੀ ਕੌਮੀ ਆਜ਼ਾਦੀ ਦੀ ਜੰਗ ਲੜ ਰਹੇ ਹਾਂ ਅਤੇ ਇਹ ਅਸੀਂ ਇਸ ਲਈ ਕੀਤਾ ਤਾਂ ਜੋ ਕਸ਼ਮੀਰ ਵੱਲ ਦੁਨੀਆਂ ਦਾ ਧਿਆਨ ਜਾਵੇ।"

"ਮੈਂ ਤੁਹਾਨੂੰ 1970 ਦਾ ਵਾਕਿਆ ਸੁਣਾਉਂਦਾ ਹਾਂ। ਹੋਇਆ ਇਸ ਤਰ੍ਹਾਂ ਕਿ ਅਸੀਂ ਡਾਕਟਰ ਫਾਰੁਖ਼ ਹੈਦਰ ਦੀ ਡਾਇਨਿੰਗ ਟੇਬਲ 'ਤੇ ਬੈਠੇ ਹੋਏ ਸੀ। ਅਚਾਨਕ ਖ਼ਬਰ ਆਈ ਕਿ ਇਰੀਟ੍ਰਿਆ ਦੇ ਕੋ ਕੱਟੜਪੰਥੀਆਂ ਨੇ ਕਰਾਚੀ ਵਿੱਚ ਇਥੋਪੀਆ ਦੇ ਇੱਕ ਜਹਾਜ਼ 'ਤੇ ਗੋਲੀਬਾਰੀ ਕਰ ਕੇ ਉਸ ਨੂੰ ਨੁਕਸਾਨ ਪਹੁੰਚਾਇਆ ਹੈ। ਮਕਬੂਲ ਨੇ ਜਿਵੇਂ ਹੀ ਇਹ ਸੁਣਿਆ, ਉਹ ਛਾਲ ਮਾਰ ਕੇ ਉੱਠ ਖੜ੍ਹਿਆ ਅਤੇ ਬੋਲਿਆਂ ਸਾਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।"

"ਗੰਗਾ ਹਾਈਜੈਕਿੰਗ ਦੀ ਅਸਲੀ ਯੋਜਨਾ ਇਥੋਂ ਹੀ ਸ਼ੁਰੂ ਹੋਈ ਸੀ। ਕੁਝ ਦਿਨਾਂ ਬਾਅਦ ਬੱਟ ਸਾਬ੍ਹ ਨੇ ਕਿਹਾ ਕਿ ਜੇਕਰ ਅਸੀਂ ਤੁਹਾਨੂੰ ਜਹਾਜ਼ ਆਗਵਾ ਕਰਨ ਦੀ ਟ੍ਰੇਨਿੰਗ ਦਈਏ ਤਾਂ ਕੀ ਤੁਸੀਂ ਉਸ ਨੂੰ ਅੰਜ਼ਾਮ ਦੇ ਸਕੋਗੇ? ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਮੈਂ ਹਰ ਚੀਜ਼ ਕਰਨ ਲਈ ਤਿਆਰ ਹਾਂ।"

ਨਾਨ-ਅਲਾਇਨਡ ਕਾਨਫਰੰਸ ਦੌਰਾਨ ਧਮਕੀ

ਸਾਲ 1981 ਵਿੱਚ ਭਾਰਤ ਵਿੱਚ ਹੋ ਰਹੇ ਨਾਨ-ਅਲਾਇਨਡ ਕਾਨਫਰੰਸ ਦੌਰਾਨ ਦਿੱਲੀ 'ਚ ਬੀਬੀਸੀ ਪੱਤਰਕਾਰ ਮਾਰਕ ਟਲੀ ਨੂੰ ਫੋਨ 'ਤੇ ਅਨਜਾਣ ਵਿਅਕਤੀ ਨੇ ਦੱਸਿਆ ਕਿ ਉਸ ਨੇ ਵਿਗਿਆਨ ਭਵਨ ਅਤੇ ਅਸ਼ੋਕਾ ਹੋਟਲ ਵਿੱਚ ਬੰਬ ਰੱਖ ਦਿੱਤੇ ਹਨ ਅਤੇ ਜੇਕਰ ਮਕਬੂਲ ਬੱਟ ਨੂੰ ਤੁਰੰਤ ਰਿਹਾ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਭਵਨਾਂ ਨੂੰ ਉਡਾ ਦਿੱਤਾ ਜਾਵੇਗਾ।

ਇਸ ਤੋਂ ਇੱਕ ਦਿਨ ਪਹਿਲਾਂ ਕਿਊਬਾਈ ਦੂਤਾਵਾਸ ਦੇ ਲਿਫ਼ਾਫੇ ਵਿੱਚ ਇਸੇ ਤਰ੍ਹਾਂ ਦੀ ਧਮਕੀ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਡਿਪਲੋਮੈਟਾਂ ਨੂੰ ਵੀ ਭੇਜੀ ਗਈ ਸੀ।

ਬੀਬੀਸੀ ਨੇ ਇਸ ਖ਼ਬਰ ਦਾ ਪ੍ਰਸਾਰਣ ਨਹੀਂ ਕੀਤਾ ਅਤੇ ਸਰਕਾਰੀ ਏਜੰਸੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਸੀ।

ਸਿੱਟਾ ਇਹ ਨਿਕਲਿਆ ਕਿ ਤਿਹਾੜ ਵਿੱਚ ਮਕਬੂਲ ਬੱਟ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਉਨ੍ਹਾਂ 'ਤੇ ਸਖ਼ਤ ਨਜ਼ਰ ਰੱਖੀ ਜਾਣ ਲੱਗੀ।

ਬਰਤਾਨੀਆ ਵਿੱਚ ਭਾਰਤੀ ਡਿਪਲੋਮੈਟ ਦਾ ਕਤਲ

ਸਾਲ 1984 ਵਿੱਚ ਬਰਤਾਨੀਆ ਵਿੱਚ ਭਾਰਤੀ ਡਿਪਲੋਮੈਟ ਰਵਿੰਦਰ ਮਹਾਤਰੇ ਨੂੰ ਪਹਿਲਾ ਜੇਕੇਐੱਲਐੱਫ ਨੇ ਅਗਵਾ ਕੀਤਾ ਅਤੇ ਉਨ੍ਹਾਂ ਨੂੰ ਛੱਡਣ ਦੇ ਬਦਲੇ ਮਕਬੂਲ ਬੱਟ ਦੀ ਰਿਹਾਈ ਦੀ ਮੰਗ ਕੀਤੀ।

ਜਦੋਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ ਤਾਂ ਉਨ੍ਹਾਂ ਨੇ ਮਹਾਤਰੇ ਦਾ ਕਤਲ ਕਰ ਦਿੱਤਾ। ਭਾਰਤ ਸਰਕਾਰ ਨੇ ਰਾਤੋ-ਰਾਤ ਮਕਬੂਲ ਬੱਟ ਨੂੰ ਫਾਂਸੀ 'ਚੇ ਚੜਾਉਣ ਦਾ ਫ਼ੈਸਲਾ ਲਿਆ।

ਮੈਂ 'ਬਲੈਕ ਵਾਰੰਟ ਕਨਫੈਸ਼ੰਸ ਆਫ਼ ਏ ਤਿਹਾੜ ਜੇਲਰ' ਦੀ ਸਹਿ-ਲੇਖਿਕਾ ਸੁਨੈਤਰਾ ਚੌਧਰੀ ਨੂੰ ਪੁੱਛਿਆ ਕੇ ਜੇਕਰ ਰਵਿੰਦਰ ਮਹਾਤਰੇ ਦਾ ਕਤਲ ਨਾ ਹੁੰਦਾ ਤਾਂ ਮਕਬੂਲ ਬੱਟ ਨੂੰ ਫਾਂਸੀ 'ਤੇ ਨਹੀਂ ਚਾੜਿਆ ਜਾਂਦਾ?

ਸੁਨੈਤਰਾ ਦਾ ਕਹਿਣਾ ਸੀ, "ਉਸ ਵੇਲੇ ਤਾਂ ਬਿਲਕੁਲ ਨਹੀਂ ਹੁੰਦੀ। ਹਰ ਰੂਲ ਬੁੱਕ ਵਿੱਚ ਲਿਖਿਆ ਹੋਇਆ ਹੈ ਕਿ ਉਨ੍ਹਾਂ ਦੀ ਆਖ਼ਰੀ ਇੱਛਾ ਅਤੇ ਪਰਿਵਾਰ ਨਾਲ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਹੋਣੀ ਚਾਹੀਦੀ ਹੈ। ਪਰ ਉਨ੍ਹਾਂ ਨੂੰ ਆਪਣੇ ਭਰਾ ਨਾਲ ਵੀ ਨਹੀਂ ਮਿਲਣ ਦਿੱਤਾ ਗਿਆ। ਜਦੋਂ ਉਹ ਸ੍ਰੀਨਗਰ ਤੋਂ ਦਿੱਲੀ ਆ ਰਹੇ ਸਨ ਤਾਂ ਉਨ੍ਹਾਂ ਨੂੰ ਹਾਵਈ ਅੱਡੇ 'ਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।"

"ਮਕਬੂਲ ਬੱਟ ਨੂੰ ਪਤਾ ਸੀ ਕਿ ਉਨ੍ਹਾਂ ਦੇ ਨਾਲ ਇਹ ਹੋਣ ਵਾਲਾ ਹੈ ਕਿਉਂਕਿ ਭਾਰਤ ਸਰਕਾਰ ਨੂੰ ਦਿਖਾਉਣਾ ਸੀ ਕਿ ਉਹ ਸਿਆਸੀ ਤੌਰ 'ਤੇ ਕੁਝ ਕਰ ਰਹੀ ਹੈ। ਉਹ ਤਿਹਾੜ ਵਿੱਚ ਇੱਕ ਦੂਜੇ ਕੇਸ ਵਿੱਚ ਮੌਤ ਦੀ ਸਜ਼ਾ ਕੱਟ ਰਹੇ ਸਨ ਪਰ ਇਸ ਕੇਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ।"

ਫਾਂਸੀ 'ਤੇ ਕਈ ਸਵਾਲ

ਮਕਬੂਲ ਬੱਟ ਨੂੰ ਜਿਸ ਤਰ੍ਹਾਂ ਫਾਂਸੀ ਦਿੱਤੀ ਗਈ ਉਸ 'ਤੇ ਕਈ ਸਵਾਲ ਚੁੱਕੇ ਗਏ।

ਮਕਬੂਲ ਬੱਟ ਦੇ ਵਕੀਲ ਰਹੇ ਆਰਐੱਸ ਤੁਫ਼ੈਲ ਕਹਿੰਦੇ ਹਨ ਕਿ ਹੇਠਲੀ ਅਦਾਲਤ ਵਿੱਚ ਜਦੋਂ ਸਜ਼ਾ-ਏ-ਮੌਤ ਦਿੱਤੀ ਜਾਂਦੀ ਹੈ ਤਾਂ ਸਰਕਾਰ ਹੀ ਇਸ ਦੀ ਪ੍ਰਵਾਨਗੀ ਲਈ ਹਾਈ ਕੋਰਟ ਵਿੱਚ ਅਪੀਲ ਕਰਦੀ ਹੈ ਕਿ ਤੁਸੀਂ ਜਾਂ ਤਾਂ ਇਸ ਦੀ ਪੁਸ਼ਟੀ ਕਰੋ ਜਾਂ ਇਸ ਨੂੰ ਖਾਰਿਜ ਕਰ ਦਿਓ।

"ਅਸੀਂ ਜਦੋਂ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਤਾਂ ਸਾਡੇ ਕੋਲ ਫਾਂਸੀ ਦੀ ਸਜ਼ਾ ਦਾ ਹਾਈਕੋਰਟ ਵੱਲੋਂ ਪੁਸ਼ਟੀ ਦਾ ਕੋਈ ਆਦੇਸ਼ ਨਹੀਂ ਸੀ। ਮੈਂ ਪੂਰੀ ਜ਼ਿੰਮੇਵਾਰੀ ਨਾਲ ਇਹ ਕਹਿ ਰਿਹਾ ਹਾਂ ਕਿ ਮਕਬੂਲ ਦੀ ਸਜ਼ਾ-ਏ-ਮੌਤ ਨੂੰ ਹਾਈ ਕੋਰਟ ਨੇ 'ਇਨਡੋਰਸ' ਨਹੀਂ ਕੀਤਾ ਸੀ।"

'ਡੈਥ ਰੈਂਫਰੈਂਸ' 'ਤੇ ਜੱਜ ਦੇ ਦਸਤਖ਼ਤ ਨਹੀਂ

ਤੁਫੈਲ ਅੱਗੇ ਕਹਿੰਦੇ ਹਨ, "ਜਦੋਂ ਅਸੀਂ ਜਸਟਿਸ ਚੰਦਰਚੂੜ ਕੋਲੋਂ ਇਹ ਸਵਾਲ ਕੀਤਾ ਤਾਂ ਸ਼ਾਸਨ ਨੇ ਹਰੇ ਰੰਗ ਦਾ ਦੋ ਜਾਂ ਤਿੰਨ ਪੇਜ਼ ਦਾ ਬਿਨਾਂ ਦਸਤਖ਼ਤ ਦਾ ਇੱਕ ਕਾਗਜ਼ ਪੇਸ਼ ਕਰ ਕੇ ਕਹਿ ਦਿੱਤਾ ਕਿ ਹਾਈਕੋਰਟ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਜਸਟਿਸ ਮੁਰਤਜ਼ਾ ਫ਼ਜ਼ਲ ਅਲੀ ਨੇ ਇਸ ਦੀ ਪੁਸ਼ਟੀ ਕੀਤੀ ਹੋਈ ਹੈ।

"ਜਸਟਿਸ ਫ਼ਜ਼ਲ ਅਲੀ ਪਹਿਲਾਂ ਜੰਮੂ ਅਤੇ ਕਸ਼ਮੀਰ ਹਾਈਕੋਰਟ ਦੇ ਚੀਫ਼ ਜਸਟਿਸ ਹੁੰਦੇ ਸਨ ਅਤੇ ਸੁਪਰੀਮ ਕੋਰਟ ਵਿੱਚ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਉੱਥੇ ਵੀ ਰਿਟਾਇਰ ਹੋ ਗਏ ਸਨ। ਇਸ ਪੂਰੀ ਪ੍ਰਕਿਰਿਆ ਦਾ ਇਹ ਵੀ ਗਵਾਹ ਨਹੀਂ ਸੀ। ਉਸ ਵੇਲੇ ਜਸਟਿਸ ਚੰਦਰਜੂੜ ਦੇ ਮੂੰਹੋਂ ਜੋ ਅਲਫਾਜ਼ ਨਿਕਲੇ, ਉਸ ਨੇ ਮੈਨੂੰ ਅੱਜ ਤੱਕ ਝੰਝੋੜ ਕੇ ਰੱਖਿਆ ਹੋਇਆ ਹੈ।"

"ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਾਈ ਕੋਰਟ ਜੱਜ ਵਜੋਂ ਕਦੇ ਵੀ ਡੈਥ 'ਰੈਫਰੈਂਸ' 'ਤੇ ਦਸਤਖ਼ਤ ਨਹੀਂ ਕੀਤੇ। ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਜੇਕਰ ਉਸ ਦਸਤਾਵੇਜ਼ 'ਤੇ ਮੁਰਤਜ਼ਾ ਫ਼ਜ਼ਲ ਅਲੀ ਦੇ ਦਸਤਖ਼ਤ ਨਹੀਂ ਹਨ ਤਾਂ ਇਸ ਨਾਲ ਕੋਈ ਖ਼ਾਸ ਫਰਕ ਨਹੀਂ ਪੈਂਦਾ।"

"ਪਰ ਉਹ ਭੁੱਲ ਗਏ ਕਿ ਇਸ ਤਰ੍ਹਾਂ ਦੇ ਆਦੇਸ਼ਾਂ 'ਤੇ ਦੋ ਜੱਜਾਂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਮਰਡਰ ਰੈਫਰੈਂਸ ਲਈ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਬੈਠਦੀ ਹੈ। ਉਨ੍ਹਾਂ ਨੇ ਸਾਡੀ ਐੱਸਐਲਪੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।"

ਜੇਕੇਐੱਲਐੱਫ ਦੀ ਹਿੰਮਤ ਦੀ ਸਜ਼ਾ ਬੱਟ ਨੂੰ

ਮਕਬੂਲ ਬੱਟ ਦਾ ਵੱਖਵਾਦੀ ਹਿੰਸਾ ਵਿੱਚ ਬੇਸ਼ੱਕ ਹੀ ਹੱਥ ਰਿਹਾ ਹੋਵੇ ਪਰ ਰਵਿੰਦਰ ਮਹਾਤਰੇ ਕਤਲਕਾਂਡ 'ਚ ਸਿੱਧੇ ਤੌਰ 'ਤੇ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ।

ਹਾਸ਼ਿਮ ਕੁਰੈਸ਼ੀ ਦੱਸਦੇ ਹਨ, "ਮੈਂ ਸਮਝਦਾ ਹਾਂ ਕਿ ਜੇਕੇਐੱਲਐੱਫ ਨੇ ਹਮੇਸ਼ਾ 'ਐਡਵੈਂਚਰਿਜ਼ਮ' ਕੀਤਾ। ਮੇਰੀ ਨਜ਼ਰ ਵਿੱਚ ਮਹਾਤਰੇ ਬੇਗੁਨਾਹ ਮਾਰਾ ਗਿਆ। ਮੈਂ ਹਮੇਸ਼ਾ ਉਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦੇ ਬਦਲੇ 'ਚ ਮਕਬੂਲ ਬੱਟ ਵਰਗੇ ਆਦਮੀ ਨੂੰ ਨਹੀਂ ਦੇਣਾ ਚਾਹੀਦਾ ਸੀ। ਤੁਸੀਂ 13 ਆਦਮੀ ਇਸ ਵਿੱਚ ਪਾਸੇ ਲਗਾ ਦਿੱਤਾ। ਇਹ ਪੂਰੀ ਤਰ੍ਹਾਂ ਅਮਾਨਹੁੱਲਾਹ ਦਾ ਆਪਰੇਸ਼ਨ ਸੀ।"

"ਮਕਬੂਲ ਬੱਟ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਸ ਜ਼ੁਰਮ ਵਿੱਚ ਸਜ਼ਾ-ਏ-ਮੌਤ ਦਿੱਤੀ ਜਾ ਰਹੀ ਹੈ ਜੋ ਮੇਰੀ ਜੇਲ੍ਹ ਕੋਠੜੀ ਤੋਂ 7 ਹਜ਼ਾਰ ਕਿਲੋਮੀਟਰ ਦੂਰ ਹੋਇਆ ਸੀ ਅਤੇ ਉਸ ਵਿੱਚ ਮੇਰਾ ਕੋਈ ਹੱਥ ਨਹੀਂ ਸੀ। ਇਹ ਮਕਬੂਲ ਬੱਟ ਦੇ ਆਖ਼ਰੀ ਸ਼ਬਦ ਸਨ। ਮਕਬੂਲ ਬੱਟ ਦੀ ਜੋ ਫਾਂਸੀ ਸੀ, ਉਹ ਸਿੱਧਾ-ਸਿੱਧਾ ਭਾਰਤ ਦਾ ਬਦਲਾ ਸੀ। ਸੁਪਰੀਮ ਕੋਰਟ ਨੇ ਇਸ ਕੇਸ ਨੂੰ ਸੁਣਿਆ ਹੀ ਨਹੀਂ।"

ਪੜ੍ਹਨ-ਲਿਖਣ ਦੇ ਸ਼ੌਕੀਨ

ਤਿਹਾੜ ਵਿੱਚ ਮਕਬੂਲ ਬੱਟ ਦੇ ਨਾਲ ਇੱਕ ਸਿਆਸੀ ਕੈਦੀ ਵਰਗਾ ਵਤੀਰਾ ਕੀਤਾ ਜਾਂਦਾ ਸੀ ਉਨ੍ਹਾਂ ਨੂੰ ਪੜ੍ਹਨ-ਲਿਖਣ ਦਾ ਬਹੁਤ ਸ਼ੌਕ ਸੀ।

ਉਨ੍ਹਾਂ ਨਾਲ ਕੰਮ ਚੁੱਕੇ ਹਾਸ਼ਿਮ ਕੁਰੈਸ਼ੀ ਦੱਸਦੇ ਹਨ, "ਉਹ ਘੱਟੋ-ਘੱਟ 5 ਫੁੱਟ 10 ਇੰਚ ਲੰਬੇ ਸਨ। ਉਹ ਬੇਹੱਦ ਨਰਮ ਮਿਜਾਜ਼ ਵਾਲੇ ਸਨ। ਜਦੋਂ ਵੀ ਉਹ ਬੋਲਦੇ ਸਨ ਤਾਂ ਅਜਿਹਾ ਲਗਦਾ ਸੀ ਕਿ ਦੁਨੀਆਂ ਦੀਆਂ ਸਾਰੀਆਂ ਲਾਈਬ੍ਰੇਰੀਆਂ ਦਾ ਇਲਮ ਉਨ੍ਹਾਂ ਨੇ ਆਪਣੇ ਅੰਦਰ ਸਮਾਇਆ ਹੋਇਆ ਸੀ।"

"ਜਦੋਂ ਉਹ ਰਾਸ਼ਟਰਵਾਦ, ਆਜ਼ਾਦੀ ਜਾਂ ਕਿਸੇ ਸਮੱਸਿਆ 'ਤੇ ਬੋਲਦੇ ਸਨ, ਗਰੀਬੀ ਅਤੇ ਬਿਮਾਰੀ ਦੇ ਖ਼ਿਲਾਫ਼, ਸਿੱਖਿਆ ਅਤੇ ਔਰਤਾਂ ਦੇ ਹੱਕ ਵਿੱਚ ਬੋਲਦੇ ਸੀ, ਅਜਿਹਾ ਲਗਦਾ ਸੀ ਕਿ ਦੁਨੀਆਂ ਦੇ ਤਮਾਮ ਇਨਕਲਾਬੀਆਂ ਦੀ ਰੂਹ ਅੰਦਰ ਵਸ ਗਈ ਹੈ।"

ਮਕਬੂਲ ਬੱਟ ਦਾ ਬੈਲਕ ਵਾਰੰਟ

ਭਾਵੇਂ ਕਿ ਮਕਬੂਲ ਬੱਟ ਨੂੰ ਉਨ੍ਹਾਂ ਦੀ ਫਾਂਸੀ ਬਾਰੇ ਪਹਿਲਾਂ ਨਹੀਂ ਦੱਸਿਆ ਸੀ ਪਰ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ।

ਸੁਨੈਤਰਾ ਚੌਧਰੀ ਦੱਸਦੀ ਹੈ, "ਜਿਵੇਂ ਹੀ ਮਕਬੂਲ ਨੂੰ ਫਾਂਸੀ ਦੈਣਾ ਤੈਅ ਹੋਇਆ, ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਨੂੰ ਰਾਤੋ-ਰਾਤ ਬਲੈਕ ਵਾਰੰਟ ਲੈ ਕੇ ਆਉਣ ਲਈ ਸ੍ਰੀਨਗਰ ਭੇਜਿਆ ਗਿਆ। ਉਨ੍ਹਾਂ ਦੇ ਵਕੀਲ ਨੂੰ ਵੀ ਫਾਂਸੀ ਤੋਂ ਕੁਝ ਸਮਾਂ ਪਹਿਲਾਂ ਦੱਸਿਆ ਗਿਆ। ਇੱਕ-ਦੂਜੇ ਮਾਮਲੇ ਵਿੱਚ ਉਨ੍ਹਾਂ ਦੇ ਕੇਸ ਦੀ ਜੋ ਸੁਣਵਾਈ ਚੱਲ ਰਹੀ ਸੀ ਉਹ ਚਲਦੀ ਰਹੀ।"

"ਅਦਾਲਤ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਮਕਬੂਲ ਨੂੰ ਦੂਜੇ ਕੇਸ ਵਿਚ ਫ਼ਾਂਸੀ ਤੇ ਚੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਦੀ ਫ਼ਾਂਸੀ ਦੇ ਬਾਅਦ ਜਦੋਂ ਅਦਾਲਤ ਨੇ ਉਨ੍ਹਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮਕਬੂਲ ਨੂੰ ਤਾਂ ਇੱਕ ਦੂਜੇ ਮਾਮਲੇ ਵਿਚ ਫਾਂਸੀ ਦੇ ਦਿੱਤੀ ਗਈ ਹੈ।"

ਤਿਹਾੜ ਦੀ ਕਿਲੇਬੰਦੀ

ਮਕਬੂਲ ਬੱਟ ਨੂੰ ਫਾਂਸੀ ਤੋਂ ਪਹਿਲਾਂ ਤਿਹਾੜ ਜੇਲ ਜਾਣ ਵਾਲੀ ਹਰ ਸੜਕ ਬੰਦ ਕਰ ਦਿੱਤੀ ਗਈ ਸੀ ਅਤੇ ਉੱਥੇ ਧਾਰਾ 144 ਲਾ ਦਿੱਤੀ ਗਈ ਸੀ।

ਸੁਨੇਤਰਾ ਚੌਧਰੀ ਦਾ ਕਹਿਣਾ ਹੈ, "ਪੂਰਾ ਇਲਾਕਾ ਇੱਕ ਕਿਸਮ ਦੇ ਕਿਲ੍ਹੇ ਵਿਚ ਬਦਲ ਦਿੱਤਾ ਗਿਆ ਸੀ। ਇੱਕ ਡਰ ਇਹ ਸੀ ਕਿ ਕਿਤੇ ਉਪਰੋਂ ਕੋਈ ਹਮਲਾ ਨਾ ਹੋ ਜਾਵੇ। ਹੈਲੀਕਾਪਟਰਾਂ ਨਾਲ ਲੜਾਕਿਆਂ ਨੂੰ ਹੇਠਾਂ ਉਤਾਰਿਆ ਜਾਵੇ ਅਤੇ ਉਹ ਮਕਬੂਲ ਬੱਟ ਨੂੰ ਬਚਾ ਕੇ ਲੈ ਜਾਣ।"

"ਇਸ ਵੇਲੇ ਖਾਲਿਸਤਾਨ ਅਤੇ ਕਸ਼ਮੀਰੀ ਵੱਖਵਾਦੀਆਂ ਦੀ ਮੁਹਿੰਮ ਸਿਖਰ 'ਤੇ ਸੀ ਅਤੇ ਉਨ੍ਹਾਂ ਵਲੋਂ ਹਮੇਸ਼ਾਂ ਹੀ ਇੱਕ ਗਲਤ ਕੋਸ਼ਿਸ਼ ਦਾ ਖ਼ਤਰਾ ਬਣਿਆ ਰਹਿੰਦਾ ਸੀ। ਇਸ ਵੇਲੇ ਅੱਤਵਾਦ 'ਤੇ ਜਿਸ ਤਰ੍ਹਾਂ ਦਾ ਕੌਮਾਂਤਰੀ ਸਹਿਯੋਗ ਦਿਖਾਈ ਦਿੰਦਾ ਹੈ, ਉਸ ਵੇਲੇ ਇਹ ਬਿਲਕੁਲ ਵੀ ਨਹੀਂ ਸੀ। ਇਹ ਸਭ ਨੂੰ ਦੇਖਦੇ ਹੋਏ ਤਿਹਾੜ ਜੇਲ੍ਹ ਵਿੱਚ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।"

ਕਸ਼ਮੀਰੀਆਂ ਲਈ ਆਪਣਾ ਸੁਨੇਹਾ ਰਿਕਾਰਡ ਕਰਵਾਇਆ

ਮਕਬੂਲ ਬੱਟ ਦੀ ਜ਼ਿੰਦਗੀ ਦੇ ਆਖ਼ਰੀ ਦਿਨ ਇੱਕ ਸਿੱਖ ਮੈਜਿਸਟਰੇਟ ਨੂੰ ਬੁਲਾਇਆ ਗਿਆ ਅਤੇ ਮਕਬੂਲ ਨੂੰ ਆਪਣੀ ਵਸੀਅਤ ਲਿਖਣ ਲਈ ਕਿਹਾ ਗਿਆ।

ਪਰ ਮਕਬੂਲ ਨੇ ਆਪਣੀ ਵਸੀਅਤ ਲਿਖਣ ਦੀ ਬਜਾਏ ਰਿਕਾਰਡ ਕਰਵਾਇਆ। 11 ਫਰਵਰੀ, 1984 ਦੀ ਸਵੇਰ ਨੂੰ ਉਨ੍ਹਾਂ ਨੇ ਆਖ਼ਰੀ ਵਾਰ ਨਮਾਜ਼ ਦਾ ਪੜ੍ਹੀ, ਚਾਹ ਪੀਤੀ ਅਤੇ ਫਾਂਸੀ ਵੱਲ ਵੱਧ ਗਏ।

ਸੁਨੀਲ ਗੁਪਤਾ ਦੱਸਦੇ ਹਨ, "ਉਨ੍ਹਾਂ ਦਿਨਾਂ ਵਿਚ ਇੱਕ ਹਾਲੀਵੁੱਡ ਦੀ ਫ਼ਿਲਮ ਆਈ ਸੀ ਜਿਸ ਵਿਚ ਕੈਦੀਆਂ ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਬਚਾਇਆ ਗਿਆ ਸੀ। ਸਾਨੂੰ ਖੁਫ਼ੀਆ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਵੀ ਇਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ। ਇਸ ਲਈ ਅਸੀਂ ਸੁਰੱਖਿਆ ਪ੍ਰਤੀ ਵਧੇਰੇ ਚੌਕਸ ਸੀ। ਉਸ ਦਿਨ ਮਕਬੂਲ ਸਵੇਰੇ ਚਾਰ ਵਜੇ ਉੱਠ ਗਏ ਸੀ।

"ਉਨ੍ਹਾਂ ਦਾ ਚਿਹਰਾ ਹਮੇਸ਼ਾ ਚਮਕਦਾ ਰਹਿੰਦਾ ਸੀ ਪਰ ਉਸ ਦਿਨ ਉਹ ਥੋੜੇ ਬੁਝੇ ਹੋਏ ਨਜ਼ਰ ਆ ਰਹੇ ਸੀ। ਉਨ੍ਹਾਂ ਨੇ ਸਿੱਖ ਮਜਿਸਟਰੇਟ ਸਾਹਮਣੇ ਦਿੱਤੇ ਰਿਕਾਰਡਿਡ ਮੈਸੇਜ ਵਿਚ ਕਸ਼ਮੀਰੀਆਂ ਨੂੰ ਕਿਹਾ ਸੀ ਕਿ ਉਹ ਅੱਗੇ ਵੀ ਆਪਣੇ ਸੰਘਰਸ਼ ਨੂੰ ਜਾਰੀ ਰੱਖਣ। ਪਰ ਸੁਰੱਖਿਆ ਕਾਰਨਾਂ ਕਰਕੇ ਅਸੀਂ ਉਹ ਮੈਸੇਜ ਅੱਗੇ ਨਹੀਂ ਪਹੁੰਚਾਇਆ।"

"ਮੈਂ ਕਈ ਫਾਂਸੀਆਂ ਦੇਖੀਆਂ ਹਨ। ਆਖਿਰੀ ਮੌਕੇ 'ਤੇ ਮੌਤ ਦੀ ਸਜ਼ਾ ਪਾਇਆ ਕੈਦੀ ਬੁਰੀ ਤਰ੍ਹਾਂ ਬੇਚੈਣ ਹੋ ਜਾਂਦਾ ਹੈ ਪਰ ਮਕਬੂਲ ਨੇ ਬਹੁਤ ਸ਼ਾਂਤੀ ਨਾਲ ਮੌਤ ਨੂੰ ਗਲੇ ਲਾਇਆ। ਜਦੋਂ ਉਨ੍ਹਾਂ ਨੂੰ ਕਾਲੇ ਕੱਪੜੇ ਅਤੇ ਹਥਕੜੀਆਂ ਪਾਈਆਂ ਗਈਆਂ ਉਨ੍ਹਾਂ ਨੇ ਕੋਈ ਖ਼ਾਸ ਪ੍ਰਤੀਕਰਮ ਨਹੀਂ ਦਿੱਤਾ।"

"ਕੁਝ ਲੋਕ ਫਾਂਸੀ 'ਤੇ ਚੜ੍ਹਣ ਤੋਂ ਪਹਿਲਾਂ ਨਾਅਰੇ ਲਾਉਣ ਲੱਗਦੇ ਹਨ ਪਰ ਮਕਬੂਲ ਨੇ ਅਜਿਹਾ ਕੁਝ ਨਹੀਂ ਕੀਤਾ। ਉਸ ਵੇਲੇ ਵੀ ਉੱਥੇ ਦੋਨੋਂ ਜੱਲਾਦ ਫ਼ਕੀਰਾ ਅਤੇ ਕਾਲੂ ਮੌਜੂਦ ਸਨ। ਉਹੀ ਉਨ੍ਹਾਂ ਨੂੰ ਫਾਹੇ ਤੱਕ ਲੈ ਕੇ ਗਏ।"

ਤਿਹਾੜ ਵਿਚ ਹੀ ਦਫ਼ਨਾਇਆ ਗਿਆ ਮੁਕਬੂਲ ਨੂੰ

ਇਹ ਫੈਸਲਾ ਪਹਿਲਾਂ ਹੀ ਕਰ ਲਿਆ ਗਿਆ ਸੀ ਕਿ ਉਸ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦਿੱਤੀ ਜਾਵੇਗੀ ਅਤੇ ਉਸਨੂੰ ਤਿਹਾੜ ਜੇਲ੍ਹ ਦੇ ਅੰਦਰ ਹੀ ਦਫ਼ਨਾ ਦਿੱਤਾ ਜਾਵੇਗਾ।

ਸੁਨੀਲ ਗੁਪਤਾ ਦੱਸਦੇ ਹਨ, "ਉਨ੍ਹਾਂ ਕੋਲ ਬਹੁਤ ਸਾਰੀਆਂ ਕਿਤਾਬਾਂ ਸਨ ਜੋ ਉਨ੍ਹਾਂ ਦੇ ਦੋਸਤਾਂ ਨੇ ਤੋਹਫ਼ੇ ਵਜੋਂ ਦਿੱਤੀਆਂ ਸਨ। ਉਨ੍ਹਾਂ ਦੇ ਕੱਪੜਿਆਂ ਤੋਂ ਇਲਾਵਾ ਉਨ੍ਹਾਂ ਕੋਲ ਇੱਕ ਕੁਰਾਨ ਸੀ ਜੋ ਉਹ ਹਰ ਰੋਜ਼ ਪੜ੍ਹਦੇ ਸਨ। ਉਨ੍ਹਾਂ ਦੇ ਪਰਿਵਾਰ ਨੇ ਬੇਨਤੀ ਕੀਤੀ ਇਹ ਸਾਰੀਆਂ ਚੀਜ਼ਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਜਾਣ। ਪਰ ਅਸੀਂ ਉਨ੍ਹਾਂ ਦੀ ਇਹ ਗੱਲ ਨਹੀਂ ਮੰਨੀ।"

"ਪਰ ਇਹ ਫੈਸਲਾ ਜੇਲ੍ਹ ਸੁਪਰਡੈਂਟ ਨੇ ਨਹੀਂ ਲਿਆ। ਇਹ ਫੈਸਲਾ ਉੱਚ ਪੱਧਰ 'ਤੇ ਲਿਆ ਜਾਂਦਾ ਹੈ। ਇਸ ਬਾਰੇ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਫ਼ੈਸਲਾ ਲਿਆ ਸੀ। ਉੱਥੋਂ ਇਹ ਵੀ ਤੈਅ ਹੋਇਆ ਸੀ ਕਿ ਉਨ੍ਹਾਂ ਦੀ ਲਾਸ਼ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਸੌਂਪੀ ਜਾਵੇਗੀ। ਕਿਉਂਕਿ ਵੱਖਵਾਦੀ ਇਸ ਦੀ ਦੁਰਵਰਤੋਂ ਕਰ ਸਕਦੇ ਸਨ।"

"ਤਿਹਾੜ ਜੇਲ੍ਹ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਜਿੱਥੇ ਫਾਂਸੀ ਦਿੱਤੀ ਗਈ ਸੀ, ਉਸਦੇ ਨੇੜੇ ਹੀ ਇੱਕ ਕਬਰ ਪੁੱਟ ਕੇ ਉਨ੍ਹਾਂ ਨੂੰ ਦਫ਼ਨਾ ਦਿੱਤਾ ਗਿਆ ਸੀ।"

ਮਕਬੂਲ ਦੀਆਂ ਕਿਤਾਬਾਂ ਤਿਹਾੜ ਲਾਇਬ੍ਰੇਰੀ ਵਿਚ

ਸੁਨੀਲ ਗੁਪਤਾ ਨੂੰ ਪਤਾ ਨਹੀਂ ਮਕਬੂਲ ਬੱਟ ਦੀਆਂ ਚੀਜ਼ਾਂ ਦਾ ਕੀ ਹੋਇਆ?

ਪਰ ਇਹ ਜਾਣਦੇ ਹਨ ਕਿ ਉਨ੍ਹਾਂ ਦੀਆਂ ਕਿਤਾਬਾਂ ਜਿਸ ਵਿੱਚ ਜਾਂ ਪੌਲ ਸਾਤਰ ਅਤੇ ਵਿਲ ਡੁਰੈਂਟ ਦੀਆਂ ਲਿਖੀਆਂ ਕਿਤਾਬਾਂ ਸ਼ਾਮਿਲ ਹਨ, ਉਹ ਤਿਹਾੜ ਜੇਲ੍ਹ ਦੀ ਲਾਇਬ੍ਰੇਰੀ ਦਾ ਹਿੱਸਾ ਬਣ ਗਈਆਂ ਸਨ।

ਆਉਣ ਵਾਲੇ ਸਾਲਾਂ ਵਿੱਚ ਜਿਸਨੇ ਵੀ ਉਹ ਕਿਤਾਬ ਲਾਇਬ੍ਰੇਰੀ ਤੋਂ ਲਈ ਉਸਨੂੰ ਕਦੇ ਨਹੀਂ ਪਤਾ ਸੀ ਕਿ ਇੱਕ ਸਮੇਂ ਉਨ੍ਹਾਂ ਕਿਤਾਬਾਂ ਦਾ ਅਸਲ ਮਾਲਕ ਕੌਣ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)