ਗੁਰੂ ਨਾਨਕ ਨਾਲ ਸਬੰਧਤ ਮੰਗੂ ਮੱਠ ਦਾ ਇੱਕ ਹਿੱਸਾ ਢਾਹਿਆ ਗਿਆ, ਕੀ ਹੈ ਇਸ ਦਾ ਇਤਿਹਾਸ

"ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਉੜੀਸਾ ਦੇ ਜਗਨਨਾਥ ਪੁਰੀ ਵਿਚ ਮੰਗੂ ਮੱਠ ਦਾ ਕੁਝ ਹਿੱਸਾ ਢਾਅ ਦਿੱਤਾ ਗਿਆ ਹੈ।"

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਹ ਸ਼ਬਦ ਗੁਰੂ ਨਾਨਕ ਦੇਵ ਨਾਲ ਸਬੰਧਤ ਅਸਥਾਨ ਮੰਗੂ ਮੱਠ ਦਾ ਕੁਝ ਹਿੱਸਾ ਢਾਹੇ ਜਾਣ ਉੱਤੇ ਪ੍ਰਤੀਕਰਮ ਹੈ।

ਇੱਕ ਟਵੀਟ ਰਾਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਵਰ੍ਹਾ ਗੁਰੂ ਨਾਨਕ ਦੇਵ ਨਾਲ ਸਬੰਧਤ ਅਹਿਮ ਸਾਲ ਹੈ, ਇਸ ਵਿਚ ਤਾਂ ਵਿਰਾਸਤ ਨੂੰ ਬਚਾਇਆ ਜਾਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਉਡੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੋਂ ਸਿੱਧੇ ਦਖ਼ਲ ਦੀ ਮੰਗ ਕੀਤੀ ਹੈ।

ਵਾਇਰਲ ਵੀਡੀਓ ਤੋਂ ਬਾਅਦ ਵਿਵਾਦ

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਜਗਨਨਾਥ ਪੁਰੀ ਦੇ ਮੰਦਰ ਦੇ ਗਲਿਆਰੇ ਦੇ ਸੁੰਦਰੀਕਰਨ ਦੌਰਾਨ ਮੰਗੂ ਮੱਠ ਦਾ ਇੱਕ ਹਿੱਸਾ ਢਾਹੇ ਜਾਣ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਨੇ ਮਾਮਲੇ ਉੱਤੇ ਚਿੰਤਾ ਜਾਹਰ ਕੀਤੀ ਹੈ।

ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਉੱਤੇ ਵਿਚਾਰ ਕਰਨ ਲਈ ਬੁੱਧਵਾਰ ਨੂੰ ਇੱਕ ਬੈਠਕ ਬੁਲਾਈ ਹੋਈ ਹੈ, ਜਿਸ ਤੋਂ ਬਾਅਦ ਇੱਕ ਵਫ਼ਦ ਉੱਥੇ ਜਾ ਸਕਦਾ ਹੈ।

ਵਾਇਰਲ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਸਥਾਨਕ ਪ੍ਰਸ਼ਾਸਨ ਨੇ ਜਗਨਨਾਥ ਪੁਰੀ ਵਿਚਲਾ ਮੰਗੂ ਮੱਠ ਢਹਿ-ਢੇਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਦੂਜੇ ਪਾਸੇ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਬਾਨੀ ਮੈਂਬਰ ਸਤਪਾਲ ਸਿੰਘ , ਜੋ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ, ਨੇ ਦਾਅਵਾ ਕੀਤਾ ਹੈ ਕਿ ਮੰਗੂ ਮੱਠ ਦੀ ਇਤਿਹਾਸਕ ਇਮਾਰਤ ਅਤੇ ਪੁਰਾਤਨ ਇਮਾਰਤ ਸੁਰੱਖਿਅਤ ਹਨ।

ਸਤਨਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਰਾਹੀ ਦਾਅਵਾ ਕੀਤਾ ਕਿ ਮੰਗੂ ਮੱਠ ਵਿਚ ਜੋ ਨਜ਼ਾਇਜ ਕਬਜ਼ੇ ਵਾਲੀ ਉਸਾਰੀ ਸੀ ਉਸ ਨੂੰ ਹੀ ਢਾਹਿਆ ਗਿਆ ਹੈ। ਇਨ੍ਹਾਂ ਵਿਚ 40-50 ਦੁਕਾਨਾਂ, ਹੋਟਲ ਅਤੇ ਲੌਜ ਹਨ।

ਸਤਨਾਮ ਸਿੰਘ ਦੇ ਦਾਅਵੇ ਮੁਤਾਬਕ ਇਹ ਨਜ਼ਾਇਜ ਉਸਾਰੀਆਂ ਢਾਹੇ ਜਾਣ ਤੋਂ ਬਾਅਦ ਤਾਂ ਹੁਣ ਮੰਗੂ ਮੱਠ ਦੀ ਵਿਰਾਸਤੀ ਇਮਾਰਤ ਦੂਰੋਂ ਹੀ ਸਾਫ਼ ਦਿਖਣ ਲੱਗ ਪਈ ਹੈ।

ਕੀ ਹੈ ਮੰਗੂ ਮੱਠ

ਡਾਕਟਰ ਸੁਰੇਂਦਰ ਜਗਨਨਾਥ ਪੁਰੀ ਉੱਤੇ ਪਿਛਲੇ 30 ਸਾਲਾਂ ਤੋਂ ਰਿਸਰਚ ਕਰ ਰਹੇ ਹਨ। ਉਨ੍ਹਾਂ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ 1550 ਵਿਚ ਇੱਥੇ ਆਏ ਸਨ। ਮੰਗੂ ਮੱਠ ਉਹ ਰੇਤ ਦਾ ਥੜਾ ਹੈ, ਜਿੱਥੇ ਖੜ੍ਹ ਕੇ ਉਨ੍ਹਾਂ ਅਕਾਲ ਪੁਰਖ਼ ਦੀ ਮਹਿਮਾ ਵਿਚ 'ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ' ਸ਼ਬਦ ਉਚਾਰਿਆ ਸੀ।

ਗੁਰੂ ਨਾਨਕ ਦੇਵ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਇੱਥੇ ਗਏ। ਮੰਗੂ ਮੱਠ ਦੀ ਉਸਾਰੀ 17ਵੀਂ ਸਦੀ ਵਿਚ ਬਾਬਾ ਸ੍ਰੀ ਚੰਦ ਵਲੋਂ ਸ਼ੁਰੂ ਕੀਤੀ 'ਉਦਾਸੀ ਸੰਪਰਦਾਇ' ਦੇ ਸੰਤ ਮੰਗੂ ਦਾਸ ਨੇ ਕਰਵਾਈ ਸੀ।

ਰੋਚਕ ਗੱਲ ਇਹ ਹੈ ਕਿ ਇਸ ਮੱਠ ਵਿਚ ਬਾਬਾ ਸ੍ਰੀ ਚੰਦ ਦੀ ਮਾਰਬਲ ਦੀ ਮੂਰਤੀ ਲੱਗੀ ਹੋਈ ਹੈ ਜੋ ਪੂਰੇ ਭਾਰਤ ਵਿਚ ਆਪਣੀ ਕਿਸਮ ਦੀ ਇੱਕੋ-ਇੱਕ ਹੈ। ਇਸ ਮੱਠ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਰਤੀ ਹੀ ਗਾਈ ਤੇ ਪੜ੍ਹੀ ਜਾਂਦੀ ਹੈ। ਜਗਨਨਾਥ ਪੁਰੀ ਵਿਚ ਇੱਕ ਇਤਿਹਾਸਕ ਗੁਰਦੁਆਰਾ 'ਆਰਤੀ ਸਾਹਿਬ' ਵੀ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)