'ਇੱਕ ਸੈਲਫ਼ੀ ਜਿਸ ਨੇ ਮੈਨੂੰ ਚੋਰੀ ਦੀ ਬੱਚੀ ਬਣਾ ਦਿੱਤਾ'

ਮਿਸ਼ੇ ਤੇ ਕੈਸੀਡੀ ਦੀ ਸੈਲਫ਼ੀ ਜਿਸ ਵਿੱਚ ਉਹ ਦੋਵੇਂ ਇੱਕੋ-ਜਿਹੀਆਂ ਲਗਦੀਆਂ ਹਨ।
ਤਸਵੀਰ ਕੈਪਸ਼ਨ, ਇੱਕ ਹੋਰ ਸੈਲਫ਼ੀ ਜੋ ਪਹਿਲੀ ਤੋਂ ਕਈ ਸਾਲ ਬਾਅਦ ਲਈ ਗਈ, ਇਸ ਵਿੱਚ ਦੋਹਾਂ ਦੇ ਚਿਹਰਿਆਂ ਵਿੱਚ ਬਹੁਤ ਜ਼ਿਆਦਾ ਸਮਾਨਤਾ ਹੈ।

ਅਪ੍ਰੈਲ 1997 ਵਿੱਚ ਵਿੱਚ ਇੱਕ ਨਰਸ ਕੇਪਟਾਊਨ ਹਸਪਤਾਲ ਵਿੱਚੋਂ ਇੱਕ ਤਿੰਨ ਦਿਨਾਂ ਦੀ ਬੱਚੀ ਨੂੰ ਲੈ ਕੇ ਬਾਹਰ ਨਿਕਲੀ। ਇਹ ਬੱਚੀ ਉਹ ਹਸਪਤਾਲ ਦੇ ਮੈਟਰਨਿਟੀ ਵਾਰਡ ਵਿੱਚੋਂ ਚੁੱਕ ਕੇ ਲਿਆਈ ਸੀ ਜਦੋਂ ਉਸ ਦੀ ਮਾਂ ਸੁੱਤੀ ਪਈ ਸੀ।

ਇਸ ਨੂੰ ਮੌਕਾ ਮੇਲ ਹੀ ਕਿਹਾ ਜਾ ਸਕਦਾ ਹੈ ਕਿ 17 ਸਾਲਾਂ ਬਾਅਦ ਉਸ ਬੱਚੀ ਨੂੰ ਆਪਣੀ ਅਸਲ ਪਛਾਣ ਬਾਰੇ ਪਤਾ ਲੱਗਿਆ।

ਕੇਪਟਾਊਨ ਦੇ ਹੀ ਜ਼ਵਾਨਸਵਾਈਕ ਹਾਈ ਸਕੂਲ ਦੇ ਟਰਮ ਦਾ ਪਹਿਲਾ ਦਿਨ ਸੀ ਅਤੇ ਮਿਸ਼ੇ ਸੋਲੋਮੋਨ ਦਾ ਸਕੂਲ ਵਿੱਚ ਆਖ਼ਰੀ ਸਾਲ।

ਉਸੇ ਦਿਨ ਸਾਲ 2015 ਵਿੱਚ, 17 ਸਾਲਾ ਮਿਸ਼ੇ ਨੂੰ ਉਸ ਦੀਆਂ ਸਹੇਲੀਆਂ ਨੇ ਸਕੂਲ ਵਿੱਚ ਆਈ ਨਵੀਂ ਕੁੜੀ ਬਾਰੇ ਦੱਸਣ ਲਈ ਘੇਰਾ ਪਾ ਲਿਆ। ਉਸ ਕੁੜੀ ਦਾ ਨਾਂ ਸੀ, ਕੈਸੀਡੀ ਨਰਸ, ਉਹ ਮਿਸ਼ੇ ਤੋਂ ਤਿੰਨ ਸਾਲ ਛੋਟੀ ਪਰ ਹਮਸ਼ਕਲ ਸੀ।

ਪਹਿਲਾਂ ਤਾਂ ਮਿਸ਼ੇ ਨੇ ਇਸ ਨੂੰ ਅਣਗੌਲਿਆਂ ਕਰ ਦਿੱਤਾ। ਪਰ ਜਦੋਂ ਬਾਅਦ ਵਿੱਚੋਂ ਦੋਵੇਂ ਆਪਸ ਵਿੱਚ ਮਿਲੀਆਂ ਤਾਂ ਮਿਸ਼ੇ ਨੂੰ ਅੰਦਰੋਂ ਲੱਗਿਆ ਕਿ ਕੁਝ ਤਾਂ ਕੁਨੈਕਸ਼ਨ ਹੈ।

ਇਹ ਵੀ ਪੜ੍ਹੋ:

ਮੈਨੂੰ ਲੱਗਿਆ ਮੈਂ ਉਸ ਨੂੰ ਜਾਣਦੀ ਹਾਂ। ਮੈਂ ਡਰ ਗਈ ਸਾਂ ਕਿ ਮੈਨੂੰ ਅਜਿਹਾ ਕਿਉਂ ਲੱਗ ਰਿਹਾ ਸੀ ਪਰ ਮੇਰੇ ਸਮਝ ਨਹੀਂ ਸੀ ਆ ਰਿਹਾ ਕਿ ਮੈਨੂੰ ਅਜਿਹਾ ਕਿਉਂ ਲੱਗ ਰਿਹਾ ਸੀ।

ਉਮਰ ਦੇ ਫਰਕ ਦੇ ਬਾਵਜੂਦ ਮਿਸ਼ੇ ਤੇ ਕੈਸੀਡੀ ਇਕੱਠਿਆਂ ਸਮਾਂ ਗੁਜ਼ਾਰਨ ਲੱਗੀਆਂ।

ਮਿਸ਼ੇ ਨੇ ਯਾਦ ਕਰਦਿਆਂ ਦੱਸਿਆ, "ਮੈਂ ਕਹਿੰਦੀ ਓਏ ਨਿੱਕੀਏ ! ਤੇ ਉਹ ਕਹਿੰਦੀ ਹਾਂ ਵੱਡੀ ਭੈਣ!" "ਕਦੇ ਕਦਾਈਂ ਮੈਂ ਉਸ ਨਾਲ ਬਾਥਰੂਮ ਜਾਂਦੀ ਤੇ ਉਸ ਨੂੰ ਕਹਿੰਦੀ ਲਿਆ ਮੈਂ ਤੇਰੇ ਵਾਲ ਵਾਹ ਦਿਆਂ, ਸੁਰਖੀ ਠੀਕ ਕਰਦਿਆਂ।"

ਜਦੋਂ ਉਨ੍ਹਾਂ ਨੂੰ ਕੋਈ ਭੈਣਾਂ ਹੋਣ ਬਾਰੇ ਪੁੱਛਦਾ ਤਾਂ ਉਹ ਕਹਿ ਛੱਡਦੀਆਂ ਕਿ 'ਸ਼ਾਇਦ ਕਿਸੇ ਹੋਰ ਜਨਮ ਵਿੱਚ, ਹੋਵਾਂਗੀਆਂ।'

ਮਿਸ਼ੇਲ

ਤਸਵੀਰ ਸਰੋਤ, MPHO LAKAJE

ਇੱਕ ਦਿਨ ਦੋਹਾਂ ਨੇ ਇੱਕ ਸੈਲਫ਼ੀ ਲਈ ਤਾਂ ਉਨ੍ਹਾਂ ਦੇ ਦੋਸਤਾਂ ਨੇ ਪੁੱਛਿਆ ਕਿ ਤੁਹਾਨੂੰ ਪੱਕਾ ਯਕੀਨ ਹੈ ਕਿ ਤੁਸੀਂ ਗੋਦ ਨਹੀਂ ਲਈਆਂ ਹੋਈਆਂ? ਮਿਸ਼ੇ ਨੇ ਦੱਸਿਆ ਕਿ ਉਹ ਕਹਿੰਦੀਆਂ ਤੁਸੀਂ ਪਾਗਲ ਹੋ, ਨਹੀਂ!

ਫਿਰ ਮਿਸ਼ੇ ਤੇ ਕੈਸੀਡੀ ਆਪੋ-ਆਪਣੇ ਘਰੀਂ ਗਈਆਂ ਤੇ ਉਨ੍ਹਾਂ ਨੇ ਉਹ ਤਸਵੀਰ ਆਪਣੇ ਪਰਿਵਾਰਾਂ ਨੂੰ ਦਿਖਾਈ। ਮਿਸ਼ੇ ਦੀ ਮਾਂ (ਲਾਵੋਨਾ) ਜੋ ਉਸ ਨੂੰ ਰਾਜਕੁਮਾਰੀ ਕਹਿੰਦੀ ਸੀ ਉਸ ਨੇ ਵੀ ਹੈਰਾਨੀ ਜਤਾਈ ਕਿ ਦੋਵੇਂ ਕਿੰਨੀਆਂ ਇੱਕੋ-ਜਿਹੀਆਂ ਲਗਦੀਆਂ ਹਨ।

ਮਿਸ਼ੇ ਦੇ ਪਿਤਾ ਮਾਈਕਲ ਨੇ ਕਿਹਾ ਕਿ ਉਹ ਆਪਣੀ ਬੇਟੀ ਦੀ ਨਵੀਂ ਸਹੇਲੀ ਨੂੰ ਪਛਾਣਦਾ ਹੈ। ਕੈਸੀਡੀ ਦੇ ਪਿਤਾ ਦੀ ਬਿਜਲੀ ਦੇ ਸਾਮਾਨ ਦੀ ਦੁਕਾਨ ਸੀ ਜਿੱਥੋਂ ਮਿਸ਼ੇ ਦੇ ਪਿਤਾ ਕਈ ਵਾਰ ਖ਼ਰੀਦਦਾਰੀ ਕਰਦੇ ਸਨ।

ਜਦਕਿ ਕੈਸੀਡੀ ਦੇ ਮਾਪਿਆਂ ਨੇ ਤਸਵੀਰ ਗਹੁ ਨਾਲ ਦੇਖੀ ਤੇ ਕਿਹਾ ਕਿ ਉਹ ਆਪਣੀ ਸਹੇਲੀ ਨੂੰ ਇੱਕ ਸਵਾਲ ਪੁੱਛੇ। ਫਿਰ ਜਦੋਂ ਦੋਵੇਂ ਸਹੇਲੀਆਂ ਮੁੜ ਸਕੂਲ ਵਿੱਚ ਮਿਲੀਆਂ ਤਾਂ ਕੈਸੀਡੀ ਨੇ ਪੁੱਛਿਆ "ਕੀ ਤੇਰਾ ਜਨਮ 30 ਅਪ੍ਰੈਲ 1997 ਨੂੰ ਹੋਇਆ ਸੀ?"

ਮਿਸ਼ੇ ਨੇ ਪਲਟ ਸਵਾਲ ਕੀਤਾ, "ਤੂੰ ਫੇਸਬੁੱਕ ਤੇ ਮੇਰੀ ਜਾਸੂਸੀ ਕਰ ਰਹੀ ਹੈਂ?"

ਇਹ ਵੀ ਪੜ੍ਹੋ:

ਕੈਸੀਡੀ ਨੇ ਕਿਹਾ ਨਹੀਂ ਮੈਂ ਜਾਸੂਸੀ ਨਹੀਂ ਕਰ ਰਹੀ ਮੈਂ ਤਾਂ ਬਸ ਵੈਸੇ ਹੀ ਪੁੱਛ ਰਹੀ ਹਾਂ। ਜਿਸ ਤੇ ਮਿਸ਼ੇ ਨੇ ਦੱਸਿਆ ਕਿ ਉਸਦਾ ਜਨਮ 30 ਅਪ੍ਰੈਲ, 1997 ਨੂੰ ਹੀ ਹੋਇਆ ਸੀ।

ਦੋ ਹਫ਼ਤਿਆਂ ਬਾਅਦ ਮਿਸ਼ੇ ਨੂੰ ਉਸ ਦੇ ਗਣਿਤ ਅਧਿਆਪਕ ਨੇ ਅਚਾਨਕ ਸੱਦਿਆ ਜਿੱਥੇ ਉਸ ਨੂੰ ਇੱਕ ਤਿੰਨ ਦਿਨਾਂ ਦੀ ਬੱਚੀ ਬਾਰੇ ਦੱਸਿਆ ਜਿਸ ਨੂੰ ਸਤਾਰਾਂ ਸਾਲ ਪਹਿਲਾਂ ਗਰੂਟ ਸ਼ੂਰ ਹਸਪਤਾਲ ਕੇਪਟਾਊਨ ਤੋਂ ਚੁੱਕਿਆ ਗਿਆ ਸੀ ਪਰ ਕਦੇ ਮਿਲੀ ਨਹੀਂ।

ਮਿਸ਼ੇ ਇਹ ਕਹਾਣੀ ਸੁਣ ਰਹੀ ਸੀ ਪਰ ਉਸਦੇ ਸਮਝ ਨਹੀਂ ਸੀ ਆ ਰਿਹਾ ਕਿ ਇਹ ਕਹਾਣੀ ਉਸ ਨੂੰ ਕਿਉਂ ਦੱਸੀ ਜਾ ਰਹੀ ਹੈ। ਸੋਸ਼ਲ ਵਰਕਰਾਂ ਨੇ ਉਸ ਨੂੰ ਦੱਸਿਆ ਕਿ ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਮਿਸ਼ੇ ਉਹੀ ਬੱਚੀ ਹੋ ਸਕਦੀ ਹੈ।

ਲਾਵੋਨਾ ਸੋਲੋਮੋਨ ਨਾਲ ਨਵਜਾਤ ਮਿਸ਼ੇ
ਤਸਵੀਰ ਕੈਪਸ਼ਨ, ਲਾਵੋਨਾ ਸੋਲੋਮੋਨ ਨਾਲ ਨਵਜਾਤ ਮਿਸ਼ੇ

ਮਿਸ਼ੇ ਨੇ ਇਸ ਬਾਰੇ ਦੱਸਿਆ ਕਿ ਉਸ ਦਾ ਜਨਮ ਗਰੂਟ ਸ਼ੂਰ ਹਸਪਤਾਲ ਵਿੱਚ ਨਹੀਂ ਸਗੋਂ ਉੱਥੋਂ ਵੀਹ ਮਿੰਟਾਂ ਦੀ ਦੂਰੀ ਤੇ ਸਥਿਤ ਰਿਟਰੀਟ ਹਸਪਤਾਲ ਵਿੱਚ ਹੋਇਆ ਸੀ। ਇਹੀ ਉਸ ਦੇ ਜਮਨ ਸਰਟੀਫਿਕੇਟ 'ਤੇ ਵੀ ਲਿਖਿਆ ਹੋਇਆ ਸੀ। ਸੋਸ਼ਲ ਵਰਕਰਾਂ ਦਾ ਕਹਿਣਾ ਸੀ ਹਸਪਤਾਲ ਵਿੱਚ ਉਸ ਦੇ ਜਨਮ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ।

ਆਖ਼ਰ ਮਿਸ਼ੇ ਡੀਐੱਨਏ ਟੈਸਟ ਲਈ ਮੰਨ ਗਈ।

ਮੇਰਾ ਆਪਣੀ ਪਾਲਣ ਵਾਲੀ ਮਾਂ ਵਿੱਚ ਬਹੁਤ ਭਰੋਸਾ ਸੀ— ਉਹ ਮੈਨੂੰ ਕਦੇ ਝੂਠ ਨਹੀਂ ਬੋਲ ਸਕਦੀ ਕਿ ਮੈਂ ਕੌਣ ਤੇ ਕਿੱਥੋਂ ਆਈ ਸੀ। ਇਸ ਲਈ ਮੇਰਾ ਮਨ ਪੱਕਾ ਸੀ ਕਿ ਡੀਐੱਨਏ ਟੈਸਟ ਦੇ ਨਤੀਜੇ ਨੈਗਟਿਵ ਵਿੱਚ ਆਉਣਗੇ।

ਪਰ ਸਭ ਕੁਝ ਉਮੀਦ ਮੁਤਾਬਕ ਨਹੀਂ ਰਿਹਾ ਅਤੇ ਟੈਸਟ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਕਿ ਮਿਸ਼ੇ ਉਹੀ ਬੱਚੀ ਸੀ ਜਿਸ ਨੂੰ ਸਤਾਰਾਂ ਸਾਲ ਪਹਿਲਾਂ 1997 ਵਿੱਚ ਗਰੂਟ ਸ਼ੂਰ ਹਸਪਤਾਲ ਵਿੱਚੋਂ ਚੁੱਕਿਆ ਗਿਆ ਸੀ।

"ਮੈਂ ਸਦਮੇ ਵਿੱਚ ਉੱਥੇ ਹੀ ਬੈਠ ਗਈ, ਮੇਰੀ ਜ਼ਿੰਦੀਗੀ ਕਾਬੂ ਤੋਂ ਬਾਹਰ ਹੋ ਗਈ ਸੀ।"

ਇਹ ਵੀ ਪੜ੍ਹੋ:

ਸਤਾਰਾਂ ਸਾਲਾਂ ਬਾਅਦ ਲੱਭੀ ਬੱਚੀ ਦੀ ਖ਼ਬਰ ਜੋ ਹੁਣ ਜਵਾਨੀ ਦੀਆਂ ਦੇਹਲੀਆਂ 'ਤੇ ਖੜ੍ਹੀ ਸੀ ਦੱਖਣੀ ਅਫਰੀਕਾ ਸਮੇਤ ਦੁਨੀਆਂ ਭਰ ਦੀਆਂ ਅਖ਼ਬਰਾਂ ਦੀ ਸੁਰਖੀ ਬਣ ਗਈ। ਇਸ ਦੇ ਨਾਲ ਮਿਸ਼ੇ ਦੀ ਜ਼ਿੰਦਗੀ ਬਿਲਕੁਲ ਬਦਲ ਗਈ।

ਮਿਸ਼ੇ ਨੂੰ ਦੱਸਿਆ ਗਿਆ ਕਿ ਉਹ ਘਰ ਨਹੀਂ ਪਰਤ ਸਕਦੀ ਅਤੇ ਜਦੋਂ ਤੱਕ ਉਹ 18 ਸਾਲਾਂ ਦੀ ਹੋ ਕੇ ਆਪਣੇ ਬਾਰੇ ਆਪ ਫੈਸਲਾ ਕਰਨ ਦੇ ਯੋਗ ਨਹੀਂ ਹੋ ਜਾਂਦੀ ਉਸ ਨੂੰ ਇੱਕ ਸੁਰੱਖਿਅਤ ਥਾਂ 'ਤੇ ਰੱਖਿਆ ਜਾਵੇਗਾ।

ਮਿਸ਼ੇ ਲਈ ਇੱਕ ਹੋਰ ਦੁੱਖਦਾਈ ਖ਼ਬਰ ਸੀ ਕਿ ਉਸ ਨੂੰ ਪਾਲਣ ਵਾਲੀ ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

"ਇਸ ਨੇ ਮੈਨੂੰ ਤੋੜ ਦਿੱਤਾ। ਮੈਨੂੰ ਉਨ੍ਹਾਂ ਦੀ ਲੋੜ ਸੀ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਸੀ ਕਿ, ਕਿਉਂ ਅਤੇ ਕੀ ਹੋ ਰਿਹਾ ਹੈ? ਮੈਂ ਇਸ ਗੱਲ ਨੂੰ ਸਮਝ ਨਹੀਂ ਪਾ ਰਹੀ ਸੀ ਕਿ ਮੈਂ ਕਿਸੇ ਹੋਰ ਦੀ ਸੀ।"

ਮਾਈਕਲ ਨਾਲ ਅੱਠਾਂ ਮਹੀਨਿਆਂ ਦੀ ਮਿਸ਼ੇ
ਤਸਵੀਰ ਕੈਪਸ਼ਨ, ਮਾਈਕਲ ਨਾਲ ਅੱਠਾਂ ਮਹੀਨਿਆਂ ਦੀ ਮਿਸ਼ੇ

ਜਦੋਂ ਲਾਵੋਨਾ—ਜਿਸ ਨੂੰ ਮਿਸ਼ੇ ਆਪਣਾ ਪਿਤਾ ਸਮਝਦੀ ਆ ਰਹੀ ਸੀ— ਤੋਂ ਪੁਲਿਸ ਪੁੱਛ-ਗਿੱਛ ਕਰ ਰਹੀ ਸੀ ਤਾਂ ਮਿਸ਼ੇ ਉੱਥੇ ਹੀ ਮੌਜੂਦ ਸੀ।

ਮਿਸ਼ੇ ਨੇ ਦੱਸਿਆ, "ਮੈਂ ਉਨ੍ਹਾਂ ਦੇ ਚਿਹਰੇ ਤੇ ਤਣਾਅ ਸਾਫ਼ ਦੇਖ ਸਕਦੀ ਸੀ ਉਨ੍ਹਾਂ ਦੀਆਂ ਅੱਖਾਂ ਲਾਲ ਸਨ।"

ਪੁਲਿਸ ਜਾਣਨਾ ਚਾਹੁੰਦੀ ਸੀ, ਕੀ ਲਾਵੋਨਾ ਵੀ ਉਸ ਅਪਹਰਣ ਦੀ ਯੋਜਨਾ ਦਾ ਹਿੱਸਾ ਸੀ।

"ਮੇਰੇ ਪਿਤਾ ਨਰਮ ਅਤੇ ਵਿਨਮਰ ਹਨ ਪਰ ਮੇਰੇ ਲਈ ਪਹਾੜ ਵਾਂਗ ਹਨ। ਮੇਰੇ ਨਾਇਕ ਹਨ, ਉਹ ਮੇਰੇ ਡੈਡੀ ਹਨ। ਇੱਥੇ ਇੱਕ ਹੋਰ ਵਿਅਕਤੀ ਉਨ੍ਹਾਂ ਨੂੰ ਬੱਚਿਆਂ ਵਾਂਗ ਫੜੀ ਬੈਠਾ ਸੀ। ਜਦੋਂ ਮੇਰੇ ਪਿਤਾ ਕਹਿ ਰਹੇ ਸਨ ਨਹੀਂ ਮੈਂ ਇਹ ਨਹੀਂ ਕੀਤਾ। ਮਿਸ਼ੇ ਮੇਰੀ ਧੀ ਹੈ- ਉਹ ਮੇਰੀ ਧੀ ਕਿਉਂ ਨਹੀਂ ਹੋ ਸਕਦੀ?"

ਇਹ ਵੀ ਪੜ੍ਹੋ:

ਪੁਲਿਸ ਇਹ ਪਤਾ ਨਹੀਂ ਲਾ ਸਕੀ ਕਿ ਲਾਵੋਨਾ ਨੇ ਮਿਸ਼ੇ ਨੂੰ ਉਸ ਦੇ ਅਸਲ ਮਾਪਿਆਂ ਦੀ ਸਹਿਮਤੀ ਤੋਂ ਲਿਆ ਸੀ। ਇਸ ਲਈ ਲਾਵੋਨਾ ਨੂੰ ਰਿਹਾ ਕਰ ਦਿੱਤਾ ਗਿਆ।

ਮਾਈਕਲ ਨੇ ਦੱਸਿਆ ਕਿ ਲਾਵੋਨਾ ਗਰਭਵਤੀ ਸੀ। ਇਹ ਸੋਚਿਆ ਗਿਆ ਕਿ ਉਸ ਨੇ ਗਰਭ ਡਿੱਗਣ ਦਾ ਓਲ੍ਹਾ ਰੱਖਿਆ ਅਤੇ ਜ਼ਿਫਨੀ ਨਰਸ ਨੂੰ ਚੁਰਾਉਣ ਤੱਕ ਅਤੇ ਫਿਰ ਉਸ ਨੂੰ ਆਪਣੇ ਨਾਲ ਆਪਣੀ ਧੀ ਕਹਿ ਕੇ ਘਰੇ ਲਿਆਉਣ ਤੱਕ ਆਪਣੇ ਗਰਭ ਦੇ ਰਹਿੰਦੇ ਸਮੇਂ ਬਾਰੇ ਝੂਠ ਬੋਲਿਆ।

ਹੁਣ ਲਾਵੋਨਾ ਸੋਲੋਮਨ ਹਿਰਾਸਤ ਵਿੱਚ ਸੀ ਅਤੇ ਉਸ ਉੱਪਰ ਬੱਚੀ ਅਗਵਾ ਕਰਾ ਕੇ ਤੇ ਫਿਰ ਇਹ ਦਾਅਵਾ ਕਰਨ ਕਿ ਉਹ ਉਸੇ ਦੀ ਬੱਚੀ ਸੀ ਦਾ ਕੇਸ ਚੱਲ ਰਿਹਾ ਸੀ।

ਸੈਲਿਸਟੇ ਨਰਸ ਆਪਣੀ ਦੂਸਰੀ ਬੇਟੀ ਕੈਸੀਡੀ ਨਾਲ

ਤਸਵੀਰ ਸਰੋਤ, HUISGENOOT/NONCEDO MATHIBELA

ਤਸਵੀਰ ਕੈਪਸ਼ਨ, ਸੈਲਿਸਟੇ ਨਰਸ ਆਪਣੀ ਦੂਸਰੀ ਬੇਟੀ ਕੈਸੀਡੀ ਨਾਲ

ਹਾਲਾਂਕਿ ਸੈਲਿਸਟੇ ਅਤੇ ਮੋਰਨੇ ਨਰਸ ਦੇ ਤਿੰਨ ਹੋਰ ਬੱਚੇ ਹੋਏ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਜੇਠੀ ਬੱਚੀ ਜ਼ਿਫਨੀ, ਦੀ ਭਾਲ ਨਹੀਂ ਛੱਡੀ। ਤਲਾਕ ਤੋਂ ਬਾਅਦ ਵੀ ਉਹ ਉਸ ਦਾ ਜਨਮ ਦਿਨ ਮਨਾਉਂਦੇ ਰਹੇ ਸਨ।

ਇਸੇ ਦੌਰਾਨ ਉਨ੍ਹਾਂ ਦੀ ਚੋਰੀ ਹੋਈ ਧੀ, ਉਨ੍ਹਾਂ ਦੇ ਨੇੜੇ ਹੀ ਵੱਡੀ ਹੋ ਰਹੀ ਸੀ। ਸੋਲੋਮੋਨ ਪਰਿਵਾਰ ਦਾ ਘਰ ਨਰਸ ਪਰਿਵਾਰ ਤੋਂ ਸਿਰਫ਼ ਪੰਜ ਕਿੱਲੋਮੀਟਰ ਹੀ ਦੂਰ ਹੈ। ਹੋ ਸਕਦਾ ਹੈ ਬਚਪਨੇ ਵਿੱਚ ਦੋਵੇਂ ਕੁੜੀਆਂ ਖੇਡਦੀਆਂ-ਖੇਡਦੀਆਂ ਇੱਕ-ਦੂਜੇ ਦੇ ਘਰਾਂ ਦੇ ਸਾਹਮਣਿਓਂ ਵੀ ਗੁਜ਼ਰਦੀਆਂ ਹੋਣ।

ਹੁਣ ਇਸ ਅਸਾਧਾਰਣ ਘਟਨਾਕ੍ਰਮ ਰਾਹੀਂ ਮਿਸ਼ੇ ਨੂੰ ਇੱਕ ਸਥਾਨਕ ਪੁਲਿਸ ਥਾਣੇ ਵਿੱਚ ਉਸਦੇ ਅਸਲ ਮਾਪਿਆਂ ਨਾਲ ਮਿਲਾ ਦਿੱਤਾ ਗਿਆ।

"ਉਨ੍ਹਾਂ ਨੇ ਮੈਨੂੰ ਕਲਾਵੇ ਵਿੱਚ ਲਿਆ ਤੇ ਰੋਣ ਲੱਗ ਪਏ।" ਜਦਕਿ ਮਿਸ਼ੇ ਨੂੰ ਕੁਝ ਠੀਕ ਨਹੀਂ ਸੀ ਲੱਗ ਰਿਹਾ।

ਮਿਸ਼ੇ ਨੇ ਦੱਸਿਆ ਸੀ ਕਿ ਉਸ ਨੂੰ ਉਨ੍ਹਾਂ ਨਾਲ ਹਮਦਰਦੀ ਹੋ ਰਹੀ ਸੀ ਕਿ ਉਨ੍ਹਾਂ ਨੇ ਬਹੁਤ ਕੁਝ ਝੱਲਿਆ ਹੈ ਪਰ ਉਸ ਨੂੰ ਕੁਝ ਮਹਿਸੂਸ ਨਹੀਂ ਸੀ ਹੋ ਰਿਹਾ। ਉਸ ਨੂੰ ਨਹੀਂ ਲੱਗਿਆ ਕਿ ਉਸ ਨੇ ਉਨ੍ਹਾਂ ਦੀ ਕਮੀ ਮਹਿਸੂਸ ਕੀਤੀ ਹੋਵੇ।

ਇੱਕ ਪਾਸੇ ਉਹ ਮਾਪੇ ਸਨ ਜੋ ਮਿਸ਼ੇ ਨੂੰ ਮਿਲ ਕੇ ਆਪਣੀ ਇੰਨੇ ਸਾਲਾਂ ਦੀ ਕਮੀ ਪੂਰੀ ਕਰਨੀ ਚਾਹੁੰਦੇ ਸਨ ਪਰ ਮਿਸ਼ੇ ਲਈ ਅਜਨਬੀ ਸਨ। ਦੂਜੇ ਉਹ ਸਨ —ਜਿਨ੍ਹਾਂ ਨੂੰ ਉਹ ਪਿਆਰ ਕਰਦੀ ਸੀ, ਉਹ ਸਦਮੇ ਵਿੱਚ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਜੇਲ੍ਹ ਵਿੱਚ ਸੀ।

ਲਾਵੋਨਾ ਸੋਲੋਮੋਨ ਦਾ ਕੇਸ ਕੇਪਟਾਊਨ ਹਾਈ ਕੋਰਟ ਵਿੱਚ ਅਗਸਤ 2015 ਵਿੱਚ ਸ਼ੁਰੂ ਹੋਇਆ। ਮਿਸ਼ੇ ਦੇ ਦੋਵਾਂ ਅਸਲ ਮਾਪਿਆਂ ਨੇ ਉਸ ਦੀ ਗਵਾਹੀ ਸੁਣੀ।

ਲਾਵੋਨਾ ਸੋਲੋਮੋਨ ( ਜਿਸਦਾ ਮੂੰਹ ਢਕਿਆ ਹੋਇਆ ਹੈ) ਕੇਪਟਾਊਨ ਹਾਈ ਕੋਰਟ ਪਹੁੰਚਦੇ ਹੋਏ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਵੋਨਾ ਸੋਲੋਮੋਨ ( ਜਿਸਦਾ ਮੂੰਹ ਢਕਿਆ ਹੋਇਆ ਹੈ) ਕੇਪਟਾਊਨ ਹਾਈ ਕੋਰਟ ਪਹੁੰਚਦੇ ਹੋਏ।

ਸਾਰੀ ਸੁਣਵਾਈ ਦੌਰਾਨ ਲਾਵੋਨਾ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ। ਉਸ ਨੇ ਅਦਾਲਤ ਨੂੰ ਆਪਣੇ ਕਈ ਗਰਭਪਾਤਾਂ ਅਤੇ ਬੱਚਾ ਗੋਦ ਲੈਣ ਦੀ ਆਪਣੀ ਤੀਬਰ ਇੱਛਾ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ।

ਲਾਵੋਨਾ ਨੇ ਦੱਸਿਆ ਕਿ ਇੱਕ ਸਿਲਵੀਆ ਨਾਮ ਦੀ ਦਾਈ ਨੇ ਉਸ ਨੂੰ ਦੱਸਿਆ ਸੀ ਕਿ ਕੋਈ ਮਾਂ ਆਪਣਾ ਬੱਚਾ ਨਹੀਂ ਰੱਖਣਾ ਚਾਹੁੰਦੀ ਅਤੇ ਗੋਦ ਦੇਣਾ ਚਾਹੁੰਦੀ ਹੈ ਪਰ ਸਿਲਵੀਆ ਦੀ ਹੋਂਦ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ।

ਇਸ ਤੋਂ ਇਲਾਵਾ ਲਗਭਗ ਦੋ ਦਹਾਕਿਆਂ ਬਾਅਦ ਇੱਕ ਚਸ਼ਮਦੀਦ ਜਿਸ ਨੇ ਇੱਕ ਨਰਸ ਨੂੰ ਜ਼ਿਫ਼ਨੀ ਨੂੰ ਹਸਪਤਾਲ ਵਿੱਚੋਂ ਬਾਹਰ ਲਿਜਾਂਦਿਆਂ ਦੇਖਿਆ ਸੀ, ਨੂੰ ਪਛਾਣ ਲਿਆ। ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਲਾਵੋਨਾ ਖ਼ਿਲਾਫ਼ ਢੁਕਵੇਂ ਸਬੂਤ ਸਨ।

ਸਾਲ 2016 ਵਿੱਚ ਲਾਵੋਨਾ ਸੋਲੋਮੋਨ ਨੂੰ ਅਗਵਾਕਾਰੀ, ਧੋਖਾਧੜੀ ਲਈ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਜੱਜ ਨੇ ਸੁਣਵਾਈ ਦੌਰਾਨ ਪਛਤਾਵਾ ਨਾ ਕਰਨ ਲਈ ਉਸ ਦੀ ਆਲੋਚਨਾ ਕੀਤੀ।

ਮਿਸ਼ੇ ਨੇ ਕਿਹਾ, "ਮੈਨੂੰ ਲੱਗ ਰਿਹਾ ਸੀ ਮੈਂ ਮਰ ਰਹੀ ਹਾਂ। ਮੈਂ ਸੋਚ ਰਹੀ ਸੀ ਮੈਂ ਇਸ ਵਿੱਚੋਂ ਕਿਵੇਂ ਨਿਕਲਾਂਗੀ? ਮੈਂ ਉਸ ਮਾਂ ਤੋਂ ਬਿਨਾਂ ਕਿਵੇਂ ਰਹਾਂਗੀ ਜਿਸ ਨੂੰ ਮੈਂ ਸਾਰੀ ਉਮਰ ਮਾਂ ਕਹਿੰਦੀ ਆਈ ਹਾਂ।"

ਮੋਰਨ ਨਰਸ, ਮਿਸ਼ੇ ਦੇ ਅਸਲ ਪਿਤਾ, ਫ਼ੈਸਲੇ ਤੋਂ ਬਾਅਦ ਅਦਾਲਤ ਤੋਂ ਬਾਹਰ ਆਉਂਦੇ ਹੋਏ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਰਨ ਨਰਸ, ਮਿਸ਼ੇ ਦੇ ਅਸਲ ਪਿਤਾ, ਫ਼ੈਸਲੇ ਤੋਂ ਬਾਅਦ ਅਦਾਲਤ ਤੋਂ ਬਾਹਰ ਆਉਂਦੇ ਹੋਏ।

ਅਗਲੇ ਸਾਲ ਮਿਸ਼ੇ ਨੇ ਜੇਲ੍ਹ ਵਿੱਚ ਲਾਵੋਨਾ ਨਾਲ ਮੁਲਾਕਾਤ ਕੀਤੀ। ਸਕੂਲ ਵਿੱਚ ਸੋਸ਼ਲ ਵਰਕਰਾਂ ਦੇ ਆਉਣ ਤੋਂ ਬਾਅਦ ਉਹ ਦੋਵਾਂ ਦੀ ਪਹੀਲੀ ਮੁਲਾਕਾਤ ਸੀ।

ਮਿਸ਼ੇ ਨੇ ਦੱਸਿਆ, "ਪਹਿਲੀ ਮੁਲਾਕਾਤ ਸਲਾਖਾਂ ਵਿੱਚ ਹੋਈ ਸੀ। ਮੈਂ ਆਪਣੀ ਮਾਂ ਨੂੰ ਕੈਦੀਆਂ ਵਾਲੀ ਵਰਦੀ ਵਿੱਚ ਦੇਖਿਆ, ਮੈਂ ਬਸ ਰੋ ਪਈ ਤੇ ਰੋਂਦੀ ਰਹੀ।"

ਮਿਸ਼ੇ ਜਾਣਨਾ ਚਾਹੁੰਦੀ ਸੀ ਕਿ ਸਤਾਰਾਂ ਸਾਲ ਪਹਿਲਾਂ ਹਸਪਤਾਲ ਵਿੱਚ ਕੀ ਹੋਇਆ ਸੀ।

ਮੈਂ ਉਨ੍ਹਾਂ ਨੂੰ ਦੱਸਿਆ, ਇਹ ਜਾਣ ਕੇ ਕਿ ਮੈਂ ਤੁਹਾਡਾ ਖ਼ੂਨ ਨਹੀਂ ਹਾਂ— ਅਸਲ ਵਿੱਚ ਮੈਂ ਕਿਸੇ ਹੋਰ ਦੀ ਹਾਂ ਤੇ ਤੁਸੀਂ ਉਨ੍ਹਾਂ ਤੋਂ ਸੰਭਾਵਨਾਵਾਂ ਖੋਹ ਲਈਆਂ ਅਤੇ ਮੇਰੀ ਸਾਰੀ ਪਛਾਣ ਬਦਲ ਦਿੱਤੀ—ਇਸ ਗੱਲ ਤੋਂ ਮੈਂ ਦੁੱਖੀ ਹਾਂ। ਮੈਂ ਤੁਹਾਡੀ ਗੱਲ ਦਾ ਕਿਵੇਂ ਯਕੀਨ ਕਰਾਂ ਜਦੋਂ ਤੁਸੀਂ ਮੇਰੇ ਨਾਲ ਝੂਠ ਬੋਲਿਆ ਹੈ ਕਿ ਮੈਂ ਤੁਹਾਡਾ ਬੱਚਾ ਹਾਂ। ਤੁਸੀਂ ਮੇਰਾ ਯਕੀਨ ਤੋੜਿਆ ਹੈ। ਜੇ ਤੁਸੀਂ ਮੇਰੇ ਨਾਲ ਰਿਸ਼ਤਾ ਚਾਹੁੰਦੇ ਹੋ ਤਾਂ ਤੁਹਾਨੂੰ ਬੇਦਾਗ ਹੋਣਾ ਪਵੇਗਾ।'

"ਉਨ੍ਹਾਂ ਕਿਹਾ, ਇੱਕ ਦਿਨ ਮੈਂ ਤੈਨੂੰ ਦੱਸਾਂਗੀ।"

"ਉਹ ਹਾਲੇ ਵੀ ਕਹਿੰਦੇ ਹਨ ਉਨ੍ਹਾਂ ਅਜਿਹਾ ਨਹੀਂ ਕੀਤਾ ਪਰ ਮੈਨੂੰ ਲਗਦਾ ਹੈ ਕਿ ਉਨ੍ਹਾਂ ਅਜਿਹਾ ਕੀਤਾ।"

ਇਹ ਵੀ ਪੜ੍ਹੋ:

"ਮਾਫ਼ ਕਰਨ ਨਾਲ ਤੁਸੀਂ ਬਿਹਤਰ ਹੋ ਜਾਂਦੇ ਹੋ। ਜ਼ਿੰਦਗੀ ਜਾਰੀ ਰਹਿਣੀ ਚਾਹੀਦੀ ਹੈ। ਉਹ ਜਾਣਦੇ ਹਨ ਕਿ ਮੈਂ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਹੈ ਤੇ ਉਹ ਜਾਣਦੇ ਹਨ ਕਿ ਮੈਂ ਹਾਲੇ ਵੀ ਉਨ੍ਹਾਂ ਨੂੰ ਪਿਆਰ ਕਰਦੀ ਹਾਂ।"

ਮਿਸ਼ੇ ਨੂੰ ਸਚਾਈ ਪਤਾ ਚੱਲਿਆਂ ਚਾਰ ਸਾਲ ਬੀਤ ਚੁੱਕੇ ਸਨ। ਜਦੋਂ ਅਪ੍ਰੈਲ 2015 ਵਿੱਚ ਮਿਸ਼ੇ 18 ਸਾਲਾਂ ਦੀ ਹੋਈ ਤਾਂ ਉਸ ਨੇ ਫ਼ੈਸਲਾ ਕਰਨਾ ਸੀ ਕਿ ਉਹ ਕਿਹੜੇ ਮਾਪਿਆਂ ਨਾਲ ਰਹੇਗੀ।

ਉਸ ਨੇ ਅਸਲ ਮਾਪਿਆਂ ਵਿੱਚੋਂ ਇੱਕ ਨਾਲ ਰਹਿਣ ਬਾਰੇ ਸੋਚਿਆ ਪਰ ਫ਼ੈਸਲਾ ਉਸ ਤੋਂ ਉਲਟ ਲਿਆ।

ਉਨ੍ਹਾਂ ਦਾ ਤਲਾਕ ਹੋ ਚੁੱਕਿਆ ਸੀ, ਪਰਿਵਾਰ ਟੁੱਟ ਚੁੱਕਿਆ ਸੀ। ਇਸ ਲਈ ਉਸ ਨੇ ਮਾਈਕਲ ਨਾਲ ਰਹਿਣ ਦਾ ਫ਼ੈਸਲਾ ਲਿਆ ਸੀ ਜੋ ਉਸ ਲਈ ਸੁਰੱਖਿਅਤ ਸੀ ਅਤੇ ਉਸ ਦਾ ਪਰਿਵਾਰ ਸੀ

ਮਿਸ਼ੇ ਨੇ ਆਪਣੇ ਅਸਲ ਮਾਪਿਆਂ ਨਾਲ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਦੇ-ਕਦੇ ਉਹ ਉਨ੍ਹਾਂ ਨੂੰ ਆਪਣੀ ਮਾਂ ਖੋਹ ਲੈਣ ਲਈ ਨਫ਼ਰਤ ਕਰਦੀ ਸੀ।

ਮਾਈਕਲ ਮਿਸ਼ੇ ਦੀ ਬੇਟੀ ਨਾਲ ਲਾਵੋਨਾ ਨੂੰ ਜੇਲ੍ਹ ਵਿੱਚ ਮਿਲਣ ਜਾਂਦਿਆਂ ਰਾਹ ਵਿੱਚ।
ਤਸਵੀਰ ਕੈਪਸ਼ਨ, ਮਾਈਕਲ ਮਿਸ਼ੇ ਦੀ ਬੇਟੀ ਨਾਲ ਲਾਵੋਨਾ ਨੂੰ ਜੇਲ੍ਹ ਵਿੱਚ ਮਿਲਣ ਜਾਂਦਿਆਂ ਰਾਹ ਵਿੱਚ।

ਉਹ ਹਾਲੇ ਵੀ ਲਾਵੋਨਾ ਨੂੰ ਜੇਲ੍ਹ ਵਿੱਚ ਮਿਲਣ ਜਾਂਦੀ ਹੈ ਜੋ ਕਿ ਉਸ ਦੇ ਘਰ ਤੋਂ 120 ਕਿੱਲੋਮੀਟਰ ਦੂਰ ਹੈ। ਹੁਣ ਇਹ ਹੋਰ ਵੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਉਸਦੇ ਆਪਣੇ ਵੀ ਦੋ ਬੱਚੇ ਹੋ ਗਏ ਹਨ।

ਲਾਵੋਨਾ ਦੀ ਰਿਹਾਈ ਵਿੱਚ ਹਾਲੇ ਛੇ ਸਾਲ ਰਹਿੰਦੇ ਹਨ। ਕਦੇ-ਕਦੇ ਮਿਸ਼ੇ ਸੋਚਦੀ ਹੈ ਕਿ ਕਾਸ਼ ਸਮਾਂ ਪਰਵਾਜ਼ ਭਰ ਕੇ ਉੱਡ ਜਾਵੇ। ਉਹ ਹਾਲੇ ਵੀ ਪਰਿਵਾਰਿਕ ਘਰ ਵਿੱਚ ਹੀ ਰਹਿ ਰਹੀ ਹੈ ਤੇ ਲਾਵੋਨਾ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਹੈ।

ਇਹ ਵੀ ਹੈਰਾਨੀ ਹੈ ਕਿ ਮਿਸ਼ੇ ਨੇ ਆਪਣੇ ਜਨਮ ਦੇਣ ਵਾਲਿਆਂ ਮਾਪਿਆਂ ਦੇ ਗੋਤ ਨਾਲੋਂ ਆਪਣੇ ਪਾਲਣ ਵਾਲੇ ਮਾਪਿਆਂ ਦਾ ਗੋਤ ਬਰਕਰਾਰ ਰੱਖਿਆ ਹੈ। ਇਹ ਜਾਣਦੇ ਹੋਏ ਕਿ ਉਸ ਨੂੰ ਪਾਲਣ ਵਾਲੀ ਮਾਂ ਨੇ ਉਸ ਨੂੰ ਚੋਰੀ ਕੀਤਾ ਸੀ, ਮਿਸ਼ੇ ਨੇ ਜਿਵੇਂ-ਕਿਵੇਂ ਆਪਣੀ ਦੂਹਰੀ ਪਛਾਣ ਨਾਲ ਸਮਝੌਤਾ ਕਰ ਲਿਆ ਹੈ।

"ਮੈਨੂੰ ਲਗਦਾ ਹੈ ਕਿ ਸ਼ੁਰੂ ਵਿੱਚ ਮੈਂ ਜ਼ਿਫਨੀ ਨੂੰ ਨਫ਼ਰਤ ਕਰਦੀ ਸੀ।"

ਉਹ ਇੰਨੀ ਤਾਕਤ ਨਾਲ, ਬਿਨਾਂ ਬੁਲਾਏ ਆਈ, ਇੰਨਾ ਦੁੱਖ ਪਰ ਜ਼ਿਫਨੀ ਸੱਚ ਹੈ ਤੇ ਮਿਸ਼ੇ, ਸਤਾਰਾਂ ਸਾਲਾਂ ਦੀ ਕੁੜੀ ਜੋ ਮੈਂ ਸੀ, ਉਹ ਝੂਠ ਸੀ। ਇਸ ਲਈ ਮੈਂ ਦੋਵਾਂ ਨਾਵਾਂ ਨਾਲ ਜਿਉਣਾ ਸਿੱਖ ਲਿਆ ਹੈ। ਤੁਸੀਂ ਮੈਨੂੰ ਜ਼ਿਫਨੀ ਜਾਂ ਮਿਸ਼ੇ ਕੁਝ ਵੀ ਕਹਿ ਸਕਦੇ ਹੋ, ਠੀਕ ਹੈ।"

ਮਿਸ਼ੇ ਦੀ ਕਹਾਣੀ ਜੋਨ ਜੋਅਵੈੱਲ ਨੇ ਆਪਣੀ ਕਿਤਾਬ ਜ਼ਿਫਨੀ: ਦੋ ਮਾਵਾਂ ਇੱਕ ਧੀ ਵਿੱਚ ਬਿਆਨ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ

ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)