You’re viewing a text-only version of this website that uses less data. View the main version of the website including all images and videos.
Japan Hagibis Typhoon: ਜਾਪਾਨ 'ਚ ਖ਼ਤਰਨਾਕ ਤੂਫ਼ਾਨ ਅਤੇ ਮੀਂਹ ਨੇ ਬੁਲੇਟ ਟਰੇਨਾਂ ਡੋਬੀਆਂ, ਫੌਜ ਸੱਦੀ ਗਈ
ਜਪਾਨ ਵਿਚ ਆਏ 60 ਸਾਲਾਂ ਦੇ ਸਭ ਤੋਂ ਭਿਆਨਕ ਤੂਫ਼ਾਨ ਵਿਚ ਮੌਤਾਂ ਦੀ ਗਿਣਤੀ ਦਾ ਅੰਕੜਾ 23 ਹੋ ਗਿਆ ਹੈ, ਅਜੇ ਵੀ ਕਈ ਵਿਅਕਤੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਹਨ। ਰਾਹਤ ਕਾਰਜਾਂ ਲਈ ਮੁਲਕ ਭਰ ਵਿਚ ਹਜ਼ਾਰਾਂ ਫੌਜੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਚੱਕਰਵਾਤੀ ਤੂਫ਼ਾਨ ਹੈਗਿਬਿਸ ਟੋਕੀਓ ਦੇ ਦੱਖਣੀ ਹਿੱਸੇ ਵਿਚ ਸ਼ਨੀਵਾਰ ਨੂੰ ਟਕਰਾਇਆ ਤੇ ਫਿਰ ਉੱਤਰੀ ਖਿੱਤੇ ਵਲ ਵਧਿਆ, ਜੋ ਭਾਰੀ ਹੜ੍ਹ ਦਾ ਕਾਰਨ ਬਣਿਆ।
ਸਰਕਾਰੀ ਰੇਡੀਓ ਐਨਐਚਕੇ ਮੁਤਾਬਕ ਤੂਫਾਨ ਤੋਂ ਬਾਅਦ ਅਜੇ ਵੀ 17 ਜਣੇ ਲਾਪਤਾ ਹਨ।
ਹੜ ਦਾ ਪਾਣੀ ਇੰਨਾ ਜ਼ਿਆਦਾ ਹੈ ਕਿ ਜਪਾਨ ਦੀਆਂ ਪ੍ਰਸਿੱਧ ਬੁਲੇਟ ਟਰੇਨਜ਼ ਪਾਣੀ ਵਿਚ ਡੁੱਬੀਆਂ ਦਿਖਾਈ ਦਿੱਤੀਆਂ ਅਤੇ ਘਰਾਂ ਦੀਆਂ ਛੱਤਾਂ ਉੱਤੇ ਬੈਠੇ ਲੋਕਾਂ ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਸੁਰੱਖਿਅਤ ਥਾਵਾਂ ਉੱਤੇ ਲਿਜਾਇਆ ਜਾ ਰਿਹਾ ਹੈ।
ਸਰਕਾਰੀ ਸੂਤਰਾਂ ਮੁਤਾਬਕ ਰਾਹਤ ਕਾਰਜਾਂ ਲਈ 27000 ਫੌਜੀ ਤੇ ਰਾਹਤ ਕਰਮੀ ਲੱਗੇ ਹੋਏ ਹਨ।
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕਿਹਾ ਹੈ ਕਿ ਸਰਕਾਰ ਰਾਹਤ ਕਾਰਜਾਂ ਵਿਚ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਜੇਕਰ ਲੋੜ ਪਈ ਤਾਂ ਹੋਰ ਫੌਜ ਬੁਲਾਈ ਜਾਵੇਗੀ।
ਐਤਵਾਰ ਨੂੰ ਤੂਫ਼ਾਨ ਮੱਠਾ ਪੈ ਗਿਆ ਹੈ ਅਤੇ ਹੜ੍ਹ ਦਾ ਪਾਣੀ ਕੁਝ ਘਟਿਆ ਹੈ
ਫਿਲਹਾਲ ਇਹ ਤੂਫ਼ਾਨ 225 ਕਿਲਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੇਸ ਦੇ ਪੂਰਬੀ ਤਟ ਵੱਲ ਵਧ ਰਿਹਾ ਹੈ।
ਜਾਪਨੀ ਆਊਟਲੈਟ ਐੱਨਐੱਚਕੇ ਦੀ ਰਿਪੋਰਟ ਮੁਤਾਬਕ 4,00,000 ਘਰਾਂ ਦੀ ਬਿਜਲੀ ਠੱਪ ਹੋ ਗਈ ਹੈ।
ਟਰੇਨ ਸੇਵਾਵਾਂ ਠੱਪ ਹਨ, ਇੱਕ ਹਜ਼ਾਰ ਤੋਂ ਵੱਧ ਜਹਾਜ਼ ਹਵਾਈ ਅੱਡਿਆਂ 'ਤੇ ਖੜ੍ਹੇ ਹਨ। ਹਜ਼ਾਰਾਂ ਘਰ ਬਿਜਲੀ ਨਾ ਹੋਣ ਕਰਕੇ ਹਨੇਰਿਆਂ 'ਚ ਡੁੱਬੇ ਹੋਏ ਹਨ।
ਗੰਭੀਰ ਹਾਲਾਤ ਦੇ ਮੱਦੇਨਜ਼ਰ 70 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੀ ਤੇ ਜਾਣ ਲਈ ਕਿਹਾ ਗਿਆ ਹੈ ਪਰ ਸਿਰਫ਼ 50 ਹਜ਼ਾਰ ਲੋਕਾਂ ਨੇ ਆਪਣਾ ਘਰ ਛੱਡਣਾ ਮੁਨਾਸਿਬ ਸਮਝਿਆ।
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਰਾਜਧਾਨੀ ਟੋਕਿਓ ਵਿੱਚ ਸ਼ਨਿੱਚਰਵਾਰ ਤੇ ਐਤਵਾਰ ਦੋ ਦਿਨਾਂ ਦੌਰਾਨ ਅੱਧਾ ਮੀਟਰ ਤੱਕ ਮੀਂਹ ਪੈ ਸਕਦਾ ਹੈ
ਸ਼ਹਿਰ ਵਿੱਚ ਐਤਵਾਰ ਹੋਣ ਵਾਲੇ ਦੋ ਵਿਸ਼ਵ ਕੱਪ ਰਗਬੀ ਦੇ ਮੁਕਾਬਲੇ (ਇੰਗਲੈਂਡ ਬਨਾਮ ਫਰਾਂਸ ਅਤੇ ਨਿਊਜ਼ੀਲੈਂਡ ਬਨਾਮ ਇਟਲੀ) ਰੱਦ ਕੀਤੇ ਗਏ ਹਨ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ