ਥਾਈਲੈਂਡ ਵਿੱਚ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਝਰਨੇ 'ਚ ਡਿੱਗ ਕੇ 6 ਹਾਥੀਆਂ ਦੀ ਮੌਤ

ਥਾਈਲੈਂਡ ਵਿੱਚ ਇੱਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ 6 ਹਾਥੀਆਂ ਦੀ ਝਰਨੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ।

ਇਹ ਘਟਨਾ ਥਾਈਲੈਂਡ ਦੇ ਖਾਓ ਯਾਈ ਨੈਸ਼ਨਲ ਪਾਰਕ ਵਿੱਚ ਵਾਪਰੀ। ਸਭ ਤੋਂ ਪਹਿਲਾਂ ਹਾਥੀਆਂ ਦੇ ਝੁੰਡ ਦਾ ਇੱਕ ਬੱਚਾ ਉਚਾਈ ਤੋਂ ਡਿੱਗਾ ਅਤੇ ਫਿਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ 5 ਹੋਰ ਹਾਥੀ ਵੀ ਡਿੱਗ ਗਏ।

ਦੋ ਹੋਰ ਹਾਥੀ ਨੇੜੇ ਦੀਆਂ ਚੱਟਾਨਾਂ ਵਿੱਚ ਫਸੇ ਹੋਏ ਸਨ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਰੱਸੀਆਂ ਦੀ ਮਦਦ ਨਾਲ ਬਾਹਰ ਕੱਢ ਲਿਆ।

ਜਿਸ ਝਰਨੇ 'ਤੇ ਇਹ ਘਟਨਾ ਵਾਪਰੀ ਹੈ, ਉਸ ਨੂੰ ਸਥਾਨਕ ਭਾਸ਼ਾ ਵਿੱਚ 'ਨਰਕ ਦਾ ਝਰਨਾ' ਕਿਹਾ ਜਾਂਦਾ ਹੈ ਅਤੇ ਇੱਥੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।

ਇਹ ਵੀ ਪੜ੍ਹੋ-

ਸਾਲ 1992 ਵਿੱਚ 8 ਹਾਥੀਆਂ ਦਾ ਇੱਕ ਝੁੰਡ ਇਸੇ ਥਾਂ 'ਤੇ ਖ਼ਤਮ ਹੋ ਗਿਆ ਸੀ। ਉਸ ਵੇਲੇ ਪੂਰੇ ਦੇਸ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਰਿਹਾ ਸੀ।

ਥਾਈਲੈਂਡ ਦੇ ਨੈਸ਼ਨਲ ਪਾਰਕ, ਜੰਗਲੀ ਜੀਵਨ ਅਤੇ ਜੰਗਲਾਤ ਸੰਭਾਲ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ 3 ਵਜੇ ਸੂਚਨਾ ਮਿਲੀ ਸੀ ਕਿ ਹਾਥੀਆਂ ਦਾ ਇੱਕ ਝੁੰਡ ਝਰਨੇ ਕੋਲੋਂ ਲੰਘਣ ਵਾਲੀ ਸੜਕ ਨੂੰ ਰੋਕ ਕੇ ਖੜ੍ਹਾ ਹੈ।

'ਦੂਜੇ ਹਾਥੀਆਂ ਨੂੰ ਜ਼ਿੰਦਾ ਰਹਿਣ ਵਿੱਚ ਮੁਸ਼ਕਲ'

3 ਘੰਟੇ ਬਾਅਦ 3 ਸਾਲ ਦੇ ਹਾਥੀ ਦੀ ਲਾਸ਼ ਝਰਨੇ ਦੀ ਸਤਹਿ 'ਤੇ ਨਜ਼ਰ ਆਇਆ ਅਤੇ 5 ਹੋਰ ਹਾਥੀਆਂ ਦੀਆਂ ਲਾਸ਼ਾਂ ਵੀ ਇਸ ਕੋਲ ਪਈਆਂ ਹੋਈਆਂ ਸਨ।

ਨੈਸ਼ਨਲ ਪਾਰਕ ਦੇ ਮੁਖੀ ਖਾਂਚਿਤ ਸਰੀਨੋਪਵਨ ਨੇ ਬੀਬੀਸੀ ਨੂੰ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਬਚਾਏ ਗਏ ਦੋ ਹਾਥੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਵਾਈਲਡਲਾਈਫ ਫਰੈਂਡਸ ਫਾਊਂਡੇਸ਼ਨ ਥਾਈਲੈਂਡ ਦੇ ਸੰਸਥਾਪਕ ਐਡਵਿਨ ਵੀਕ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਹਾਥੀਆਂ ਨੂੰ ਜ਼ਿੰਦਾ ਰਹਿਣ ਵਿੱਚ ਮੁਸ਼ਕਲ ਆ ਸਕਦੀ ਹੈ ਕਿਉਂਕਿ ਹਾਥੀ ਸੁਰੱਖਿਆ ਅਤੇ ਭੋਜਨ ਲਈ ਆਪਣੇ ਵੱਡੇ ਝੁੰਡਾਂ 'ਤੇ ਨਿਰਭਰ ਰਹਿੰਦੇ ਹਨ।

ਇਸ ਘਟਨਾ ਕਾਰਨ ਬਚੇ ਹਾਥੀਆਂ ਨੂੰ ਭਾਵਨਾਤਮਕ ਝਟਕਾ ਵੀ ਲਗ ਸਕਦਾ ਹੈ। ਹਾਥੀ ਅਜਿਹੇ ਜਾਨਵਰ ਹਨ ਜਿਨ੍ਹਾਂ ਨੂੰ ਦੁੱਖ ਜ਼ਾਹਿਰ ਕਰਦਿਆਂ ਦੇਖਿਆ ਗਿਆ ਹੈ।

ਐਡਵਿਨ ਵੀਕ ਨੇ ਦੱਸਿਆ, "ਬਚੇ ਹੋਏ ਹਾਥੀਆਂ ਦੇ ਸਾਹਮਣੇ ਠੀਕ ਉਹੀ ਹਾਲਾਤ ਹਨ, ਜਿਵੇਂ ਤੁਸੀਂ ਆਪਣੇ ਅੱਧੇ ਪਰਿਵਾਰ ਨੂੰ ਗੁਆ ਦਿੱਤਾ ਹੋਵੇ ਪਰ ਇਸ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ। ਬਦਕਿਸਮਤੀ ਨਾਲ ਇਹ ਕੁਦਰਤ ਦਾ ਖੇਡ ਹੈ।"

ਥਾਈਲੈਂਡ ਵਿੱਚ ਲਗਭਗ 7 ਹਜ਼ਾਰ ਹਾਥੀ ਹਨ। ਜਿਨ੍ਹਾਂ ਵਿੱਚ ਅੱਧੇ ਤੋਂ ਘੱਟ ਹੀ ਜੰਗਲਾਂ ਵਿੱਚ ਖੁੱਲ੍ਹ ਕੇ ਰਹਿੰਦੇ ਹਨ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)