ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਟਾਇਟੈਨਿਕ ਫ਼ਿਲਮ ਤੋਂ ਲੈਣ ਸਬਕ : ਬਲਾਗ

    • ਲੇਖਕ, ਵੁਸਅਤੁੱਲਾਹ ਖ਼ਾਨ
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਲਈ

ਦਿੱਲੀ ਅਤੇ ਇਸਲਾਮਾਬਾਦ ਘੱਟੋ-ਘੱਟ ਇੱਕ ਹਫਤੇ ਲਈ ਨਿਊਯਾਰਕ ਤੇ ਵਾਸ਼ਿੰਗਟਨ ਸ਼ਿਫਟ ਹੋ ਚੁੱਕੇ ਹਨ।

ਮੋਦੀ ਨੇ ਆਪਣੀ ਪਾਰੀ ਦੀ ਸ਼ੁਰੂਆਤ ਧੂੰਆਂਧਾਰ ਅੰਦਾਜ਼ ਵਿੱਚ ਹਿਊਸਟਨ ਤੋਂ ਕੀਤੀ ਹੈ ਤੇ ਦੂਜੇ ਪਾਸੇ ਇਮਰਾਨ ਖ਼ਾਨ ਨਿਊਯਾਰਕ 'ਚ ਨੈੱਟ ਪ੍ਰੈਕਟਿਸ ਕਰ ਰਹੇ ਹਨ।

ਮੋਦੀ ਦੀ ਟਰੰਪ ਨਾਲ ਦੂਜੀ ਮੁਲਾਕਾਤ ਅਜੇ ਬਾਕੀ ਹੈ ਜਦਕਿ ਇਮਰਾਨ ਖ਼ਾਨ ਟਰੰਪ ਨੂੰ ਮਿਲਣ ਵਾਲੇ ਹਨ।

ਦੇਖਣਾ ਇਹ ਹੋਵੇਗਾ ਕਿ ਟਰੰਪ ''ਦਿ ਯੂਐੱਸਏ ਲਵਜ਼ ਇੰਡੀਆ'' ਟਵੀਟ ਤੋਂ ਬਾਅਦ ਇਮਰਾਨ ਖ਼ਾਨ ਨਾਲ ਮੁਲਾਕਾਤ ਤੋਂ ਬਾਅਦ ਕੀ ਟਵੀਟ ਕਰਨਗੇ।

ਇਹ ਵੀ ਪੜ੍ਹੋ:

ਸਭ ਦੇ ਆਪਣੇ ਮੁੱਦੇ

ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਨੂੰ ਕਸ਼ਮੀਰ ਮੁੱਦੇ 'ਤੇ ਅਮਰੀਕਾ ਦੀ ਸਖ਼ਤ ਲੋੜ ਹੈ। ਭਾਰਤ ਦੀ ਕੋਸ਼ਿਸ਼ ਹੈ ਕਿ ਟਰੰਪ ਦੇ ਮੂੰਹੋਂ, ਜਾਂ ਕਿਸੇ ਟਵੀਟ ਵਿੱਚ, ਕਸ਼ਮੀਰ ਸ਼ਬਦ ਨਾ ਨਿਕਲੇ।

ਉੱਧਰ ਪਾਕਿਸਤਾਨ ਦੀ ਕੋਸ਼ਿਸ਼ ਹੈ ਕਿ ਟਰੰਪ ਇੱਕ ਵਾਰ ਕਹਿ ਦੇਣ ਕਿ ਉਹ ਕਸ਼ਮੀਰ 'ਤੇ ਭਾਰਤ ਤੇ ਪਾਕਿਸਤਾਨ ਲਈ ਵਿਚੋਲੀਆ ਬਣਨ ਨੂੰ ਤਿਆਰ ਹਨ।

ਪਰ ਟਰੰਪ ਨੇ ਦੱਖਣੀ ਏਸ਼ੀਆ ਦੀ ਵਿਕਟ 'ਤੇ ਦੋਵੇਂ ਪਾਸੇ ਖੜ੍ਹੇ ਹੋ ਕੇ ਰਨ ਬਣਾਉਣੇ ਹਨ। 14 ਮਹੀਨੇ ਬਾਅਦ ਅਮਰੀਕਾ ਵਿੱਚ ਚੋਣਾਂ ਹਨ.. ਜਿਸ ਵਿੱਚ 40 ਲੱਖ ਭਾਰਤੀ ਅਮਰੀਕੀਆਂ ਦੀਆਂ ਵੋਟਾਂ ਲੈਣੀਆਂ ਹਨ।

ਅਫ਼ਗ਼ਾਨਿਸਤਾਨ ਤੋਂ ਆਪਣੀ ਫੌਜ ਵੀ ਵਾਪਿਸ ਬੁਲਾਉਣੀ ਹੈ। ਭਾਰਤ ਦੇ ਨਾਲ ਕਾਰੋਬਾਰ ਵੀ ਵਧਾਉਣਾ ਹੈ... ਈਰਾਨ ਨੂੰ ਕੱਸ ਕੇ ਰੱਖਣ ਲਈ ਪਾਕਿਸਤਾਨ ਦੀ ਖਾਮੋਸ਼ ਮਦਦ ਦੀ ਲੋੜ ਵੀ ਹੈ।

ਸੰਯੁਕਤ ਰਾਸ਼ਟਰ ਦੀ ਆਉਣ ਵਾਲੀ ਜਨਰਲ ਅਸੈਂਬਲੀ ਮੀਟਿੰਗ 'ਚ ਮੋਦੀ ਕੋਸ਼ਿਸ਼ ਕਰਨਗੇ ਕਿ ਕਸ਼ਮੀਰ ਨੂੰ ਅੰਦਰੂਨੀ ਮਸਲਾ ਕਰਾਰ ਦੇ ਕੇ ਅਗਾਂਹ ਵੱਧ ਸਕਣ।

ਇਮਰਾਨ ਖ਼ਾਨ ਮੋਦੀ ਤੋਂ ਬਾਅਦ ਬੋਲਣਗੇ, ਕੋਸ਼ਿਸ਼ ਕਰਨਗੇ ਕਿ ਮਾਮਲੇ ਨੂੰ ਇੰਟਰਨੈਸ਼ਨਲ ਬਣਾਇਆ ਜਾ ਸਕੇ।

ਟਰੰਪ ਦੀ ਕੋਸ਼ਿਸ਼ ਹੋਵੇਗੀ ਕਿ ਉਨ੍ਹਾਂ ਦੇ ਭਾਸ਼ਣ ਵਿੱਚ ਦੱਖਣੀ ਏਸ਼ੀਆ ਬਾਰੇ ਵੱਧ ਤੋਂ ਵੱਧ ਢਾਈ ਜੁਮਲੇ ਹੀ ਆਉਣ ਤੇ ਫਿਰ ਇਸ ਦਾ ਰੁਖ਼ ਈਰਾਨ ਵੱਲ ਮੁੜ ਜਾਵੇ।

ਇਹ ਵੀ ਪੜ੍ਹੋ:

ਅਸਲ ਮਸਲਾ

ਉਂਝ ਵੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਤੇ ਪਾਕਿਸਤਾਨ ਇਸ ਸੰਮੇਲਨ ਵਿੱਚ ਵਤਾਰਵਰਨ ਤੇ ਪ੍ਰਦੂਸ਼ਣ ਨਾਲ ਜੁੜੇ ਖਤਰਿਆਂ ਬਾਰੇ ਵੀ ਬੋਲਣਗੇ ਜਾਂ ਨਹੀਂ।

ਜੇ ਦੋਵਾਂ ਨੇ ਹੋਰ 10-20 ਸਾਲ ਦੁਸ਼ਮਣੀ ਨਿਭਾਉਣੀ ਹੈ ਤਾਂ ਜ਼ਰੂਰੀ ਹੈ ਕਿ ਇਸ ਬਾਰੇ ਗੱਲ ਕਰਨ ਤੇ ਇੱਕ ਦੂਜੇ ਦੀ ਮਦਦ ਦਾ ਵੀ ਪਲਾਨ ਬਣਾਉਣ।

ਨਹੀਂ ਤਾਂ ਜੇ ਦੁਨੀਆਂ ਦੀ ਅੱਖਾਂ 'ਚ ਪਾਣੀ ਹੀ ਨਹੀਂ ਰਹੇਗਾ ਤਾਂ ਕਸ਼ਮੀਰ ਵੀ ਨਹੀਂ ਰਹੇਗਾ। ਪਤਾ ਨਹੀਂ ਮੋਦੀ ਤੇ ਇਮਰਾਨ ਨੇ ਟਾਇਟੈਨਿਕ ਫਿਲਮ ਦੇਖੀ ਹੈ ਜਾਂ ਨਹੀਂ।

ਇਸ ਦੇ ਆਖਰੀ ਸੀਨ ਵਿੱਚ ਇੱਕ ਆਰਕੈਸਟਰਾ ਮਿਊਜ਼ਿਕ ਵਜਾ ਰਿਹਾ ਹੈ ਤੇ ਜਹਾਜ਼ ਡੁੱਬ ਰਿਹਾ ਹੈ ਫਿਰ ਟਾਇਟੈਨਿਕ ਦੇ ਨਾਲ ਸੰਗੀਤ ਮੰਡਲੀ ਵੀ ਡੁੱਬ ਜਾਂਦੀ ਹੈ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)