You’re viewing a text-only version of this website that uses less data. View the main version of the website including all images and videos.
ਚਾਰ ਪੰਜਾਬੀ ਇਟਲੀ 'ਚ ਕਿਵੇਂ ਡੁੱਬ ਕੇ ਮਰ ਗਏ
ਇਟਲੀ ਵਿਚ ਚਾਰ ਭਾਰਤੀ ਸਿੱਖਾਂ ਦੇ ਡੇਅਰੀ ਦੇ ਗੋਹੇ ਦੇ ਘੋਲ਼ ਵਾਲੇ ਟੈਂਕ ਵਿਚ ਦਮ ਘੁਟ ਕੇ ਡੁੱਬਣ ਨਾਲ ਮਰਨ ਦੀ ਖ਼ਬਰ ਹੈ। ਇਹ ਘਟਨਾ ਇਟਲੀ ਦੇ ਉੱਤਰੀ ਖਿੱਤੇ ਦੇ ਪਾਵੀਆ ਨੇੜਲੇ ਐਰੀਨਾ ਪੋ ਇਲਾਕੇ ਵਾਪਰੀ ਹੈ।
ਜਾਂਚ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਗਊਆਂ ਦੇ ਗੋਹੇ ਵਿਚੋਂ ਨਿਕਲੀ ਕਾਰਬਨ ਡਾਇਆਕਸਾਈਡ ਇਨ੍ਹਾਂ ਦੀ ਮੌਤ ਦਾ ਕਾਰਨ ਬਣੀ ਹੈ। ਸਮਝਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਮੌਤ ਟੈਕ ਖਾਲੀ ਕਰਨ ਸਮੇਂ ਡੁੱਬ ਰਹੇ ਸਾਥੀ ਵਰਕਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਹੋਈ ਹੈ।
ਦੋ ਜਣੇ ਇਸ ਫਾਰਮ ਦੇ ਮਾਲਕ ਸਨ ਅਤੇ ਦੋ ਜਣੇ ਨੌਕਰੀ ਕਰ ਰਹੇ ਸਨ। ਸਾਰੇ ਵਿਅਕਤੀ ਭਾਰਤੀ ਹਨ। ਫਾਰਮ ਦੇ ਮਾਲਕਾਂ ਦੀ ਪਛਾਣ ਪ੍ਰੇਮ ਸਿੰਘ ਅਤੇ ਤਰਸੇਮ ਸਿੰਘ ਵਜੋਂ ਹੋਈ ਹੈ, ਜਿੰਨ੍ਹਾਂ ਨੇ 2017 ਵਿਚ ਇਹ ਫਾਰਮ ਰਜਿਸਟਰ ਕਰਵਾਇਆ ਸੀ।
ਇਹ ਵੀ ਪੜ੍ਹੋ :
ਕਰਤਾਰਪੁਰ ਦਾ ਪਿਛੋਕੜ
ਜਲੰਧਰ ਤੋਂ ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਪ੍ਰੇਮ ਸਿੰਘ ਤੇ ਤਰਸੇਮ ਸਿੰਘ ਦੋਵੇ ਸਕੇ ਭਰਾ ਸਨ ਅਤੇ ਕਰਤਾਰਪੁਰ ਨੇੜਲੇ ਪਿੰਡ ਚੀਮਾ ਦੇ ਰਹਿਣ ਵਾਲੇ ਸਨ।
ਜਿਸ ਥਾਂ ਇਹ ਹਾਦਸਾ ਹੋਇਆ ਹੈ ਉਹ ਇਟਲੀ ਦੀ ਰਾਜਧਾਨੀ ਮਿਲਾਨ ਤੋਂ 45 ਕਿਲੋਮੀਟਰ ਹੈ।
ਇਟਲੀ ਦੇ ਮੀਡੀਆ ਮੁਤਾਬਕ 'ਸਿੰਘ ਫਾਰਮ' ਦੁੱਧ ਅਤੇ ਮੀਟ ਉਤਪਾਦਨ ਵਾਲੇ ਪਸ਼ੂਆਂ ਦਾ ਡੇਅਰੀ ਫਾਰਮ ਹੈ ਅਤੇ ਇਹ ਪਾਵੀਆ ਖੇਤਰ ਦੇ ਸਭ ਤੋਂ ਵੱਡੇ ਫਾਰਮਾਂ ਵਿਚੋਂ ਇੱਕ ਹੈ।
ਮਰਨ ਵਾਲਿਆਂ ਦੀ ਸਨਾਖ਼ਤ ਪ੍ਰੇਮ ਸਿੰਘ (48), ਤਰਸੇਮ ਸਿੰਘ (45) , ਅਮਰਿੰਦਰ ਸਿੰਘ (29) ਅਤੇ ਮਨਜਿੰਦਰ ਸਿੰਘ (28) ਵਜੋਂ ਹੋਈ ਹੈ।
ਇਹ ਵੀ ਪੜ੍ਹੋ :
ਗੋਹੇ ਨੂੰ ਇੱਕ ਟੈਂਕ ਇਕੱਠਾ ਕਰਕੇ ਖੇਤਾਂ ਵਿਚ ਰੂੜੀ ਦੇ ਤੌਰ ਉੱਤੇ ਵਰਤਿਆ ਜਾਂਦਾ ਹੈ।
ਘਰ ਨਾ ਮੁੜੇ ਤਾ ਪਤਾ ਲੱਗੀ ਖ਼ਬਰ
ਵਾਰਦਾਤ ਦਾ ਪਤਾ ਉਦੋਂ ਲੱਗਿਆ ਜਦੋਂ ਮ੍ਰਿਤਕ ਦੀ ਪਤਨੀ ਲੰਚ ਲਈ ਉਨ੍ਹਾਂ ਦੇ ਘਰ ਨਾ ਪਰਤਣ ਕਾਰਨ ਫਾਰਮ ਉੱਤੇ ਪਹੁੰਚੀ। ਉਸ ਨੇ ਜਦੋਂ ਉਨ੍ਹਾਂ ਇੱਧਰ ਉੱਧਰ ਲੱਭਿਆ ਤਾਂ ਇੱਕ ਦੀ ਲਾਸ਼ ਸੀਵਰ ਵਿਚ ਪਈ ਮਿਲੀ।
ਇਸ ਤੋਂ ਬਾਅਦ ਪਤਨੀ ਨੇ ਫਾਇਰਬ੍ਰਿਗੇਡ ਕਰਮੀਆਂ ਨੂੰ ਬੁਲਾਇਆ ਜਿਨ੍ਹਾਂ ਮਾਸਕ ਪਾ ਕੇ ਟੈਂਕ ਨੂੰ ਖ਼ਾਲੀ ਕੀਤਾ ਤਾਂ ਚਾਰ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ।
ਇਸ ਘਟਨਾ ਤੋਂ ਬਾਅਦ ਇਟਲੀ ਦੇ ਸਰਕਾਰੀ ਰੇਡੀਓ ਨੇ ਖ਼ਬਰ ਦਿੱਤੀ ਕਿ ਇਸ ਦੁਘਟਨਾ ਤੋਂ ਅਰੀਨ ਪੋ ਵਿਚ ਇਸ ਸਾਲ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 486 ਹੋ ਗਈ ਹੈ।