You’re viewing a text-only version of this website that uses less data. View the main version of the website including all images and videos.
ਭਾਰਤ ਤੋਂ ਸ਼ਰਨ ਮੰਗਣ ਵਾਲੇ ਬਲਦੇਵ ਉੱਤੇ ਅਜੇ ਵੀ ਚੱਲ ਰਿਹੈ ਸਿੱਖ ਆਗੂ ਦੇ ਕਤਲ ਦਾ ਮੁਕੱਦਮਾ
- ਲੇਖਕ, ਸ਼ੁਮਾਇਲਾ ਜਾਫ਼ਰੀ ਤੇ ਅਨਵਰ ਸ਼ਾਹ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਸ਼ਰਨ ਦੀ ਮੰਗ ਕਰ ਰਹੇ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੇ ਪਾਕਿਸਤਾਨ ਵਿੱਚ ਰਹਿੰਦੇ ਭਰਾ ਨਾਲ ਅਸੀਂ ਗੱਲਬਾਤ ਕੀਤੀ।
ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਅਤੇ ਰਫੁੱਤਉੱਲਾ ਓਰਕਜ਼ਾਈ ਨੇ ਦੱਸਿਆ ਕਿ ਬਲਦੇਵ ਕੁਮਾਰ ਦੇ ਭਰਾ ਤਿਲਕ ਕੁਮਾਰ ਖੈਬਰ ਪਖਤੂਨਖਵਾ ਦੇ ਸਵਾਤ ਵਿੱਚ ਤਹਿਸੀਲ ਕਾਊਂਸਲਰ ਹਨ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ। ਉਨ੍ਹਾਂ ਦੱਸਿਆ ਕਿ ਬਲਦੇਵ ਕੁਮਾਰ ਦੀ ਧੀ ਥੈਲੇਸੀਮੀਆ ਨਾਲ ਜੂਝ ਰਹੀ ਹੈ।
ਉਹ ਈਦ ਦੇ ਨੇੜੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਭਾਰਤ ਆਪਣੀ ਧੀ ਦਾ ਇਲਾਜ ਕਰਵਾਉਣ ਗਿਆ ਸੀ। ਉਨ੍ਹਾਂ ਕਿਹਾ ਉਹ ਇਹ ਸੁਣ ਕੇ ਬਹੁਤ ਉਦਾਸ ਸਨ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ।
ਬਲਦੇਵ ਕੁਮਾਰ ਦਾ ਪੂਰਾ ਪਰਿਵਾਰ, ਉਨ੍ਹਾਂ ਦੀ ਮਾਂ, ਉਨ੍ਹਾਂ ਦੇ ਭਰਾ ਸਭ ਸਵਾਤ ਦੇ ਬਰੀ ਕੋਟ ਇਲਾਕੇ ਵਿੱਚ ਰਹਿੰਦੇ ਹਨ। ਬਲਦੇਵ ਕੁਮਾਰ ਦੀ ਪਤਨੀ ਭਾਰਤ ਦੀ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ:
ਤਿਲਕ ਕੁਮਾਰ ਮੁਤਾਬਕ, "ਸਾਡਾ ਪੂਰਾ ਪਰਿਵਾਰ ਪਾਕਿਸਤਾਨ ਵਿੱਚ ਰਹਿੰਦਾ ਹੈ। ਇਹ ਸਾਡਾ ਦੇਸ ਹੈ। ਬਲਦੇਵ ਕੁਮਾਰ ਵੀ ਪਾਕਿਸਤਾਨ ਵਿੱਚ ਹੀ ਜੰਮਿਆ ਹੈ ਅਤੇ ਸਾਨੂੰ ਕਦੇ ਇੱਥੇ ਕੋਈ ਦਿੱਕਤ ਨਹੀਂ ਆਈ।"
ਉਨ੍ਹਾਂ ਕਿਹਾ ਉਨ੍ਹਾਂ ਦੇ ਵੱਡੇ ਭਰਾ ਨੂੰ ਇਹ ਸਭ ਸੁਣ ਕੇ ਬਹੁਤ ਦੁੱਖ਼ ਹੋਇਆ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਉਮਰ ਚੀਮਾ ਨੇ ਬੀਬੀਸੀ ਨੂੰ ਦੱਸਿਆ ਕਿ ਬਲਦੇਵ ਕੁਮਾਰ 'ਤੇ ਅਜੇ ਵੀ ਮੁਕੱਦਮਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਰਨ ਸਿੰਘ ਕਤਲ ਕੇਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਸਾਈਡਲਾਈਨ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਸਹੁੰ ਚੁੱਕਣ ਤੋਂ ਵੀ ਰੋਕਿਆ ਸੀ।
'ਉਹ ਸ਼ਖ਼ਸ ਕਿਵੇਂ ਦੇਸ ਛੱਡ ਸਕਦਾ ਹੈ ਜਿਸ 'ਤੇ ਕੇਸ ਚੱਲ ਰਿਹਾ ਹੋਵੇ'
ਦੂਜੇ ਪਾਸੇ ਖੈਬਰ ਪਖਤੂਨਖਵਾ ਦੇ ਸੂਚਨਾ ਮੰਤਰੀ ਅਤੇ ਸੂਬਾ ਸਰਕਾਰ ਦੇ ਬੁਲਾਰੇ ਸ਼ੌਕਤ ਯੁਸੂਫ਼ਜ਼ਈ ਦਾ ਕਹਿਣਾ ਹੈ ਕਿ ਸੂਰਨ ਸਿੰਘ ਮਾਮਲੇ ਵਿੱਚ ਮੁਲਜ਼ਮ ਪਾਏ ਜਾਣ ਤੋਂ ਬਾਅਦ ਬਲਦੇਵ ਕੁਮਾਰ ਦੀ ਪਾਰਟੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਉਹ ਲੰਬੇ ਸਮੇਂ ਤੱਕ ਪੀਟੀਆਈ ਦੇ ਮੈਂਬਰ ਨਹੀਂ ਰਹੇ।
ਤਹਿਰੀਕ-ਏ-ਇਨਸਾਫ਼ ਦੇ ਘੱਟਗਿਣਤੀ ਲੀਡਰ ਸਰਦਾਰ ਸੂਰਨ ਸਿੰਘ ਦਾ 2006 ਵਿੱਚ ਕਤਲ ਹੋਇਆ ਸੀ। ਬਲਦੇਵ ਕੁਮਾਰ ਸਮੇਤ 5 ਲੋਕਾਂ 'ਤੇ ਇਸ ਕਤਲ ਦਾ ਇਲਜ਼ਾਮ ਲੱਗਿਆ।
ਬਲਦੇਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦਾ ਕੇਸ ਅੱਤਵਾਦ ਵਿਰੋਧੀ ਅਦਾਲਤ ਵਿੱਚ ਚਲਾ ਗਿਆ। ਦੋ ਸਾਲ ਬਾਅਦ ਬਲਦੇਵ ਕੁਮਾਰ ਨੂੰ ਸਬੂਤਾਂ ਦੀ ਘਾਟ ਕਾਰਨ ਛੱਡ ਦਿੱਤਾ ਗਿਆ।
ਸੂਰਨ ਸਿੰਘ ਤੋਂ ਬਾਅਦ ਪੀਟੀਆਈ ਵਿੱਚ ਬਲਦੇਵ ਕੁਮਾਰ ਦੂਜੇ ਘੱਟਗਿਣਤੀ ਆਗੂ ਸਨ। ਪਰ ਪੀਟੀਆਈ ਨੇ ਉਨ੍ਹਾਂ ਨੂੰ ਸਮਰਥਨ ਨਹੀਂ ਦਿੱਤਾ ਅਤੇ ਦੇਰੀ ਦਾ ਹਵਾਲਾ ਦੇ ਕੇ ਅਸੈਂਬਲੀ ਵਿੱਚ ਉਨ੍ਹਾਂ ਨੂੰ ਸਹੁੰ ਨਹੀਂ ਚੁੱਕਣ ਦਿੱਤੀ।
ਬਲਦੇਵ ਕੁਮਾਰ ਅਦਾਲਤ ਵਿੱਚ ਗਏ ਅਤੇ ਉਨ੍ਹਾਂ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਮਿਲ ਗਈ। ਪਰ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਕਾਰਨ ਬਲਦੇਵ ਕੁਮਾਰ 24 ਘੰਟੇ ਤੋਂ ਵੀ ਘੱਟ ਸਮੇਂ ਲਈ ਵਿਧਾਇਕ ਰਹੇ।
ਸੂਰਨ ਸਿੰਘ ਦੇ ਪੁੱਤਰ ਅਜੇ ਸੂਰਨ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦਾਅਵਾ ਕੀਤਾ ਕਿ ਬਲਦੇਵ ਕੁਮਾਰ 'ਤੇ ਅਜੇ ਵੀ ਕੇਸ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਰਿਹਾਅ ਹੋਣ ਲਈ ਅਰਜ਼ੀ ਦਾਖ਼ਲ ਕੀਤੀ ਹੈ।
ਉਹ ਹੈਰਾਨ ਵੀ ਸਨ ਕਿ ਉਹ ਸ਼ਖ਼ਸ ਕਿਵੇਂ ਦੇਸ ਛੱਡ ਸਕਦਾ ਹੈ, ਜਿਸ 'ਤੇ ਕਤਲ ਦਾ ਕੇਸ ਚੱਲ ਰਿਹਾ ਹੋਵੇ।
ਕੌਣ ਹਨ ਬਲਦੇਵ ਕੁਮਾਰ
- ਖੈ਼ਬਰ ਪਖ਼ਤੂਨਖਵਾ ਵਿੱਚ ਬੀਬੀਸੀ ਉਰਦੂ ਦੇ ਸਹਿਯੋਗੀ ਪੱਤਰਕਾਰ ਅਨਵਰ ਸ਼ਾਹ ਮੁਤਾਬਕ ਬਲਦੇਵ ਕੁਮਾਰ ਇੱਕ ਵਿਧਾਇਕ ਦੇ ਕਤਲ ਦੇ ਮਾਮਲੇ ਵਿੱਚ ਦੋ ਸਾਲ ਜੇਲ੍ਹ ਵਿੱਚ ਵੀ ਰਹਿ ਚੁੱਕੇ ਹਨ।
- ਸਾਲ 2013 ਵਿੱਚ ਜਦੋਂ ਪੀਟੀਆਈ ਦੀ ਸਰਕਾਰ ਸੀ ਤਾਂ ਘੱਟ-ਗਿਣਤੀ ਸਿੱਖ ਭਾਈਚਾਰੇ ਵਲੋਂ ਸੂਰਨ ਸਿੰਘ, ਜੋ ਜਿਲ੍ਹਾ ਬੁਨੇਰ ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਮੈਂਬਰ ਅਸੰਬਲੀ ਚੁਣਿਆ ਗਿਆ।
- ਸਾਲ 2016 ਵਿੱਚ ਸੂਰਨ ਸਿੰਘ ਦਾ ਕਤਲ ਹੋਇਆ। ਉਸ ਵਿੱਚ ਚਾਰ ਮੁਲਜ਼ਮਾਂ ਵਿੱਚ ਬਲਦੇਵ ਕੁਮਾਰ ਵੀ ਸ਼ਾਮਿਲ ਸੀ। 2 ਸਾਲ ਤੱਕ ਉਹ ਜੇਲ੍ਹ ਵਿੱਚ ਰਹੇ। ਕੇਸ ਚੱਲਦਾ ਰਿਹਾ। ਪਰ ਸਬੂਤਾਂ ਦੀ ਘਾਟ ਹੋਣ 'ਤੇ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰਾਰ ਦਿੱਤਾ। ਹਾਲਾਂਕਿ ਇਹ ਕੇਸ ਹਾਲੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ:
- ਮ੍ਰਿਤਕ ਸੂਰਨ ਸਿੰਘ ਦੇ ਬੇਟੇ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਪਿਤਾ ਦਾ ਕਤਲ ਵਿਧਾਇਕ ਦੇ ਅਹੁਦੇ ਲਈ ਬਲਦੇਵ ਕੁਮਾਰ ਨੇ ਕੀਤਾ ਹੈ। ਬਲਦੇਵ ਕੁਮਾਰ ਚੋਣਾਂ ਵਿੱਚ ਦੂਜੇ ਨੰਬਰ 'ਤੇ ਆਏ ਸਨ ਇਸ ਲਈ ਸੂਰਨ ਸਿੰਘ ਦੇ ਕਤਲ ਮਗਰੋਂ ਉਨ੍ਹਾਂ ਨੂੰ ਅਸੰਬਲੀ ਦਾ ਮੈਂਬਰ 2018 ਵਿੱਚ ਬਣਾਇਆ ਗਿਆ।
- 30 ਮਈ, 2018 ਵਿਚ ਜਦੋਂ ਪੀਟੀਆਈ ਦੀ ਹਕੂਮਤ ਖ਼ਤਮ ਹੋ ਰਹੀ ਸੀ ਤਾਂ ਉਸੇ ਦਿਨ ਬਲਦੇਵ ਕੁਮਾਰ ਨੇ ਸਹੁੰ ਚੁੱਕੀ, ਉਸੇ ਦਿਨ ਹੀ ਸਰਕਾਰ ਖ਼ਤਮ ਹੋ ਗਈ। ਯਾਨਿ ਕਿ ਸਿਰਫ਼ ਇੱਕ ਦਿਨ ਲਈ ਹੀ ਉਹ ਵਿਧਾਇਕ ਰਹੇ।
- ਪੱਤਰਕਾਰ ਅਨਵਰ ਸ਼ਾਹ ਮੁਤਾਬਕ ਬਲਦੇਵ ਕੁਮਾਰ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਕੱਪੜੇ ਦਾ ਕਾਰੋਬਾਰ ਕਰਦੇ ਸਨ।
ਇਹ ਵੀ ਵੇਖੋ: