ਕੀ ਮਾਂ ਬਣਨਾ ਔਰਤਾਂ ਦੀ ਸਹਿਣਸ਼ੀਲਤਾ ਨੂੰ ਵਧਾ ਕੇ ਲੰਬੀਆਂ ਦੌੜਾਂ ਲਈ ਕੁਸ਼ਲ ਦੌੜਾਕ ਬਣਾਉਂਦਾ ਹੈ

    • ਲੇਖਕ, ਸੋਫ਼ੀ ਵਿਲੀਅਮਜ਼
    • ਰੋਲ, ਬੀਬੀਸੀ ਨਿਊਜ਼

ਪਿਛਲੇ ਦਿਨੀਂ ਭਾਰਤ ਦੀ ਹਿਮਾ ਦਾਸ ਨੇ ਨੌਂ ਦਿਨਾਂ ਵਿੱਚ 15 ਸੋਨ ਤਗਮੇ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਹਿਮਾ ਦੀ ਇਸ ਪ੍ਰਾਪਤੀ ਨੇ ਖੇਡਾਂ ਵਿੱਚ ਔਰਤਾਂ ਦੀ ਕੁਸ਼ਲਤਾ ਬਾਰੇ ਨਵੀਂ ਚਰਚਾ ਛੇੜ ਦਿੱਤੀ।

ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਲਿਖਿਆ ਕਿ ਹਿਮਾ ਨੇ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਸ਼ਰਮਿੰਦਾ ਕਰ ਦਿੱਤਾ ਹੈ।

ਖ਼ੈਰ ਸਾਡੇ ਸਾਹਮਣੇ ਸਵਾਲ ਇਹ ਹੈ, ਕੀ ਔਰਤਾਂ ਖੇਡਾਂ ਵਿੱਚ ਮਰਦਾਂ ਨਾਲੋਂ ਕਈ ਗੁਣਾ ਵਧੇਰੇ ਸਹਿਣਸ਼ੀਲ ਹੁੰਦੀਆਂ ਹਨ। ਆਓ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ:

ਯੂਰਪ ਦੇ ਸਭ ਤੋਂ ਬਿਖੜੇ ਮੌਸਮ ਦੀਆਂ ਮਾਰਾਂ ਆਪਣੇ ਪਿੰਡੇ 'ਤੇ ਸਹਿਣ ਕਰਦਿਆਂ ਸਾਈਕਲ ਦੌੜਾਕ ਫਿਓਨਾ ਕੋਲਬਿੰਗਰ ਨੇ 2485 ਮੀਲ ਦਾ ਸਫ਼ਰ 10 ਦਿਨਾਂ ਤੋਂ ਕੁਝ ਵਧੇਰੇ ਸਮੇਂ ਵਿੱਚ ਪੂਰਾ ਕੀਤਾ।

ਇਸ ਸਫ਼ਰ ਦੌਰਾਨ ਤੂਫ਼ਾਨਾਂ-ਝੱਖੜਾਂ, ਤਪਦੀ ਗਰਮੀ ਤੇ ਬਰਫ਼ੀਲੇ ਮੀਂਹ ਦਾ ਸਾਹਮਣਾ ਕੀਤਾ।

ਇਸ ਮਾਅਰਕੇ ਨਾਲ ਜਰਮਨੀ ਦੀ ਇਹ ਸਾਈਕਲ ਦੌੜਾਕ ਅੰਤਰ-ਮਹਾਂਦੀਪੀ ਸਾਈਕਲ ਰੇਸ ਜਿੱਤਣ ਵਾਲੀ ਪਹਿਲੀ ਔਰਤ ਬਣ ਗਈ। ਇਹ ਉਨ੍ਹਾਂ ਦੀ ਪਹਿਲੀ ਅਜਿਹੀ ਦੌੜ ਸੀ।

ਜਿੱਤ ਤੋਂ ਬਾਅਦ ਉਨ੍ਹਾਂ ਦੱਸਿਆ, "ਮੈਂ ਜਿੱਤ 'ਤੇ ਬਹੁਤ ਖ਼ੁਸ ਹਾਂ। ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤਾਂ ਮੈਂ ਸੋਚਿਆ ਸੀ ਕਿ ਮੈਂ ਔਰਤਾਂ ਦੇ ਵਰਗ ਵਿੱਚ ਜਿੱਤ ਜਾਵਾਂਗੀ ਪਰ ਇਹ ਨਹੀਂ ਸੀ ਸੋਚਿਆ ਕਿ ਸਮੁੱਚੀ ਦੌੜ ਦੀ ਜੇਤੂ ਰਹਾਂਗੀ।"

ਇਹ ਵੀ ਪੜ੍ਹੋ:

ਹਾਲਾਂਕਿ ਉਨ੍ਹਾਂ ਦੀ ਇਹ ਪ੍ਰਾਪਤੀ ਹਾਲੀਆ ਸਾਲਾਂ ਵਿੱਚ ਮਹਿਲਾ ਅਥਲੀਟਾਂ ਵੱਲੋਂ ਚੁਣੌਤੀਪੂਰਣ ਖੇਡਾਂ ਵਿੱਚ ਕੀਤੀਆਂ ਪ੍ਰਪਤੀਆਂ ਵਿੱਚੋਂ ਇੱਕ ਪ੍ਰਪਤੀ ਹੀ ਹੈ।

ਜਨਵਰੀ ਵਿੱਚ ਬਰਤਾਨਵੀਂ ਦੌੜਾਕ ਜੈਸਮੀਨ ਪੈਰਿਸ ਨੇ ਯੂਕੇ ਦੀ 268 ਮੀਲ ਲੰਬੀ ਮੌਂਟੇ ਸਪਾਈਨ ਰੇਸ ਵਿੱਚ ਜਿੱਤ ਹਾਸਲ ਕੀਤੀ।

ਉਨ੍ਹਾਂ ਨੇ ਇਹ ਦੌੜ 83 ਘੰਟੇ, 12 ਮਿੰਟਾਂ ਤੇ 23 ਸਕਿੰਟਾਂ ਵਿੱਚ ਪੂਰੀ ਕੀਤੀ। ਇਸ ਸਾਰੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਬੱਚੇ ਨੂੰ ਦੁੱਧ ਵੀ ਚੁੰਘਾਇਆ।

ਇਸੇ ਤਰ੍ਹਾਂ ਮਈ ਵਿੱਚ ਬਰਤਾਨੀਆ ਦੀ ਹੀ ਜੂਨੀਅਰ ਡਾਕਟਰ ਕੈਟੀ ਰਾਈਟ ਨੇ ਲਗਾਤਾਰ 30 ਘੰਟੇ ਦੌੜ ਕੇ 40 ਪੁਰਸ਼ਾਂ ਤੇ 6 ਔਰਤਾਂ ਨੂੰ ਹਰਾਇਆ ਤੇ ਨਿਊਜ਼ੀਲੈਂਡ ਵਿੱਚ ਰਿਵਰਹੈਡ ਬੈਕਯਾਰਡ ਰੀਲੈਪਸ, ਅਲਟਰਾਮੈਰਾਥਨ ਵਿੱਚ ਜਿੱਤ ਹਾਸਲ ਕੀਤੀ।

ਚੁਣੌਤੀਰਪੂਰਣ ਖੇਡਾਂ ਵਿੱਚ ਮਹਿਲਾ ਖਿਡਾਰਨਾਂ ਬਿਹਤਰ ਕਿਵੇਂ

ਤਾਂ ਕੀ ਇਨ੍ਹਾਂ ਪ੍ਰਾਪਤੀਆਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚੁਣੌਤੀਰਪੂਰਣ ਖੇਡਾਂ ਵਿੱਚ ਮਹਿਲਾ ਖਿਡਾਰਨਾਂ ਦੀ ਕਾਰਗੁਜ਼ਾਰੀ ਵਧੀਆ ਹੁੰਦੀ ਹੈ? ਜੇ ਵਾਕਈ ਅਜਿਹਾ ਹੈ ਤਾਂ ਕਿਉਂ?

ਸ਼ੈਫਿਲਡ ਹਾਲਮੈਨ ਯੂਨੀਵਰਸਿਟੀ ਵਿੱਚ ਸਰੀਰ ਵਿਗਿਆਨ (ਫਿਜ਼ੀਔਲੋਜੀ) ਦੇ ਸੀਨੀਅਰ ਲੈਕਚਰਾਰ ਨਿਕੋਲਸ ਟਾਈਲਰ ਦਾ ਕਹਿਣਾ ਹੈ ਕਿ ਔਰਤਾਂ ਵਿੱਚ ਸਲੋ ਟਵਿਚ ਮਾਸਪੇਸ਼ੀਆਂ (slow twitch muscle fibres) ਵਧੇਰੇ ਹੁੰਦੀਆਂ ਹਨ।

ਇਹ ਮਾਂਸਪੇਸ਼ੀਆਂ ਲੰਬੀ-ਬਰਦਾਸ਼ਤ ਵਿੱਚ ਸਹਾਈ ਹੁੰਦੀਆਂ ਹਨ ਅਤੇ ਥਕਾਵਟ ਨੂੰ ਝੱਲਣ ਵਿੱਚ ਮਦਦਗਾਰ ਹੁੰਦੀਆਂ ਹਨ।

ਉਨ੍ਹਾਂ ਕਿਹਾ ਕਿ ਮਰਦਾਂ ਦੀਆਂ ਮਾਸਪੇਸ਼ੀਆਂ ਵੱਡੀਆਂ ਹੁੰਦੀਆਂ ਹਨ ਜੋ ਕਿ ਉਨ੍ਹਾਂ ਨੂੰ ਫੁਰਤੀਲੀਆਂ ਖੇਡਾਂ ਵਿੱਚ ਮਦਦ ਕਰਦੀਆਂ ਹਨ।

ਇਸੇ ਕਾਰਨ ਔਰਤਾਂ ਉਨ੍ਹਾਂ ਨੂੰ ਘੱਟ ਦੂਰੀ ਦੀਆਂ ਖੇਡਾਂ ਜਿਵੇਂ ਮੈਰਾਥਨ ਵਿੱਚ ਮੁਕਾਬਲਾ ਨਹੀਂ ਦੇ ਪਾਉਂਦੀਆਂ।

ਡਾ. ਟਾਇਲਰ ਲੰਬੀ ਦੂਰੀ ਦੇ ਮੈਰਾਥਨ ਦੌੜਾਕ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਅਜਿਹੀਆਂ ਖੇਡਾਂ ਵਿੱਚ ਪੁਰਸ਼ਾਂ ਨੂੰ ਮੁਕਾਬਲਾ ਦੇਣਯੋਗ ਹੁੰਦੀਆਂ ਹਨ ਤੇ ਕਈ ਵਾਰ ਪਛਾੜ ਵੀ ਦਿੰਦੀਆਂ ਹਨ।

ਇਸ ਦਾ ਕਾਰਨ ਇਹ ਹੈ ਕਿ ਮਰਦਾਂ ਦੀਆਂ ਕਪੈਸਟੀਜ਼ ਬਹੁਤ ਜ਼ਿਆਦਾ ਸਹਿਣਸ਼ੀਲਤਾ ਦੀ ਦਰਕਾਰ ਵਾਲੀਆਂ ਖੇਡਾਂ ਵਿੱਚ ਕੰਮ ਨਹੀਂ ਆਉਂਦੀਆਂ।

ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਸਹਿਣਸ਼ੀਲਤਾ ਵਾਲੀਆਂ ਖੇਡਾਂ ਵਿੱਚ ਤੁਹਾਡੀ ਪੂਰੀ ਸਮਰੱਥਾ ਦੇ ਕੋਈ ਮਾਅਨੇ ਨਹੀਂ ਹੁੰਦੇ ਸਗੋਂ ਇਨ੍ਹਾਂ ਵਿੱਚ ਤਾਂ ਸਰੀਰਕ ਅਨਕੂਲਣ, ਆਕਸੀਜਨ ਦੀ ਕੁਸ਼ਲ ਵਰਤੋਂ ਅਤੇ ਦਿਮਾਗੀ ਮਜ਼ਬੂਤੀ ਚਾਹੀਦੀ ਹੁੰਦੀ ਹੈ।

ਹਾਲਾਂਕਿ ਔਰਤਾਂ ਪੁਰਸ਼ਾਂ ਨੂੰ ਧੀਰਜ ਵਾਲੀਆਂ ਖੇਡਾਂ ਵਿੱਚ ਚੁਣੌਤੀ ਨਹੀਂ ਦੇ ਪਾਉਂਦੀਆਂ ਪਰ ਉਹ ਬੇਹੱਦ-ਧੀਰਜ ਵਾਲੀਆਂ ਖੇਡਾਂ ਵਿੱਚ ਉਨ੍ਹਾਂ ਨੂੰ ਨਿਸ਼ਚਿਤ ਹੀ ਤਕੜਾ ਮੁਕਾਬਲਾ ਦਿੰਦੀਆਂ ਹਨ। ਅਜਿਹੀਆਂ ਖੇਡਾਂ ਵਿੱਚ ਉਹ ਬਰਾਬਰ ਦੀਆਂ ਦਾਅਵੇਦਾਰ ਹਨ।

ਭਾਵਨਾਵਾਂ 'ਤੇ ਕਾਬੂ ਰੱਖਣਾ ਜ਼ਰੂਰੀ

ਡਾ. ਟਾਇਲਰ ਦਾ ਇਹ ਵੀ ਕਹਿਣਾ ਹੈ ਕਿ ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਕਿਸੇ ਹੋਰ ਖੇਡ ਵਿੱਚ ਔਰਤਾਂ ਤੇ ਮਰਦਾਂ ਦੇ ਸਾਂਝੇ ਮੁਕਾਬਲੇ ਹੁੰਦੇ ਵੀ ਨਹੀਂ ਹਨ।

ਫਿਓਨਾ ਮੁਤਾਬਕ, "ਦੂਰੀ ਜਿੰਨੀ ਵਧਦੀ ਜਾਵੇਗੀ, ਔਰਤ-ਮਰਦ ਦਾ ਫ਼ਾਸਲਾ ਉਨਾਂ ਹੀ ਘਟਦਾ ਜਾਵੇਗਾ।" ਫਿਓਨਾ ਦੇ ਨਾਮ ਅਲਟਰਾ-ਮੈਰਾਥਨ ਦਾ ਚਾਰ ਵਾਰ ਦਾ ਵਿਸ਼ਵ ਰਿਕਾਰਡ ਦਰਜ ਹੈ।

ਉਨ੍ਹਾਂ ਕਿਹਾ, "ਔਰਤਾਂ ਦੀ ਮਾਨਸਿਕਤਾ ਬਿਲਕੁਲ ਵੱਖਰੀ ਹੁੰਦੀ ਹੈ।"

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਔਰਤਾਂ ਅਜਿਹੇ ਮੁਕਾਬਲਿਆਂ ਵਿੱਚ ਆਪਣੇ-ਆਪ ਨੂੰ ਬਿਲਕੁਲ ਵੱਖਰੀ ਤਰ੍ਹਾਂ ਸੰਭਾਲਦੀਆਂ ਹਨ।

ਨਾਰਥ ਪੋਲ ਦੀ ਦੌੜ ਵਿੱਚ ਬਹੁਤ ਸਾਰੇ ਮਰਦ ਬਹੁਤ ਜਲਦੀ ਬਾਹਰ ਜਾਣ ਲੱਗੇ।

ਉਸ ਦੌੜ ਵਿੱਚ ਇਹ ਲਾਜ਼ਮੀ ਹੈ ਕਿ ਤੁਸੀਂ ਉਸੇ ਗਤੀ ਤੇ ਸ਼ੁਰੂਆਤ ਕਰੋਂ ਜਿਸ ਰਫ਼ਤਾਰ ਨਾਲ ਤੁਸੀਂ ਰੇਸ ਮੁਕਾਉਣੀ ਹੈ ਨਹੀਂ ਤਾਂ ਤੁਹਾਨੂੰ ਹਾਈਪੋਥਰਮੀਆ ਹੋ ਜਾਵੇਗਾ।

ਟਵਿਖਨਹੈਮ ਦੀ ਯੂਨੀਵਰਸਿਟੀ ਵਿੱਚ ਸਪੋਰਟ ਸਾਈਕੋਲੋਜੀ ਦੀ ਸੀਨੀਅਰ ਲੈਕਚਰਾਰ ਡਾ. ਕਾਰਲਾ ਮੈਈਜਿਨ ਦਾ ਕਹਿਣਾ ਹੈ, ਔਰਤਾਂ ਵੱਲੋਂ ਅਲਟਰਾ-ਇੰਡਿਓਰੈਂਸ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਉਹ ਆਪਣੀਆਂ ਭਾਵਾਨਾਂਵਾਂ 'ਤੇ ਕਿਵੇਂ ਕੰਟਰੋਲ ਕਰਦੀਆਂ ਹਨ।

ਉਨ੍ਹਾਂ ਕਿਹਾ, "ਜਦੋਂ ਅਸੀਂ ਅਲਟਰਾ-ਇੰਡਿਓਰੈਂਸ ਖੇਡਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵਿਆਪਕ ਚੀਜ਼ ਭਾਵਨਾਵਾਂ ਹੁੰਦੀਆਂ ਹਨ ਕਿੁਉਂਕਿ ਤੁਸੀਂ ਥੱਕ ਜਾਂਦੇ ਹੋ, ਸੌਂ ਨਹੀਂ ਪਾਉਂਦੇ ਜਿਸ ਨਾਲ ਫੈਸਲੇ ਲੈਣ ਵਿੱਚ ਦਿੱਕਤ ਹੁੰਦੀ ਹੈ ਤੇ ਇਹ ਸਥਿਤੀ ਭਾਵੁਕ ਪ੍ਰਤੀਕਿਰਿਆ ਵਿੱਚ ਮਦਦਗਾਰ ਨਹੀਂ ਹੁੰਦੀ।

"ਔਰਤਾਂ ਆਮ ਕਰਕੇ ਭਾਵਨਾਵਾਂ ਨੂੰ ਪ੍ਰਮੁੱਖਤਾ ਦਿੰਦੀਆਂ ਹਨ। ਉਹ ਮਰਦਾਂ ਨਾਲੋ ਭਾਵਾਨਾਵਾਂ ਨੂੰ ਜ਼ਿਆਦਾ ਵਧੀਆ ਸੰਭਾਲ ਸਕਦੀਆਂ ਹਨ। ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਕਿ ਉਹ ਅਜਿਹੀਆਂ ਖੇਡਾਂ ਲਈ ਜ਼ਿਆਦਾ ਢੁਕਵੀਂਆਂ ਹੋਣ।"

ਜਦੋਂ ਜੈਸਮਿਨ ਪੈਰਿਸ ਨੇ ਮੌਂਟੇ ਸਪਾਈਨ ਰੇਸ ਜਿੱਤੀ ਤਾਂ ਉਨ੍ਹਾਂ ਨੇ ਤਿਰਾਸੀਆਂ ਵਿੱਚੋਂ ਸਿਰਫ਼ ਸੱਤ ਘੰਟਿਆਂ ਲਈ ਹੀ ਆਰਾਮ ਕੀਤਾ ਸੀ। ਇਸੇ ਦੌਰਾਨ ਉਨ੍ਹਾਂ ਨੇ ਸੌਣਾ ਸੀ, ਖਾਣਾ ਸੀ ਤੇ ਆਪਣੀ ਕਿੱਟ ਦਾ ਧਿਆਨ ਰੱਖਣਾ ਸੀ।

ਦੌੜ ਦੇ ਆਖ਼ਰੀ ਗੇੜ ਵਿੱਚ ਉਨ੍ਹਾਂ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚਣ ਲੱਗੇ, ਉਨ੍ਹਾਂ ਨੂੰ ਲਗਦਾ ਪੱਥਰਾਂ ਵਿੱਚੋਂ ਜਾਨਵਰ ਨਿਕਲ ਰਹੇ ਹਨ। ਉਨ੍ਹਾਂ ਭੁੱਲ ਹੀ ਜਾਂਦਾ ਸੀ ਕਿ ਉਹ ਦੌੜ ਵਿੱਚ ਹਿੱਸਾ ਲੈ ਰਹੇ ਹਨ।

'ਜਣੇਪੇ ਦੀਆਂ ਪੀੜਾਂ ਨੇ ਸਵੈ-ਭਰੋਸਾ ਜਗਾਇਆ'

ਸਾਲ 2017 ਵਿੱਚ ਅਮਰੀਕਾ ਦੀ ਅਲਟਰਾ-ਮੈਰਾਥਨ ਦੌੜਾਕ ਕਰਟਨੀ ਦਾਵਾਲਟਰ ਨੇ 238 ਮੀਲ ਲੰਬੀ ਐੱਮਓਏਬੀ ਦੌੜ 58 ਤੋਂ ਵੀ ਘੱਟ ਘੰਟਿਆਂ ਵਿੱਚ ਜਿੱਤੀ।

ਇਸ ਦੌਰਾਨ ਉਹ ਮਹਿਜ਼ 21 ਮਿੁੰਟ ਸੌਂ ਸਕੀ। ਦੌੜ ਦੀ ਸਖ਼ਤੀ ਦਾ ਦੌੜਾਕ ਉੱਪਰ ਵੀ ਵੱਡਾ ਅਸਰ ਪਿਆ। ਆਖ਼ਰੀ ਬਾਰਾਂ ਮੀਲ ਉਨ੍ਹਾਂ ਪੂਰੇ ਅੰਧਰਾਤੇ ਵਿੱਚ ਦੌੜੇ। ਦੌੜਾਕ ਦੀ ਨਜ਼ਰ ਪੂਰੀ ਤਰ੍ਹਾਂ ਵਾਪਸ ਸਹੀ ਹੋਣ ਵਿੱਚ ਪੰਜ ਘੰਟਿਆਂ ਦਾ ਸਮਾਂ ਲੱਗਿਆ।

ਯੂਨੀਵਰਸਿਟੀ ਆਫ਼ ਕੈਂਟ ਵਿੱਚ ਸਹਿਯੋਗੀਆਂ ਨਾਲ ਕੀਤੀ ਆਪਣੀ ਖੋਜ ਦੇ ਨਤੀਜਿਆਂ ਦੇ ਅਧਾਰ 'ਤੇ ਪੌਲ ਅਨਸਟਿਸ ਅਤੇ ਪ੍ਰੋਫੈਸਰ ਸਮੂਏਲ ਮਾਰਕੋਰਾ ਨੇ ਦੱਸਿਆ ਕਿ ਕੁਝ ਅਲਟਰਾ-ਇਡਿਓਰੈਂਸ ਵਾਲੀਆਂ ਖਿਡਾਰਨਾਂ ਨੇ ਦੱਸਿਆ ਕਿ ਬੱਚੇ ਨੂੰ ਜਨਮ ਦੇਣ ਦੇ ਉਨ੍ਹਾਂ ਦੇ ਪਿਛਲੇ ਅਨੁਭਵਾਂ ਨੇ ਉਨ੍ਹਾਂ ਦੀ ਕਾਫ਼ੀ ਮਦਦ ਕੀਤੀ।

ਉਨ੍ਹਾਂ ਕਿਹਾ, "ਕੁਝ ਔਰਤਾਂ ਨੇ ਦੱਸਿਆ ਕਿ ਜਣੇਪੇ ਦੀਆਂ ਪੀੜਾਂ ਨੇ ਉਨਾਂ ਦਾ ਸਵੈ-ਭਰੋਸਾ ਜਗਾਇਆ ਕਿ ਉਹ ਇਸ ਕਸ਼ਟ ਵਿੱਚੋਂ ਵੀ ਲੰਘ ਸਕਦੀਆਂ ਹਨ।"

"ਜਦੋਂ ਤੁਸੀਂ ਅਲਟਰਾ-ਇਡਿਓਰੈਂਸ ਦੀ ਗੱਲ ਕਰਦੇ ਹੋ ਤਾਂ ਇਹ ਬਹੁਤ ਕਸ਼ਟਪੂਰਨ ਹੈ।"

ਹਾਲਾਂਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਤੇ ਮਰਦਾਂ ਦੀ ਤੁਲਨਾ ਕਰਨ ਲਈ ਖੋਜ ਦੀ ਕਮੀ ਹੈ।

ਡਾ. ਬਰਾਇਸ ਕਾਰਲਸਨ ਜੋ ਕਿ ਇੱਕ ਅਮਰੀਕੀ ਅਲਟਰਾ-ਮੈਰਾਥਨ ਦੌੜਾਕ ਹਨ ਅਤੇ ਨਾਰਥ ਅਟਲਾਂਟਿਕ ਵੈਸਟ-ਟੂ-ਈਸਟ ਸੋਲੋ ਰੋਅ ਦੀ 2000 ਮੀਲ (3218 ਕਿਲੋਮੀਟਰ) ਪੂਰੀ ਕਰਨ ਵਾਲੇ ਪਹਿਲੇ ਦੌੜਾਕ ਹਨ।

ਉਨ੍ਹਾਂ ਦਾ ਕਹਿਣਾ ਹੈ, "ਇਸ ਬਾਰੇ ਢੁਕਵੀਂ ਸੰਖਿਆ ਵਿੱਚ ਸੈਂਪਲ ਨਹੀਂ ਹੈ ਕਿ ਅਲਟਰਾ-ਇਡਿਓਰੈਂਸ ਖੇਡਾਂ ਵਿੱਚ ਔਰਤਾਂ ਬਿਹਤਰ ਹਨ ਜਾਂ ਕਿ ਪੁਰਸ਼।"

"ਬਹੁਤੀ ਵਾਰ ਕੋਈ ਉੱਤਮ ਵਰਗ ਦੀ ਮਹਿਲਾ ਜਿੱਤ ਜਾਂਦੀ ਹੈ ਜਿਸ ਨੇ ਬਹੁਤ ਸਖ਼ਤ ਤਿਆਰੀ ਕੀਤੀ ਹੁੰਦੀ ਹੈ। ਉਸ ਕੋਲ ਖੇਡ ਲਈ ਲੋੜੀਂਦੇ ਕੌਸ਼ਲ ਵੀ ਹੁੰਦੇ ਹਨ।"

ਇਹ ਵੀ ਪੜ੍ਹੋ:

"ਇਸ ਦੇ ਨਾਲ ਹੀ ਹੋ ਸਕਦਾ ਹੈ ਕਿ ਮੁਕਾਬਲਾ ਦੇਣ ਵਾਲੇ ਪੁਰਸ਼ ਉਸ ਦੇ ਟਾਕਰੇ ਦੇ ਨਾ ਹੋਣ। ਅਜਿਹੀ ਹਾਲਤ ਵਿੱਚ ਤੁਲਨਾ ਕਰਨ ਲਈ ਸੈਂਪਲ ਨਹੀਂ ਮਿਲਦਾ।"

ਉਨ੍ਹਾਂ ਦੱਸਿਆ ਕਿ ਅਲਟਰਾ-ਇਡਿਓਰੈਂਸ ਦੌੜਾਕ ਐਨ ਟਾਰਸਨ 1980ਵਿਆਂ ਤੋਂ 2004 ਤੱਕ ਰਿਕਾਰਡ ਤੋੜਦੀ ਰਹੀ ਹੈ।

ਉਸ ਨੇ ਅਲਟਰਾ-ਦੌੜਾਕ ਦਾ ਖਿਤਾਬ ਇੱਕ ਦਹਾਕੇ ਤੱਕ ਆਪਣੇ ਨਾਮ ਕਰੀ ਰੱਖਿਆ। ਉਸ ਨੇ 40 ਤੋਂ 100 ਮੀਲ ਦੇ ਮੁਕਾਬਲਿਆਂ ਵਿੱਚ 20 ਤੋਂ ਵਧੇਰੇ ਰਿਕਾਰਡ ਤੋੜੇ।

ਉਸ ਦੇ ਪ੍ਰਦਰਸ਼ਨ ਨੇ ਬਹਿਸ ਛੇੜ ਦਿੱਤੀ ਸੀ ਕਿ ਕੀ ਔਰਤਾਂ ਹੁਣ ਨਿਰੰਤਰ ਹੀ ਪੁਰਸ਼ਾਂ ਨੂੰ ਪਛਾੜਦੀਆਂ ਰਹਿਣਗੀਆਂ।

ਉਸ ਤੋਂ 30 ਸਾਲ ਬਾਅਦ ਅਲਟਰਾ-ਇਡਿਓਰੈਂਸ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਪਰ ਫਿਰ ਵੀ ਮਰਦਾਂ ਦਾ ਪ੍ਰਦਰਸ਼ਨ ਉਨ੍ਹਾਂ ਤੋਂ ਵਧੀਆ ਰਿਹਾ ਹੈ।

ਫਿਓਨਾ ਓਕੇਸ ਦਾ ਕਹਿਣਾ ਹੈ ਕਿ ਔਰਤਾਂ ਇਨ੍ਹਾਂ ਮੁਕਾਬਲਿਆਂ ਵਿੱਚ ਥੋੜ੍ਹੇ ਹੀ ਸਮੇਂ ਤੋਂ ਹਨ ਪਰ ਉਹ ਮੁਕਾਬਲਤਨ ਤੇਜ਼ੀ ਨਾਲ ਸੁਧਾਰ ਕਰ ਰਹੀਆਂ ਹਨ।

ਉਨ੍ਹਾਂ ਦੱਸਿਆ, "ਜਦੋਂ ਮੈਂ ਮੈਰਾਥਨ ਡੀ ਸੈਬਲਸ ਵਿੱਚ ਦੌੜੀ ਸੀ, ਉਸ ਸਮੇ ਕਿਸੇ ਔਰਤ ਨੇ ਦੌੜ ਪੂਰੀ ਵੀ ਨਹੀਂ ਸੀ ਕੀਤੀ। ਹੁਣ ਉਹ ਇਨ੍ਹਾਂ ਅਲਟਰਾ-ਇਡਿਓਰੈਂਸ ਦੌੜਾਂ ਵਿੱਚ ਸਿਖਰਲੇ ਵੀਹਾਂ ਵਿੱਚ ਆਉਣ ਲੱਗੀਆਂ ਹਨ।"

"ਔਰਤਾਂ ਅਸਲ ਵਿੱਚ ਅੱਗੇ ਵਧ ਕੇ ਮਰਦਾਂ ਨੂੰ ਪਛਾੜ ਰਹੀਆਂ ਹਨ। ਅਸੀਂ ਦੇਖਾਂਗੇ ਕਿ ਅਜਿਹਾ ਹੋਰ ਜ਼ਿਆਦਾ ਹੋਵੇਗਾ। ਉਹ ਅਲਟਰਾ-ਇਡਿਓਰੈਂਸ ਮੁਕਾਬਲਿਆਂ ਵਿੱਚ ਪੈਰ ਜਮਾਂ ਰਹੀਆਂ ਹਨ ਤੇ ਤੁਸੀਂ ਹੋਰ ਕਈ ਔਰਤਾਂ ਨੂੰ ਸਿਖਰਾਂ ਵੱਲ ਵਧਦੇ ਦੇਖੋਂਗੇ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)