ਗਊ ਦੇ ਜਰਾਸੀਮਾਂ ਤੋਂ ਨਿਕਲਿਆ ਸੀ ਛੋਟੀ ਚੇਚਕ ਦਾ ਟੀਕਾ - ਟੀਕਾਕਰਨ 'ਤੇ ਅੱਜ ਵੀ ਕੁਝ ਲੋਕ ਭਰੋਸਾ ਕਿਉਂ ਨਹੀਂ ਕਰਦੇ

ਟੀਕਾਕਰਨ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ ਅਤੇ ਆਮ ਤੌਰ 'ਤੇ ਲੋਕਾਂ ਨੂੰ ਇਸ ਬਾਰੇ ਸ਼ੱਕ ਕਿਉਂ ਰਹਿੰਦਾ ਹੈ, ਕਿ ਇਹ ਸੁਰੱਖਿਅਤ ਹੈ ਜਾਂ ਫਿਰ ਨਹੀਂ? ਅਜਿਹੇ ਕਈ ਸਵਾਲ ਲੋਕਾਂ ਦੇ ਮਨਾਂ 'ਚ ਪੈਦਾ ਹੁੰਦੇ ਹਨ।

ਵਿਸ਼ਵ ਸਿਹਤ ਸੰਗਠਨ ਦੇ ਅੰਦਾਜੇ ਮੁਤਾਬਕ ਸਾਲ 2010 ਤੋਂ 2015 ਦਰਮਿਆਨ ਟੀਕਾਕਰਨ ਨਾਲ ਘੱਟੋ-ਘੱਟ ਇੱਕ ਕਰੋੜ ਜਾਨਾਂ ਬਚੀਆਂ ਹਨ। ਫਿਰ ਵੀ ਕਈ ਮੁਲਕਾਂ 'ਚ ਅੱਜ ਵੀ ਟੀਕਾਕਰਨ ਤੋਂ ਮੂੰਹ ਮੋੜਿਆ ਜਾਂਦਾ ਹੈ, ਇਸ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ ਅਤੇ ਇਹ ਰੁਝਾਨ ਵਧਦਾ ਜਾ ਰਿਹਾ ਹੈ।

ਵਿਸ਼ਵ ਸਹਿਤ ਸੰਗਠਨ ਇਸ ਸਥਿਤੀ ਪ੍ਰਤੀ ਚਿੰਤਤ ਹੈ ਅਤੇ ਇਸੇ ਲਈ 2019 'ਚ ਵਿਸ਼ਵ ਦੀ ਸਿਹਤ ਲਈ ਪੈਦਾ ਹੋਏ 10 ਖ਼ਤਰਿਆਂ 'ਚ ਟੀਕਾਕਰਣ ਤੋਂ ਕੀਤੇ ਜਾਂਦੇ ਇਸ ਪ੍ਰਹੇਜ਼ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਟੀਕਾਕਰ ਦੀ ਖੋਜ ਕਿਵੇਂ ਹੋਈ?

ਟੀਕਿਆਂ ਦੀ ਖੋਜ ਤੋਂ ਪਹਿਲਾਂ ਦੁਨੀਆ ਭਰ 'ਚ ਹਰ ਸਾਲ ਲੱਖਾਂ ਹੀ ਲੋਕ ਲਾ-ਬਿਮਾਰੀਆਂ ਨਾਲ ਮਾਰੇ ਜਾਂਦੇ ਸਨ।

10ਵੀਂ ਸਦੀ 'ਚ ਸਭ ਤੋਂ ਪਹਿਲਾਂ ਚੀਨੀਆਂ ਵੱਲੋਂ ਟੀਕਾਕਰਨ ਦੀ ਮੁੱਢਲੇ ਰੂਪ ਵਿਚ ਖੋਜ ਕੀਤੀ ਗਈ। ਜਿਸ ਨੂੰ ਕਿ " ਵੈਰੀਓਲੇਸ਼ਨ" ਦਾ ਨਾਂਅ ਦਿੱਤਾ ਗਿਆ।

ਵੈਰੀਓਲੇਸ਼ਨ ਦੀ ਇਸ ਪ੍ਰਕਿਰਆ ਵਿੱਚ ਸਿਹਤਮੰਦ ਲੋਕਾਂ ਨੂੰ ਬਿਮਾਰੀਆਂ ਖ਼ਿਲਾਫ ਪੈਦਾ ਹੋਈ ਰੋਗਾਂ ਨਾਲ ਲੜਨ ਦੀ ਸ਼ਕਤੀ ਦੇ ਸੰਪਰਕ ਵਿੱਚ ਲਿਆਂਦਾ ਜਾਂਦਾ ਸੀ ਤਾਂ ਜੋ ਉਨ੍ਹਾਂ ਵਿੱਚ ਵੀ ਇਹ ਸ਼ਕਤੀ ਵਿਕਸਿਤ ਹੋ ਸਕੇ।

ਲਗਭਗ ਅੱਠ ਸਦੀਆਂ ਬਾਅਦ ਇੰਗਲੈਂਡ ਦੇ ਇੱਕ ਡਾਕਟਰ ਐਡਵਰਡ ਜੇਨਰ ਨੇ ਵੇਖਿਆ ਕਿ ਦੁਧਾਰੂ ਗਾਂ ਦੇ ਸੰਪਰਕ ਵਿੱਚ ਰਹਿਣ ਵਾਲਿਆਂ ਨੂੰ ਗਾਵਾਂ ਵਾਲੀ ਚੇਚਕ (ਕਾਓਪਾਕਸ) ਤਾਂ ਹੋ ਜਾਂਦੀ ਸੀ ਪਰ ਛੋਟੀ ਚੇਚਕ ਨਹੀਂ ਸੀ ਹੁੰਦੀ।

ਇਹ ਵੀ ਦੇਖੋ :

ਛੋਟੀ ਚੇਚਕ ਦੀ ਬਿਮਾਰੀ ਅਜਿਹੀ ਛੂਤ ਦੀ ਬਿਮਾਰੀ ਸੀ, ਜਿਸ ਨਾਲ ਕੁੱਲ ਮਰੀਜ਼ਾਂ ਵਿੱਚੋਂ 30% ਦੀ ਮੌਤ ਹੋ ਜਾਂਦੀ ਸੀ ਤੇ ਜੋ ਬਚ ਜਾਂਦੇ ਸਨ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਸੀ।

1796 'ਚ ਜੇਨਰ ਨੇ ਇਕ ਅੱਠ ਸਾਲਾਂ ਦੇ ਬੱਚੇ ਜੇਮਸ ਫਿਪਸ 'ਤੇ ਪ੍ਰਯੋਗ ਕੀਤਾ। ਡਾਕਟਰ ਨੇ ਮੁੰਡੇ ਦੇ ਕਾਓਪਾਕਸ ਦੇ ਜ਼ਖਮ ਦੀ ਪੀਕ ਦਾ ਟੀਕਾ ਲਾਇਆ ਅਤੇ ਜਲਦ ਹੀ ਲੱਛਣ ਵਿਖਾਈ ਦੇਣੇ ਸ਼ੁਰੂ ਹੋ ਗਏ।

ਫਿਪਸ ਠੀਕ ਹੋਣ ਲੱਗਾ ਅਤੇ ਡਾਕਟਰ ਨੇ ਛੋਟੀ ਚੇਚਕ ਦੇ ਜਰਾਸੀਮ ਮੁੰਡੇ ਦੇ ਸਰੀਰ 'ਚ ਦਾਖਲ ਕੀਤੇ ਪਰ ਮੁੰਡੇ ਦੀ ਸਿਹਤ ਤੰਦਰੁਸਤ ਰਹੀ। ਇਸ ਚੇਚਕ ਨੇ ਫਿਪਸ ਦੀ ਇਸ ਬਿਮਾਰੀ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ।

1798 'ਚ ਇਸ ਖੋਜ-ਕਾਰਜ ਦੇ ਨਤੀਜੇ ਪ੍ਰਕਾਸ਼ਿਤ ਕੀਤੇ ਗਏ ਅਤੇ ਲਾਤੀਨੀ ਭਾਸ਼ਾ ਦੇ ' ਵਾਕਾ' ਤੋਂ 'ਵੈਕਸਿਨ' ਸ਼ਬਦ ਬਣਾਇਆ ਗਿਆ, ਜਿਸ ਦਾ ਅਰਥ ਹੈ ਗਾਂ।

ਸਫ਼ਲਤਾਵਾਂ

ਪਿਛਲੀ ਸਦੀ 'ਚ ਟੀਕਾਕਰਨ ਰਾਹੀਂ ਕਈ ਨਾਮੁਰਾਦ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਗਿਆ ਹੈ, ਜਿਸ ਕਾਰਨ ਕਈ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੀ ਹੈ।

ਸਾਲ 1960 'ਚ ਪਹਿਲੇ ਟੀਕਾਕਰਨ ਤੋਂ ਪਹਿਲਾਂ ਹਰ ਸਾਲ ਖਸਰੇ ਕਾਰਨ 26 ਲੱਖ ਲੋਕ ਮਰ ਜਾਂਦੇ ਸਨ। ਵਿਸ਼ਵ ਸਹਿਤ ਸੰਗਠਨ ਅਨੁਸਾਰ 2000 ਤੋਂ 2017 ਦੇ ਸਮੇਂ ਦੌਰਾਨ ਟੀਕਾਕਰਨ ਦੀ ਬਦੌਲਤ ਹੀ ਖਸਰੇ ਕਾਰਨ ਹੋ ਰਹੀਆਂ ਮੌਤਾਂ 'ਚ 80% ਕਮੀ ਦਰਜ ਕੀਤੀ ਗਈ ਸੀ।

ਕੁਝ ਦਹਾਕੇ ਪਹਿਲਾਂ ਹੀ ਅਧਰੰਗ ਅਤੇ ਮੌਤ ਦੇ ਮੁੱਦੇ ਬਹੁਤ ਹੀ ਚਿੰਤਾ ਦਾ ਵਿਸ਼ਾ ਸਨ, ਕਿਉਂਕਿ ਪੋਲਿਓ ਦੇ ਕਾਰਨ ਲੱਖਾਂ ਹੀ ਲੋਕ ਪੀੜਤ ਹੋ ਜਾਂਦੇ ਸਨ। ਹੁਣ ਪੋਲਿਓ ਨੂੰ ਲਗਭਗ ਜੜ੍ਹੋਂ ਹੀ ਖ਼ਤਮ ਕਰ ਦਿੱਤਾ ਗਿਆ ਹੈ।

ਪੋਲੀਓ ਦਾ ਵਾਇਰਸ ਲਾਗ ਨਾਲ ਫੈਲਦਾ ਹੈ। ਇਹ ਵਾਇਰਸ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਸਾਲ 1988 ਵਿੱਚ ਇਸ ਦੇ ਖ਼ਿਲਾਫ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਇਸ ਦੇ ਮਾਮਲਿਆਂ ਵਿੱਚ 99% ਕਮੀ ਆਈ ਹੈ।

ਕੁਝ ਲੋਕਾਂ ਨੂੰਟੀਕਾਕਰਤੋਂ ਇਨਕਾਰ ਕਿਉਂ ਹੈ?

ਟੀਕਾਕਰਨ ਉੱਪਰ ਲੋਕਾਂ ਦਾ ਸ਼ੱਕ ਲਗਪਗ ਟੀਕਾਕਰਨ ਦੀ ਕਾਢ ਜਿੰਨਾ ਹੀ ਪੁਰਾਣਾ ਹੈ।

ਪੁਰਾਣੇ ਸਮਿਆਂ 'ਚ ਲੋਕ ਧਾਰਮਿਕ ਕਾਰਨਾਂ ਕਰਕੇ ਟੀਕਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਟੀਕਾਕਰਨ ਅਸ਼ੁੱਧ ਕਾਰਜ ਹੈ ਅਤੇ ਇਹ ਉਨ੍ਹਾਂ ਦੀ ਚੋਣ ਕਰਨ ਦੀ ਆਜ਼ਾਦੀ ਨੂੰ ਖ਼ਤਮ ਕਰਦਾ ਹੈ।

1800 ਦੇ ਦਹਾਕੇ ਦੌਰਾਨ ਬ੍ਰਿਟੇਨ 'ਚ ਕਥਿਤ ਟੀਕਾਕਰਨ ਵਿਰੋਧੀ ਸਮੂਹਾਂ ਦਾ ਜਨਮ ਹੋਇਆ। ਇਨ੍ਹਾਂ ਸਮੂਹਾਂ ਵੱਲੋਂ ਬਿਮਾਰੀਆਂ ਦਾ ਇਲਾਜ ਕਰਨ ਲਈ ਬਦਲਵੇਂ ਉਪਾਵਾਂ ਦੀ ਵਕਾਲਤ ਕੀਤੀ ਗਈ। ਜਿਵੇਂ ਲਾਗ ਦੀ ਬਿਮਾਰੀ ਵਾਲੇ ਵਿਅਕਤੀ ਨੂੰ ਦੂਜਿਆਂ ਤੋਂ ਅਲੱਗ ਕਰ ਦਿੱਤਾ ਜਾਵੇ।

ਸਾਲ 1870 ਦੇ ਦਹਾਕੇ 'ਚ ਬ੍ਰਿਟੇਨ ਟੀਕਾਕਰਨ ਵਿਰੋਧੀ ਕਾਰਕੁੰਨ ਵਿਲੀਅਮ ਟੇਬਬ ਵੱਲੋਂ ਅਮਰੀਕਾ ਦਾ ਦੌਰਾ ਕਰਨ ਤੋਂ ਬਾਅਦ ਅਮਰੀਕਾ ਵਿੱਚ ਪਹਿਲੇ ਟੀਕਾਕਰਨ ਵਿਰੋਧੀ ਸਮੂਹ ਦਾ ਗਠਨ ਹੋਇਆ।

ਟੀਕਾਕਰਣ ਵਿਰੋਧੀ ਅੰਦੋਲਨ ਦੇ ਹਾਲ ਦੇ ਇਤਿਹਾਸ 'ਚ ਪ੍ਰਮੁੱਖ ਹਸਤੀ ਐਂਡਰਿਊ ਵੇਕਫੀਲ਼ਡ ਹਨ।

1998 'ਚ ਲੰਡਨ ਅਧਾਰਿਤ ਇੱਕ ਡਾਕਟਰ ਨੇ ਇੱਕ ਝੂਠੀ ਰਿਪੋਰਟ ਪ੍ਰਕਾਸ਼ਿਤ ਕੀਤੀ ਤੇ ਔਟਿਜ਼ਮ ਅਤੇ ਅੰਤੜੀ ਰੋਗਾਂ ਨੂੰ ਐਮਐਮਆਰ ਟੀਕੇ ਨਾਲ ਜੋੜਿਆ।

ਐਮਐਮਆਰ ਛੋਟੇ ਬੱਚਿਆਂ ਨੂੰ ਲਗਾਇਆ ਜਾਣ ਵਾਲਾ ਤਾਂ ਜੋ ਉਨ੍ਹਾਂ ਨੂੰ ਖਸਰੇ, ਗਲੇ ਦੇ ਰੋਗ ਅਤੇ ਰੂਬੇਲਾ ਤੋਂ ਬਚਾਇਆ ਜਾ ਸਕੇ। ਰੂਬੇਲਾ ਨੂੰ ਜਰਮਨ ਖਸਰਾ ਵੀ ਕਿਹਾ ਜਾਂਦਾ ਹੈ।

ਭਾਵੇਂ ਕਿ ਉਨ੍ਹਾਂ ਦੇ ਪਰਚੇ ਨੂੰ ਰੱਦ ਕਰ ਦਿੱਤਾ ਗਿਆ ਅਤੇ ਵੇਕਫੀਲ਼ਡ ਦੀ ਇੰਗਲੈਂਡ ਵਿੱਚ ਡਾਕਟਰ ਵਜੋਂ ਮਾਨਤਾ ਰੱਦ ਕਰ ਦਿੱਤੀ ਗਈ। ਫਿਰ ਵੀ ਉਨ੍ਹਾਂ ਵੱਲੋਂ ਕੀਤੇ ਦਾਅਵਿਆਂ ਕਾਰਨ ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਦੀ ਗਿਣਤੀ 'ਚ ਕਮੀ ਦਰਜ ਕੀਤੀ ਗਈ ਸੀ।

ਟੀਕਾਕਾਰਨ ਦਾ ਮਸਲਾ ਹੁਣ ਸਿਆਸੀ ਰੂਪ ਧਾਰਨ ਕਰ ਰਿਹਾ ਹੈ।

ਇਟਲੀ ਦੇ ਗ੍ਰਹਿ ਮੰਤਰੀ ਮਾਟੀਓ ਸਲਵੀਨੀ ਨੇ ਖ਼ੁਦ ਨੂੰ ਇੱਕ ਟੀਕਾਕਰਣ ਵਿਰੋਧੀ ਸਮੂਹ ਨਾਲ ਜੋੜ ਲਿਆ ਹੈ।

ਇਹ ਵੀ ਪੜ੍ਹੋ:

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਾਲਾਂਕਿ ਬਿਨਾਂ ਕਿਸੇ ਸਬੂਤ ਦੇ ਹੀ ਟੀਕਾਕਰਨ ਨੂੰ ਔਟਿਜ਼ਮ ਨਾਲ ਜੋੜਿਆ ਹੈ ਪਰ ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ।

ਸਾਲ 2019 'ਚ ਵੇਲਕਮ ਟਰੱਸਟ ਵੱਲੋਂ ਟੀਕਾਕਰਨ ਦੇ ਰੱਵਈਏ 'ਤੇ ਕੀਤਾ ਗਿਆ ਵਿਸ਼ਵ ਪੱਧਰੀ ਅਧਿਐਨ ਇਹ ਦਰਸਾਉਂਦਾ ਹੈ ਕਿ ਯੂਰਪ 'ਚ ਟੀਕਾਕਰਨ ਪ੍ਰਤੀ ਬਹੁਤ ਬੇਵਿਸ਼ਵਾਸੀ ਦੀ ਸਥਿਤੀ ਹੈ। ਫਰਾਂਸ 'ਚ ਤਾਂ ਇਹ ਬੇਭਰੋਸਗੀ ਸਭ ਤੋਂ ਵਧਰੇ ਹੈ।

ਟੀਕਾਕਰ ਤੋਂ ਖ਼ਤਰੇ ਕੀ ਹਨ?

ਜਦੋਂ ਆਬਾਦੀ ਦੇ ਇੱਕ ਵੱਡੇ ਹਿੱਸੇ ਦਾ ਟੀਕਾਕਰਨ ਕਰ ਲਿਆ ਜਾਂਦਾ ਹੈ ਤਾਂ ਵੱਡੀ ਬਿਮਾਰੀ ਜਾਂ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ 'ਚ ਬਹੁਤ ਮਦਦ ਮਿਲਦੀ ਹੈ।

ਇਸ ਦੇ ਨਾਲ ਹੀ ਆਬਾਦੀ ਦੇ ਜਿਸ ਛੋਟੇ ਹਿੱਸੇ ਨੇ ਟੀਕਕਾਰਨ ਨੂੰ ਨਹੀਂ ਅਪਣਾਇਆ ਹੁੰਦਾ ਉਹ ਵੀ ਅਜਿਹੀਆਂ ਬਿਮਾਰੀਆਂ ਤੋਂ ਬਚ ਜਾਂਦੇ ਹਨ।

ਜਦੋਂ ਇਸ 'ਚ ਕੋਈ ਕਮੀ ਆਉਂਦੀ ਹੈ ਤਾਂ ਵਧੇਰੇ ਆਬਾਦੀ ਲਈ ਖ਼ਤਰਾ ਖੜ੍ਹਾ ਹੋ ਜਾਂਦਾ ਹੈ। ਕਿਸੇ ਬਿਮਾਰੀ ਤੋਂ ਕਿਸੇ ਭੂਗੋਲਿਕ ਖਿੱਤੇ ਦੀ ਵਸੋਂ ਨੂੰ ਬਚਾਈ ਰੱਖਣ ਲਈ ਘੱਟ ਤੋਂ ਘੱਟ ਕਿੰਨੇ ਲੋਕਾਂ ਨੂੰ ਟੀਕਾਕਰਨ ਦੀ ਜ਼ਰੂਰਤ ਹੈ ਉਸ ਦਾ ਅਨੁਪਾਤ ਵੱਖ-ਵੱਖ ਬਿਮਾਰੀਆਂ 'ਵੱਖ-ਵੱਖ ਹੈ। ਵਿਸ਼ਵ ਸਹਿਤ ਸੰਗਠਨ ਅਨੁਸਾਰ ਖਸਰੇ ਲਈ 95% ਅਤੇ ਪੋਲਿਓ ਲਈ 80% ਤੋਂ ਵੱਧ ਹੈ।

ਪਿਛਲੇ ਸਾਲ ਅਮਰੀਕਾ ਦੇ ਬਰੁਕਲਿਨ 'ਚ ਇਕ ਅਤਿ-ਰੂੜੀਵਾਦੀ ਯਹੂਦੀ ਭਾਈਚਾਰੇ ਨੇ ਟੀਕਾਕਰਨ ਅਤੇ ਔਟਿਜ਼ਮ ਦਰਮਿਆਨ ਝੂਠਾ ਸਬੰਧ ਦੱਸਣ ਵਾਲੀਆਂ ਅਫ਼ਵਾਹਾਂ ਨੂੰ ਰੱਦ ਕਰਨ ਲਈ ਪ੍ਰਚਾਰ ਕੀਤਾ। ਅਮਰੀਕਾ 'ਚ ਇਹ ਭਾਈਚਾਰਾ ਪਿਛਲੇ ਕਈ ਦਹਾਕਿਆਂ ਤੋਂ ਖਸਰੇ ਦੀ ਬਿਮਾਰੀ ਦਾ ਵੱਡੇ ਪੱਧਰ 'ਤੇ ਸ਼ਿਕਾਰ ਰਿਹਾ ਹੈ।

ਇੰਗਲੈਂਡ ਦੇ ਇਕ ਸੀਨੀਅਰ ਡਾਕਟਰ ਨੇ ਪਿਛਲੇ ਸਾਲ ਚੇਤਾਵਨੀ ਦਿੱਤੀ ਸੀ ਕਿ ਸੋਸ਼ਲ ਮੀਡੀਆ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਟੀਕਾਕਰਨ ਸਬੰਧੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਅਮਰੀਕੀ ਖੋਜੀਆਂ ਨੇ ਪਾਇਆ ਕਿ ਰੂਸੀ ਰੋਬੋਟਾਂ ਨੂੰ ਟੀਕਾਕਰਨ ਸਬੰਧੀ ਝੂਠੀਆਂ ਅਤੇ ਗੁੰਮਰਾਹਕੁੰਨ ਸੂਚਨਾਵਾਂ ਆਨਲਾਈਨ ਪੋਸਟ ਕਰਨ ਲਈ ਵਰਤਿਆ ਜਾ ਰਿਹਾ ਸੀ।

ਵਿਸ਼ਵ ਸਹਿਤ ਸੰਗਠਨ ਅਨੁਸਾਰ ਦੁਨੀਆ ਭਰ 'ਚ ਜਿਸ ਅਨੁਪਾਤ ਵਿੱਚ ਬੱਚਿਆਂ ਨੂੰ ਸਿਫ਼ਾਰਿਸ਼-ਸ਼ੁਦਾ ਦਵਾਈਆਂ ਦਾ ਟੀਕਾਕਰਨ ਕੀਤਾ ਗਿਆ ਹੈ ਉਸ ਅਨੁਪਾਤ ਵਿੱਚ ਪਿਛਲੇ ਕੁੱਝ ਸਾਲਾਂ ਦੌਰਾਨ ਕੋਈ ਤਬਦੀਲੀ ਨਹੀਂ ਆਈ ਹੈ। ਜੋ ਕਿ 85% ਹੀ 'ਤੇ ਰੁਕਿਆ ਹੋਇਆ ਹੈ।

ਇਹ ਵੀ ਪੜ੍ਹੋ:

ਵਿਸ਼ਵ ਸਹਿਤ ਸੰਗਠਨ ਦਾ ਕਹਿਣਾ ਹੈ ਕਿ ਸੰਸਾਰ ਭਰ 'ਚ ਹਰ ਸਾਲ ਟੀਕਾਕਰਨ ਰਾਹੀਂ ਵੀਹ ਤੋਂ ਤੀਹ ਲੱਖ ਜਾਨਾਂ ਬਚਾਈਆਂ ਜਾ ਰਹੀਆਂ ਹਨ।

ਅਫ਼ਗਾਨਿਸਤਾਨ, ਅੰਗੋਲਾ ਅਤੇ ਡੈਮੋਕਰੇਟਿਕ ਰਿਪਬਲਿਕ ਆਫ ਕਾਂਗੋ ਵਰਗੇ ਦੇਸ਼ਾਂ ਸਮੇਤ ਉਹ ਦੇਸ਼ ਜਿਹੜੇ ਸੰਘਰਸ਼ ਵਿੱਚੋਂ ਲੰਘੇ ਹਨ ਤੇ ਜਿੰਨ੍ਹਾਂ 'ਚ ਸਿਹਤ ਪ੍ਰਣਾਲੀ ਬਹੁਤ ਖ਼ਰਾਬ ਹੈ ਉਨ੍ਹਾਂ ਦੇਸ਼ਾਂ ਵਿੱਚ ਟੀਕਾਕਰਣ ਦੀ ਸਥਿਤੀ ਬਹੁਤ ਮਾੜੀ ਹੈ ਇਨ੍ਹਾਂ ਦੇਸ਼ਾਂ ਵਿੱਚ ਟੀਕਾਕਰਨ ਦੇ ਟੀਚੇ ਨੂੰ ਹਾਸਲ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ।

ਇਸ ਦੇ ਨਾਲ ਹੀ ਵਿਸ਼ਵ ਸਹਿਤ ਸੰਗਠਨ ਨੇ ਮੁਤਾਬਕ ਵਿਕਸਿਤ ਮੁਲਕਾਂ 'ਚ ਵੀ ਇਹ ਮੁੱਦਾ ਇਕ ਵੱਡੀ ਸਮੱਸਿਆ ਹੈ। ਅਮੀਰ ਦੇਸ਼ਾਂ ਦੇ ਬਾਸ਼ਿੰਦਿਆਂ ਵਿੱਚ ਵੀ ਟੀਕਾਕਰਨ ਤੋਂ ਪ੍ਰਹੇਜ਼ ਦੇਖਣ ਵਿੱਚ ਆ ਰਿਹਾ ਹੈ।

ਮੁਕੱਦੀ ਗੱਲ ਇਹ ਹੈ ਕਿ ਦੁਨੀਆਂ ਇਹ ਭੁੱਲ ਗਈ ਹੈ ਕਿ ਕੋਈ ਮਹਾਂਮਾਰੀ ਕੀ ਕਰ ਸਕਦੀ ਹੈ?

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।